ਇਸ ਬਾਣੀ ਵਿਚ ਗੁਰੂ ਅਮਰਦਾਸ ਸਾਹਿਬ ਦੇ ਜੋਤੀ-ਜੋਤਿ ਸਮਾਉਣ ਦੇ ਸਮੇਂ ਦਾ ਵਰਣਨ ਕੀਤਾ ਗਿਆ ਹੈ। ਇਸ ਵਿਚ ਬਾਬਾ ਸੁੰਦਰ ਜੀ ਨੇ ਗੁਰੂ ਅਮਰਦਾਸ ਸਾਹਿਬ ਦਾ ਸਿਖ-ਸੰਗਤਾਂ ਨੂੰ ਦਿੱਤਾ ਅੰਤਲਾ ਉਪਦੇਸ਼ ਦਰਜ ਕੀਤਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਗੁਰੂ ਅਮਰਦਾਸ ਸਾਹਿਬ ਆਪਣੇ ਅੰਤਲੇ ਸਮੇਂ ਤਕ ਗੁਰ-ਸ਼ਬਦ ਰਾਹੀਂ ਪ੍ਰਭੂ ਦੇ
ਨਾਮ ਨੂੰ ਸਿਮਰਦੇ ਰਹੇ। ਉਨ੍ਹਾਂ ਨੇ ਗੁਰਸਿਖਾਂ ਅਤੇ ਸਾਕ-ਸੰਬੰਧੀਆਂ ਨੂੰ ਸੱਦ ਕੇ ਉਪਦੇਸ਼ ਦਿੱਤਾ ਕਿ ਮੌਤ ਨੂੰ ਟਾਲਿਆ ਨਹੀਂ ਜਾ ਸਕਦਾ। ਇਸ ਨੂੰ ਪ੍ਰਭੂ ਦੇ ਭਾਣੇ ਵਾਂਗ ਸਵੀਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੇਰੇ ਅਕਾਲ-ਚਲਾਣੇ ਮਗਰੋਂ ਬੇਲੋੜੀਆਂ ਰਸਮਾਂ ਨਹੀਂ ਕਰਨੀਆਂ। ਪ੍ਰਭੂ ਦਾ ਕੀਰਤਨ ਅਤੇ ਕਥਾ ਕਰਨੀ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਨੇ ਭਾਈ ਜੇਠਾ ਜੀ (ਗੁਰੂ ਰਾਮਦਾਸ ਸਾਹਿਬ) ਨੂੰ ਗੁਰਿਆਈ ਦਿੱਤੀ। ਗੁਰੂ ਅਮਰਦਾਸ ਸਾਹਿਬ ਦੇ ਹੁਕਮ ਨੂੰ ਮੰਨਦਿਆਂ ਬਾਬਾ ਮੋਹਰੀ ਜੀ ਸਮੇਤ ਸਾਰੀ ਸਿਖ-ਸੰਗਤ ਨੇ ਗੁਰੂ ਰਾਮਦਾਸ ਸਾਹਿਬ ਅੱਗੇ ਸਿਰ ਨਿਵਾਇਆ।
ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ ॥
ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ ॥
ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ ॥
ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ ॥
ਹਰਿ ਗੁਰਹਿ ਭਾਣਾ ਦੀਈ ਵਡਿਆਈ ਧੁਰਿ ਲਿਖਿਆ ਲੇਖੁ ਰਜਾਇ ਜੀਉ ॥
ਕਹੈ ਸੁੰਦਰੁ ਸੁਣਹੁ ਸੰਤਹੁ ਸਭੁ ਜਗਤੁ ਪੈਰੀ ਪਾਇ ਜੀਉ ॥੬॥੧॥
-ਗੁਰੂ ਗ੍ਰੰਥ ਸਾਹਿਬ ੯੨੩-੯੨੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬਾਬਾ ਸੁੰਦਰ ਜੀ ਦੱਸਦੇ ਹਨ ਕਿ ਗੁਰੂ ਅਮਰਦਾਸ ਪਾਤਸ਼ਾਹ ਨੇ ਜੋ ਆਦੇਸ਼ ਕੀਤਾ, ਗੁਰਸਿਖਾਂ ਨੇ ਸਤ ਬਚਨ ਕਰਕੇ ਉਸ ਦਾ ਪਾਲਣ ਕੀਤਾ।
ਉਸ ਵੇਲੇ ਗੁਰੂ ਅਮਰਦਾਸ ਸਾਹਿਬ ਦੇ ਛੋਟੇ ਸਪੁੱਤਰ ਬਾਬਾ ਮੋਹਰੀ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾ ’ਤੇ ਸਭ ਤੋਂ ਪਹਿਲਾਂ ਸੀਸ ਨਿਵਾ ਕੇ ਪ੍ਰਮੁੱਖਤਾ ਹਾਸਲ ਕਰ ਲਈ।
ਫਿਰ ਸਾਰੀ ਸੰਗਤ ਹੀ ਗੁਰੂ ਰਾਮਦਾਸ ਸਾਹਿਬ ਦੇ ਚਰਨੀਂ ਸੀਸ ਨਿਵਾਉਣ ਲੱਗੀ, ਜਿਥੇ ਤੀਜੇ ਪਾਤਸ਼ਾਹ ਨੇ ਆਪਣਾ ਜੋਤਿ ਸਰੂਪ ਆਪਾ ਟਿਕਾ ਦਿੱਤਾ।
ਜੇ ਕੋਈ ਅਜਿਹਾ ਵੀ ਸੀ, ਜਿਸ ਨੇ ਕਿਸੇ ਈਰਖਾ ਕਾਰਣ ਗੁਰੂ ਰਾਮਦਾਸ ਪਾਤਸ਼ਾਹ ਅੱਗੇ ਸੀਸ ਨਹੀਂ ਸੀ ਨਿਵਾਇਆ, ਉਸ ਨੇ ਵੀ ਗੁਰੂ ਅਮਰਦਾਸ ਸਾਹਿਬ ਦੀ ਪ੍ਰੇਰਣਾ ਸਦਕਾ ਆਪਣਾ ਸੀਸ ਚੌਥੇ ਪਾਤਸ਼ਾਹ ਅੱਗੇ ਨਿਵਾ ਦਿੱਤਾ।
ਗੁਰਦੇਵ ਪਾਤਸ਼ਾਹ ਨੇ ਹਰੀ-ਪ੍ਰਭੂ ਦੇ ਹੁਕਮ ਅਨੁਸਾਰ ਗੁਰੂ ਰਾਮਦਾਸ ਸਾਹਿਬ ਨੂੰ ਗੁਰਿਆਣੀ ਦਾ ਮਾਣ ਬਖਸ਼ ਦਿੱਤਾ। ਧੁਰੋਂ ਲਿਖੇ ਲੇਖ ਮੁਤਾਬਕ ਇਹੀ ਰਜ਼ਾ ਲਿਖੀ ਹੋਈ ਸੀ।
ਅਖੀਰ ਵਿਚ ਬਾਬਾ ਸੁੰਦਰ ਜੀ ਕਥਨ ਕਰਦੇ ਹਨ ਕਿ ਹੇ ਸੰਤ ਜਨੋ! ਧਿਆਨ ਨਾਲ ਸੁਣੋ, ਗੁਰੂ ਅਮਰਦਾਸ ਸਾਹਿਬ ਨੇ ਜਗਤ ਦੇ ਸਾਰੇ ਲੋਕਾਂ ਨੂੰ ਚੌਥੇ ਪਾਤਸ਼ਾਹ ਦੇ ਚਰਨੀਂ ਲਾ ਦਿੱਤਾ ਹੈ।