ਸਲੋਕ ਵਿਚ ਦੱਸਿਆ ਗਿਆ ਹੈ ਕਿ ਜੇਕਰ ਹਰ ਵੇਲੇ ਪ੍ਰਭੂ ਦੇ ਗੁਣਾਂ ਦਾ ਚਿੰਤਨ ਕੀਤਾ ਜਾਵੇ ਤਾਂ ਮਨੁਖ ਨੂੰ ਮੌਤ ਦਾ ਡਰ ਨਹੀਂ ਵਿਆਪਦਾ।
ਪਉੜੀ ਵਿਚ ਉਪਦੇਸ਼ ਹੈ ਕਿ ਪ੍ਰਭੂ ਦੇ
ਨਾਮ ਦੀ ਬਰਕਤ ਨਾਲ ਮਨੁਖ ਨੂੰ ਸਾਰੀਆਂ ਕਰਾਮਾਤੀ ਤਾਕਤਾਂ ਤੇ ਦੁਨੀਆਂ ਦੇ ਸਾਰੇ ਖਜਾਨੇ ਪ੍ਰਾਪਤ ਹੋ ਜਾਂਦੇ ਹਨ। ਮਨ ਸਦਾ ਖਿੜਿਆ ਰਹਿੰਦਾ ਹੈ ਅਤੇ ਅਨੰਦ ਬਣਿਆ ਰਹਿੰਦਾ ਹੈ। ਅਜਿਹੀ ਬੁੱਧੀ ਪ੍ਰਾਪਤ ਹੋ ਜਾਂਦੀ ਹੈ, ਜੋ ਕਦੇ ਧੋਖਾ ਨਹੀਂ ਖਾਂਦੀ।
ਪਉੜੀ ॥
ਅਸਟਮੀ ਅਸਟ ਸਿਧਿ ਨਵ ਨਿਧਿ ॥
ਸਗਲ ਪਦਾਰਥ ਪੂਰਨ ਬੁਧਿ ॥
ਕਵਲ ਪ੍ਰਗਾਸ ਸਦਾ ਆਨੰਦ ॥
ਨਿਰਮਲ ਰੀਤਿ ਨਿਰੋਧਰ ਮੰਤ ॥
ਸਗਲ ਧਰਮ ਪਵਿਤ੍ਰ ਇਸਨਾਨੁ ॥
ਸਭ ਮਹਿ ਊਚ ਬਿਸੇਖ ਗਿਆਨੁ ॥
ਹਰਿ ਹਰਿ ਭਜਨੁ ਪੂਰੇ ਗੁਰ ਸੰਗਿ ॥
ਜਪਿ ਤਰੀਐ ਨਾਨਕ ਨਾਮ ਹਰਿ ਰੰਗਿ ॥੮॥
-ਗੁਰੂ ਗ੍ਰੰਥ ਸਾਹਿਬ ੨੯੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਦੀ ਅਧਾਰ ਸ਼ਿਲਾ ਵਾਲੇ ਸਲੋਕ ਵਿਚ ਪਾਤਸ਼ਾਹ ਨੇ ਪ੍ਰਭੂ ਦੇ ਗੁਣ ਗਾਇਨ ਦਾ ਆਦੇਸ਼ ਕੀਤਾ ਸੀ ਤੇ ਉਸ ਸਲੋਕ ਅਧਾਰਤ ਇਸ ਪਉੜੀ ਵਿਚ ਵੀ ਪਾਤਸ਼ਾਹ ਨੇ ਪ੍ਰਭੂ ਦੇ ਗੁਣ ਗਾਇਨ ਨਾਲ ਹਾਸਲ ਹੋਣ ਵਾਲੀਆਂ ਨਿਆਮਤਾਂ ਦਾ ਜਿਕਰ ਕੀਤਾ ਹੈ। ਸਭ ਤੋਂ ਪਹਿਲਾਂ ਪਾਤਸ਼ਾਹ ਨੇ ਅਠਵੀਂ ਥਿਤ ਤੋਂ ਜੋਗ-ਮਤ ਵਾਲੀਆਂ ਅਠ ਸਿਧੀਆਂ, ਅਰਥਾਤ ਮੁਹਾਰਤਾਂ ਅਤੇ ਨੌਂ ਖਜਾਨੇ ਤੇ ਉਸ ਤੋਂ ਬਾਅਦ ਜੀਵਨ ਵਿਚ ਕੰਮ ਆਉਣ ਵਾਲੇ ਸਾਰੇ ਪਦਾਰਥ ਹਾਸਲ ਹੁੰਦੇ ਦੱਸੇ ਹਨ। ਇਸ ਦੇ ਨਾਲ ਇਹ ਵੀ ਦੱਸਿਆ ਹੈ ਕਿ ਪ੍ਰਭੂ ਦੇ ਗੁਣ ਗਾਇਨ ਨਾਲ ਸਾਡੀ ਸਮਝ ਅਤੇ ਸੂਝ-ਬੂਝ ਪੂਰਨ ਰੂਪ ਵਿਚ ਜਾਗ ਜਾਂਦੀ ਜਾਂ ਕਹਿ ਲਓ ਪ੍ਰਕਾਸ਼ਤ ਹੋ ਜਾਂਦੀ ਹੈ।
ਜਦ ਸਾਡੀਆਂ ਫਜੂਲ ਕਿਸਮ ਦੀਆਂ ਸੋਚਾਂ ਵਿਚੋਂ ਉਪਜੇ ਬੇਲੋੜੇ ਸਰੋਕਾਰ ਸਮਾਪਤ ਹੋ ਜਾਂਦੇ ਹਨ ਤੇ ਸਾਡੇ ਮਨ ਦੀਆਂ ਗੁੰਝਲਾਂ ਸੁਲਝ ਜਾਂਦੀਆਂ ਹਨ ਤਾਂ ਸਾਡੀ ਬੁਧੀ ਪੂਰਨ ਇਕਾਗਰਤਾ ਵਿਚ ਸਹੀ ਅਤੇ ਗਲਤ ਦਾ ਨਿਖੇੜਾ ਕਰਨ ਦੇ ਸਮਰੱਥ ਹੁੰਦੀ ਹੈ। ਇਸੇ ਨਾਲ ਸਾਡੀ ਜਿੰਦਗੀ ਲੀਹ ’ਤੇ ਆਉਂਦੀ ਹੈ ਤੇ ਸਾਰੇ ਹਾਸਲ ਸੰਭਵ ਹੋ ਜਾਂਦੇ ਹਨ।
ਭਾਰਤੀ ਪ੍ਰਤੀਕ ਵਿਧਾਨ ਵਿਚ ਇਨਸਾਨੀ ਅਨੰਦ ਦੀ ਅਵਸਥਾ ਨੂੰ ਖਿੜੇ ਹੋਏ ਕਮਲ ਦੇ ਪ੍ਰਤੀਕ ਵਿਚ ਚਿਤਵਿਆ ਗਿਆ। ਖਿੜਿਆ ਹੋਇਆ ਕੰਵਲ ਏਕਤਾ ਅਤੇ ਅਨੇਕਤਾ ਦਾ ਪ੍ਰਤੀਕ ਵੀ ਹੈ। ਅਗਿਆਨ, ਹਉਮੈ ਅਤੇ ਹੀਣ ਭਾਵ ਕਾਰਣ ਸਾਡੇ ਮਨ ਵਿਚ ਨਿੱਕੀਆਂ-ਨਿੱਕੀਆਂ ਗੰਢਾਂ ਬਣ ਜਾਂਦੀਆਂ ਹਨ ਤੇ ਜਦ ਉਹ ਗਿਆਨ ਨਾਲ ਖੁੱਲ੍ਹਦੀਆਂ ਹਨ ਤਾਂ ਉਹ ਕਮਲ ਦੀ ਨਿਆਈਂ ਖਿੜ ਜਾਂਦੀਆਂ ਹਨ। ਇਹੀ ਸਾਡੇ ਮਨ ਦੀ ਅਨੰਦਮਈ ਅਵਸਥਾ ਹੁੰਦੀ ਹੈ। ਪਾਤਸ਼ਾਹ ਦੱਸਦੇ ਹਨ ਕਿ ਸਾਡੇ ਅੰਤਰੀਵ ਮਨੋ-ਕੰਵਲ ਦਾ ਪ੍ਰਕਾਸ਼ਤ ਹੋਣਾ ਹੀ ਸਦੀਵੀ ਅਨੰਦ ਹੈ ਤੇ ਇਸ ਅਨੰਦ ਨੂੰ ਪ੍ਰਾਪਤ ਕਰਨ ਦੀ ਇਹੀ ਅਜਿਹੀ ਵਿਧੀ ਹੈ, ਜਿਸ ਵਿਚ ਕਿਸੇ ਪ੍ਰਕਾਰ ਦੀ ਦੁਵਿਧਾ ਦੀ ਮੈਲ ਜਾਂ ਖੋਟ ਨਹੀਂ ਹੈ ਤੇ ਇਹ ਵਿਧੀ ਹੈ ਵੀ ਏਨੀ ਅਕੱਟ ਕਿ ਇਸ ਦੇ ਅਸਰ ਨੂੰ ਕੋਈ ਹੋਰ ਵਿਧੀ ਕਾਟ ਨਹੀਂ ਕਰ ਸਕਦੀ।
ਸੰਸਕ੍ਰਿਤ ਵਿਚ ਜਦ ਕੋਈ ਪੜ੍ਹਾਈ-ਲਿਖਾਈ ਵਿਚ ਪਾਰੰਗਤ ਜਾਂ ਨਿਪੁੰਨ ਹੁੰਦਾ ਹੈ, ਤਾਂ ਉਸ ਨੂੰ ਸਨਾਤਕ ਕਹਿੰਦੇ ਹਨ। ਅਰਥਾਤ, ਉਹ ਜਿਸ ਨੇ ਗਿਆਨ ਦੇ ਵਿਸ਼ਾਲ ਸਰੋਵਰ ਵਿਚ ਇਸ਼ਨਾਨ ਕਰ ਲਿਆ ਹੈ। ਹਰ ਧਰਮ ਅਨੁਸਾਰ ਮਾਨਸਕ ਕੰਵਲ ਦਾ ਖਿੜਨਾ ਤੇ ਅਨੰਦਮਈ ਹੋਣਾ ਹੀ ਪਵਿੱਤਰ ਇਸ਼ਨਾਨ ਮੰਨਿਆ ਗਿਆ ਹੈ ਤੇ ਇਹੀ ਸਭ ਤੋਂ ਉੱਚਾ ਅਤੇ ਵਿਸ਼ੇਸ਼ ਗਿਆਨ ਹੈ।
ਇਸ ਪਉੜੀ ਦੇ ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਉਹ ਮਹਾਂ-ਮੰਤਰ, ਪਵਿੱਤਰ ਇਸ਼ਨਾਨ ਅਤੇ ਗਿਆਨ ਅਸਲ ਵਿਚ ਕਿਸੇ ਮੁਕੰਮਲ ਗੁਰੂ ਦੀ ਸੰਗਤ ਵਿਚ ਪ੍ਰਭੂ ਦਾ ਭਜਨ ਹੈ ਤੇ ਉਸ ਦੇ ਰੰਗ, ਅਰਥਾਤ ਰਜਾ ਵਿਚ ਰਹਿੰਦਿਆਂ ਤੇ ਨਾਮ ਜਪਦਿਆਂ ਹੀ ਇਸ ਡਰਾਉਣੇ ਸਾਗਰ ਜਿਹੇ ਸੰਸਾਰ ਨੂੰ ਪਾਰ ਕਰ ਜਾਈਦਾ ਹੈ ਅਤੇ ਜੀਵਨ ਸਫਲ ਕਰ ਲਈਦਾ ਹੈ।