Guru Granth Sahib Logo
  
ਸਲੋਕ ਵਿਚ ਦੱਸਿਆ ਗਿਆ ਹੈ ਕਿ ਗੁਰੂ ਦੀ ਦੱਸੀ ਹੋਈ ਸੇਵਾ ਕਰਕੇ ਮਨੁਖ ਆਪਣੇ ਅੰਦਰੋਂ ਖੋਟੀ ਮਤਿ ਦੂਰ ਕਰ ਲੈਂਦਾ ਹੈ ਅਤੇ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਪਉੜੀ ਵਿਚ ਉਪਦੇਸ਼ ਹੈ ਕਿ ਮਨੁਖ ਨੂੰ ਹੰਕਾਰ ਛੱਡ ਕੇ ਪ੍ਰਭੂ ਦਾ ਨਾਮ ਜਪਣਾ, ਸਾਰਿਆਂ ਨੂੰ ਨਾਮ ਜਪਣ ਦੀ ਪ੍ਰੇਰਨਾ ਦਾ ਦਾਨ ਦੇਣਾ ਅਤੇ ਨਾਮ ਵਿਚ ਮਨ ਜੋੜ ਕੇ ਆਤਮਕ ਇਸ਼ਨਾਨ ਕਰਨਾ ਚਾਹੀਦਾ ਹੈ। ਪ੍ਰਭੂ ਦੀ ਸਿਫਤਿ-ਸਾਲਾਹ ਦੁਆਰਾ ਮਨ ਤ੍ਰਿਪਤ ਹੋ ਜਾਂਦਾ ਹੈ ਅਤੇ ਮਨੁਖ ਦੀ ਸਾਰੀ ਭਟਕਣਾ ਮਿਟ ਜਾਂਦੀ ਹੈ।
ਪਉੜੀ
ਦੁਆਦਸੀ  ਦਾਨੁ ਨਾਮੁ ਇਸਨਾਨੁ ॥ 
ਹਰਿ ਕੀ ਭਗਤਿ ਕਰਹੁ ਤਜਿ ਮਾਨੁ
ਹਰਿ ਅੰਮ੍ਰਿਤ ਪਾਨ ਕਰਹੁ ਸਾਧਸੰਗਿ ॥ 
ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗਿ
ਕੋਮਲ ਬਾਣੀ ਸਭ ਕਉ ਸੰਤੋਖੈ ॥ 
ਪੰਚ ਭੂ ਆਤਮਾ ਹਰਿ ਨਾਮ ਰਸਿ ਪੋਖੈ
ਗੁਰ ਪੂਰੇ ਤੇ ਏਹ ਨਿਹਚਉ ਪਾਈਐ ॥ 
ਨਾਨਕ  ਰਾਮ ਰਮਤ ਫਿਰਿ ਜੋਨਿ ਆਈਐ ॥੧੨॥
-ਗੁਰੂ ਗ੍ਰੰਥ ਸਾਹਿਬ ੨੯੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਦੁਆਦਸੀ ਸ਼ਬਦ ਵਿਚ ਦੋ ਦੇ ਧੁਨੀਆਤਮਕ ਹਵਾਲੇ ਨਾਲ ਪਾਤਸ਼ਾਹ ਇਸ ਦਿਨ ਦਾਨ ਦੇਣ ਦਾ ਆਦੇਸ਼ ਕਰਦੇ ਹਨ ਤੇ ਗੁਰਮਤਿ ਮੁਹਾਵਰੇ ਵਿਚ ਦਾਨ ਦੇ ਨਾਲ ਨਾਮ ਅਤੇ ਇਸ਼ਨਾਨ ਦਾ ਜਿਕਰ ਜਰੂਰ ਆਉਂਦਾ ਹੈ। ਇਹ ਤਿੰਨ ਕਾਰਜ ਗੁਰਮਤਿ ਦੀ ਚੂਲ ਹਨ। ਦਾਨ ਕੁਝ ਦੇਣ ਦੀ ਕਿਰਿਆ ਹੈ, ਨਾਮ ਪ੍ਰਭੂ ਦੀ ਯਾਦ ਦਾ ਸਿਮਰਨ ਹੈ ਤੇ ਇਸ਼ਨਾਨ ਦਾ ਅਰਥ ਮੈਲ ਹਟਾਉਣਾ ਹੈ। ਇਥੇ ਜਿਸ ਮੈਲ ਵੱਲ ਸੰਕੇਤ ਕੀਤਾ ਗਿਆ ਹੈ, ਉਹ ਮਨ ਅੰਦਰ ਜਮਾ ਅਗਿਆਨਤਾ ਦੀ ਮੈਲ ਹੈ।

ਨਾਮ ਅਸਲ ਵਿਚ ਪ੍ਰਭੂ ਦੀ ਯਾਦ ਅਤੇ ਮਨ ਵਿਚ ਵੱਸਿਆ ਉਸ ਦਾ ਅਹਿਸਾਸ ਹੈ। ਨਾਮ ਵਿਚ ਸਾਂਝੀਵਾਲਤਾ ਦਾ ਅਹਿਸਾਸ ਹੈ, ਜਿਸ ਦੇ ਬਗੈਰ ਕੋਈ ਦਾਨ ਨਹੀਂ ਕਰ ਸਕਦਾ। ਜਿਸ ਤਰ੍ਹਾਂ ਨਾਮ ਨਾਲ ਦਾਨ ਜੁੜਿਆ ਹੋਇਆ ਹੈ, ਇਸੇ ਤਰ੍ਹਾਂ ਦਾਨ ਨਾਲ ਇਸ਼ਨਾਨ ਜੁੜਿਆ ਹੋਇਆ ਹੈ। ਦਾਨ ਦਿੱਤਿਆਂ ਮਨੁਖੀ ਏਕਤਾ ਅਤੇ ਸਾਂਝੀਵਾਲਤਾ ਦਾ ਭਾਵ ਜਾਗਦਾ ਹੈ, ਜਿਸ ਨਾਲ ਮਨ ਵਿਚ ਦੂਈ-ਦ੍ਵੈਸ਼ ਦੀ ਮੈਲ ਕੱਟੀ ਜਾਂਦੀ ਹੈ।

ਅੱਗੇ ਪਾਤਸ਼ਾਹ ਆਦੇਸ਼ ਕਰਦੇ ਹਨ ਕਿ ਉਕਤ ਆਚਰਣ ਲਈ ਨਿੱਜ-ਭਾਵ ਦਾ ਤਿਆਗ ਕਰ ਕੇ ਹਰੀ ਪ੍ਰਭੂ ਦੇ ਪ੍ਰੇਮ ਵਿਚ ਲੀਨ ਰਹਿਣਾ ਚਾਹੀਦਾ ਹੈ ਤੇ ਨਾਲ ਸਾਧੂਆਂ ਦੀ ਸੰਗਤ ਦਾ ਅੰਮ੍ਰਿਤ-ਰਸ ਚੱਖਣਾ ਚਾਹੀਦਾ ਹੈ। ਇਹ ਉਹ ਅੰਮ੍ਰਿਤ-ਰਸ ਵੱਲ ਇਸ਼ਾਰਾ ਹੈ, ਜਿਹੜਾ ਸਾਧ-ਜਨਾਂ ਦੀ ਸੰਗਤ ਕਰਿਆਂ ਸਾਡੇ ਹਿਰਦਿਆਂ ਵਿਚ ਸਿੰਮਦਾ ਹੈ। ਪਾਤਸ਼ਾਹ ਦੱਸਦੇ ਹਨ ਕਿ ਜਦ ਸਾਡਾ ਹਿਰਦਾ ਪ੍ਰਭੂ ਪਿਆਰ ਵਿਚ ਰੰਗਿਆ ਜਾਂਦਾ ਹੈ ਜਾਂ ਕਹਿ ਲਉ ਭਿੱਜ ਜਾਂਦਾ ਹੈ, ਫਿਰ ਉਸ ਪਿਆਰੇ ਪ੍ਰਭੂ ਦੀ ਕੀਰਤੀ ਕਰਿਆਂ ਮਨ ਦੀ ਪਿਆਸ ਮਿਟਦੀ ਹੈ ਤੇ ਤ੍ਰਿਪਤੀ ਦਾ ਅਹਿਸਾਸ ਉਪਜਦਾ ਹੈ।

ਅਜਿਹੇ ਹਿਰਦੇ ਵਿਚੋਂ ਉਪਜੇ ਕੋਮਲ ਬੋਲ ਹਰ ਕਿਸੇ ਨੂੰ ਸਬਰ-ਸੰਤੋਖ ਬਖਸ਼ ਦਿੰਦੇ ਹਨ। ਅਸਲ ਵਿਚ ਹਰੀ ਦੇ ਨਾਮ, ਸਿਮਰਨ ਤੇ ਉਸ ਦੀ ਲਗਾਤਾਰ ਯਾਦ ਵਿਚੋਂ ਅਜਿਹਾ ਰਸ ਆਉਣ ਲੱਗ ਪੈਂਦਾ ਹੈ, ਜੋ ਇਨਸਾਨੀ ਦੇਹ ਅਤੇ ਆਤਮਾ ਨੂੰ ਪਾਲਣ ਅਤੇ ਸੰਭਾਲਣ ਲਈ ਪੌਸ਼ਟਿਕ ਤੱਤ, ਖੁਰਾਕ ਜਾਂ ਗਿਜ਼ਾ ਸਾਬਤ ਹੁੰਦਾ ਹੈ।

ਇਸ ਪਉੜੀ ਦੇ ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਇਨਸਾਨੀ ਆਤਮਾ ਅਤੇ ਦੇਹੀ ਦੀ ਮੁਕੰਮਲ ਸਾਂਭ-ਸੰਭਾਲ ਅਤੇ ਪਾਲਣ-ਪੋਸ਼ਣ ਲਈ ਉਕਤ ਕਿਸਮ ਦੇ ਅੰਮ੍ਰਿਤਮਈ-ਰਸ ਨਿਸ਼ਚਿਤ ਰੂਪ ਵਿਚ ਜਾਂ ਕਹਿ ਲਉ ਯਕੀਨਨ ਹੀ ਸਰਬ-ਸਮਰੱਥ ਅਤੇ ਪੂਰਨ ਗੁਰੂ ਤੋਂ ਪ੍ਰਾਪਤ ਹੁੰਦੇ ਹਨ, ਜਿਸ ਸਦਕਾ ਸ੍ਰਿਸ਼ਟੀ ਦੇ ਕਣ-ਕਣ ਵਿਚ ਵੱਸਦੇ, ਉਸ ਸਰਬ-ਵਿਆਪਕ ਰਾਮ ਦੇ ਅਹਿਸਾਸ ਨਾਲ ਓਤ-ਪੋਤ ਹੋਇਆ ਜਾ ਸਕਦਾ ਹੈ ਤੇ ਜਨਮ-ਮਰਨ ਦੇ ਚੱਕਰ ਤੋਂ ਨਿਜਾਤ ਪਾਈ ਜਾ ਸਕਦੀ ਹੈ।
Tags