ਭਗਤ ਕਬੀਰ ਜੀ ਦੀ ਇਹ ਬਾਣੀ ਚੰਦਰਮਾ ਦੀਆਂ ਪੰਦਰਾਂ ਥਿਤਾਂ ’ਤੇ ਅਧਾਰਤ ਹੈ। ਇਸ ਵਿਚ ਇਕ
ਸਲੋਕ ਅਤੇ ਸੋਲ੍ਹਾਂ
ਪਉੜੀਆਂ ਹਨ। ਇਸ ਬਾਣੀ ਵਿਚ ਭਗਤ ਕਬੀਰ ਜੀ ਦੱਸਦੇ ਹਨ ਕਿ ਸਭ ਕਾਸੇ ਦਾ ਕਰਤਾ ਪ੍ਰਭੂ ਹੈ। ਜਿਸ ਮਨੁਖ ਦਾ ਪਿਆਰ ਉਸ ਪ੍ਰਭੂ ਦੇ
ਨਾਮ ਨਾਲ ਪੈ ਜਾਂਦਾ ਹੈ, ਉਸ ਦਾ ਮਨ ਵਿਕਾਰਾਂ ਦੀ ਮੈਲ ਤੋਂ
ਮੁਕਤ ਹੋ ਕੇ ਪਵਿੱਤਰ ਹੋ ਜਾਂਦਾ ਹੈ। ਪ੍ਰਭੂ ਦੀ ਸਿਫਤਿ-ਸਾਲਾਹ ਵਿਚ ਜੁੜ ਕੇ ਉਹ ਹਮੇਸ਼ਾ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ। ਜਿਹੜਾ ਵੀ ਮਨੁਖ ਪ੍ਰਭੂ ਦੇ ਪ੍ਰੇਮ ਦਾ ਅਜਿਹਾ ਰਸ ਪੀਂਦਾ ਹੈ, ਉਹ ਸਭ ਪ੍ਰਕਾਰ ਦੇ ਦੁਖਾਂ ਤੋਂ ਮੁਕਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਸ ਬਾਣੀ ਦੀਆਂ ਵਖ-ਵਖ ਪਉੜੀਆਂ ਵਿਚ ਮਨੁਖ ਨੂੰ ਇਛਾਵਾਂ ਨੂੰ ਦੂਰ ਕਰਨ, ਮਨ ਤੇ ਕਾਬੂ ਪਾਉਣ, ਪ੍ਰਭੂ ਦੇ ਨਾਮ ਦਾ ਵਿਚਾਰ ਕਰਨ,
ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ, ਗੁਰੂ ਦੇ ਬਚਨ ਨੂੰ ਸਤਿ ਕਰ ਕੇ ਜਾਣਨ ਦੀ ਸੋਝੀ ਦਿੱਤੀ ਗਈ ਹੈ।
ਤੇਰਸਿ ਤੇਰਹ ਅਗਮ ਬਖਾਣਿ ॥
ਅਰਧ ਉਰਧ ਬਿਚਿ ਸਮ ਪਹਿਚਾਣਿ ॥
ਨੀਚ ਊਚ ਨਹੀ ਮਾਨ ਅਮਾਨ ॥
ਬਿਆਪਿਕ ਰਾਮ ਸਗਲ ਸਾਮਾਨ ॥੧੪॥
-ਗੁਰੂ ਗ੍ਰੰਥ ਸਾਹਿਬ ੩੪੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਭਗਤ ਕਬੀਰ ਜੀ ਤੇਰ੍ਹਵੀਂ ਥਿਤ ਦੁਆਰਾ ਫੁਰਮਾਉਂਦੇ ਹਨ ਕਿ ਮਨੁਖ ਨੂੰ ਹਮੇਸ਼ਾ ਇੰਦਰੀਆਂ ਦੀ ਪਹੁੰਚ ਤੋਂ ਪਰੇ, ਅਪਹੁੰਚ ਅਗਮ-ਅਗਾਧ ਪ੍ਰਭੂ ਦੀ ਸਿਫਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ। ਪ੍ਰਭੂ ਦੇ ਗੁਣਾਂ ਦਾ ਵਖਿਆਨ, ਵਿਚਾਰ ਜਾਂ ਸਿਮਰਨ ਕਰਨ ਵਿਚ ਹੀ ਤੇਰਾਂ ਆਗਮ (ਚਾਰ ਵੇਦ, ਛੇ ਵੇਦਾਂਗ, ਸਿੰਮ੍ਰਤੀ, ਪੁਰਾਣ ਤੇ ਤੰਤ੍ਰ ਸ਼ਾਸਤਰ) ਆ ਜਾਂਦੇ ਹਨ। ਭਾਵ, ਸਭ ਤਰ੍ਹਾਂ ਦੇ ਗਿਆਨ ਰੱਬੀ ਸਿਫਤਿ-ਸਾਲਾਹ ਵਿਚ ਹੀ ਪਏ ਹੋਏ ਹਨ। ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਨ ਵਾਲੇ ਮਨੁਖ ਨੂੰ ਅਕਾਸ਼ ਤੋਂ ਪਤਾਲ ਤਕ, ਭਾਵ ਸਾਰੇ ਸੰਸਾਰ ਵਿਚ ਹੀ ਹਰ ਥਾਂ ਇਕ-ਸਮਾਨ, ਇਕ-ਰਸ ਵਿਆਪਕ ਪ੍ਰਭੂ ਦਿਖਾਈ ਦਿੰਦਾ ਹੈ।
ਪ੍ਰਭੂ ਦੇ ਅਜਿਹੇ ਵਿਸ਼ਾਲ ਅਹਿਸਾਸ ਨਾਲ ਉਸ ਦੇ ਅੰਦਰ ਵੀ ਉਹੋ ਜਿਹੀ ਵਿਸ਼ਾਲਤਾ ਆ ਜਾਂਦੀ ਹੈ। ਉਸ ਦੇ ਮਨ ਵਿਚ ਕਿਸੇ ਤਰ੍ਹਾਂ ਦੀ ਊਚ-ਨੀਚ ਦਾ ਫਰਕ ਨਹੀਂ ਰਹਿੰਦਾ। ਉਹ ਸਭ ਨੂੰ ਇਕ ਨਜ਼ਰ ਨਾਲ ਬਰਾਬਰੀ ਦੇ ਭਾਵ ਵਿਚ ਦੇਖਦਾ ਹੈ। ਉਸ ਦੇ ਅੰਦਰ ਸੰਸਾਰੀ ਮਾਨ-ਅਪਮਾਨ ਦਾ ਭਾਵ ਵੀ ਮਿਟ ਜਾਂਦਾ ਹੈ। ਉਸ ਨੂੰ ਨਾ ਹੀ ਕਿਸੇ ਤਰ੍ਹਾਂ ਦੇ ਮਾਣ ਦਾ ਲੋਭ ਰਹਿੰਦਾ ਹੈ ਤੇ ਨਾ ਹੀ ਅਪਮਾਨ ਦਾ ਡਰ ਰਹਿੰਦਾ ਹੈ। ਉਹ ਇਨ੍ਹਾਂ ਤੋਂ ਪੂਰੀ ਤਰ੍ਹਾਂ ਨਿਰਲੇਪ ਹੋ ਜਾਂਦਾ ਹੈ। ਕਿਉਂਕਿ ਉਹ ਜਾਣ ਲੈਂਦਾ ਹੈ ਕਿ ਕਣ-ਕਣ ਵਿਚ ਰਮਿਆ ਪ੍ਰਭੂ ਹਰ ਕਿਸੇ ਵਿਚ ਇਕ ਸਮਾਨ ਵਿਆਪਕ ਹੈ। ਉਸ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਪ੍ਰਭੂ ਨਾਲ ਇਕਮਿਕ ਹੋਏ ਮਨੁਖ ਅੰਦਰ ਹੀ ਇਕਸੁਰਤਾ ਦਾ ਅਜਿਹਾ ਕਰਤਾਰੀ ਭਾਵ ਜਾਗਦਾ ਹੈ।