ਭਗਤ ਕਬੀਰ ਜੀ ਦੀ ਇਹ ਬਾਣੀ ਚੰਦਰਮਾ ਦੀਆਂ ਪੰਦਰਾਂ ਥਿਤਾਂ ’ਤੇ ਅਧਾਰਤ ਹੈ। ਇਸ ਵਿਚ ਇਕ
ਸਲੋਕ ਅਤੇ ਸੋਲ੍ਹਾਂ
ਪਉੜੀਆਂ ਹਨ। ਇਸ ਬਾਣੀ ਵਿਚ ਭਗਤ ਕਬੀਰ ਜੀ ਦੱਸਦੇ ਹਨ ਕਿ ਸਭ ਕਾਸੇ ਦਾ ਕਰਤਾ ਪ੍ਰਭੂ ਹੈ। ਜਿਸ ਮਨੁਖ ਦਾ ਪਿਆਰ ਉਸ ਪ੍ਰਭੂ ਦੇ
ਨਾਮ ਨਾਲ ਪੈ ਜਾਂਦਾ ਹੈ, ਉਸ ਦਾ ਮਨ ਵਿਕਾਰਾਂ ਦੀ ਮੈਲ ਤੋਂ
ਮੁਕਤ ਹੋ ਕੇ ਪਵਿੱਤਰ ਹੋ ਜਾਂਦਾ ਹੈ। ਪ੍ਰਭੂ ਦੀ ਸਿਫਤਿ-ਸਾਲਾਹ ਵਿਚ ਜੁੜ ਕੇ ਉਹ ਹਮੇਸ਼ਾ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ। ਜਿਹੜਾ ਵੀ ਮਨੁਖ ਪ੍ਰਭੂ ਦੇ ਪ੍ਰੇਮ ਦਾ ਅਜਿਹਾ ਰਸ ਪੀਂਦਾ ਹੈ, ਉਹ ਸਭ ਪ੍ਰਕਾਰ ਦੇ ਦੁਖਾਂ ਤੋਂ ਮੁਕਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਸ ਬਾਣੀ ਦੀਆਂ ਵਖ-ਵਖ ਪਉੜੀਆਂ ਵਿਚ ਮਨੁਖ ਨੂੰ ਇਛਾਵਾਂ ਨੂੰ ਦੂਰ ਕਰਨ, ਮਨ ਤੇ ਕਾਬੂ ਪਾਉਣ, ਪ੍ਰਭੂ ਦੇ ਨਾਮ ਦਾ ਵਿਚਾਰ ਕਰਨ,
ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ, ਗੁਰੂ ਦੇ ਬਚਨ ਨੂੰ ਸਤਿ ਕਰ ਕੇ ਜਾਣਨ ਦੀ ਸੋਝੀ ਦਿੱਤੀ ਗਈ ਹੈ।
ਨਉਮੀ ਨਵੈ ਦੁਆਰ ਕਉ ਸਾਧਿ ॥
ਬਹਤੀ ਮਨਸਾ ਰਾਖਹੁ ਬਾਂਧਿ ॥
ਲੋਭ ਮੋਹ ਸਭ ਬੀਸਰਿ ਜਾਹੁ ॥
ਜੁਗੁ ਜੁਗੁ ਜੀਵਹੁ ਅਮਰ ਫਲ ਖਾਹੁ ॥੧੦॥
-ਗੁਰੂ ਗ੍ਰੰਥ ਸਾਹਿਬ ੩੪੩-੩੪੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਨੌਵੀਂ ਥਿਤ ਦੁਆਰਾ ਭਗਤ ਕਬੀਰ ਜੀ ਸਮਝਾ ਰਹੇ ਹਨ ਕਿ ਮਨੁਖ ਦੇ ਮਨ ਦੀ ਵਾਸ਼ਨਾ ਰੂਪੀ ਨਦੀ ਦੇਹੀ ਦੇ ਨੌਂ ਦੁਆਰਾਂ (ਦੋ ਕੰਨ, ਦੋ ਅੱਖਾਂ, ਦੋ ਨਾਸਾਂ, ਮੂੰਹ, ਲਿੰਗ ਅਤੇ ਗੁਦਾ) ਰਾਹੀਂ ਵਗਦੀ ਰਹਿੰਦੀ ਹੈ। ਇਕ ਤਰ੍ਹਾਂ ਨਾਲ ਮਨੁਖ ਦੀ ਮਨੋ-ਸ਼ਕਤੀ ਜਾਇਆ ਹੁੰਦੀ ਰਹਿੰਦੀ ਹੈ। ਅਸਲ ਵਿਚ ਮਨੁਖ ਦੀ ਦੇਹੀ ਦੇ ਨੌ ਦੁਆਰ ਅਨੇਕ ਤਰ੍ਹਾਂ ਦੇ ਭੋਗ-ਵਿਲਾਸ ਦਾ ਕਾਰਣ ਅਤੇ ਸਾਧਨ ਬਣਦੇ ਹਨ। ਇਸ ਲਈ ਮਨੁਖ ਨੂੰ ਸਿੱਖਿਆ ਦਿੱਤੀ ਗਈ ਹੈ ਕਿ ਉਹ ਦੇਹੀ ਦੇ ਇਨ੍ਹਾਂ ਦੁਆਰਾਂ ’ਤੇ ਕਾਬੂ ਪਾ ਕੇ ਰਖੇ ਤੇ ਇਨ੍ਹਾਂ ਦੀ ਸੰਜਮ ਨਾਲ ਵਰਤੋਂ ਕਰੇ। ਉਹ ਆਪਣੇ ਮਨ ਦੀ ਚਾਹਤ ਨੂੰ ਬੇਵਜਹ ਇਧਰ-ਉਧਰ ਭਟਕਣ ਤੋਂ ਰੋਕ ਕੇ ਰਖੇ ਤੇ ਉਸ ਦੀ ਲਗਾਮ ਕੱਸ ਕੇ ਫੜੀ ਰਖੇ।
ਮਨੁਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਨ ਅੰਦਰ ਪੈਦਾ ਹੋਣ ਵਾਲੇ ਲੋਭ, ਮੋਹ ਆਦਿ ਵਿਕਾਰਾਂ ਦਾ ਤਿਆਗ ਕਰ ਦੇਵੇ। ਦੇਹੀ ਦੀਆਂ ਨੌਂ ਇੰਦਰੀਆਂ ’ਤੇ ਕਾਬੂ ਪਾ ਕੇ ਲੋਭ, ਮੋਹ ਆਦਿ ਦਾ ਪੂਰਨ ਰੂਪ ਵਿਚ ਇਸ ਤਰਾਂ ਤਿਆਗ ਕਰ ਦੇਵੇ ਕਿ ਉਸ ਨੂੰ ਕਦੀ ਇਨ੍ਹਾਂ ਦਾ ਚੇਤਾ ਹੀ ਨਾ ਰਹੇ। ਉਹ ਇਨ੍ਹਾਂ ਨੂੰ ਭੁੱਲ ਹੀ ਜਾਵੇ।
ਜਿਹੜਾ ਵੀ ਕੋਈ ਆਪਣੀ ਦੇਹੀ ਦੇ ਇਨ੍ਹਾਂ ਨੌਂ ਦਰਵਾਜਿਆਂ ਨੂੰ ਕਾਬੂ ਕਰ ਕੇ ਮਨ ਦੀ ਭਟਕਣ ਰੋਕ ਲੈਂਦਾ ਹੈ ਤੇ ਨਾਲ ਲੋਭ, ਮੋਹ ਆਦਿ ਵਿਕਾਰਾਂ ਜਿਹੀਆਂ ਕਮਜ਼ੋਰੀਆਂ ਤੋਂ ਪੂਰਨ ਰੂਪ ਵਿਚ ਮੁਕਤ ਹੋ ਜਾਂਦਾ ਹੈ, ਉਹ ਆਤਮਕ ਅਰੋਗਤਾ ਪ੍ਰਾਪਤ ਕਰ ਲੈਂਦਾ ਹੈ। ਫਿਰ ਉਹ ਜੀਵਨ ਦਾ ਕਦੇ ਵੀ ਨਾ ਮੁੱਕਣ ਵਾਲਾ ਅਨੰਦ ਮਾਣਦਾ ਹੈ। ਦੇਹੀ ਅਤੇ ਮਨ ਨੂੰ ਕਾਬੂ ਕਰਨ ਦਾ ਉਸ ਨੂੰ ਇਹ ਸਦੀਵੀ ਫਲ ਮਿਲਦਾ ਹੈ ਕਿ ਉਹ ਸੁਖੀ ਜੀਵਨ ਬਤੀਤ ਕਰਦਾ ਹੈ।