ਇਸ ਬਾਣੀ ਵਿਚ ਗੁਰੂ ਅਮਰਦਾਸ ਸਾਹਿਬ ਦੇ ਜੋਤੀ-ਜੋਤਿ ਸਮਾਉਣ ਦੇ ਸਮੇਂ ਦਾ ਵਰਣਨ ਕੀਤਾ ਗਿਆ ਹੈ। ਇਸ ਵਿਚ ਬਾਬਾ ਸੁੰਦਰ ਜੀ ਨੇ ਗੁਰੂ ਅਮਰਦਾਸ ਸਾਹਿਬ ਦਾ ਸਿਖ-ਸੰਗਤਾਂ ਨੂੰ ਦਿੱਤਾ ਅੰਤਲਾ ਉਪਦੇਸ਼ ਦਰਜ ਕੀਤਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਗੁਰੂ ਅਮਰਦਾਸ ਸਾਹਿਬ ਆਪਣੇ ਅੰਤਲੇ ਸਮੇਂ ਤਕ ਗੁਰ-ਸ਼ਬਦ ਰਾਹੀਂ ਪ੍ਰਭੂ ਦੇ
ਨਾਮ ਨੂੰ ਸਿਮਰਦੇ ਰਹੇ। ਉਨ੍ਹਾਂ ਨੇ ਗੁਰਸਿਖਾਂ ਅਤੇ ਸਾਕ-ਸੰਬੰਧੀਆਂ ਨੂੰ ਸੱਦ ਕੇ ਉਪਦੇਸ਼ ਦਿੱਤਾ ਕਿ ਮੌਤ ਨੂੰ ਟਾਲਿਆ ਨਹੀਂ ਜਾ ਸਕਦਾ। ਇਸ ਨੂੰ ਪ੍ਰਭੂ ਦੇ ਭਾਣੇ ਵਾਂਗ ਸਵੀਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੇਰੇ ਅਕਾਲ-ਚਲਾਣੇ ਮਗਰੋਂ ਬੇਲੋੜੀਆਂ ਰਸਮਾਂ ਨਹੀਂ ਕਰਨੀਆਂ। ਪ੍ਰਭੂ ਦਾ ਕੀਰਤਨ ਅਤੇ ਕਥਾ ਕਰਨੀ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਨੇ ਭਾਈ ਜੇਠਾ ਜੀ (ਗੁਰੂ ਰਾਮਦਾਸ ਸਾਹਿਬ) ਨੂੰ ਗੁਰਿਆਈ ਦਿੱਤੀ। ਗੁਰੂ ਅਮਰਦਾਸ ਸਾਹਿਬ ਦੇ ਹੁਕਮ ਨੂੰ ਮੰਨਦਿਆਂ ਬਾਬਾ ਮੋਹਰੀ ਜੀ ਸਮੇਤ ਸਾਰੀ ਸਿਖ-ਸੰਗਤ ਨੇ ਗੁਰੂ ਰਾਮਦਾਸ ਸਾਹਿਬ ਅੱਗੇ ਸਿਰ ਨਿਵਾਇਆ।
ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ ॥
ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ ॥
ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ ॥
ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ ॥
ਹਰਿ ਭਾਇਆ ਸਤਿਗੁਰੁ ਬੋਲਿਆ ਹਰਿ ਮਿਲਿਆ ਪੁਰਖੁ ਸੁਜਾਣੁ ਜੀਉ ॥
ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ ॥੫॥
-ਗੁਰੂ ਗ੍ਰੰਥ ਸਾਹਿਬ ੯੨੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬਾਬਾ ਸੁੰਦਰ ਜੀ ਦੱਸਦੇ ਹਨ ਕਿ ਅਖੀਰ ਗੁਰੂ ਅਮਰਦਾਸ ਪਾਤਸ਼ਾਹ ਨੇ ਆਦੇਸ਼ ਕੀਤਾ ਕਿ ਮੇਰੇ ਜਾਣ ਉਪਰੰਤ ਸ਼ਾਂਤ ਚਿੱਤ, ਨਿਮਰ ਭਾਵ ਅਤੇ ਇਕਾਗਰ ਮਨ ਹੋ ਕੇ ਪ੍ਰਭੂ ਦਾ ਗੁਣ-ਗਾਇਨ ਕੀਤਾ ਜਾਵੇ।
ਪ੍ਰਭੂ ਦੀ ਸੋਝੀ ਰਖਣ ਵਾਲੇ ਵਿਦਵਾਨ ਗੁਰਸਿਖਾਂ ਨੂੰ ਸੱਦਾ ਦਿਓ ਕਿ ਉਹ ਆ ਕੇ ਉਸ ਸੋਹਣੇ, ਗਰੀਬ-ਨਿਵਾਜ਼, ਗਿਆਨ ਦੇ ਮੁਜੱਸਮੇ ਪ੍ਰਭੂ ਨੂੰ ਯਾਦ ਕਰਨ ਤੇ ਉਸ ਪ੍ਰਭੂ ਪਿਆਰੇ ਦੀਆਂ ਕਥਾ ਰੂਪ ਸਾਖੀਆਂ ਦੀ ਵਿਚਾਰ ਕਰਨ।
ਬਾਬਾ ਸੁੰਦਰ ਜੀ ਦੱਸਦੇ ਹਨ ਕਿ ਪ੍ਰਭੂ ਦੀਆਂ ਕਥਾਵਾਂ ਦੀ ਵਿਚਾਰ ਅਤੇ ਨਾਮ-ਚਰਚਾ ਕਰਨੀ ਅਤੇ ਸੁਣਨੀ ਚਾਹੀਦੀ ਹੈ। ਪ੍ਰਭੂ ਦੀ ਅਜਿਹੀ ਭਗਤੀ ਹੀ ਪਾਤਸ਼ਾਹ ਨੂੰ ਭਾਉਂਦੀ ਹੈ।
ਪਾਤਸ਼ਾਹ ਨੇ ਪਰਵਾਰ ਨੂੰ ਆਪਣੇ ਮਿਰਤਕ ਸੰਸਕਾਰ ਦੀਆਂ ਰਸਮਾਂ ਕਰਨ ਤੋਂ ਵਰਜਦੇ ਹੋਏ ਪਿੰਡ, ਪੱਤਲ, ਕਿਰਿਆ-ਕਰਮ ਅਤੇ ਦੀਵਾ ਜਗਾਉਣ ਜਿਹੀਆਂ ਰਸਮਾਂ ਨੂੰ ਪ੍ਰਭੂ ਦੇ ਪਾਵਨ ਸਰੋਵਰ ਰੂਪੀ ਸਾਧ-ਸੰਗਤ ਤੋਂ ਕੁਰਬਾਨ ਕਰਨ ਦਾ ਆਦੇਸ਼ ਕੀਤਾ, ਕਿਉਂਕਿ ਸਾਧ-ਸੰਗਤ ਹੀ ਗਿਆਨ ਦੇ ਪ੍ਰਕਾਸ਼ ਦਾ ਉਹ ਸੋਮਾ ਹੈ, ਜਿਸ ਸਦਕਾ ਮਨੁਖ ਪਵਿੱਤਰ ਹੁੰਦਾ ਹੈ।
ਬਾਬਾ ਸੁੰਦਰ ਜੀ ਨੇ ਦੱਸਿਆ ਕਿ ਹਰੀ-ਪ੍ਰਭੂ ਨੂੰ ਜੋ ਭਾਇਆ, ਭਾਵ ਚੰਗਾ ਲੱਗਾ, ਗੁਰੂ ਅਮਰਦਾਸ ਪਾਤਸ਼ਾਹ ਨੇ ਉਹੀ ਕੁਝ ਕਿਹਾ। ਸੁਘੜ ਸਿਆਣੇ ਪ੍ਰਭੂ ਜੀ ਉਨ੍ਹਾਂ ਨੂੰ ਮਿਲ ਪਏ ਹਨ।
ਅੰਤ ਵਿਚ ਬਾਬਾ ਸੁੰਦਰ ਜੀ ਦੱਸਦੇ ਹਨ ਕਿ ਗੁਰੂ ਅਮਰਦਾਸ ਸਾਹਿਬ ਨੇ ਗੁਰੂ ਰਾਮਦਾਸ ਸਾਹਿਬ ਨੂੰ ਗੁਰ-ਸ਼ਬਦ ਦਾ ਸਦੀਵੀ ਨਿਸ਼ਾਨ ਰੂਪੀ ਤਿਲਕ ਬਖਸ਼ ਕੇ ਗੁਰਆਈ ਦੀ ਜਿੰਮੇਵਾਰੀ ਸੌਂਪ ਦਿੱਤੀ।