Guru Granth Sahib Logo
  
ਭਗਤ ਕਬੀਰ ਜੀ ਦੀ ਇਹ ਬਾਣੀ ਚੰਦਰਮਾ ਦੀਆਂ ਪੰਦਰਾਂ ਥਿਤਾਂ ’ਤੇ ਅਧਾਰਤ ਹੈ। ਇਸ ਵਿਚ ਇਕ ਸਲੋਕ ਅਤੇ ਸੋਲ੍ਹਾਂ ਪਉੜੀਆਂ ਹਨ। ਇਸ ਬਾਣੀ ਵਿਚ ਭਗਤ ਕਬੀਰ ਜੀ ਦੱਸਦੇ ਹਨ ਕਿ ਸਭ ਕਾਸੇ ਦਾ ਕਰਤਾ ਪ੍ਰਭੂ ਹੈ। ਜਿਸ ਮਨੁਖ ਦਾ ਪਿਆਰ ਉਸ ਪ੍ਰਭੂ ਦੇ ਨਾਮ ਨਾਲ ਪੈ ਜਾਂਦਾ ਹੈ, ਉਸ ਦਾ ਮਨ ਵਿਕਾਰਾਂ ਦੀ ਮੈਲ ਤੋਂ ਮੁਕਤ ਹੋ ਕੇ ਪਵਿੱਤਰ ਹੋ ਜਾਂਦਾ ਹੈ। ਪ੍ਰਭੂ ਦੀ ਸਿਫਤਿ-ਸਾਲਾਹ ਵਿਚ ਜੁੜ ਕੇ ਉਹ ਹਮੇਸ਼ਾ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ। ਜਿਹੜਾ ਵੀ ਮਨੁਖ ਪ੍ਰਭੂ ਦੇ ਪ੍ਰੇਮ ਦਾ ਅਜਿਹਾ ਰਸ ਪੀਂਦਾ ਹੈ, ਉਹ ਸਭ ਪ੍ਰਕਾਰ ਦੇ ਦੁਖਾਂ ਤੋਂ ਮੁਕਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਸ ਬਾਣੀ ਦੀਆਂ ਵਖ-ਵਖ ਪਉੜੀਆਂ ਵਿਚ ਮਨੁਖ ਨੂੰ ਇਛਾਵਾਂ ਨੂੰ ਦੂਰ ਕਰਨ, ਮਨ ਤੇ ਕਾਬੂ ਪਾਉਣ, ਪ੍ਰਭੂ ਦੇ ਨਾਮ ਦਾ ਵਿਚਾਰ ਕਰਨ, ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ, ਗੁਰੂ ਦੇ ਬਚਨ ਨੂੰ ਸਤਿ ਕਰ ਕੇ ਜਾਣਨ ਦੀ ਸੋਝੀ ਦਿੱਤੀ ਗਈ ਹੈ।
ਅਸਟਮੀ  ਅਸਟ ਧਾਤੁ ਕੀ ਕਾਇਆ ॥ 
ਤਾ ਮਹਿ ਅਕੁਲ ਮਹਾ ਨਿਧਿ ਰਾਇਆ
ਗੁਰ ਗਮ ਗਿਆਨ ਬਤਾਵੈ ਭੇਦ ॥ 
ਉਲਟਾ ਰਹੈ ਅਭੰਗ ਅਛੇਦ ॥੯॥
-ਗੁਰੂ ਗ੍ਰੰਥ ਸਾਹਿਬ ੩੪੩

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਅਠਵੀਂ ਥਿਤ ਦੁਆਰਾ ਉਪਦੇਸ਼ ਦਿੰਦਿਆਂ ਭਗਤ ਕਬੀਰ ਜੀ ਦੱਸਦੇ ਹਨ ਕਿ ਦੇਹੀ ਅਠਾਂ ਧਾਤਾਂ ਤੋਂ ਮਿਲ ਕੇ ਬਣੀ ਹੈ। ਇਹ ਸਾਰੇ ਧਾਤੂ ਪਿਛੋਂ ਪੰਜ ਤੱਤਾਂ ਦੇ ਬਣੇ ਹੁੰਦੇ ਹਨ। ਪੰਜ ਤੱਤਾਂ ਨਾਲ ਬਣੀਆਂ ਅੱਠ ਧਾਤਾਂ ਵਾਲੇ ਇਸ ਸਰੀਰ ਵਿਚ ਹੀ ਪ੍ਰਭੂ ਦਾ ਵਾਸਾ ਹੈ। ਉਹ ਪ੍ਰਭੂ ਜਿਸ ਦਾ ਕੋਈ ਵਿਸ਼ੇਸ਼ ਪਰਵਾਰ ਨਹੀਂ ਹੈ ਤੇ ਨਾ ਹੀ ਜਿਸ ਦੀ ਕੋਈ ਵੰਸ਼ ਹੈ। ਅਸਲ ਵਿਚ ਉਹ ਸਭ ਤੋਂ ਵਡਾ ਹੈ, ਜਿਸ ਕਰਕੇ ਉਹ ਸਾਰੇ ਖਜਾਨਿਆ ਦਾ ਮਾਲਕ ਹੈ।

ਪਰ ਇਸ ਗੱਲ ਦੀ ਸਮਝ ਆਉਣੀ ਬਹੁਤ ਮੁਸ਼ਕਲ ਹੈ। ਇਹ ਗਿਆਨ ਸਿਰਫ ਗੁਰੂ ਕੋਲ ਹੀ ਹੁੰਦਾ ਹੈ। ਇਸ ਕਰਕੇ ਗੁਰੂ ਕੋਲ ਗਿਆਂ ਜਿਹੜਾ ਗਿਆਨ ਪ੍ਰਾਪਤ ਹੁੰਦਾ ਹੈ, ਉਸ ਗਿਆਨ ਤੋਂ ਹੀ ਇਹ ਭੇਤ ਖੁੱਲ੍ਹਦਾ ਹੈ ਕਿ ਪ੍ਰਭੂ ਸਭ ਕਾਸੇ ਦਾ ਮਾਲਕ ਹੈ ਤੇ ਉਹ ਮਨੁਖਾ ਦੇਹੀ ਅੰਦਰ ਹੀ ਵਸਦਾ ਹੈ।

ਅਖੀਰ ਵਿਚ ਭਗਤ ਕਬੀਰ ਜੀ ਦੱਸਦੇ ਹਨ ਕਿ ਗੁਰੂ ਗਿਆਨ ਸਦਕਾ ਫਿਰ ਜੋ ਜੀਵ ਆਪਣੀ ਬ੍ਰਿਤੀ ਨੂੰ ਸੰਸਾਰ ਵੱਲੋਂ ਮੋੜ ਕੇ, ਪ੍ਰਭੂ ਵਾਲੇ ਪਾਸੇ ਜੋੜ ਲੈਂਦਾ ਹੈ, ਭਾਵ ਸਰੀਰਿਕ ਮੋਹ ਤੋਂ ਉਪਰ ਉੱਠ ਕੇ, ਰੱਬੀ ਗੁਣਾਂ ਨੂੰ ਜੀਵਨ ਵਿੱਚ ਕਮਾਉਂਦਾ ਹੈ, ਉਹ ਫਿਰ ਸਭ ਖਜਾਨਿਆਂ ਦੇ ਮਾਲਕ, ਅਵਿਨਾਸ਼ੀ ਅਤੇ ਨਾ ਵਿੰਨ੍ਹੇ ਜਾ ਸਕਣ ਵਾਲੇ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ।
Tags