ਭਗਤ ਕਬੀਰ ਜੀ ਦੀ ਇਹ ਬਾਣੀ ਚੰਦਰਮਾ ਦੀਆਂ ਪੰਦਰਾਂ ਥਿਤਾਂ ’ਤੇ ਅਧਾਰਤ ਹੈ। ਇਸ ਵਿਚ ਇਕ
ਸਲੋਕ ਅਤੇ ਸੋਲ੍ਹਾਂ
ਪਉੜੀਆਂ ਹਨ। ਇਸ ਬਾਣੀ ਵਿਚ ਭਗਤ ਕਬੀਰ ਜੀ ਦੱਸਦੇ ਹਨ ਕਿ ਸਭ ਕਾਸੇ ਦਾ ਕਰਤਾ ਪ੍ਰਭੂ ਹੈ। ਜਿਸ ਮਨੁਖ ਦਾ ਪਿਆਰ ਉਸ ਪ੍ਰਭੂ ਦੇ
ਨਾਮ ਨਾਲ ਪੈ ਜਾਂਦਾ ਹੈ, ਉਸ ਦਾ ਮਨ ਵਿਕਾਰਾਂ ਦੀ ਮੈਲ ਤੋਂ
ਮੁਕਤ ਹੋ ਕੇ ਪਵਿੱਤਰ ਹੋ ਜਾਂਦਾ ਹੈ। ਪ੍ਰਭੂ ਦੀ ਸਿਫਤਿ-ਸਾਲਾਹ ਵਿਚ ਜੁੜ ਕੇ ਉਹ ਹਮੇਸ਼ਾ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ। ਜਿਹੜਾ ਵੀ ਮਨੁਖ ਪ੍ਰਭੂ ਦੇ ਪ੍ਰੇਮ ਦਾ ਅਜਿਹਾ ਰਸ ਪੀਂਦਾ ਹੈ, ਉਹ ਸਭ ਪ੍ਰਕਾਰ ਦੇ ਦੁਖਾਂ ਤੋਂ ਮੁਕਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਸ ਬਾਣੀ ਦੀਆਂ ਵਖ-ਵਖ ਪਉੜੀਆਂ ਵਿਚ ਮਨੁਖ ਨੂੰ ਇਛਾਵਾਂ ਨੂੰ ਦੂਰ ਕਰਨ, ਮਨ ਤੇ ਕਾਬੂ ਪਾਉਣ, ਪ੍ਰਭੂ ਦੇ ਨਾਮ ਦਾ ਵਿਚਾਰ ਕਰਨ,
ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ, ਗੁਰੂ ਦੇ ਬਚਨ ਨੂੰ ਸਤਿ ਕਰ ਕੇ ਜਾਣਨ ਦੀ ਸੋਝੀ ਦਿੱਤੀ ਗਈ ਹੈ।
ੴ ਸਤਿਗੁਰ ਪ੍ਰਸਾਦਿ ॥
ਰਾਗੁ ਗਉੜੀ ਥਿਤੰੀ ਕਬੀਰ ਜੀ ਕੰੀ ॥
ਸਲੋਕੁ ॥
ਪੰਦ੍ਰਹ ਥਿਤੰੀ ਸਾਤ ਵਾਰ ॥
ਕਹਿ ਕਬੀਰ ਉਰਵਾਰ ਨ ਪਾਰ ॥
ਸਾਧਿਕ ਸਿਧ ਲਖੈ ਜਉ ਭੇਉ ॥
ਆਪੇ ਕਰਤਾ ਆਪੇ ਦੇਉ ॥੧॥
-ਗੁਰੂ ਗ੍ਰੰਥ ਸਾਹਿਬ ੩੪੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪੁਰਾਤਨ ਸਮੇਂ ਤੋਂ ਹੀ ਸਾਲ ਨੂੰ ਮਾਪਣ ਦੇ ਦੋ ਤਰੀਕੇ ਪ੍ਰਚਲਤ ਰਹੇ ਹਨ। ਪਹਿਲਾ, ਸੂਰਜ ਦੀ ਚਾਲ ਦੇ ਅਧਾਰ ’ਤੇ ਅਤੇ ਦੂਜਾ, ਚੰਦਰਮਾ ਦੇ ਵਧਣ-ਘੱਟਣ ਦੇ ਅਧਾਰ ’ਤੇ। ਇਨ੍ਹਾਂ ਦੋਵਾਂ ਗਿਣਤੀਆਂ-ਮਿਣਤੀਆਂ ਦੇ ਹਿਸਾਬ ਨਾਲ ਸਾਲ ਨੂੰ ਕ੍ਰਮਵਾਰ ‘ਸੂਰਜ-ਸਾਲ’ ਅਤੇ ‘ਚੰਦਰ-ਸਾਲ’ ਨਾਵਾਂ ਨਾਲ ਸੰਬੋਧਤ ਕੀਤਾ ਜਾਂਦਾ ਹੈ।ਧਾਰਮਕ ਰੀਤੀ-ਰਿਵਾਜਾਂ ਲਈ ਮੁੱਖ ਰੂਪ ਵਿਚ ‘ਚੰਦਰ-ਸਾਲ’ ਨੂੰ ਹੀ ਜਿਆਦਾ ਮਾਨਤਾ ਦਿੱਤੀ ਜਾਂਦੀ ਹੈ।
ਚੰਦਰਮਾਂ ਧਰਤੀ ਦੀ ਪਰਿਕਰਮਾ ਕਰਦਾ ਹੈ, ਜਿਸ ਕਰਕੇ ਇਸ ਉੱਤੇ ਪੈਣ ਵਾਲਾ ਸੂਰਜ ਦਾ ਪ੍ਰਕਾਸ਼ ਘੱਟਦਾ-ਵਧਦਾ ਰਹਿੰਦਾ ਹੈ। ਪਰ ਧਰਤੀ ਤੋਂ ਦੇਖਿਆਂ ਇਵੇਂ ਲੱਗਦਾ ਹੈ, ਜਿਵੇਂ ਚੰਦਰਮਾਂ ਦਾ ਅਕਾਰ ਘੱਟਦਾ-ਵਧਦਾ ਹੋਵੇ। ਸੂਰਜ ਦੇ ਪੈ ਰਹੇ ਪ੍ਰਕਾਸ਼ ਕਾਰਣ ਚੰਦਰਮਾਂ ਦਾ ਅਕਾਰ ਪੰਦਰਾਂ ਦਿਨ ਵਧਦਾ ਹੈ ਅਤੇ ਫਿਰ ਪੰਦਰਾਂ ਦਿਨ ਘੱਟਦਾ ਹੈ। ਜਿਸ ਦਿਨ ਚੰਦਰਮਾਂ ਪੂਰਨ ਰੂਪ ਵਿਚ ਨਜ਼ਰ ਆਉਂਦਾ ਹੈ ਉਸ ਨੂੰ ਪੂਰਨਮਾਸ਼ੀ ਕਹਿੰਦੇ ਹਨ। ਇਸੇ ਤਰ੍ਹਾਂ ਜਦ ਚੰਦਰਮਾਂ ਘੱਟਦਾ-ਘੱਟਦਾ ਦਿਖਣੋ ਹੀ ਹਟ ਜਾਂਦਾ ਹੈ ਤਾਂ ਉਸ ਨੂੰ ਮੱਸਿਆ ਕਹਿੰਦੇ ਹਨ। ਇਹ ਲਗਭਗ ਮਹੀਨੇ ਦਾ ਸਮਾਂ ਹੁੰਦਾ ਹੈ। ਚੰਦਰਮਾਂ ਦੇ ਵਧਣ ਅਤੇ ਘੱਟਣ ਦੇ ਪੰਦਰਾਂ-ਪੰਦਰਾਂ ਦਿਨਾਂ ਨੂੰ ‘ਥਿਤਾਂ’ ਕਿਹਾ ਜਾਂਦਾ ਹੈ। ਇਕ ਮਹੀਨੇ ਵਿਚ ੩੦ ਥਿਤਾਂ ਹੁੰਦੀਆਂ ਹਨ। ਇਨ੍ਹਾਂ ਦੀ ਗਿਣਤੀ ਵਦੀ ਅਤੇ ਸੁਦੀ ਦੇ ਹਿਸਾਬ ਨਾਲ ੧੫-੧੫ ਹੁੰਦੀ ਹੈ। ਪੰਜਾਬੀ ਵਿਚ ਇਸ ਵਦੀ ਨੂੰ ਹਨ੍ਹੇਰਾ ਪਖ ਅਤੇ ਸੁਦੀ ਨੂੰ ਚਾਨਣਾ ਪਖ ਵੀ ਕਿਹਾ ਜਾਂਦਾ ਹੈ। ਏਕਮ (ਹਰ ਪਖ ਦੀ ਪਹਿਲੀ ਥਿਤ) ਤੋਂ ਚਉਦਸ (ਹਰ ਪਖ ਦੀ ਚਉਦ੍ਹਵੀਂ ਥਿਤ) ਤਕ ਇਨ੍ਹਾਂ ਦੋਵਾਂ ਪਖਾਂ ਦੀਆਂ ਥਿਤਾਂ ਦੇ ਨਾਮ ਸਮਾਨ ਹੁੰਦੇ ਹਨ, ਪਰ ਪੰਦਰ੍ਹਵੀਂ ਥਿਤ ਵਦੀ ਪਖ ਵਿਚ ਮੱਸਿਆ ਅਤੇ ਸੁਦੀ ਪਖ ਵਿਚ ਪੂਰਨਮਾਸ਼ੀ ਅਖਵਾਉਂਦੀ ਹੈ।
ਇਸੇ ਤਰਾਂ ਧਰਤੀ ਆਪਣੀ ਧੁਰੀ ਦੁਆਲੇ ਘੁੰਮਦੀ ਹੈ ਤੇ ਇਹ ਚੌਵੀ ਘੰਟੇ ਵਿਚ ਇਕ ਚੱਕਰ ਪੂਰਾ ਕਰਦੀ ਹੈ। ਧਰਤੀ ਦੇ ਘੁੰਮਦਿਆਂ ਜਿਹੜਾ ਹਿੱਸਾ ਸੂਰਜ ਵੱਲ ਰਹਿੰਦਾ ਹੈ ਉਧਰ ਦਿਨ ਹੁੰਦਾ ਹੈ ਤੇ ਦੂਜੇ ਪਾਸੇ ਹਨੇਰਾ ਰਹਿੰਦਾ ਹੈ। ਇਹੀ ਦਿਨ ਰਾਤ ਹੁੰਦੇ ਹਨ।
ਹਿੰਦੂ ਸਮਾਜ ਵਿਚ ਥਿਤਾਂ ਅਤੇ ਵਾਰਾਂ ਨਾਲ ਸਬੰਧਤ ਕਈ ਤਰ੍ਹਾਂ ਦੇ ਕਰਮ-ਕਾਂਡ, ਰਹੁ-ਰੀਤਾਂ ਅਤੇ ਵਹਿਮ-ਭਰਮ ਜੁੜੇ ਹੋਏ ਹਨ। ਜਿਵੇਂ ਏਕਾਦਸ਼ੀ ਦਾ ਵਰਤ, ਮੰਗਲਵਾਰ ਨੂੰ ਦੇਵੀ ਦਾ ਦਿਨ ਮੰਨਿਆ ਜਾਂਦਾ, ਸ਼ਨੀਵਾਰ ਨੂੰ ਸ਼ਨੀ ਦੇਵਤੇ ਨਾਲ ਜੋੜਦੇ ਹਨ। ਭਗਤ ਕਬੀਰ ਜੀ ਨੇ ਇਸ ਬਾਣੀ ਦੁਆਰਾ ‘ਥਿਤਾਂ-ਵਾਰਾਂ’ ਨਾਲ ਜੁੜੇ ਭਰਮਜਾਲ ਨੂੰ ਤੋੜਨ ਅਤੇ ਇਕ ਪਰਮਾਤਾਮਾ ਦੀ ਅਰਾਧਨਾ ਦਾ ਉਪਦੇਸ਼ ਦਿੱਤਾ ਹੈ।
ਭਗਤ ਕਬੀਰ ਜੀ ਆਪਣੀ ਇਸ ਬਾਣੀ ਥਿਤੀ ਵਿਚ ਦੱਸ ਰਹੇ ਹਨ ਕਿ ਪੰਦਰਾਂ ਥਿਤਾਂ ਹਨ ਅਤੇ ਹਫਤੇ ਦੇ ਸੱਤ ਦਿਨ ਹਨ। ਸਮੇਂ ਦੇ ਇਸ ਮਾਪ ਨੂੰ ਮਨੁਖ ਨੇ ਆਪਣੀ ਸੁਵਿਧਾ ਲਈ ਮੰਨਿਆ ਹੋਇਆ ਹੈ। ਸਮਾਜ ਅੰਦਰ ਸਮੇਂ ਦੀ ਉਪਰੋਕਤ ਵੰਡ ਨੂੰ ਚਾਹੇ ਪੂਰਨ ਤੌਰ ’ਤੇ ਮਾਨਤਾ ਪ੍ਰਾਪਤ ਹੈ, ਪਰ ਸਮੇਂ ਦਾ ਨਾ ਕੋਈ ਸ਼ੁਰੂਆਤੀ ਸਿਰਾ ਹੈ ਅਤੇ ਨਾ ਹੀ ਅਖੀਰਲਾ ਸਿਰਾ, ਭਾਵ ਸਮੇਂ ਦਾ ਕੋਈ ਆਰ-ਪਾਰ ਨਹੀ ਹੈ।
ਭਰਮ-ਭੁਲੇਖਿਆਂ ਵਿਚ ਪਏ ਹੋਏ ਲੋਕ ਇਨ੍ਹਾਂ ਦਿਨਾਂ ਨਾਲ ਸੰਬੰਧਤ ਸ਼ੁਭ-ਅਸ਼ੁਭ ਲਗਨ ਮਿੱਥ ਕੇ ਥਿਤ-ਵਾਰ ਮਨਾਉਂਦੇ ਹਨ, ਪਰ ਜੋ ਰੱਬੀ ਸਿਫਤਿ-ਸਾਲਾਹ ਨਾਲ ਜੁੜ ਜਾਂਦਾ ਹੈ, ਉਸ ਨੂੰ ਸਮਝ ਲੱਗ ਜਾਂਦੀ ਹੈ ਕਿ ਸਭ ਕਾਸੇ ਦਾ ਕਰਨਹਾਰ ਪ੍ਰਭੂ ਆਪ ਹੀ ਹੈ। ਉਹ ਆਪ ਹੀ ਇਸ ਸੰਬੰਧੀ ਸੋਝੀ ਰੂਪ ਗਿਆਨ ਦਿੰਦਾ ਹੈ। ਜਿਸ ਨੇ ਵੀ ਸਿਫਤਿ-ਸਾਲਾਹ ਦੇ ਦੁਆਰਾ ਉਸ ਨਾਲ ਡੂੰਘੀ ਸਾਂਝ ਪਾ ਕੇ ਇਸ ਭੇਦ ਨੂੰ ਸਮਝ ਲਿਆ ਉਹ ਹੀ ਸਾਧਕਾਂ ਵਿਚੋਂ ਸਭ ਤੋਂ ਵਡਾ ਸਾਧਕ ਭਾਵ ਸਿਧ-ਪੁਰਸ਼ ਹੈ।