ਇਸ ਬਾਣੀ ਵਿਚ ਗੁਰੂ ਅਮਰਦਾਸ ਸਾਹਿਬ ਦੇ ਜੋਤੀ-ਜੋਤਿ ਸਮਾਉਣ ਦੇ ਸਮੇਂ ਦਾ ਵਰਣਨ ਕੀਤਾ ਗਿਆ ਹੈ। ਇਸ ਵਿਚ ਬਾਬਾ ਸੁੰਦਰ ਜੀ ਨੇ ਗੁਰੂ ਅਮਰਦਾਸ ਸਾਹਿਬ ਦਾ ਸਿਖ-ਸੰਗਤਾਂ ਨੂੰ ਦਿੱਤਾ ਅੰਤਲਾ ਉਪਦੇਸ਼ ਦਰਜ ਕੀਤਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਗੁਰੂ ਅਮਰਦਾਸ ਸਾਹਿਬ ਆਪਣੇ ਅੰਤਲੇ ਸਮੇਂ ਤਕ ਗੁਰ-ਸ਼ਬਦ ਰਾਹੀਂ ਪ੍ਰਭੂ ਦੇ
ਨਾਮ ਨੂੰ ਸਿਮਰਦੇ ਰਹੇ। ਉਨ੍ਹਾਂ ਨੇ ਗੁਰਸਿਖਾਂ ਅਤੇ ਸਾਕ-ਸੰਬੰਧੀਆਂ ਨੂੰ ਸੱਦ ਕੇ ਉਪਦੇਸ਼ ਦਿੱਤਾ ਕਿ ਮੌਤ ਨੂੰ ਟਾਲਿਆ ਨਹੀਂ ਜਾ ਸਕਦਾ। ਇਸ ਨੂੰ ਪ੍ਰਭੂ ਦੇ ਭਾਣੇ ਵਾਂਗ ਸਵੀਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੇਰੇ ਅਕਾਲ-ਚਲਾਣੇ ਮਗਰੋਂ ਬੇਲੋੜੀਆਂ ਰਸਮਾਂ ਨਹੀਂ ਕਰਨੀਆਂ। ਪ੍ਰਭੂ ਦਾ ਕੀਰਤਨ ਅਤੇ ਕਥਾ ਕਰਨੀ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਨੇ ਭਾਈ ਜੇਠਾ ਜੀ (ਗੁਰੂ ਰਾਮਦਾਸ ਸਾਹਿਬ) ਨੂੰ ਗੁਰਿਆਈ ਦਿੱਤੀ। ਗੁਰੂ ਅਮਰਦਾਸ ਸਾਹਿਬ ਦੇ ਹੁਕਮ ਨੂੰ ਮੰਨਦਿਆਂ ਬਾਬਾ ਮੋਹਰੀ ਜੀ ਸਮੇਤ ਸਾਰੀ ਸਿਖ-ਸੰਗਤ ਨੇ ਗੁਰੂ ਰਾਮਦਾਸ ਸਾਹਿਬ ਅੱਗੇ ਸਿਰ ਨਿਵਾਇਆ।
ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ ॥
ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ ॥
ਮਿਤੁ ਪੈਝੈ ਮਿਤੁ ਬਿਗਸੈ ਜਿਸੁ ਮਿਤ ਕੀ ਪੈਜ ਭਾਵਏ ॥
ਤੁਸੀ ਵੀਚਾਰਿ ਦੇਖਹੁ ਪੁਤ ਭਾਈ ਹਰਿ ਸਤਿਗੁਰੂ ਪੈਨਾਵਏ ॥
ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ ॥
ਸਭਿ ਸਿਖ ਬੰਧਪ ਪੁਤ ਭਾਈ ਰਾਮਦਾਸ ਪੈਰੀ ਪਾਇਆ ॥੪॥
-ਗੁਰੂ ਗ੍ਰੰਥ ਸਾਹਿਬ ੯੨੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬਾਬਾ ਸੁੰਦਰ ਜੀ ਦੱਸਦੇ ਹਨ ਕਿ ਗੁਰੂ ਅਮਰਦਾਸ ਪਾਤਸ਼ਾਹ ਬੈਠ ਗਏ ਤੇ ਆਪਣੀ ਇੱਛਾ ਅਨੁਸਾਰ ਸਾਰੇ ਪਰਵਾਰ ਨੂੰ ਕੋਲ ਬੁਲਾ ਕੇ ਕਹਿਣ ਲੱਗੇ ਕਿ ਮੇਰੇ ਜਾਣ ਪਿਛੋਂ ਕਿਸੇ ਨੇ ਵੀ ਰੋਣਾ ਨਹੀਂ ਹੈ। ਰੋਣ ਵਾਲਾ ਮਨੁਖ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗੇਗਾ।
ਫਿਰ ਪਾਤਸ਼ਾਹ ਨੇ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਜਿਸ ਨੂੰ ਵੀ ਆਪਣੇ ਦੋਸਤ-ਮਿੱਤਰ ਦਾ ਮਾਣ-ਤਾਣ ਚੰਗਾ ਲੱਗਦਾ ਹੋਵੇ, ਅਜਿਹਾ ਸੱਜਣ ਹਮੇਸ਼ਾ ਆਪਣੇ ਦੋਸਤ-ਮਿੱਤਰ ਦੀ ਮਾਣ-ਇੱਜਤ ਵਾਲੀ ਸ਼ਾਨੋ-ਸ਼ੌਕਤ ਦੇਖ ਕੇ ਖਿੜ ਜਾਂਦਾ ਹੈ।
ਬਾਬਾ ਸੁੰਦਰ ਜੀ ਦੱਸਦੇ ਹਨ ਕਿ ਪਾਤਸ਼ਾਹ ਨੇ ਆਖਿਆ ਕਿ ਤੁਸੀਂ ਮੇਰੇ ਸਕੇ-ਸੰਬੰਧੀ, ਪੁੱਤ, ਭਾਈ ਹੋ। ਤੁਸੀਂ ਨੀਝ ਨਾਲ ਦੇਖੋ ਕਿ ਹਰੀ-ਪ੍ਰਭੂ ਉਨ੍ਹਾਂ ਨੂੰ ਆਪ ਮਾਣ-ਇੱਜਤ ਦੇ ਰਹੇ ਹਨ। ਇਸ ਵਿਚ ਪਹਿਲਾਂ ਕਹੀ ਗੱਲ ਦੀ ਪ੍ਰੋੜਤਾ ਦਾ ਸੰਕੇਤ ਹੈ ਕਿ ਅਜਿਹੇ ਮੌਕੇ ’ਤੇ ਰੋਣਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ।
ਫਿਰ ਪਾਤਸ਼ਾਹ ਨੇ ਸਭ ਦੇ ਸਾਹਮਣੇ ਬੈਠ ਕੇ ਗੁਰਿਆਈ ਅੱਗੇ ਤੋਰਨ ਲਈ ਆਪ ਭਾਈ ਜੇਠਾ ਜੀ (ਗੁਰੂ ਰਾਮਦਾਸ ਸਾਹਿਬ) ਨੂੰ ਗੁਰੂ ਨਾਨਕ ਸਾਹਿਬ ਦੁਆਰਾ ਚਲਾਏ ਰਾਜ, ਭਾਵ ਗੁਰਿਆਈ ਦੇ ਤਖਤ ਦਾ ਉਤਰਾਧਿਕਾਰੀ ਥਾਪਿਆ। ਉਸ ਵੇਲੇ ਉਥੇ ਮੌਜੂਦ ਸਕੇ ਸੰਬੰਧੀ, ਪੁੱਤ, ਭਾਈ ਤੇ ਸਿਖਾਂ ਨੂੰ ਆਦੇਸ਼ ਕੀਤਾ ਕਿ ਉਹ ਗੁਰੂ ਰਾਮਦਾਸ ਸਾਹਿਬ ਦੇ ਚਰਨ ਸਪਰਸ਼ ਕਰਨ, ਭਾਵ ਉਨ੍ਹਾਂ ਨੂੰ ਗੁਰਿਆਈ ਦੇ ਤਖਤ ਦੇ ਉਤਰਾਧਿਕਾਰੀ ਵਜੋਂ ਪਰਵਾਨ ਕਰਨ ਅਤੇ ਉਨ੍ਹਾਂ ਦੇ ਆਦੇਸ਼ ਦਾ ਪਾਲਣ ਕਰਨ।