ਇਸ ਬਾਣੀ ਵਿਚ ਗੁਰੂ ਅਮਰਦਾਸ ਸਾਹਿਬ ਦੇ ਜੋਤੀ-ਜੋਤਿ ਸਮਾਉਣ ਦੇ ਸਮੇਂ ਦਾ ਵਰਣਨ ਕੀਤਾ ਗਿਆ ਹੈ। ਇਸ ਵਿਚ ਬਾਬਾ ਸੁੰਦਰ ਜੀ ਨੇ ਗੁਰੂ ਅਮਰਦਾਸ ਸਾਹਿਬ ਦਾ ਸਿਖ-ਸੰਗਤਾਂ ਨੂੰ ਦਿੱਤਾ ਅੰਤਲਾ ਉਪਦੇਸ਼ ਦਰਜ ਕੀਤਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਗੁਰੂ ਅਮਰਦਾਸ ਸਾਹਿਬ ਆਪਣੇ ਅੰਤਲੇ ਸਮੇਂ ਤਕ ਗੁਰ-ਸ਼ਬਦ ਰਾਹੀਂ ਪ੍ਰਭੂ ਦੇ
ਨਾਮ ਨੂੰ ਸਿਮਰਦੇ ਰਹੇ। ਉਨ੍ਹਾਂ ਨੇ ਗੁਰਸਿਖਾਂ ਅਤੇ ਸਾਕ-ਸੰਬੰਧੀਆਂ ਨੂੰ ਸੱਦ ਕੇ ਉਪਦੇਸ਼ ਦਿੱਤਾ ਕਿ ਮੌਤ ਨੂੰ ਟਾਲਿਆ ਨਹੀਂ ਜਾ ਸਕਦਾ। ਇਸ ਨੂੰ ਪ੍ਰਭੂ ਦੇ ਭਾਣੇ ਵਾਂਗ ਸਵੀਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੇਰੇ ਅਕਾਲ-ਚਲਾਣੇ ਮਗਰੋਂ ਬੇਲੋੜੀਆਂ ਰਸਮਾਂ ਨਹੀਂ ਕਰਨੀਆਂ। ਪ੍ਰਭੂ ਦਾ ਕੀਰਤਨ ਅਤੇ ਕਥਾ ਕਰਨੀ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਨੇ ਭਾਈ ਜੇਠਾ ਜੀ (ਗੁਰੂ ਰਾਮਦਾਸ ਸਾਹਿਬ) ਨੂੰ ਗੁਰਿਆਈ ਦਿੱਤੀ। ਗੁਰੂ ਅਮਰਦਾਸ ਸਾਹਿਬ ਦੇ ਹੁਕਮ ਨੂੰ ਮੰਨਦਿਆਂ ਬਾਬਾ ਮੋਹਰੀ ਜੀ ਸਮੇਤ ਸਾਰੀ ਸਿਖ-ਸੰਗਤ ਨੇ ਗੁਰੂ ਰਾਮਦਾਸ ਸਾਹਿਬ ਅੱਗੇ ਸਿਰ ਨਿਵਾਇਆ।
ਰਾਮਕਲੀ ਸਦੁ
ੴ ਸਤਿਗੁਰ ਪ੍ਰਸਾਦਿ ॥
ਜਗਿ ਦਾਤਾ ਸੋਇ ਭਗਤਿ ਵਛਲੁ ਤਿਹੁ ਲੋਇ ਜੀਉ ॥
ਗੁਰ ਸਬਦਿ ਸਮਾਵਏ ਅਵਰੁ ਨ ਜਾਣੈ ਕੋਇ ਜੀਉ ॥
ਅਵਰੋ ਨ ਜਾਣਹਿ ਸਬਦਿ ਗੁਰ ਕੈ ਏਕੁ ਨਾਮੁ ਧਿਆਵਹੇ ॥
ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ ॥
ਆਇਆ ਹਕਾਰਾ ਚਲਣਵਾਰਾ ਹਰਿ ਰਾਮ ਨਾਮਿ ਸਮਾਇਆ ॥
ਜਗਿ ਅਮਰੁ ਅਟਲੁ ਅਤੋਲੁ ਠਾਕੁਰੁ ਭਗਤਿ ਤੇ ਹਰਿ ਪਾਇਆ ॥੧॥
-ਗੁਰੂ ਗ੍ਰੰਥ ਸਾਹਿਬ ੯੨੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਨੋਟ: ਗਿਆਨ ਵਿਹੂਣਾ ਕਰਮ ਤੇ ਕਰਮ ਵਿਹੂਣੇ ਗਿਆਨ ਦਾ ਕੋਈ ਮਹੱਤਵ ਨਹੀਂ ਹੁੰਦਾ। ਹਰ ਕਰਮ ਪਿੱਛੇ ਕੋਈ ਗਿਆਨ ਹੁੰਦਾ ਹੈ ਤੇ ਹਰ ਗਿਆਨ ਨੇ ਕਿਸੇ ਕਰਮ ਵਿਚ ਨਿਹਿਤ ਹੋਣਾ ਹੁੰਦਾ ਹੈ। ਭਗਤ ਰਵਿਦਾਸ ਜੀ ਦਾ ਬਚਨ ਹੈ: ਗਿਆਨੈ ਕਾਰਨ ਕਰਮ ਅਭਿਆਸੁ ॥ ਗਿਆਨੁ ਭਇਆ ਤਹ ਕਰਮਹ ਨਾਸੁ ॥
ਗੁਰੂ ਨਾਨਕ ਪਾਤਸ਼ਾਹ ਨੇ ਉਸ ਕਰਮ ਰੂਪ ਜਨੇਊ ਦਾ ਖੰਡਨ ਕੀਤਾ, ਜਿਸ ਵਿਚ ਗਿਆਨ ਨਿਹਿਤ ਨਹੀਂ ਸੀ। ਉਨ੍ਹਾਂ ਨੇ ਜਨੇਊ ਦਾ ਗਿਆਨਮਈ ਅਰਥ ਦੱਸਿਆ ਤੇ ਕਿਹਾ ਕਿ ਜੇਕਰ ਇਸ ਗਿਆਨ ਵਾਲਾ ਜਨੇਊ ਹੈ ਤਾਂ ਉਹ ਪਾਉਣ ਲਈ ਤਿਆਰ ਹਨ। ਉਨ੍ਹਾਂ ਆਖਿਆ: ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
ਗੁਰੂ ਨਾਨਕ ਪਾਤਸ਼ਾਹ ਨੇ ਜਿਸ ਸਮਾਜ ਦਾ ਸੁਪਨਾ ਲਿਆ, ਉਸ ਦੀ ਰਹੁ-ਰੀਤ ਦੇ ਗਿਆਨਮਈ ਸੰਕੇਤ ਉਨ੍ਹਾਂ ਆਪਣੀ ਬਾਣੀ ਵਿਚ ਕੀਤੇ। ਪਰ ਉਸ ਰਹੁ-ਰੀਤ ਦੇ ਪ੍ਰਚਲਣ ਲਈ ਪਾਤਸ਼ਾਹ ਨੇ ਦਸਵੇਂ ਜਾਮੇ ਤਕ ਉਡੀਕ ਕੀਤੀ।
ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਜਿਸ ਬਾਣੀ ਦਾ ਸੰਕਲਨ ਕੀਤਾ, ਉਸ ਦੇ ਗਿਆਨ ਨੂੰ ਦਸਮੇਸ਼ ਪਿਤਾ ਨੇ ਪੰਜ ਕੱਕਿਆਂ ਦੇ ਕਰਮ ਰੂਪ ਵਿਚ ਅਨੁਵਾਦ ਕਰ ਕੇ ਸਿਖ ਸਮਾਜ ਦੀ ਸਿਰਜਣਾ ਕੀਤੀ। ਸਿਖ ਰਹੁ-ਰੀਤ ਨੂੰ ਪੰਜ ਕਕਾਰ ਜਾਂ ਕੱਕੇ ਕਹਿਣ ਦਾ ਇਹੀ ਰਹੱਸ ਹੈ।
ਚਿੰਨ੍ਹ ਜਾਂ ਪ੍ਰਤੀਕ ਕਿਸੇ ਦਰਸ਼ਨ ਦੇ ਸੰਕੇਤਕ ਹੁੰਦੇ ਹਨ ਤੇ ਇਹ ਅੱਖਰੀ ਭਾਸ਼ਾ ਤੋਂ ਵਖਰੀ ਕਿਸਮ ਦੇ ਹੁੰਦੇ ਹਨ। ਸਤਾਰਵੀਂ ਸਦੀ ਦੇ ਜਰਮਨ ਚਿੰਤਕ ਲਾਇਬਨੀਜ਼ (Leibniz) ਦਾ ਕਥਨ ਹੈ ਕਿ ਸਾਨੂੰ ਇਸ ਗੱਲੋਂ ਡਰਨ ਦੀ ਲੋੜ ਨਹੀਂ ਕਿ ਚਿੰਨ੍ਹ ਸਾਨੂੰ ਅਸਲ ਚੀਜ਼ ਤੋਂ ਦੂਰ ਲੈ ਜਾਣਗੇ। ਬਲਕਿ ਇਸ ਦੇ ਉਲਟ ਇਹ ਸਾਨੂੰ ਚੀਜ਼ਾਂ ਦੇ ਧੁਰ ਅੰਦਰਲੇ ਸੱਚ ਤਕ ਲੈ ਜਾਂਦੇ ਹਨ।
‘ਰਾਮਕਲੀ ਸਦੁ’ ਬਾਣੀ ਵਿਚ ਬਾਬਾ ਸੁੰਦਰ ਜੀ ਦੀ ਗਵਾਹੀ ਮੁਤਾਬਕ ਤੀਜੇ ਪਾਤਸ਼ਾਹ ਨੇ ਆਪਣੇ ਅੰਤਮ ਸਮੇਂ, ਪਰਵਾਰ ਅਤੇ ਸੰਗਤ ਨੂੰ ਵੇਲੇ ਦੇ ਪ੍ਰਚਲਤ ਕਰਮਾਂ ਵਿਚੋਂ, ਗੁਆਚੇ ਹੋਏ ਗਿਆਨ ਵੱਲ ਸੰਕੇਤ ਕੀਤਾ ਤੇ ਉਸ ਗਿਆਨ ਵਿਹੂਣੇ ਕਰਮ ਤੋਂ ਇਨਕਾਰ ਕੀਤਾ। ਗੁਰੂ ਸਾਹਿਬਾਨ ਦੀ ਇਹ ਜੁਗਤ ਬੜੀ ਹੀ ਪੁਖਤਾ ਅਤੇ ਪ੍ਰਭਾਵਸ਼ਾਲੀ ਸੀ। ਪਰ ਇਹ ਖੰਡਨ-ਮੰਡਨ ਜਿਹੀ ਬੇਵਜਾ ਕਲੇਸ਼ਜਨਕ ਨਹੀਂ ਸੀ। ਇਹੀ ਕਾਰਣ ਸੀ ਕਿ ਗੁਰੂ ਸਾਹਿਬਾਨ ਦੇ ਗਿਆਨਮਈ ਉਪਦੇਸ਼ ਨੂੰ ਵਿਚਾਰ ਕੇ ਕਰਮ-ਕਾਂਡੀ ਲੋਕ ਵੀ ਮਿਕਨਾਤੀਸ (ਚੁੰਬਕ) ਵਾਂਗ ਖਿੱਚੇ ਚਲੇ ਆਉਂਦੇ ਸਨ।
ਵਿਆਖਿਆ
ਇਹ ਬਾਣੀ ਗੁਰੂ ਅਮਰਦਾਸ ਜੀ ਦੇ ਪੜਪੋਤਰੇ, ਬਾਬਾ ਮੋਹਰੀ ਜੀ ਦੇ ਪੋਤਰੇ ਤੇ ਬਾਬਾ ਅਨੰਦ ਜੀ ਦੇ ਸੁਪੁੱਤਰ ਬਾਬਾ ਸੁੰਦਰ ਜੀ ਦੁਆਰਾ ਉਚਾਰਣ ਕੀਤੀ ਗਈ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਜੋਤੀ-ਜੋਤ ਸਮਾਉਣ ਸਮੇਂ ਆਪਣੇ ਪਰਵਾਰ ਅਤੇ ਸੰਗਤ ਨੂੰ ਕੀ ਆਦੇਸ਼ ਅਤੇ ਉਪਦੇਸ਼ ਦਿੱਤਾ ਸੀ।
ਬਾਬਾ ਸੁੰਦਰ ਜੀ ਮੁਤਾਬਕ ਪਾਤਸ਼ਾਹ ਨੇ ਦੱਸਿਆ ਕਿ ਸੰਸਾਰ ਭਰ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ ਜਾਂ ਦਾਤਾਂ ਦੇਣ ਵਾਲਾ ਸਿਰਫ ਉਹੀ ਪ੍ਰਭੂ ਹੈ। ਕੁੱਲ ਕਾਇਨਾਤ ਵਿਚ ਭਗਤੀ ਕਰਨ ਵਾਲੇ ਆਪਣੇ ਪਿਆਰਿਆਂ ਨੂੰ ਬੱਚਿਆਂ ਵਾਂਗ ਪਿਆਰ ਕਰਨ ਵਾਲਾ ਵੀ ਸਿਰਫ ਉਹੀ ਹੈ।
ਬਾਬਾ ਸੁੰਦਰ ਜੀ ਦੱਸਦੇ ਹਨ ਕਿ ਗੁਰੂ ਅਮਰਦਾਸ ਪਾਤਸ਼ਾਹ ਗੁਰ-ਸ਼ਬਦ ਵਿਚ ਸਮਾਏ ਹੋਏ ਹਨ। ਜਿਹੜਾ ਵੀ ਗੁਰ-ਸ਼ਬਦ ਨਾਲ ਜੁੜ ਜਾਂਦਾ ਹੈ, ਉਸ ਨੂੰ ਹਰ ਪਾਸੇ ਪ੍ਰਭੂ ਹੀ ਨਜ਼ਰ ਆਉਂਦਾ ਹੈ। ਉਹ ਕਿਸੇ ਹੋਰ ਨੂੰ ਪ੍ਰਭੂ ਦੇ ਤੁਲ ਨਹੀਂ ਜਾਣਦਾ। ਅਸਲ ਵਿਚ ਉਸ ਲਈ ਹਰ ਕਿਸਮ ਦੀ ਦੂਈ-ਦ੍ਵੈਤ ਖਤਮ ਹੋ ਜਾਂਦੀ ਹੈ।
ਗੁਰੂ ਦੇ ਸ਼ਬਦ ਰੂਪ ਉਪਦੇਸ਼ ਨਾਲ ਜੁੜੇ ਹੋਏ ਗੁਰੂ ਅਮਰਦਾਸ ਜੀ ਆਪਣਾ ਧਿਆਨ ਕੇਵਲ ਪ੍ਰਭੂ ਦੇ ਨਾਮ ਵਿਚ ਹੀ ਰਖਦੇ ਹਨ। ਇਸ ਕਾਰਣ ਉਹ ਕਿਸੇ ਹੋਰ ਨੂੰ ਪ੍ਰਭੂ ਤੁਲ ਨਹੀਂ ਜਾਣਦੇ। ਅਸਲ ਵਿਚ ਉਨ੍ਹਾਂ ਲਈ ਪ੍ਰਭੂ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ।
ਫਿਰ ਉਹ ਦੱਸਦੇ ਹਨ ਕਿ ਸ਼ਬਦ ਸਰੂਪ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਦੀ ਕਿਰਪਾ ਸਦਕਾ ਗੁਰੂ ਅਮਰਦਾਸ ਸਾਹਿਬ ਨੇ ਪਰਮ ਪਦਵੀ ਪ੍ਰਾਪਤ ਕਰ ਲਈ ਹੈ।
ਗੁਰੂ ਸਾਹਿਬ ਨੂੰ ਧੁਰ-ਦਰਗਾਹ ਤੋਂ ਸਦੀਵੀ ਮਿਲਾਪ ਦਾ ਸੱਦਾ ਆ ਗਿਆ ਹੈ। ਅਸਲ ਵਿਚ ਇਹ ਗੱਲ ਜਿਸਮਾਨੀ ਮੇਲ ਦੀ ਬਜਾਏ ਰੁਹਾਨੀ ਮੇਲ ਦੀ ਹੈ। ਪ੍ਰਭੂ ਨਾਲ ਇਹ ਮਿਲਾਪ ਨਾਮ ਦੁਆਰਾ ਹੁੰਦਾ ਹੈ, ਇਸ ਲਈ ਗੁਰੂ ਅਮਰਦਾਸ ਸਾਹਿਬ ਸਦਾ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ।
ਅਖੀਰ ਵਿਚ ਬਾਬਾ ਸੁੰਦਰ ਜੀ ਦੱਸਦੇ ਹਨ ਕਿ ਗੁਰੂ ਅਮਰਦਾਸ ਸਾਹਿਬ ਨੇ ਉਸ ਪ੍ਰਭੂ ਨੂੰ ਅਨੁਭਵ ਕਰ ਲਿਆ ਹੈ, ਜਿਹੜਾ ਮਰਨ, ਭਾਵ ਕਾਲ ਤੋਂ ਮੁਕਤ ਹੈ। ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ। ਜਿਸ ਨੂੰ ਨਾਪਿਆ ਤੋਲਿਆ ਨਹੀਂ ਜਾ ਸਕਦਾ ਤੇ ਜਿਸ ਨੂੰ ਕੇਵਲ ਪ੍ਰੇਮਾ-ਭਗਤੀ ਨਾਲ ਹੀ ਮਿਲਿਆ ਜਾਂ ਪ੍ਰਾਪਤ ਕੀਤਾ ਜਾ ਸਕਦਾ ਹੈ।