ਇਸ ਬਾਣੀ ਵਿਚ ਗੁਰੂ ਅਮਰਦਾਸ ਸਾਹਿਬ ਦੇ ਜੋਤੀ-ਜੋਤਿ ਸਮਾਉਣ ਦੇ ਸਮੇਂ ਦਾ ਵਰਣਨ ਕੀਤਾ ਗਿਆ ਹੈ। ਇਸ ਵਿਚ ਬਾਬਾ ਸੁੰਦਰ ਜੀ ਨੇ ਗੁਰੂ ਅਮਰਦਾਸ ਸਾਹਿਬ ਦਾ ਸਿਖ-ਸੰਗਤਾਂ ਨੂੰ ਦਿੱਤਾ ਅੰਤਲਾ ਉਪਦੇਸ਼ ਦਰਜ ਕੀਤਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਗੁਰੂ ਅਮਰਦਾਸ ਸਾਹਿਬ ਆਪਣੇ ਅੰਤਲੇ ਸਮੇਂ ਤਕ ਗੁਰ-ਸ਼ਬਦ ਰਾਹੀਂ ਪ੍ਰਭੂ ਦੇ
ਨਾਮ ਨੂੰ ਸਿਮਰਦੇ ਰਹੇ। ਉਨ੍ਹਾਂ ਨੇ ਗੁਰਸਿਖਾਂ ਅਤੇ ਸਾਕ-ਸੰਬੰਧੀਆਂ ਨੂੰ ਸੱਦ ਕੇ ਉਪਦੇਸ਼ ਦਿੱਤਾ ਕਿ ਮੌਤ ਨੂੰ ਟਾਲਿਆ ਨਹੀਂ ਜਾ ਸਕਦਾ। ਇਸ ਨੂੰ ਪ੍ਰਭੂ ਦੇ ਭਾਣੇ ਵਾਂਗ ਸਵੀਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੇਰੇ ਅਕਾਲ-ਚਲਾਣੇ ਮਗਰੋਂ ਬੇਲੋੜੀਆਂ ਰਸਮਾਂ ਨਹੀਂ ਕਰਨੀਆਂ। ਪ੍ਰਭੂ ਦਾ ਕੀਰਤਨ ਅਤੇ ਕਥਾ ਕਰਨੀ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਨੇ ਭਾਈ ਜੇਠਾ ਜੀ (ਗੁਰੂ ਰਾਮਦਾਸ ਸਾਹਿਬ) ਨੂੰ ਗੁਰਿਆਈ ਦਿੱਤੀ। ਗੁਰੂ ਅਮਰਦਾਸ ਸਾਹਿਬ ਦੇ ਹੁਕਮ ਨੂੰ ਮੰਨਦਿਆਂ ਬਾਬਾ ਮੋਹਰੀ ਜੀ ਸਮੇਤ ਸਾਰੀ ਸਿਖ-ਸੰਗਤ ਨੇ ਗੁਰੂ ਰਾਮਦਾਸ ਸਾਹਿਬ ਅੱਗੇ ਸਿਰ ਨਿਵਾਇਆ।
ਮੇਰੇ ਸਿਖ ਸੁਣਹੁ ਪੁਤ ਭਾਈਹੋ ਮੇਰੈ ਹਰਿ ਭਾਣਾ ਆਉ ਮੈ ਪਾਸਿ ਜੀਉ ॥
ਹਰਿ ਭਾਣਾ ਗੁਰ ਭਾਇਆ ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ ॥
ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭ ਭਾਣਾ ਭਾਵਏ ॥
ਆਨੰਦ ਅਨਹਦ ਵਜਹਿ ਵਾਜੇ ਹਰਿ ਆਪਿ ਗਲਿ ਮੇਲਾਵਏ ॥
ਤੁਸੀ ਪੁਤ ਭਾਈ ਪਰਵਾਰੁ ਮੇਰਾ ਮਨਿ ਵੇਖਹੁ ਕਰਿ ਨਿਰਜਾਸਿ ਜੀਉ ॥
ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ॥੩॥
-ਗੁਰੂ ਗ੍ਰੰਥ ਸਾਹਿਬ ੯੨੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬਾਬਾ ਸੁੰਦਰ ਜੀ ਨੇ ਦੱਸਿਆ ਕਿ ਗੁਰੂ ਅਮਰਦਾਸ ਪਾਤਸ਼ਾਹ ਨੇ ਅੰਤਮ ਸਮੇਂ ਆਪਣੇ ਸਕੇ-ਸੰਬੰਧੀਆਂ ਤੇ ਸਿਖਾਂ ਨੂੰ ਕਿਹਾ ਕਿ ਮੈਂਨੂੰ ਪ੍ਰਭੂ ਦਾ ਹੁਕਮ ਹੋਇਆ ਹੈ ਕਿ ਮੈਂ ਉਨ੍ਹਾਂ ਕੋਲ ਚਲਿਆ ਜਾਵਾਂ।
ਪ੍ਰਭੂ ਦੇ ਹੁਕਮ ਰੂਪ ਇਸ ਭਾਣੇ ਨੂੰ ਪਾਤਸ਼ਾਹ ਨੇ ਪਿਆਰ ਨਾਲ ਸਵੀਕਾਰ ਕੀਤਾ ਤੇ ਇਸ ਲਈ ਪ੍ਰਭੂ ਨੇ ਪ੍ਰਸੰਨ ਹੋ ਕੇ ਪਾਤਸ਼ਾਹ ਨੂੰ ਸ਼ਾਬਾਸ਼ ਦਿੱਤੀ ਹੈ।
ਫਿਰ ਬਾਬਾ ਸੁੰਦਰ ਜੀ ਦੱਸਦੇ ਹਨ ਕਿ ਉਸ ਨੂੰ ਹੀ ਪ੍ਰਭੂ ਦਾ ਭਗਤ ਅਤੇ ਸਤਿਗੁਰੂ ਕਿਹਾ ਜਾਂਦਾ ਹੈ, ਜਿਸ ਨੂੰ ਪ੍ਰਭੂ ਦੇ ਆਦੇਸ਼ ਰੂਪ ਭਾਣੇ ਨਾਲ ਦਿਲੋਂ ਪਿਆਰ ਹੋਵੇ।
ਅਜਿਹੇ ਮਨੁਖ ਨੂੰ ਪ੍ਰਭੂ ਆਪ ਆਪਣੇ ਗਲ ਨਾਲ ਲਾ ਲੈਂਦਾ ਅਤੇ ਆਪਣੇ ਵਿਚ ਅਭੇਦ ਕਰ ਲੈਂਦਾ ਹੈ। ਉਸ ਮਨੁਖ ਦੇ ਮਨ-ਚਿੱਤ ਅੰਦਰ ਅਨੰਤ ਖੁਸ਼ੀ ਦਾ ਸੰਗੀਤ ਲਗਾਤਾਰ ਗੂੰਜ ਉਠਦਾ ਹੈ। ਉਸ ਦੇ ਹਿਰਦੇ ਵਿਚ ਪੂਰਨ ਅਨੰਦ ਤੇ ਖੇੜਾ ਪੈਦਾ ਹੋ ਜਾਂਦਾ ਹੈ।
ਫਿਰ ਪਾਤਸ਼ਾਹ ਨੇ ਆਪਣੇ ਕੋਲ ਬੈਠੇ ਸਕੇ-ਸੰਬੰਧੀਆਂ ਨੂੰ ਕਿਹਾ ਤੁਸੀਂ ਮੇਰਾ ਆਪਣਾ ਪਰਵਾਰ, ਪੁੱਤਰ, ਭਾਈ ਤੇ ਸੰਬੰਧੀ ਹੋ। ਪਾਤਸ਼ਾਹ ਨੇ ਆਪਣੇ ਵਿਚਾਰ ਦੀ ਪੁਖਤਗੀ ਜ਼ਾਹਰ ਕਰਨ ਹਿਤ ਅਜਿਹਾ ਆਖਿਆ ਕਿ ਤੁਸੀ ਆਪਣੇ ਮਨ ਵਿਚ ਸੋਚ-ਵਿਚਾਰ ਕਰ ਕੇ ਨਿਰਣਾ ਕਰ ਸਕਦੇ ਹੋ ਕਿ ਜੋ ਵੀ ਹੁਕਮ ਪ੍ਰਭੂ ਨੇ ਪਹਿਲਾਂ ਤੋਂ ਹੀ ਲਿਖਿਆ ਹੁੰਦਾ ਹੈ, ਉਹ ਕਦੇ ਵੀ ਮਿਟ ਨਹੀਂ ਸਕਦਾ। ਇਸੇ ਹੁਕਮ ਦੇ ਅਨੁਸਾਰ ਹੀ ਉਹ ਪ੍ਰਭੂ ਦੇ ਕੋਲ ਜਾਣ ਲਈ ਤਿਆਰ ਹੋ ਗਏ ਹਨ।