Guru Granth Sahib Logo
  
ਭਗਤ ਕਬੀਰ ਜੀ ਦੀ ਇਹ ਬਾਣੀ ਚੰਦਰਮਾ ਦੀਆਂ ਪੰਦਰਾਂ ਥਿਤਾਂ ’ਤੇ ਅਧਾਰਤ ਹੈ। ਇਸ ਵਿਚ ਇਕ ਸਲੋਕ ਅਤੇ ਸੋਲ੍ਹਾਂ ਪਉੜੀਆਂ ਹਨ। ਇਸ ਬਾਣੀ ਵਿਚ ਭਗਤ ਕਬੀਰ ਜੀ ਦੱਸਦੇ ਹਨ ਕਿ ਸਭ ਕਾਸੇ ਦਾ ਕਰਤਾ ਪ੍ਰਭੂ ਹੈ। ਜਿਸ ਮਨੁਖ ਦਾ ਪਿਆਰ ਉਸ ਪ੍ਰਭੂ ਦੇ ਨਾਮ ਨਾਲ ਪੈ ਜਾਂਦਾ ਹੈ, ਉਸ ਦਾ ਮਨ ਵਿਕਾਰਾਂ ਦੀ ਮੈਲ ਤੋਂ ਮੁਕਤ ਹੋ ਕੇ ਪਵਿੱਤਰ ਹੋ ਜਾਂਦਾ ਹੈ। ਪ੍ਰਭੂ ਦੀ ਸਿਫਤਿ-ਸਾਲਾਹ ਵਿਚ ਜੁੜ ਕੇ ਉਹ ਹਮੇਸ਼ਾ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ। ਜਿਹੜਾ ਵੀ ਮਨੁਖ ਪ੍ਰਭੂ ਦੇ ਪ੍ਰੇਮ ਦਾ ਅਜਿਹਾ ਰਸ ਪੀਂਦਾ ਹੈ, ਉਹ ਸਭ ਪ੍ਰਕਾਰ ਦੇ ਦੁਖਾਂ ਤੋਂ ਮੁਕਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਸ ਬਾਣੀ ਦੀਆਂ ਵਖ-ਵਖ ਪਉੜੀਆਂ ਵਿਚ ਮਨੁਖ ਨੂੰ ਇਛਾਵਾਂ ਨੂੰ ਦੂਰ ਕਰਨ, ਮਨ ਤੇ ਕਾਬੂ ਪਾਉਣ, ਪ੍ਰਭੂ ਦੇ ਨਾਮ ਦਾ ਵਿਚਾਰ ਕਰਨ, ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ, ਗੁਰੂ ਦੇ ਬਚਨ ਨੂੰ ਸਤਿ ਕਰ ਕੇ ਜਾਣਨ ਦੀ ਸੋਝੀ ਦਿੱਤੀ ਗਈ ਹੈ।
ਏਕਾਦਸੀ  ਏਕ ਦਿਸ ਧਾਵੈ ॥ 
ਤਉ ਜੋਨੀ ਸੰਕਟ ਬਹੁਰਿ ਆਵੈ
ਸੀਤਲ ਨਿਰਮਲ ਭਇਆ ਸਰੀਰਾ ॥ 
ਦੂਰਿ ਬਤਾਵਤ ਪਾਇਆ ਨੀਰਾ ॥੧੨॥
-ਗੁਰੂ ਗ੍ਰੰਥ ਸਾਹਿਬ ੩੪੪

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਏਕਾਦਸੀ ਸ਼ਬਦ ਇਕ ਅਤੇ ਦਸ ਦੇ ਜੋੜ ਤੋਂ ਬਣਿਆ ਹੈ ਤੇ ਇਹ ਗਿਆਰਾਂ ਅੰਕ ਦਾ ਸੂਚਕ ਹੈ। ਪਿਛਲੇ ਪਦੇ ਵਿਚ ਦਸ ਦਿਸ਼ਾਵਾਂ ਦਾ ਜਿਕਰ ਹੋਇਆ ਸੀ। ਆਮ ਤੌਰ ’ਤੇ ਮਨੁਖ ਦਾ ਮਨ ਭਟਕਣ ਵਿਚ ਪਿਆ ਰਹਿੰਦਾ ਹੈ ਤੇ ਟਿਕਾਉ ਵਿਚ ਨਹੀਂ ਆਉਂਦਾ। ਮਨੁਖ ਦਾ ਮਨ ਦਸੇ ਦਿਸ਼ਾਵਾਂ ਵੱਲ ਦੌੜਦਾ ਤੇ ਬੇਚੈਨ ਰਹਿੰਦਾ ਹੈ। ਭਗਤ ਕਬੀਰ ਜੀ ਮਨੁਖ ਨੂੰ ਸਮਝਾਉਂਦੇ ਹਨ ਕਿ ਉਹ ਹਰ ਪਾਸੇ ਦੀ ਦੌੜ-ਭੱਜ ਭਾਵ ਭਟਕਣਾਂ ਨੂੰ ਛੱਡ ਕੇ ਇਕ ਦਿਸ਼ਾ ਅਖਤਿਆਰ ਕਰ ਲਵੇ। ਇਥੇ ਇਕ ਦਿਸ਼ਾ ਦਾ ਅਰਥ ਦਸਾਂ ਦਿਸ਼ਾਵਾਂ ਵਿਚੋਂ ਕੋਈ ਇਕ ਦਿਸ਼ਾ ਨਹੀਂ, ਬਲਕਿ ਇਹ ਪ੍ਰਭੂ ਮਿਲਾਪ ਦੇ ਮਾਰਗ ਦੀ ਇਕੋ ਇਕ ਦਿਸ਼ਾ ਹੈ। ਬੇਸ਼ੱਕ ਭਗਤ ਕਬੀਰ ਜੀ ਨੇ ਇਥੇ ਪ੍ਰਭੂ ਸ਼ਬਦ ਦੀ ਵਰਤੋਂ ਨਹੀਂ ਕੀਤੀ, ਪਰ ਸ਼ਬਦ ਦਾ ਪੂਰਾ ਪ੍ਰਸੰਗ ਦੱਸਦਾ ਹੈ ਕਿ ਇਕ ਦਿਸ਼ਾ ਪ੍ਰਭੂ ਦੀ ਦਿਸ਼ਾ ਭਾਵ ਪ੍ਰਭੂ ਨਾਲ ਜੁੜਨਾ ਹੀ ਹੈ।

ਪ੍ਰਭੂ-ਮਿਲਾਪ ਵਾਲੀ ਇਸ ਦਿਸ਼ਾ ਵੱਲ ਤੁਰਿਆ ਮਨੁਖ ਜਨਮ-ਮਰਨ ਦੇ ਦੁਖ ਤੋਂ ਮੁਕਤ ਹੋ ਜਾਂਦਾ ਹੈ। ਮਨੁਖ ਦੇ ਜੀਵਨ ਦੇ ਇਕ ਪਾਸੇ ਜਨਮ ਹੈ ਤੇ ਦੂਜੇ ਪਾਸੇ ਮੌਤ ਹੈ। ਜਨਮ ਅਤੇ ਮੌਤ ਮਨੁਖ ਦੇ ਵਸ ਵਿਚ ਨਹੀਂ ਹੈ। ਪਰ ਜਨਮ-ਮਰਨ ਦੇ ਦਰਮਿਆਨ ਮਨੁਖ ਨੂੰ ਕਈ ਵਾਰ ਏਨੇ ਦੁਖ ਅਤੇ ਤਕਲੀਫਾਂ ਸਹਿਣੀਆਂ ਪੈਂਦੀਆਂ ਹਨ ਕਿ ਉਹ ਮੌਤ ਉਡੀਕਣ ਲੱਗ ਪੈਂਦਾ ਹੈ। ਪਰ ਜਿਹੜਾ ਮਨੁਖ ਪ੍ਰਭੂ ਦੇ ਰਾਹ ਤੁਰ ਪਵੇ ਉਹ ਜਨਮ-ਮਰਨ ਦੇ ਹਰ ਤਰ੍ਹਾਂ ਦੇ ਦੁਖ ਅਤੇ ਤਕਲੀਫਾਂ ਤੋਂ ਮੁਕਤ ਹੋ ਜਾਂਦਾ ਹੈ।

ਮਨ ਦੀਆਂ ਪਰੇਸ਼ਾਨੀਆਂ ਦੇਹੀ ’ਤੇ ਵੀ ਅਸਰ ਕਰਦੀਆਂ ਹਨ ਤੇ ਦੇਹੀ ਲਈ ਰੋਗ ਬਣ ਜਾਂਦੀਆਂ ਹਨ। ਪਰ ਜਿਹੜਾ ਮਨੁਖ ਪ੍ਰਭੂ ਵਾਲੇ ਪਾਸੇ ਤੁਰ ਪੈਂਦਾ ਹੈ ਉਸ ਦੇ ਮਨ ਦੇ ਕਲੇਸ਼ ਮਿਟ ਜਾਂਦੇ ਹਨ। ਉਸ ਦੇ ਹਿਰਦੇ ਵਿਚਲੀ ਫਿਕਰਾਂ ਦੀ ਤਪਸ਼ ਦੂਰ ਹੋ ਜਾਂਦੀ ਹੈ ਤੇ ਠੰਢ ਵਰਤ ਜਾਂਦੀ ਹੈ। ਇਸ ਨਾਲ ਉਸ ਦਾ ਸਰੀਰ ਹਰ ਤਰ੍ਹਾਂ ਦੀ ਮੈਲ ਤੋਂ ਮੁਕਤ ਹੋ ਜਾਂਦਾ ਹੈ ਤੇ ਉਹ ਨਿਰਮਲ ਭਾਵ ਤੰਦਰੁਸਤ ਹੋ ਜਾਂਦਾ ਹੈ। ਉਸ ਦਾ ਰੋਗਾਂ ਤੋਂ ਖਹਿੜਾ ਛੁਟ ਜਾਂਦਾ ਹੈ।

ਜਿਸ ਪ੍ਰਭੂ ਨੂੰ ਹਰ ਕੋਈ ਮਨੁਖ ਦੀ ਪਹੁੰਚ ਤੋਂ ਦੂਰ ਦੱਸਦਾ ਸੀ, ਪ੍ਰਭੂ-ਮਿਲਾਪ ਦੇ ਮਾਰਗ ’ਤੇ ਤੁਰਿਆ ਉਹ ਪ੍ਰਭੂ ਨੇੜੇ ਹੀ ਵਸਦਾ ਮਹਿਸੂਸ ਹੋਣ ਲੱਗ ਪੈਂਦਾ ਹੈ। ਭਗਤ ਕਬੀਰ ਜੀ ਇਥੇ ਪ੍ਰਭੂ ਦੀ ਨੇੜਤਾ ਨੂੰ ਉਸ ਦੇ ਪਿਆਰ ਵਜੋਂ ਦਰਸਾਉਂਦੇ ਹਨ ਕਿ ਉਹ ਮਨੁਖ ਨੂੰ ਜਿੰਨਾ ਪਿਆਰ ਕਰਦਾ ਹੈ, ਓਨਾ ਕੋਈ ਹੋਰ ਨਹੀਂ ਕਰਦਾ।

Tags