ਭਗਤ ਕਬੀਰ ਜੀ ਦੀ ਇਹ ਬਾਣੀ ਚੰਦਰਮਾ ਦੀਆਂ ਪੰਦਰਾਂ ਥਿਤਾਂ ’ਤੇ ਅਧਾਰਤ ਹੈ। ਇਸ ਵਿਚ ਇਕ
ਸਲੋਕ ਅਤੇ ਸੋਲ੍ਹਾਂ
ਪਉੜੀਆਂ ਹਨ। ਇਸ ਬਾਣੀ ਵਿਚ ਭਗਤ ਕਬੀਰ ਜੀ ਦੱਸਦੇ ਹਨ ਕਿ ਸਭ ਕਾਸੇ ਦਾ ਕਰਤਾ ਪ੍ਰਭੂ ਹੈ। ਜਿਸ ਮਨੁਖ ਦਾ ਪਿਆਰ ਉਸ ਪ੍ਰਭੂ ਦੇ
ਨਾਮ ਨਾਲ ਪੈ ਜਾਂਦਾ ਹੈ, ਉਸ ਦਾ ਮਨ ਵਿਕਾਰਾਂ ਦੀ ਮੈਲ ਤੋਂ
ਮੁਕਤ ਹੋ ਕੇ ਪਵਿੱਤਰ ਹੋ ਜਾਂਦਾ ਹੈ। ਪ੍ਰਭੂ ਦੀ ਸਿਫਤਿ-ਸਾਲਾਹ ਵਿਚ ਜੁੜ ਕੇ ਉਹ ਹਮੇਸ਼ਾ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ। ਜਿਹੜਾ ਵੀ ਮਨੁਖ ਪ੍ਰਭੂ ਦੇ ਪ੍ਰੇਮ ਦਾ ਅਜਿਹਾ ਰਸ ਪੀਂਦਾ ਹੈ, ਉਹ ਸਭ ਪ੍ਰਕਾਰ ਦੇ ਦੁਖਾਂ ਤੋਂ ਮੁਕਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਸ ਬਾਣੀ ਦੀਆਂ ਵਖ-ਵਖ ਪਉੜੀਆਂ ਵਿਚ ਮਨੁਖ ਨੂੰ ਇਛਾਵਾਂ ਨੂੰ ਦੂਰ ਕਰਨ, ਮਨ ਤੇ ਕਾਬੂ ਪਾਉਣ, ਪ੍ਰਭੂ ਦੇ ਨਾਮ ਦਾ ਵਿਚਾਰ ਕਰਨ,
ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ, ਗੁਰੂ ਦੇ ਬਚਨ ਨੂੰ ਸਤਿ ਕਰ ਕੇ ਜਾਣਨ ਦੀ ਸੋਝੀ ਦਿੱਤੀ ਗਈ ਹੈ।
ਦਸਮੀ ਦਹਦਿਸ ਹੋਇ ਅਨੰਦ ॥
ਛੂਟੈ ਭਰਮੁ ਮਿਲੈ ਗੋਬਿੰਦ ॥
ਜੋਤਿ ਸਰੂਪੀ ਤਤ ਅਨੂਪ ॥
ਅਮਲ ਨ ਮਲਨ ਛਾਹ ਨਹੀ ਧੂਪ ॥੧੧॥
-ਗੁਰੂ ਗ੍ਰੰਥ ਸਾਹਿਬ ੩੪੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਦਸਵੀ ਥਿਤ ਦੁਆਰਾ ਉਪਦੇਸ਼ ਕਰਦਿਆਂ ਭਗਤ ਕਬੀਰ ਜੀ ਦਸ ਦਿਸ਼ਾਵਾਂ ਤੋਂ ਆਪਣੀ ਗੱਲ ਸ਼ੁਰੂ ਕਰਦੇ ਹਨ। ਪੂਰਬ, ਪੱਛਮ, ਉੱਤਰ ਅਤੇ ਦੱਖਣ ਚਾਰ ਪ੍ਰਮੁੱਖ ਦਿਸ਼ਾਵਾਂ ਹਨ। ਪੂਰਬ ਉੱਤਰ, ਉੱਤਰ ਪੱਛਮ, ਪੱਛਮ ਦੱਖਣ ਤੇ ਦੱਖਣ ਪੂਰਬ ਦੇ ਦਰਮਿਆਨ ਚਾਰ ਹੋਰ ਦਿਸ਼ਾਵਾਂ ਹਨ। ਇਨ੍ਹਾਂ ਵਿਚ ਉਪਰ ਅਤੇ ਹੇਠਾਂ ਦੀਆਂ ਦੋ ਦਿਸ਼ਾਵਾਂ ਹੋਰ ਜੋੜ ਕੇ ਕੁੱਲ ਦਸ ਦਿਸ਼ਾਵਾਂ ਬਣਦੀਆਂ ਹਨ। ਭਗਤ ਕਬੀਰ ਜੀ ਦੱਸਦੇ ਹਨ ਕਿ ਜਿਹੜਾ ਮਨੁਖ ਪ੍ਰਭੂ ਨੂੰ ਆਪਣੇ ਅੰਦਰ ਪਛਾਣ ਲੈਂਦਾ ਹੈ, ਉਸ ਨੂੰ ਦਸਾਂ ਦਿਸ਼ਾਵਾਂ ਵਿਚ ਅਕਹਿ ਖੁਸ਼ੀ ਦਾ ਅਹਿਸਾਸ ਹੁੰਦਾ ਹੈ। ਉਸ ਲਈ ਹਰ ਪਾਸੇ ਅਨੰਦ ਹੀ ਅਨੰਦ ਹੁੰਦਾ ਹੈ। ਉਸ ਨੂੰ ਹਰ ਥਾਂ ਪ੍ਰਭੂ ਹੀ ਪ੍ਰਭੂ ਨਜ਼ਰ ਆਉਣ ਲੱਗਦਾ ਹੈ।
ਪ੍ਰਭੂ ਦੀ ਅਜਿਹੀ ਮਿਹਰ ਸਦਕਾ ਉਸ ਦੇ ਮਨ ਦੇ ਸਾਰੇ ਭਰਮ ਦੂਰ ਹੋ ਜਾਂਦੇ ਹਨ। ਦੁਖ ਦਾ ਕਾਰਣ ਹਮੇਸ਼ਾ ਅਗਿਆਨ ਵਿਚੋਂ ਪੈਦਾ ਹੋਇਆ ਭਰਮ ਹੀ ਹੁੰਦਾ ਹੈ। ਪਰ ਗਿਆਨ ਕਾਰਣ ਭਰਮ ਮਿਟ ਜਾਂਦਾ ਹੈ ਤੇ ਸਭ ਪਾਸੇ ਗੋਬਿੰਦ ਪ੍ਰਭੂ ਪ੍ਰਗਟ ਹੋ ਜਾਂਦਾ ਹੈ। ਇਹੀ ਪ੍ਰਭੂ ਮਿਲਾਪ ਹੁੰਦਾ ਹੈ ਤੇ ਮਨੁਖ ਦਾ ਮਨ ਉਸ ਵਿਚ ਹੀ ਲੀਨ ਹੋ ਜਾਂਦਾ ਹੈ।
ਪ੍ਰਭੂ ਮਿਲਾਪ ਵਾਲਾ ਮਨੁਖ ਫਿਰ ਮਨੁਖ ਨਹੀਂ ਰਹਿੰਦਾ। ਉਸ ਦਾ ਆਪਾ ਭਾਵ ਮਿਟ ਜਾਂਦਾ ਹੈ ਤੇ ਉਸ ਦੇ ਅੰਦਰ ਪ੍ਰਭੂ ਦੀ ਜੋਤ ਜਗ ਪੈਂਦੀ ਹੈ। ਫਿਰ ਉਸ ਦੀ ਹਸਤੀ ਵਿਚ ਅਜਿਹਾ ਤੱਤ ਪ੍ਰਗਟ ਹੋ ਜਾਂਦਾ ਹੈ, ਜਿਸ ਦਾ ਕਿਸੇ ਨਾਲ ਵੀ ਮੁਕਾਬਲਾ ਨਹੀਂ ਹੋ ਸਕਦਾ। ਉਹ ਅਸਲੋਂ ਹੀ ਵਚਿੱਤਰ ਅਤੇ ਨੂਰੀ ਬਣਤਰ ਵਾਲੇ ਪ੍ਰਭੂ ਦਾ ਹੀ ਰੂਪ ਅਖਤਿਆਰ ਕਰ ਜਾਂਦਾ ਹੈ।
ਪ੍ਰਭੂ ਨਾਲ ਇਕਮਿਕਤਾ ਪ੍ਰਾਪਤ ਕਰਨ ਵਾਲਾ ਮਨੁਖ ਹਰ ਪ੍ਰਕਾਰ ਦੇ ਦਵੰਦ ਅਤੇ ਦੁਬਿਧਾ ਤੋਂ ਪਾਰ ਹੋ ਹਾਂਦਾ ਹੈ। ਉਸ ਅਵਸਥਾ ਵਿਚ ਪਵਿੱਤਰ-ਅਪਵਿੱਤਰ ਤੇ ਧੁੱਪ-ਛਾਂ ਭਾਵ ਦੁਖ-ਸੁਖ ਦੇ ਸਭ ਫਰਕ ਮਿਟ ਜਾਂਦੇ ਹਨ। ਨਾ ਉਸ ਨੂੰ ਦੁਖ ਸਤਾਉਂਦੇ ਹਨ ਤੇ ਨਹੀਂ ਸੁਖ ਦੀ ਕੋਈ ਖਿੱਚ ਬਾਕੀ ਬਚਦੀ ਹੈ। ਉਸ ਨੂੰ ਪਰਮ ਅਤੇ ਸਦੀਵੀ ਅਨੰਦ ਮਹਿਸੂਸ ਹੋਣ ਲੱਗ ਪੈਂਦਾ ਹੈ।