Guru Granth Sahib Logo
  
ਸਲੋਕ ਵਿਚ ਦੱਸਿਆ ਗਿਆ ਹੈ ਕਿ ਮਾਇਆ ਦੇ ਮੋਹ ਵਿਚ ਮਸਤ ਰਹਿਣ ਵਾਲੇ ਮਨੁਖ ਦੇ ਮਨ ਵਿਚ ਕਾਮ, ਕ੍ਰੋਧ ਆਦਿਕ ਵਿਕਾਰ ਟਿਕੇ ਰਹਿੰਦੇ ਹਨ। ਉਹ ਮਨੁਖ ਹੀ ਵਿਕਾਰ-ਮੁਕਤ ਹੁੰਦਾ ਹੈ, ਜੋ ਸਾਧ-ਸੰਗਤ ਦੁਆਰਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ। ਪਉੜੀ ਵਿਚ ਉਪਦੇਸ਼ ਹੈ ਕਿ ਜਿਹੜੇ ਮਨੁਖ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਮਾਇਆ ਦੇ ਮੋਹ ਵਿਚ ਨਹੀਂ ਫਸਦੇ। ਪਰ ਜਿਨ੍ਹਾਂ ਮਨੁਖਾਂ ਨੇ ਸਿਰਜਣਹਾਰ ਪ੍ਰਭੂ ਨੂੰ ਨਹੀਂ ਸਿਮਰਿਆ, ਉਹ ਸੰਸਾਰਕ ਰਸਾਂ ਵਿਚ ਖਚਤ ਹੋ ਕੇ ਭਟਕਦੇ ਰਹਿੰਦੇ ਹਨ।
ਪਉੜੀ
ਪੰਚਮਿ  ਪੰਚ ਪ੍ਰਧਾਨ ਤੇ   ਜਿਹ ਜਾਨਿਓ ਪਰਪੰਚੁ
ਕੁਸਮ ਬਾਸ  ਬਹੁ ਰੰਗੁ ਘਣੋ   ਸਭ ਮਿਥਿਆ ਬਲਬੰਚੁ
ਨਹ ਜਾਪੈ  ਨਹ ਬੂਝੀਐ   ਨਹ ਕਛੁ ਕਰਤ ਬੀਚਾਰੁ
ਸੁਆਦ ਮੋਹ ਰਸ ਬੇਧਿਓ   ਅਗਿਆਨਿ ਰਚਿਓ ਸੰਸਾਰੁ
ਜਨਮ ਮਰਣ ਬਹੁ ਜੋਨਿ ਭ੍ਰਮਣ   ਕੀਨੇ ਕਰਮ ਅਨੇਕ
ਰਚਨਹਾਰੁ ਨਹ ਸਿਮਰਿਓ   ਮਨਿ ਬੀਚਾਰਿ ਬਿਬੇਕ
ਭਾਉ ਭਗਤਿ ਭਗਵਾਨ ਸੰਗਿ   ਮਾਇਆ ਲਿਪਤ ਰੰਚ
ਨਾਨਕ  ਬਿਰਲੇ ਪਾਈਅਹਿ   ਜੋ ਰਚਹਿ ਪਰਪੰਚ ॥੫॥
-ਗੁਰੂ ਗ੍ਰੰਥ ਸਾਹਿਬ ੨੯੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਵਿਚ ਪਾਤਸ਼ਾਹ ਪੰਚਮੀ ਥਿਤ ਤੋਂ ਜਪੁਜੀ ਸਾਹਿਬ ਵਿਚ ਪ੍ਰਧਾਨ ਦੱਸੇ ਗਏ ਪੰਚਾਂ ਨੂੰ ਸਿਮਰਤੀ ਵਿਚ ਲਿਆਉਂਦਿਆਂ ਆਖਦੇ ਹਨ ਕਿ ਜਿਨ੍ਹਾਂ ਨੇ ਪ੍ਰਭੂ ਦੀ ਕਿਰਪਾ-ਦ੍ਰਿਸ਼ਟੀ ਨਾਲ ਇਸ ਮਾਇਆ ਜਗਤ ਦੇ ਅਸੱਤ ਪ੍ਰਪੰਚ ਨੂੰ ਜਾਣ ਲਿਆ ਹੈ, ਉਹੀ ਪੰਚ, ਸ੍ਰੇਸ਼ਟ ਜਾਂ ਮੁਖੀਏ ਹਨ। ਉਹ ਜਾਣਦੇ ਹਨ ਕਿ ਕੁਸਮ ਜਹੇ ਵਚਿੱਤਰ ਰੰਗਾਂ ਵਾਲੇ ਫੁੱਲਾਂ ਦੀ ਸੁਗੰਧੀ ਜਿਹਾ ਜਗਤ ਝੂਠਾ ਅਤੇ ਪੁਰ-ਜੋਰ ਛਲਾਵਾ ਹੈ।

ਜਿਹੜੇ ਇਸ ਛਲਾਵੇ ਵਿਚ ਅਸਤ-ਵਿਅਸਤ ਅਤੇ ਖਚਤ ਹਨ, ਉਨ੍ਹਾਂ ਨੂੰ ਇਸ ਦੀ ਅਸਲੀਅਤ ਦਾ ਪਤਾ ਨਹੀਂ ਲੱਗਦਾ। ਉਹ ਲੋਕ ਇਸ ਚਕਾਚੌਂਧ ਨੂੰ ਨਾ ਹੀ ਸਮਝਦੇ ਹਨ ਤੇ ਨਾ ਕੋਈ ਸੋਚ ਵਿਚਾਰ ਕਰਦੇ ਹਨ। ਉਹ ਮੋਹ ਕਾਰਣ ਇਸ ਸੰਸਾਰਕ ਰਸ ਦੇ ਸੁਆਦਾਂ ਵਿਚ ਫਸੇ ਹੋਏ ਹਨ ਤੇ ਉਨ੍ਹਾਂ ਨੇ ਅਗਿਆਨ ਵੱਸ ਆਪਣਾ ਹੀ ਸੰਸਾਰ ਰਚਿਆ ਹੋਇਆ ਹੈ।

ਪਾਤਸ਼ਾਹ ਦੱਸਦੇ ਹਨ ਕਿ ਪ੍ਰਭੂ ਦੇ ਨਾਮ-ਸਿਮਰਨ ਨੂੰ ਛੱਡ ਕੇ ਬੇਸ਼ੱਕ ਉਨ੍ਹਾਂ ਨੇ ਕਈ ਪ੍ਰਕਾਰ ਦੇ ਕਰਮ-ਧਰਮ ਵੀ ਕੀਤੇ ਹਨ, ਫਿਰ ਵੀ ਉਹ ਜਨਮ-ਮਰਨ ਦੇ ਚੱਕਰਾਂ ਵਿਚ ਉਲਝੇ ਰਹਿੰਦੇ ਹਨ। ਕਿਉਂਕਿ ਉਨ੍ਹਾਂ ਨੇ ਇਸ ਰਚਨਾ ਦੇ ਕਰਤੇ, ਉਸ ਰਚਨਹਾਰ ਨੂੰ ਯਾਦ ਨਹੀਂ ਕੀਤਾ ਤੇ ਨਾ ਹੀ ਮਨ ਵਿਚ ਕੋਈ ਨਿਰਪੱਖ ਅਤੇ ਦੀਰਘ ਵਿਚਾਰ ਕੀਤੀ। 

ਇਸ ਦੇ ਵਿਪਰੀਤ ਜਿਨ੍ਹਾਂ ਨੇ ਪ੍ਰਭੂ ਨਾਲ ਪ੍ਰੇਮ ਪਾਇਆ ਅਤੇ ਉਸ ਪ੍ਰਤੀ ਭਗਤੀ-ਭਾਵ ਰਖਿਆ, ਸਿਰਫ ਉਹੀ ਇਸ ਪਦਾਰਥ ਦੀ ਮਾਇਆਵਾਦੀ ਗਿਣਤੀ-ਮਿਣਤੀ ਦੇ ਚੱਕਰਾਂ ਵਿਚ ਰੰਚਕ ਮਾਤਰ ਵੀ ਲਪੇਟ ਵਿਚ ਆਉਣ ਤੋਂ ਬਚ ਸਕੇ। ਪਾਤਸ਼ਾਹ ਇਸ ਪਉੜੀ ਦੇ ਅਖੀਰ ਵਿਚ ਦੱਸਦੇ ਹਨ ਕਿ ਅਜਿਹੇ ਪ੍ਰਾਣੀ ਵਿਰਲੇ ਹੀ ਹਨ, ਜਿਹੜੇ ਮਾਇਆ ਦੇ ਇਸ ਝੂਠੇ ਪ੍ਰਪੰਚ ਵਿਚ ਉਲਝਣ ਤੋਂ ਬਚ ਸਕੇ ਹਨ।
Tags