ਸਲੋਕ ਵਿਚ ਦੱਸਿਆ ਗਿਆ ਹੈ ਕਿ ਜਿਸ ਮਨੁਖ ਨੇ ਪ੍ਰਭੂ ਦੇ ਗੁਣਾਂ ਨੂੰ ਧਾਰਨ ਕੀਤਾ ਹੈ, ਉਹ ਕਦੇ ਨਹੀਂ ਡੋਲਦਾ। ਉਸ ਨੂੰ ਪ੍ਰਾਪਤ ਹੋਇਆ ਆਤਮਕ ਵਿਗਾਸ ਕਦੇ ਨਹੀਂ ਘੱਟਦਾ।
ਪਉੜੀ ਵਿਚ ਉਪਦੇਸ਼ ਹੈ ਕਿ ਪ੍ਰਭੂ ਸਾਰੇ ਗੁਣਾਂ ਨਾਲ ਭਰਪੂਰ ਅਤੇ ਸਭ ਕੁਝ ਕਰਨ-ਕਰਾਉਣ ਦੇ ਸਮਰੱਥ ਹੈ। ਉਹ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ, ਸਭ ਦਾ ਰਾਖਾ ਅਤੇ ਸਹਾਰਾ ਹੈ। ਇਸ ਲਈ ਹਰ ਵੇਲੇ ਉਸ ਦੀ ਸ਼ਰਣ ਵਿਚ ਰਹਿਣਾ ਚਾਹੀਦਾ ਹੈ।
ਪਉੜੀ ॥
ਪੂਰਨਮਾ ਪੂਰਨ ਪ੍ਰਭ ਏਕੁ ਕਰਣ ਕਾਰਣ ਸਮਰਥੁ ॥
ਜੀਅ ਜੰਤ ਦਇਆਲ ਪੁਰਖੁ ਸਭ ਊਪਰਿ ਜਾ ਕਾ ਹਥੁ ॥
ਗੁਣ ਨਿਧਾਨ ਗੋਬਿੰਦ ਗੁਰ ਕੀਆ ਜਾ ਕਾ ਹੋਇ ॥
ਅੰਤਰਜਾਮੀ ਪ੍ਰਭੁ ਸੁਜਾਨੁ ਅਲਖ ਨਿਰੰਜਨ ਸੋਇ ॥
ਪਾਰਬ੍ਰਹਮੁ ਪਰਮੇਸਰੋ ਸਭ ਬਿਧਿ ਜਾਨਣਹਾਰ ॥
ਸੰਤ ਸਹਾਈ ਸਰਨਿ ਜੋਗੁ ਆਠ ਪਹਰ ਨਮਸਕਾਰ ॥
ਅਕਥ ਕਥਾ ਨਹ ਬੂਝੀਐ ਸਿਮਰਹੁ ਹਰਿ ਕੇ ਚਰਨ ॥
ਪਤਿਤ ਉਧਾਰਨ ਅਨਾਥ ਨਾਥ ਨਾਨਕ ਪ੍ਰਭ ਕੀ ਸਰਨ ॥੧੬॥
-ਗੁਰੂ ਗ੍ਰੰਥ ਸਾਹਿਬ ੩੦੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪੂਰਨਮਾਸ਼ੀ ਨੂੰ ਚੰਦਰਮਾ ਪੂਰਨਤਾ ਵਿਚ ਹੁੰਦਾ ਹੈ ਤੇ ਪਾਤਸ਼ਾਹ ਇਸੇ ਹਵਾਲੇ ਨਾਲ ਦੱਸਦੇ ਹਨ ਕਿ ਸ੍ਰਿਸ਼ਟੀ ਵਿਚ ਕੋਈ ਵੀ ਮੁਕੰਮਲ ਨਹੀਂ ਸਿਵਾਇ ਇਕ ਪਰਮ ਪਿਆਰੇ ਪ੍ਰਭੂ ਦੇ, ਜਿਹੜਾ ਸ੍ਰਿਸ਼ਟੀ ਦੀ ਹਰ ਕਿਰਤ ਦਾ ਕਾਰਣ ਹੈ ਅਤੇ ਸਭ ਕੁਝ ਕਰਨ-ਕਰਾਉਣ ਦੇ ਸਮਰਥ ਹੈ।
ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਸਹਿਮਤੀ, ਸਹਾਇਤਾ ਜਾਂ ਪਿਆਰ ਦੀ ਤਸਦੀਕ ਵਜੋਂ ਅਸ਼ੀਰਵਾਦ ਦੇਣਾ ਹੋਵੇ ਤਾਂ ਉਸ ਦੇ ਸਿਰ ਉੱਤੇ ਹੱਥ ਰਖਿਆ ਜਾਂਦਾ ਹੈ। ਇਥੇ ਪਾਤਸ਼ਾਹ ਦੱਸਦੇ ਹਨ ਕਿ ਉਹ ਪਿਆਰਾ ਪ੍ਰਭੂ ਆਪਣੀ ਹਰ ਕਿਰਤ, ਅਰਥਾਤ ਤਮਾਮ ਜੀਵ-ਜੰਤ ਪ੍ਰਤੀ ਏਨਾ ਦਇਆਵਾਨ ਹੈ ਕਿ ਉਸ ਨੇ ਸਦਾ-ਸਦਾ ਲਈ ਹਰ ਕਿਸੇ ਦੇ ਸਿਰ ਉੱਤੇ ਆਪਣਾ ਹੱਥ ਰਖਿਆ ਹੋਇਆ ਹੈ।
ਉਹ ਗਿਆਨ-ਸਰੂਪ ਜਗਤ-ਪਾਲਕ ਏਨੇ ਗੁਣਾ ਦਾ ਖਜਾਨਾ ਹੈ ਕਿ ਸ੍ਰਿਸ਼ਟੀ ਵਿਚ ਜੋ ਕੁਝ ਵੀ ਹੁੰਦਾ ਹੈ, ਸਭ ਕੁਝ ਉਸੇ ਦੇ ਕੀਤਿਆਂ ਹੁੰਦਾ ਹੈ। ਪਾਤਸ਼ਾਹ ਸੰਕੇਤ ਕਰਦੇ ਹਨ ਕਿ ਉਸ ਕੋਲੋਂ ਕੁਝ ਕਰਵਾਉਣ ਲਈ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ। ਉਹ ਖੁਦ ਏਨਾ ਸੂਝਵਾਨ ਤੇ ਸੁਜਾਨ ਹੈ ਕਿ ਉਸ ਨੂੰ ਹਰ ਕਿਸੇ ਦੇ ਅੰਦਰਲੀ ਹਾਲਤ ਦਾ ਪਤਾ ਹੁੰਦਾ ਹੈ। ਜਿਵੇਂ ਸਫੈਦ ਸਫੇ ਉੱਤੇ ਲਿਖੇ ਹੋਏ ਕਾਲੇ ਅੱਖਰ ਸਪਸ਼ਟ ਪੜ੍ਹੇ ਜਾ ਸਕਦੇ ਹਨ। ਪਰ ਸਫੈਦ ਸਫੇ ਉੱਤੇ ਸਫੈਦ ਸਿਆਹੀ ਨਾਲ ਲਿਖਿਆ ਹੋਇਆ ਸਫੈਦ ਅੱਖਰ ਨਹੀਂ ਪੜ੍ਹਿਆ ਜਾ ਸਕਦਾ। ਪਾਤਸ਼ਾਹ ਦੱਸਦੇ ਹਨ ਕਿ ਬੇਸ਼ੱਕ ਉਹ ਹਰ ਕਿਸੇ ਦੇ ਮਨ ਦੀਆਂ ਜਾਣਨ ਵਾਲਾ ਅੰਤਰਜਾਮੀ ਹੈ, ਪਰ ਉਹ ਆਪ ਏਨਾ ਅਲੱਖ ਅਤੇ ਅਪ੍ਰਤੱਖ ਹੈ ਕਿ ਉਸ ਦਾ ਕਿਸੇ ਨੂੰ ਵੀ ਕੋਈ ਭੇਤ ਨਹੀਂ ਲੱਗਦਾ।
ਸੰਸਕ੍ਰਿਤ ਵਿਚ ਮਨੁਖ ਦੁਆਰਾ ਚਿਤਵੇ ਗਏ ਪ੍ਰਭੂ ਦੇ ਸਰੂਪ ਨੂੰ ਈਸ਼ਵਰ ਕਿਹਾ ਜਾਂਦਾ ਹੈ, ਜਿਨ੍ਹਾਂ ਦੀ ਗਿਣਤੀ ਅਨੰਤ ਹੋ ਸਕਦੀ ਹੈ। ਇਸ ਕਰਕੇ ਪਾਤਸ਼ਾਹ ਇਨ੍ਹਾਂ ਅਨੰਤ ਈਸ਼ਵਰਾਂ ਤੋਂ ਪਰੇ ਜਾਂ ਪਾਰ ਉਸ ਪਿਆਰੇ ਪ੍ਰਭੂ ਨੂੰ ਪਰਮ-ਈਸ਼ਵਰ ਜਾਂ ਪਰਮੇਸ਼ਰ ਕਹਿੰਦੇ ਹਨ। ਇਸੇ ਤਰ੍ਹਾਂ ਅਤੇ ਇਸੇ ਕਰਕੇ ਹੀ ਪਾਤਸ਼ਾਹ ਨੇ ਪ੍ਰਭੂ-ਪਿਆਰੇ ਦੇ ਵਿਗਾਸ ਰੂਪ ਬ੍ਰਹਮ ਤੋਂ ਵੀ ਪਰੇ ਰੂਪ ਨੂੰ ਪਾਰਬ੍ਰਹਮ ਕਿਹਾ ਹੈ। ਇਥੇ ਹੀ ਬਸ ਨਹੀਂ, ਉਹ ਸ੍ਰਿਸ਼ਟੀ ਦੇ ਚੱਲਣ ਅਤੇ ਪ੍ਰਚਲਣ ਦੇ ਸਭ ਤੌਰ-ਤਰੀਕਿਆਂ ਨੂੰ ਜਾਣਨ ਵਾਲਾ ਹੈ। ਕਿਉਂਕਿ ਸ੍ਰਿਸ਼ਟੀ ਉਸ ਦੇ ਬਗੈਰ ਕੁਝ ਹੋਰ ਨਹੀਂ ਹੈ, ਇਸ ਲਈ ਪ੍ਰਭੂ ਪਿਆਰੇ ਦਾ ਸ੍ਰਿਸ਼ਟੀ ਨੂੰ ਜਾਣਨਾ ਅਸਲ ਵਿਚ ਉਸ ਦਾ ਖੁਦ ਨੂੰ ਜਾਣਨਾ ਹੈ।
ਸਾਡੇ ਤਾਮਸੀ ਸਮਾਜ ਵਿਚ ਸ਼ਾਂਤੀ ਪਸੰਦ ਸਾਧੂ-ਬਿਰਤੀ ਵਾਲੇ ਲੋਕਾਂ ਨੂੰ ਨਾ ਪਸੰਦ ਕੀਤਾ ਜਾਂਦਾ ਹੈ। ਇਸ ਲਈ ਪਾਤਸ਼ਾਹ ਦੱਸਦੇ ਹਨ ਕਿ ਉਹ ਪਿਆਰਾ ਪ੍ਰਭੂ ਸੱਚ ਨਾਲ ਸਾਂਤ-ਚਿੱਤ ਹੋਏ, ਅਜਿਹੇ ਸਾਧ-ਬਿਰਤੀ ਮਹਾਂਪੁਰਸ਼ਾਂ ਦੀ ਸਹਾਇਤਾ ਲਈ ਸਦਾ ਤਿਆਰ ਰਹਿੰਦਾ ਹੈ। ਕਿਉਂਕਿ ਸ਼ਾਂਤੀ ਅਤੇ ਸ਼ਰਣ ਦੇਣ ਦੇ ਸਮਰਥ ਉਹੀ ਹੈ, ਇਸ ਕਰਕੇ ਰਾਤ-ਦਿਨ ਅਠੇ ਪਹਿਰ ਉਸ ਪਰਮ-ਪਿਆਰੇ ਜਗਤ-ਪਾਲਕ ਅਤੇ ਮਾਲਕ ਪ੍ਰਭੂ ਅੱਗੇ ਨਿਮਰ-ਭਾਵ ਨਮਸ਼ਕਾਰ ਕਰਦੇ ਰਹਿਣਾ ਚਾਹੀਦਾ ਹੈ।
ਪਾਤਸ਼ਾਹ ਦੱਸਦੇ ਹਨ ਕਿ ਉਹ ਪ੍ਰਭੂ ਏਨੇ ਅਨੰਤ ਗੁਣਾਂ ਦਾ ਮਾਲਕ ਹੈ ਕਿ ਉਸ ਦੀ ਮਹਿਮਾ ਦਾ ਕਥਨ ਕਰਨਾ ਵੀ ਮੁਮਕਿਨ ਨਹੀਂ ਹੈ। ਇਥੋਂ ਤਕ ਕਿ ਉਸ ਦੀ ਵਡਿਆਈ ਦੀ ਸੰਕੇਤ ਮਾਤਰ ਵੀ ਅਟਕਲ ਨਹੀਂ ਲਗਾਈ ਜਾ ਸਕਦੀ। ਇਸ ਕਰਕੇ ਸਾਡੇ ਹੱਥ-ਵੱਸ ਕੁਝ ਨਹੀਂ ਹੈ, ਸਿਵਾਏ ਇਸ ਦੇ ਕਿ ਅਸੀਂ ਉਸ ਦੇ ਚਰਨਾਂ ਦਾ ਧਿਆਨ ਧਰੀਏ ਜਾਂ ਸਿਮਰਨ ਕਰੀਏ।
ਚਰਨ ਅਕਸਰ ਚੱਲਣ, ਫਿਰਨ ਜਾਂ ਤੁਰਨ ਵੱਲ ਸੰਕੇਤ ਕਰਦੇ ਹਨ ਤੇ ਚੱਲਣਾ ਕਿਸੇ ਮਾਰਗ ਜਾਂ ਰਸਤੇ ’ਤੇ ਹੁੰਦਾ ਹੈ। ਮਾਰਗ ਕਿਸੇ ਵਿਚਾਰ ਜਾਂ ਵਿਚਾਰਧਾਰਾ ਨੂੰ ਵੀ ਕਿਹਾ ਜਾਂਦਾ ਹੈ। ਜਦ ਅਸੀਂ ਕਿਸੇ ਮਹਾਂਪੁਰਸ਼ ਦੇ ਚਰਨਾਂ ਦਾ ਧਿਆਨ ਧਰਦੇ ਹਾਂ ਤਾਂ ਅਸਲ ਵਿਚ ਅਸੀਂ ਉਸ ਦੇ ਵਿਚਾਰ ਦੀ ਚਰਚਾ ਕਰਦੇ ਹਾਂ ਤੇ ਉਸ ਨੂੰ ਅਪਨਾਉਣ ਬਾਰੇ ਸੋਚਦੇ ਹਾਂ। ਇਸ ਕਰਕੇ ਪਾਤਸ਼ਾਹ ਆਦੇਸ਼ ਕਰਦੇ ਹਨ ਕਿ ਪਰਮ-ਪਿਆਰੇ ਪ੍ਰਭੂ ਦੇ ਮਾਰਗ ’ਤੇ ਬਿਨਾਂ ਹੀਲ-ਹੁੱਜਤ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਉਂਕਿ ਸਿਰਫ ਉਹੀ ਕਿਸੇ ਡਿੱਗੇ ਹੋਏ ਨੂੰ ਉਠਾ ਸਕਦਾ ਹੈ, ਡੋਲਣ ਵਾਲੇ ਨੂੰ ਸੰਭਾਲ ਸਕਦਾ ਹੈ ਤੇ ਕਿਸੇ ਬੇ-ਸਹਾਰੇ ਅਤੇ ਅਨਾਥ ਨੂੰ ਪਾਲ ਸਕਦਾ ਹੈ। ਇਹੀ ਉਸ ਦੀ ਸ਼ਰਣ ਵਿਚ ਜਾਣ ਦਾ ਅਰਥ ਵੀ ਹੈ ਤੇ ਇਹੀ ਉਸ ਦੀ ਸ਼ਰਣ ਦੀ ਮਹਿਮਾ ਜਾਂ ਵਡਿਆਈ ਵੀ ਹੈ।