Guru Granth Sahib Logo
  
ਸਲੋਕ ਵਿਚ ਦੱਸਿਆ ਗਿਆ ਹੈ ਕਿ ਜਿਸ ਮਨੁਖ ਨੇ ਗੁਰ-ਸ਼ਬਦ ਦੀ ਸਿੱਖਿਆ ਲੈ ਕੇ ਪ੍ਰਭੂ ਦੇ ਗੁਣ ਗਾਏ ਹਨ, ਉਸ ਨੇ ਆਪਣੇ-ਆਪ ’ਤੇ ਕਾਬੂ ਪਾ ਲਿਆ ਹੈ। ਉਸ ਦੇ ਸਾਰੇ ਡਰ ਤੇ ਚਿੰਤਾਵਾਂ ਮੁੱਕ ਗਈਆਂ ਹਨ। ਪਉੜੀ ਵਿਚ ਉਪਦੇਸ਼ ਹੈ ਕਿ ਮਨੁਖ ਨੂੰ ਪ੍ਰਭੂ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਇਸ ਨਾਲ ਭੈੜੀ ਸੋਚ ਅਤੇ ਹਉਮੈ ਦੂਰ ਹੁੰਦੀ ਹੈ। ਸੰਤੋਖ, ਸ਼ਾਂਤੀ ਅਤੇ ਆਤਮਕ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਮਨੁਖ ਆਪਣਾ ਅਤੇ ਆਪਣੇ ਪਰਵਾਰ ਦਾ ਜੀਵਨ ਸਫਲ ਕਰ ਲੈਂਦਾ ਹੈ।
ਪਉੜੀ
ਅਮਾਵਸ  ਆਤਮ ਸੁਖੀ ਭਏ   ਸੰਤੋਖੁ ਦੀਆ ਗੁਰਦੇਵ
ਮਨੁ ਤਨੁ ਸੀਤਲੁ  ਸਾਂਤਿ ਸਹਜ   ਲਾਗਾ ਪ੍ਰਭ ਕੀ ਸੇਵ
ਟੂਟੇ ਬੰਧਨ ਬਹੁ ਬਿਕਾਰ   ਸਫਲ ਪੂਰਨ ਤਾ ਕੇ ਕਾਮ
ਦੁਰਮਤਿ ਮਿਟੀ  ਹਉਮੈ ਛੁਟੀ   ਸਿਮਰਤ ਹਰਿ ਕੋ ਨਾਮ ॥ 
ਸਰਨਿ ਗਹੀ ਪਾਰਬ੍ਰਹਮ ਕੀ   ਮਿਟਿਆ ਆਵਾਗਵਨ
ਆਪਿ ਤਰਿਆ ਕੁਟੰਬ ਸਿਉ   ਗੁਣ ਗੁਬਿੰਦ ਪ੍ਰਭ ਰਵਨ
ਹਰਿ ਕੀ ਟਹਲ ਕਮਾਵਣੀ   ਜਪੀਐ ਪ੍ਰਭ ਕਾ ਨਾਮੁ
ਗੁਰ ਪੂਰੇ ਤੇ ਪਾਇਆ   ਨਾਨਕ  ਸੁਖ ਬਿਸ੍ਰਾਮੁ ॥੧੫॥
-ਗੁਰੂ ਗ੍ਰੰਥ ਸਾਹਿਬ ੩੦੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਵਿਚ ਪਾਤਸ਼ਾਹ ਅਮਾਵਸ ਸ਼ਬਦ ਦੀ ਮੁਢਲੀ ਧੁਨੀ ਦੇ ਅਨੁਪ੍ਰਾਸ ਵਿਚ ਦੱਸਦੇ ਹਨ ਕਿ ਅਮਾਵਸ ਦੀ ਡਰਾਉਣੀ ਅਰਾਜਕ ਚਿੰਤਾ ਨੂੰ ਗੁਰੂਦੇਵ ਪ੍ਰਭੂ ਨੇ ਵਿਰਾਮ ਬਖਸ਼ ਦਿੱਤਾ ਹੈ, ਜਿਸ ਨਾਲ ਆਤਮਾ ਸੁਖੀ ਹੋ ਗਈ ਹੈ।

ਪਾਤਸ਼ਾਹ ਨੇ ਆਤਮਕ ਸੁਖ ਬਾਬਤ ਹੋਰ ਦੱਸਿਆ ਹੈ ਕਿ ਇਸ ਨਾਲ ਮਨ ਵਿਚ ਸ਼ਾਂਤੀ ਦਾ ਵਾਸਾ ਹੋ ਗਿਆ ਹੈ, ਤਨ ਦੇ ਤਾਪ ਦੂਰ ਹੋ ਗਏ ਹਨ, ਅਰਥਾਤ ਠੰਢ ਵਰਤ ਗਈ ਹੈ ਤੇ ਸਭ ਕੁਝ ਆਪਣੀ ਅਸਲ ਅਵਸਥਾ ਜਾਂ ਸਹਿਜ ਵਿਚ ਆ ਗਿਆ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਹੁਣ ਮਨ-ਤਨ ਏਨਾ ਉੱਦਮੀ ਹੋ ਗਿਆ ਹੈ ਕਿ ਸੇਵਾ ਜਹੇ ਨਿਰ-ਸਵਾਰਥ ਕਰਮ ਕਰਦਿਆਂ ਸਮਾਂ ਸਫਲ ਹੁੰਦਾ ਹੈ। ਬਹੁਤੇ ਕੰਮਾਂ ਵਿਚ ਸਫਲਤਾ ਨਾ ਮਿਲਣ ਕਾਰਣ ਮਾਨਸਕ ਵਿਕਾਰ ਉਪਜਦੇ ਹਨ, ਜੋ ਸਾਨੂੰ ਉੱਦਮ ਨਹੀਂ ਕਰਨ ਦਿੰਦੇ ਤੇ ਰੁਕਾਵਟ ਬਣ ਬਹਿੰਦੇ ਹਨ। ਪਾਤਸ਼ਾਹ ਦੱਸਦੇ ਹਨ ਸੇਵਾ ਸਾਡੇ ਅਜਿਹੇ ਮਨੋ-ਵਿਕਾਰ ਦੂਰ ਕਰ ਦਿੰਦੀ ਹੈ ਤੇ ਸਾਨੂੰ ਸਫਲਤਾ ਪ੍ਰਾਪਤ ਹੁੰਦੀ ਹੈ।

ਹਰੀ ਪ੍ਰਭੂ ਦੇ ਨਾਮ ਵਿਚ ਏਨੀ ਬਰਕਤ ਹੈ ਕਿ ਉਸ ਨੂੰ ਮਨ ਵਿਚ ਵਸਾਇਆਂ ਬੁਰੇ ਵਿਚਾਰਾਂ ਤੋਂ ਨਿਜਾਤ ਮਿਲਦੀ ਹੈ ਤੇ ਹਉਮੈ ਜਿਹੇ ਨਿੱਜਵਾਦੀ ਵਿਚਾਰਾਂ ਤੋਂ ਖਹਿੜਾ ਛੁਟ ਜਾਂਦਾ ਹੈ। ਪਾਤਸ਼ਾਹ ਦੱਸਦੇ ਹਨ ਕਿ ਪ੍ਰਭੂ ਪਿਆਰੇ ਦੇ ਨਾਮ-ਸਿਮਰਨ ਅਤੇ ਸੇਵਾ-ਭਾਵ ਨਾਲ ਇਵੇਂ ਮਹਿਸੂਸ ਹੁੰਦਾ ਹੈ, ਜਿਵੇਂ ਪਰਮ-ਪਿਆਰੇ ਪ੍ਰਭੂ ਦੀ ਸ਼ਰਣ ਵਿਚ ਨਿਵਾਸ ਮਿਲ ਗਿਆ ਹੋਵੇ, ਜਿਥੇ ਜਿਉਣ-ਮਰਨ ਦੀ ਚਿੰਤਾ ਅਤੇ ਡਰ ਤੋਂ ਮੁਕਤ ਹੋ ਜਾਈਦਾ ਹੈ।

ਜਗਤ ਪਾਲਕ ਪ੍ਰਭੂ ਪਿਆਰੇ ਦੇ ਗੁਣ ਗਾਇਨ ਦਾ ਇਹ ਵੀ ਫਲ ਮਿਲਦਾ ਹੈ ਕਿ ਮਨੁਖ ਆਪ ਤਾਂ ਜੀਣ-ਥੀਣ ਦੇ ਡਰ ਤੋਂ ਮੁਕਤ ਹੁੰਦਾ ਹੀ ਹੈ, ਉਸ ਦੇ ਮੇਲ-ਮਿਲਾਪ ਵਾਲੇ ਲੋਕ ਵੀ ਉਸ ਦੇ ਪ੍ਰਭਾਵ ਵਿਚ ਆ ਕੇ ਤਰ ਜਾਂਦੇ ਹਨ।

ਪਾਤਸ਼ਾਹ ਦੱਸਦੇ ਹਨ ਕਿ ਪ੍ਰਭੂ ਪਿਆਰੇ ਦੇ ਨਾਮ ਰਾਹੀਂ ਉਸ ਦੀ ਯਾਦ ਨੂੰ ਮਨ ਵਿਚ ਵਸਾਈ ਰਖਣਾ ਹੀ ਉਸ ਦੀ ਅਸਲ ਸੇਵਾ ਹੈ। ਭਟਕਣ ਰਹਿਤ ਅਰਾਮ ਵਾਲੇ ਸੁਖੀ ਜੀਵਨ ਦਾ ਅਜਿਹਾ ਸੂਤਰ ਪੂਰੇ ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ।

ਇਸ ਪਉੜੀ ਵਿਚ ਪਾਤਸ਼ਾਹ ਨੇ ਅਮਾਵਸ ਜਹੇ ਅਰਾਜਕ ਜੀਵਨ ਤੋਂ ਮੁਕਤੀ ਹਾਸਲ ਕਰਨ ਅਤੇ ਸਫਲ ਜੀਵਨ ਬਸਰ ਕਰਨ ਦੇ ਸੂਤਰ ਵਜੋਂ ਪ੍ਰਭੂ ਪਿਆਰੇ ਦੇ ਨਾਮ-ਸਿਮਰਨ ਅਤੇ ਸੇਵਾ-ਭਾਵ ਨੂੰ ਜੀਵਨ ਮਨੋਰਥ ਬਣਾਉਣ ਉੱਤੇ ਬੱਲ ਦਿੱਤਾ ਹੈ।
Tags