ਭਗਤ ਕਬੀਰ ਜੀ ਦੀ ਇਹ ਬਾਣੀ ਚੰਦਰਮਾ ਦੀਆਂ ਪੰਦਰਾਂ ਥਿਤਾਂ ’ਤੇ ਅਧਾਰਤ ਹੈ। ਇਸ ਵਿਚ ਇਕ
ਸਲੋਕ ਅਤੇ ਸੋਲ੍ਹਾਂ
ਪਉੜੀਆਂ ਹਨ। ਇਸ ਬਾਣੀ ਵਿਚ ਭਗਤ ਕਬੀਰ ਜੀ ਦੱਸਦੇ ਹਨ ਕਿ ਸਭ ਕਾਸੇ ਦਾ ਕਰਤਾ ਪ੍ਰਭੂ ਹੈ। ਜਿਸ ਮਨੁਖ ਦਾ ਪਿਆਰ ਉਸ ਪ੍ਰਭੂ ਦੇ
ਨਾਮ ਨਾਲ ਪੈ ਜਾਂਦਾ ਹੈ, ਉਸ ਦਾ ਮਨ ਵਿਕਾਰਾਂ ਦੀ ਮੈਲ ਤੋਂ
ਮੁਕਤ ਹੋ ਕੇ ਪਵਿੱਤਰ ਹੋ ਜਾਂਦਾ ਹੈ। ਪ੍ਰਭੂ ਦੀ ਸਿਫਤਿ-ਸਾਲਾਹ ਵਿਚ ਜੁੜ ਕੇ ਉਹ ਹਮੇਸ਼ਾ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ। ਜਿਹੜਾ ਵੀ ਮਨੁਖ ਪ੍ਰਭੂ ਦੇ ਪ੍ਰੇਮ ਦਾ ਅਜਿਹਾ ਰਸ ਪੀਂਦਾ ਹੈ, ਉਹ ਸਭ ਪ੍ਰਕਾਰ ਦੇ ਦੁਖਾਂ ਤੋਂ ਮੁਕਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਸ ਬਾਣੀ ਦੀਆਂ ਵਖ-ਵਖ ਪਉੜੀਆਂ ਵਿਚ ਮਨੁਖ ਨੂੰ ਇਛਾਵਾਂ ਨੂੰ ਦੂਰ ਕਰਨ, ਮਨ ਤੇ ਕਾਬੂ ਪਾਉਣ, ਪ੍ਰਭੂ ਦੇ ਨਾਮ ਦਾ ਵਿਚਾਰ ਕਰਨ,
ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ, ਗੁਰੂ ਦੇ ਬਚਨ ਨੂੰ ਸਤਿ ਕਰ ਕੇ ਜਾਣਨ ਦੀ ਸੋਝੀ ਦਿੱਤੀ ਗਈ ਹੈ।
ਬਾਰਸਿ ਬਾਰਹ ਉਗਵੈ ਸੂਰ ॥
ਅਹਿਨਿਸਿ ਬਾਜੇ ਅਨਹਦ ਤੂਰ ॥
ਦੇਖਿਆ ਤਿਹੂੰ ਲੋਕ ਕਾ ਪੀਉ ॥
ਅਚਰਜੁ ਭਇਆ ਜੀਵ ਤੇ ਸੀਉ ॥੧੩॥
-ਗੁਰੂ ਗ੍ਰੰਥ ਸਾਹਿਬ ੩੪੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸੂਰਜ ਮੰਡਲ ਦਾ ਕੇਂਦਰ ਸੂਰਜ ਹੈ ਤੇ ਧਰਤੀ ੩੬੫ ਦਿਨਾਂ ਵਿਚ ਸੂਰਜ ਦੀ ਪਰਿਕਰਮਾਂ ਕਰਦੀ ਹੈ। ਪਰ ਧਰਤੀ ’ਤੇ ਰਹਿਣ ਵਾਲਿਆਂ ਨੂੰ ਲੱਗਦਾ ਹੈ, ਜਿਵੇਂ ਸੂਰਜ ਧਰਤੀ ਦੁਆਲੇ ਘੁੰਮਦਾ ਹੋਵੇ। ਧਰਤੀ ਤੋਂ ਦੇਖਿਆਂ ਮਨੁਖ ਨੇ ਸੂਰਜ ਦੀ ਪਰਿਕਰਮਾਂ ਨੂੰ ਬਾਰਾਂ ਰਾਸ਼ੀਆਂ ਵਿਚ ਵੰਡ ਲਿਆ ਹੈ। ਬਾਰਾਂ ਰਾਸ਼ੀਆਂ ਵਿਚ ਇਸ ਕਰਕੇ ਵੰਡਿਆ ਹੈ ਕਿਉਂਕਿ ਸੂਰਜ ਦੀ ਪਰਿਕਰਮਾ ਦੇ ਇਕ ਸਾਲ ਵਿਚ ਧਰਤੀ ਤੋਂ ਦੇਖਿਆਂ ਚੰਦਰਮਾ ਬਾਰਾਂ ਵਾਰੀ ਘੱਟਦਾ-ਵਧਦਾ ਹੈ। ਸੂਰਜ ਬਾਰੇ ਵੀ ਮੰਨ ਲਿਆ ਗਿਆ ਕਿ ਉਹ ਹਰ ਮਹੀਨੇ ਬਾਅਦ ਇਕ ਰਾਸ਼ੀ ਵਿਚੋਂ ਨਿਕਲਦਾ ਹੈ ਤੇ ਦੂਜੀ ਰਾਸ਼ੀ ਵਿਚ ਪ੍ਰਵੇਸ਼ ਕਰਦਾ ਹੈ। ਇਸ ਨੂੰ ਹੀ ਸੰਗਰਾਂਦ ਕਹਿੰਦੇ ਹਨ।
ਬਾਰ੍ਹਵੀਂ ਥਿਤ ਦੁਆਰਾ ਉਪਦੇਸ਼ ਕਰਦਿਆਂ ਭਗਤ ਕਬੀਰ ਜੀ ਬਾਰਾਂ ਰਾਸ਼ੀਆਂ ਵਾਲੇ ਸੂਰਜ ਦੇ ਹਵਾਲੇ ਨਾਲ ਆਪਣੀ ਗੱਲ ਸ਼ੁਰੂ ਕਰਦੇ ਹਨ। ਭਗਤ ਕਬੀਰ ਜੀ ਦੱਸਦੇ ਹਨ ਕਿ ਬਾਰਾਂ ਰਾਸ਼ੀਆਂ ਵਾਲਾ ਸੂਰਜ ਜਿਵੇਂ ਪੂਰਨ ਰੂਪ ਵਿਚ ਪ੍ਰਕਾਸ਼ਮਾਨ ਹੁੰਦਾ ਹੈ, ਉਵੇਂ ਹੀ ਉਸ ਮਨੁਖ ਦੇ ਅੰਦਰ ਪੂਰਨ ਰੂਪ ਵਿਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਭਾਵ ਉਹ ਗਿਆਨਮਈ ਬੁੱਧੀ ਵਾਲਾ ਬਣ ਜਾਂਦਾ ਹੈ, ਜਿਸ ਨੇ ਤਿੰਨਾ ਲੋਕਾਂ, ਭਾਵ ਸਾਰੇ ਬ੍ਰਹਿਮੰਡ ਦਾ ਪਿਆਰਾ ਪ੍ਰਭੂ ਨੂੰ ਅਨੁਭਵ ਕਰ ਲਿਆ ਹੈ।
ਫਿਰ ਉਸਦੇ ਮਨ ਅੰਦਰ ਹਮੇਸ਼ਾ, ਰਾਤ ਦਿਨ, ਲਗਾਤਾਰ ਤੇ ਕਦੇ ਵੀ ਨਾ ਰੁਕਣ ਵਾਲੇ ਅਨੰਦਮਈ ਸੰਗੀਤ ਦੀ ਛਹਿਬਰ ਲਗਦੀ ਹੈ। ਭਾਵ ਕਿਸੇ ਵੀ ਤਰਾਂ ਦੀ ਵਾਧ ਘਾਟ ਜਾਂ ਦੁਖ ਤਕਲੀਫ ਦਾ ਅਹਿਸਾਸ ਉਸ ਮਨੁਖ ਦੇ ਨੇੜੇ ਨਹੀਂ ਢੁਕਦਾ। ਮਨੁਖ ਦੀ ਇਹ ਅਵਸਥਾ ਹੈਰਾਨ ਕਰ ਦੇਣ ਵਾਲੀ ਹੁੰਦੀ ਹੈ। ਕਿਉਂਕਿ ਇਸ ਅਵਸਥਾ ਵਿੱਚ ਪੁੱਜਿਆ ਮਨੁਖ ਫਿਰ ਮਨੁਖ ਨਹੀਂ ਬਲਕਿ ਉਹ ਪ੍ਰਭੂ ਦੇ ਕਲਿਆਣਕਾਰੀ ਸਰੂਪ ਦਾ ਰੂਪ ਹੀ ਹੋ ਜਾਂਦਾ ਹੈ। ਉਹ ਸਰਬਤ ਦੇ ਭਲੇ ਨੂੰ ਸਮਰਪਿਤ ਜਗਤ ਕਲਿਆਣ ਦਾ ਮੁਜੱਸਮਾ ਹੋ ਜਾਂਦਾ ਹੈ। ਮਨੁਖ ਦੇ ਜੀਵਨ ਦੀ ਇਹ ਬੜੀ ਹੀ ਵਚਿਤਰ ਤਬਦੀਲੀ ਹੁੰਦੀ ਹੈ।