ਸਲੋਕ ਵਿਚ ਦੱਸਿਆ ਗਿਆ ਹੈ ਕਿ ਜਦੋਂ ਪ੍ਰਭੂ ਦੀ ਪੂਰਨ ਕਿਰਪਾ ਹੁੰਦੀ ਹੈ ਤਾਂ ਮਨੁਖ ਦਾ ਚੰਚਲ ਮਨ ਕਾਬੂ ਵਿਚ ਆ ਜਾਂਦਾ ਹੈ ਅਤੇ ਉਸ ਨੂੰ ਹਰ ਪਾਸੇ ਪ੍ਰਭੂ ਦੇ ਦੀਦਾਰ ਹੁੰਦੇ ਹਨ।
ਪਉੜੀ ਵਿਚ ਉਪਦੇਸ਼ ਹੈ ਕਿ ਪ੍ਰਭੂ ਦੇ ਨਾਮ-ਸਿਮਰਨ ਸਦਕਾ, ਮਨੁਖ ਦੇ ਮਨ ਵਿਚ ਸੰਤੋਖ ਪੈਦਾ ਹੋ ਜਾਂਦਾ ਹੈ ਅਤੇ ਉਹ ਆਪਣੀਆਂ ਇੰਦ੍ਰੀਆਂ ’ਤੇ ਕਾਬੂ ਪਾ ਲੈਂਦਾ ਹੈ। ਉਹ ਕੰਨਾਂ ਨਾਲ ਪ੍ਰਭੂ ਦੀ ਸਿਫਤਿ ਸੁਣਦਾ ਹੈ, ਅੱਖਾਂ ਨਾਲ ਹਰ ਥਾਂ ਉਸ ਦੇ ਦਰਸ਼ਨ ਕਰਦਾ ਹੈ, ਜੀਭ ਨਾਲ ਉਸ ਦੇ ਗੁਣ ਗਾਉਂਦਾ ਹੈ, ਮਨ ਵਿਚ ਉਸ ਦੇ ਗੁਣਾਂ ਦਾ ਚਿੰਤਨ ਕਰਦਾ ਹੈ ਅਤੇ ਹੱਥਾਂ ਨਾਲ ਸੇਵਾ ਕਰਦਾ ਹੈ। ਅਜਿਹਾ ਜੀਵਨ ਪ੍ਰਭੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ।
ਪਉੜੀ ॥
ਦਸਮੀ ਦਸ ਦੁਆਰ ਬਸਿ ਕੀਨੇ ॥
ਮਨਿ ਸੰਤੋਖੁ ਨਾਮ ਜਪਿ ਲੀਨੇ ॥
ਕਰਨੀ ਸੁਨੀਐ ਜਸੁ ਗੋਪਾਲ ॥
ਨੈਨੀ ਪੇਖਤ ਸਾਧ ਦਇਆਲ ॥
ਰਸਨਾ ਗੁਨ ਗਾਵੈ ਬੇਅੰਤ ॥
ਮਨ ਮਹਿ ਚਿਤਵੈ ਪੂਰਨ ਭਗਵੰਤ ॥
ਹਸਤ ਚਰਨ ਸੰਤ ਟਹਲ ਕਮਾਈਐ ॥
ਨਾਨਕ ਇਹੁ ਸੰਜਮੁ ਪ੍ਰਭ ਕਿਰਪਾ ਪਾਈਐ ॥੧੦॥
-ਗੁਰੂ ਗ੍ਰੰਥ ਸਾਹਿਬ ੨੯੮-੨੯੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਉੜੀ ਵਿਚ ਪਾਤਸ਼ਾਹ ਦਸਵੀਂ ਥਿਤ ਤੋਂ ਇਨਸਾਨੀ ਦੇਹ ਦੇ ਦਸ-ਦੁਆਰ ਸਿਮਰਤੀ ਵਿਚ ਲਿਆਉਂਦੇ ਹੋਏ ਦੱਸਦੇ ਹਨ ਕਿ ਹਿਰਦੇ ਵਿਚ ਪ੍ਰਭੂ-ਪਿਆਰ ਭਾਵ ਨਾਮ ਵੱਸਣ ਕਾਰਣ ਦੇਹੀ ਦੇ ਦਸ-ਦੁਆਰ ਕਾਬੂ ਵਿਚ ਹੋ ਜਾਂਦੇ ਹਨ, ਜਿਸ ਕਰਕੇ ਮਨ ਵਿਚ ਸੰਤੋਖ ਪੈਦਾ ਹੋ ਜਾਂਦਾ ਹੈ। ਪ੍ਰਭੂ ਦੀ ਅਜਿਹੀ ਕਿਰਪਾ ਹੁੰਦੀ ਹੈ ਕਿ ਸਾਡੇ ਕੰਨ ਜਗਤ ਪਾਲਕ ਪ੍ਰਭੂ ਦਾ ਜਸ ਸੁਣਨ ਲਈ ਉਤਾਵਲੇ ਰਹਿੰਦੇ ਹਨ, ਸਾਡੇ ਨੇਤਰ ਦਿਆਲੂ ਕਿਸਮ ਦੇ ਸਾਧ-ਜਨਾਂ ਦੇ ਦਰਸ਼ਨ ਕਰਦੇ ਹਨ। ਸਾਡੀ ਜੁਬਾਨ ਸਦਾ ਉਸ ਬੇਅੰਤ ਪ੍ਰਭੂ ਦੇ ਗੁਣ-ਗਾਇਨ ਵਿਚ ਮਸਤ ਰਹਿੰਦੀ ਹੈ ਤੇ ਮਨ ਸਦਾ ਉਸ ਵਿਧਾਤਾ ਦੇ ਖਿਆਲ ਵਿਚ ਰਹਿੰਦਾ ਹੈ। ਸਾਡੇ ਹੱਥ-ਪੈਰ ਪ੍ਰਭੂ ਪਿਆਰੇ ਦੇ ਸਾਖਸ਼ਾਤ ਸਰੂਪ ਸਾਧ-ਜਨਾਂ ਦੀ ਸੇਵਾ ਵਿਚ ਲੱਗੇ ਰਹਿੰਦੇ ਹਨ। ਪਾਤਸ਼ਾਹ ਦੱਸਦੇ ਹਨ ਕਿ ਦੇਹੀ ਦੇ ਤਮਾਮ ਅੰਗਾਂ ਨੂੰ ਅਜਿਹਾ ਉੱਦਮੀ ਸੰਜਮ ਤਦ ਹੀ ਮਿਲਦਾ ਹੈ, ਜੇਕਰ ਪ੍ਰਭੂ ਪਿਆਰੇ ਦੀ ਕਿਰਪਾ ਪ੍ਰਾਪਤ ਹੋਵੇ ਤੇ ਪ੍ਰਭੂ ਪਿਆਰ ਦੀ ਪਾਤਰਤਾ ਲਈ ਨਾਮ-ਸਿਮਰਨ ਹੀ ਇਕੋ-ਇਕ ਸਾਧਨ ਹੈ।