ਸਲੋਕ ਵਿਚ ਦੱਸਿਆ ਗਿਆ ਹੈ ਕਿ ਜਦੋਂ ਪ੍ਰਭੂ ਦੀ ਪੂਰਨ ਕਿਰਪਾ ਹੁੰਦੀ ਹੈ ਤਾਂ ਮਨੁਖ ਦਾ ਚੰਚਲ ਮਨ ਕਾਬੂ ਵਿਚ ਆ ਜਾਂਦਾ ਹੈ ਅਤੇ ਉਸ ਨੂੰ ਹਰ ਪਾਸੇ ਪ੍ਰਭੂ ਦੇ ਦੀਦਾਰ ਹੁੰਦੇ ਹਨ।
ਪਉੜੀ ਵਿਚ ਉਪਦੇਸ਼ ਹੈ ਕਿ ਪ੍ਰਭੂ ਦੇ ਨਾਮ-ਸਿਮਰਨ ਸਦਕਾ, ਮਨੁਖ ਦੇ ਮਨ ਵਿਚ ਸੰਤੋਖ ਪੈਦਾ ਹੋ ਜਾਂਦਾ ਹੈ ਅਤੇ ਉਹ ਆਪਣੀਆਂ ਇੰਦ੍ਰੀਆਂ ’ਤੇ ਕਾਬੂ ਪਾ ਲੈਂਦਾ ਹੈ। ਉਹ ਕੰਨਾਂ ਨਾਲ ਪ੍ਰਭੂ ਦੀ ਸਿਫਤਿ ਸੁਣਦਾ ਹੈ, ਅੱਖਾਂ ਨਾਲ ਹਰ ਥਾਂ ਉਸ ਦੇ ਦਰਸ਼ਨ ਕਰਦਾ ਹੈ, ਜੀਭ ਨਾਲ ਉਸ ਦੇ ਗੁਣ ਗਾਉਂਦਾ ਹੈ, ਮਨ ਵਿਚ ਉਸ ਦੇ ਗੁਣਾਂ ਦਾ ਚਿੰਤਨ ਕਰਦਾ ਹੈ ਅਤੇ ਹੱਥਾਂ ਨਾਲ ਸੇਵਾ ਕਰਦਾ ਹੈ। ਅਜਿਹਾ ਜੀਵਨ ਪ੍ਰਭੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ।
ਸਲੋਕੁ ॥
ਦਸ ਦਿਸ ਖੋਜਤ ਮੈ ਫਿਰਿਓ ਜਤ ਦੇਖਉ ਤਤ ਸੋਇ ॥
ਮਨੁ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ ॥੧੦॥
-ਗੁਰੂ ਗ੍ਰੰਥ ਸਾਹਿਬ ੨੯੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪਿਛਲੇ ਸਲੋਕ ਅਤੇ ਪਉੜੀ ਵਿਚ ਪਾਤਸ਼ਾਹ ਨੇ ਪ੍ਰਭੂ ਪਿਆਰ ਅਤੇ ਉਸ ਦੀ ਯਾਦ ਤੋਂ ਵਿਛੁੰਨੇ ਹੋਏ ਲੋਕਾਂ ਦੇ ਦੁਰਭਾਗ ਅਤੇ ਦੁਰਦਸ਼ਾ ਬਿਆਨ ਕੀਤੀ ਹੈ। ਇਸ ਸਲੋਕ ਵਿਚ ਪਾਤਸ਼ਾਹ ਦਸਵੀਂ ਥਿਤ ਰਾਹੀਂ ਬੜੀ ਪ੍ਰਬਲਤਾ ਅਤੇ ਤੀਬਰਤਾ ਨਾਲ ਪ੍ਰਭੂ ਪਿਆਰੇ ਦੀ ਤਾਂਘ ਅਤੇ ਤਲਾਸ਼ ਵਿਅਕਤ ਕਰਦੇ ਹਨ ਕਿ ਜਦ ਪ੍ਰਭੂ ਪਿਆਰੇ ਨੂੰ ਦਿਲ ਦੀ ਗਹਿਰਾਈ ਤੋਂ ਕਾਇਨਾਤ ਦੇ ਹਰ ਕੋਨੇ ਵਿਚ ਭਾਲਿਆ ਤਾਂ ਕਾਇਨਾਤ ਦੇ ਹਰ ਕਿਣਕੇ ਵਿਚ ਸਿਰਫ ਉਹੀ ਨਜਰ ਆਇਆ। ਪਾਤਸ਼ਾਹ ਦੱਸਦੇ ਹਨ ਕਿ ਅਸਲ ਵਿਚ ਭਟਕਣ ਵਿਚ ਪਿਆ ਹੋਇਆ ਮਨ ਤਾਂ ਹੀ ਕਾਬੂ ਵਿਚ ਆਉਂਦਾ ਹੈ, ਜੇਕਰ ਪ੍ਰਭੂ ਪਿਆਰੇ ਦੀ ਪੂਰਨ ਕਿਰਪਾ ਦ੍ਰਿਸ਼ਟੀ ਹੋਵੇ। ਇਸੇ ਲਈ ਪਿਆਰ ਵਿਚ ਪਿਆਰੇ ਦੀ ਪੂਰਨ ਤਵੱਜੋ ਦੀ ਤਵੱਕੋ ਕੀਤੀ ਜਾਂਦੀ ਹੈ।