ਇਸ ਬਾਣੀ ਵਿਚ ਗੁਰੂ ਅਮਰਦਾਸ ਸਾਹਿਬ ਦੇ ਜੋਤੀ-ਜੋਤਿ ਸਮਾਉਣ ਦੇ ਸਮੇਂ ਦਾ ਵਰਣਨ ਕੀਤਾ ਗਿਆ ਹੈ। ਇਸ ਵਿਚ ਬਾਬਾ ਸੁੰਦਰ ਜੀ ਨੇ ਗੁਰੂ ਅਮਰਦਾਸ ਸਾਹਿਬ ਦਾ ਸਿਖ-ਸੰਗਤਾਂ ਨੂੰ ਦਿੱਤਾ ਅੰਤਲਾ ਉਪਦੇਸ਼ ਦਰਜ ਕੀਤਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਗੁਰੂ ਅਮਰਦਾਸ ਸਾਹਿਬ ਆਪਣੇ ਅੰਤਲੇ ਸਮੇਂ ਤਕ ਗੁਰ-ਸ਼ਬਦ ਰਾਹੀਂ ਪ੍ਰਭੂ ਦੇ
ਨਾਮ ਨੂੰ ਸਿਮਰਦੇ ਰਹੇ। ਉਨ੍ਹਾਂ ਨੇ ਗੁਰਸਿਖਾਂ ਅਤੇ ਸਾਕ-ਸੰਬੰਧੀਆਂ ਨੂੰ ਸੱਦ ਕੇ ਉਪਦੇਸ਼ ਦਿੱਤਾ ਕਿ ਮੌਤ ਨੂੰ ਟਾਲਿਆ ਨਹੀਂ ਜਾ ਸਕਦਾ। ਇਸ ਨੂੰ ਪ੍ਰਭੂ ਦੇ ਭਾਣੇ ਵਾਂਗ ਸਵੀਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੇਰੇ ਅਕਾਲ-ਚਲਾਣੇ ਮਗਰੋਂ ਬੇਲੋੜੀਆਂ ਰਸਮਾਂ ਨਹੀਂ ਕਰਨੀਆਂ। ਪ੍ਰਭੂ ਦਾ ਕੀਰਤਨ ਅਤੇ ਕਥਾ ਕਰਨੀ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਨੇ ਭਾਈ ਜੇਠਾ ਜੀ (ਗੁਰੂ ਰਾਮਦਾਸ ਸਾਹਿਬ) ਨੂੰ ਗੁਰਿਆਈ ਦਿੱਤੀ। ਗੁਰੂ ਅਮਰਦਾਸ ਸਾਹਿਬ ਦੇ ਹੁਕਮ ਨੂੰ ਮੰਨਦਿਆਂ ਬਾਬਾ ਮੋਹਰੀ ਜੀ ਸਮੇਤ ਸਾਰੀ ਸਿਖ-ਸੰਗਤ ਨੇ ਗੁਰੂ ਰਾਮਦਾਸ ਸਾਹਿਬ ਅੱਗੇ ਸਿਰ ਨਿਵਾਇਆ।
ਹਰਿ ਭਾਣਾ ਗੁਰ ਭਾਇਆ ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ ॥
ਸਤਿਗੁਰੁ ਕਰੇ ਹਰਿ ਪਹਿ ਬੇਨਤੀ ਮੇਰੀ ਪੈਜ ਰਖਹੁ ਅਰਦਾਸਿ ਜੀਉ ॥
ਪੈਜ ਰਾਖਹੁ ਹਰਿ ਜਨਹ ਕੇਰੀ ਹਰਿ ਦੇਹੁ ਨਾਮੁ ਨਿਰੰਜਨੋ ॥
ਅੰਤਿ ਚਲਦਿਆ ਹੋਇ ਬੇਲੀ ਜਮਦੂਤ ਕਾਲੁ ਨਿਖੰਜਨੋ ॥
ਸਤਿਗੁਰੂ ਕੀ ਬੇਨਤੀ ਪਾਈ ਹਰਿ ਪ੍ਰਭਿ ਸੁਣੀ ਅਰਦਾਸਿ ਜੀਉ ॥
ਹਰਿ ਧਾਰਿ ਕਿਰਪਾ ਸਤਿਗੁਰੁ ਮਿਲਾਇਆ ਧਨੁ ਧਨੁ ਕਹੈ ਸਾਬਾਸਿ ਜੀਉ ॥੨॥
-ਗੁਰੂ ਗ੍ਰੰਥ ਸਾਹਿਬ ੯੨੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬਾਬਾ ਸੁੰਦਰ ਜੀ ਨੇ ਦੱਸਿਆ ਕਿ ਗੁਰੂ ਅਮਰਦਾਸ ਪਾਤਸ਼ਾਹ ਨੇ ਹਰੀ-ਪ੍ਰਭੂ ਦਾ ਹੁਕਮ ਖਿੜੇ ਮੱਥੇ ਪ੍ਰਵਾਣ ਕੀਤਾ ਕਿ ਉਨ੍ਹਾਂ ਨੂੰ ਹੁਣ ਪ੍ਰਭੂ ਦਾ ਬੁਲਾਵਾ ਕਬੂਲ ਕਰਦੇ ਹੋਏ ਉਨ੍ਹਾਂ ਕੋਲ ਚਲੇ ਜਾਣਾ ਚਾਹੀਦਾ ਹੈ।
ਪਾਤਸ਼ਾਹ ਪ੍ਰਭੂ ਅੱਗੇ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ! ਤੁਸੀਂ ਆਪਣੇ ਸੇਵਕਾਂ ਦੀ ਲਾਜ ਰਖਦੇ ਹੋ। ਮੈਨੂੰ ਵੀ ਮਾਇਆ ਦੇ ਪ੍ਰਭਾਵ ਤੋਂ ਮੁਕਤ ਕਰਨ ਵਾਲੇ ਪਾਵਨ ਨਾਮ ਦੀ ਦਾਤ ਬਖਸ਼ਿਸ਼ ਕਰੋ।
ਪਾਤਸ਼ਾਹ ਫਿਰ ਪ੍ਰਭੂ ਅੱਗੇ ਨਾਮ ਦੀ ਦਾਤ ਲਈ ਬੇਨਤੀ ਕਰਦੇ ਹਨ ਕਿ ਅਜਿਹਾ ਨਾਮ-ਦਾਨ ਜਿਹੜਾ ਮਨੁਖ ਦੇ ਉਸ ਸਮੇਂ ਵਿਚ ਵੀ ਸਹਾਈ ਹੋਵੇ ਜਿਥੇ ਮਨੁਖ ਇਕੱਲਾ ਰਹਿ ਜਾਂਦਾ ਹੈ ਤੇ ਪ੍ਰਭੂ ਅਜਿਹੀ ਭਿਆਨਕ ਇਕੱਲਤਾ ਦੇ ਜਮਦੂਤ ਜਿਹੇ ਉਸ ਡਰ ਨੂੰ ਵੀ ਖਾਰਜ ਕਰ ਦੇਵੋ।
ਬਾਬਾ ਸੁੰਦਰ ਜੀ ਦੱਸਦੇ ਹਨ ਕਿ ਹਰੀ-ਪ੍ਰਭੂ ਨੇ ਪਾਤਸ਼ਾਹ ਵੱਲੋਂ ਅਰਦਾਸ ਰੂਪ ਵਿਚ ਕੀਤੀ ਗਈ ਬੇਨਤੀ ਸੁਣ ਲਈ ਹੈ ਤੇ ਪ੍ਰਵਾਨ ਵੀ ਕਰ ਲਈ ਹੈ।
ਇਸੇ ਕਰਕੇ ਹਰੀ-ਪ੍ਰਭੂ ਨੇ ਕਿਰਪਾ ਕਰਕੇ ਪਾਤਸ਼ਾਹ ਨੂੰ ਆਪਣੇ ਨਾਲ ਮਿਲਾ ਲਿਆ ਹੈ ਤੇ ਉਨ੍ਹਾਂ ਦੀ ਸਖਤ ਘਾਲਣਾ ਦੀ ਵਾਰ-ਵਾਰ ਤਰੀਫ ਕਰਦੇ ਹੋਏ ਸ਼ਾਬਾਸ਼ ਵਜੋਂ ਥਾਪੜਾ ਦਿੱਤਾ ਹੈ।