ਇਨ੍ਹਾਂ
ਸਵੱਈਆਂ ਵਿਚ ਗੁਰੂ ਅਰਜਨ ਸਾਹਿਬ ਦੁਆਰਾ ਮਨੁਖ ਨੂੰ ਉਸ ਦੀ ਅਣਗਹਿਲੀ ਅਤੇ ਅਕ੍ਰਿਤਘਣਤਾ ਦਾ ਅਹਿਸਾਸ ਕਰਵਾਇਆ ਹੈ। ਉਹ ਸੰਸਾਰਕ ਵਸਤੂਆਂ ਵਿਚ ਜਿਆਦਾ ਰੁਚਿਤ ਹੋਣ ਕਰ ਕੇ ਅਧਿਆਤਮ ਦੇ ਰਸਤੇ ਤੋਂ ਭਟਕ ਜਾਂਦਾ ਹੈ। ਇਨ੍ਹਾਂ ਛਿਣ-ਭੰਗਰ ਮਾਇਕੀ ਪਦਾਰਥਾਂ ਦੇ ਸੁਖ ਵਿਚ ਖਚਿਤ ਹੋਏ ਮਨੁਖ ਨੂੰ ਅਖੀਰ ਸਭ ਕੁਝ ਛੱਡ ਕੇ ਇਥੋਂ ਖਾਲੀ ਹੱਥ ਹੀ ਜਾਣਾ ਪੈਂਦਾ ਹੈ ਅਤੇ ਅਣਗਿਣਤ ਜੂਨਾਂ ਵਿਚ ਭਟਕਣ ਦੇ ਦੁਖ ਭੋਗਣੇ ਪੈਂਦੇ ਹਨ। ਜਦਕਿ ਪ੍ਰਭੂ ਦੇ
ਨਾਮ ਨਾਲ ਜੁੜਣ ਵਾਲਾ ਮਨੁਖ ਮਾਇਕੀ ਪਦਾਰਥਾਂ ਦੇ ਮੋਹ ਤੋਂ
ਮੁਕਤ ਹੋ ਕੇ ਸੰਸਾਰ ਤੋਂ ਆਪਣਾ ਜੀਵਨ ਸਫਲ ਕਰ ਜਾਂਦਾ ਹੈ। ਮਨੁਖੀ-ਜੀਵਨ ਦਾ ਅਸਲ ਉਦੇਸ਼ ਪ੍ਰਭੂ-ਭਗਤੀ ਰਾਹੀਂ ਪ੍ਰਭੂ ਦੀ ਦਰਗਾਹ ਵਿਚ ਪ੍ਰਵਾਨ ਹੋਣਾ ਹੀ ਹੈ। ਜਿਹੜੇ ਮਨੁਖ ਪ੍ਰਭੂ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾ ਦੇ ਸਾਰੇ ਅਉਗੁਣ, ਵਿਕਾਰ ਅਤੇ ਦੁਖ ਦੂਰ ਹੋ ਜਾਂਦੇ ਹਨ।
ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੈ ਕੂਪਿ ਗੁਬਾਰਿ ਪਰਿਓ ਹੈ ॥
ਏਤਾ ਗਬੁ ਅਕਾਸਿ ਨ ਮਾਵਤ ਬਿਸਟਾ ਅਸ੍ਤ ਕ੍ਰਿਮਿ ਉਦਰੁ ਭਰਿਓ ਹੈ ॥
ਦਹਦਿਸ ਧਾਇ ਮਹਾ ਬਿਖਿਆ ਕਉ ਪਰ ਧਨ ਛੀਨਿ ਅਗਿਆਨ ਹਰਿਓ ਹੈ ॥
ਜੋਬਨ ਬੀਤਿ ਜਰਾ ਰੋਗਿ ਗ੍ਰਸਿਓ ਜਮਦੂਤਨ ਡੰਨੁ ਮਿਰਤੁ ਮਰਿਓ ਹੈ ॥
ਅਨਿਕ ਜੋਨਿ ਸੰਕਟ ਨਰਕ ਭੁੰਚਤ ਸਾਸਨ ਦੂਖ ਗਰਤਿ ਗਰਿਓ ਹੈ ॥
ਪ੍ਰੇਮ ਭਗਤਿ ਉਧਰਹਿ ਸੇ ਨਾਨਕ ਕਰਿ ਕਿਰਪਾ ਸੰਤੁ ਆਪਿ ਕਰਿਓ ਹੈ ॥੮॥
-ਗੁਰੂ ਗ੍ਰੰਥ ਸਾਹਿਬ ੧੩੮੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸੰਸਾਰ ਦੇ ਪਦਾਰਥ ਬੜੇ ਵੰਨ-ਸੁਵੰਨੇ ਹਨ। ਇਨ੍ਹਾਂ ਦਾ ਰੰਗੀਲਾਪਣ ਮਨੁਖ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ। ਜਦ ਮਨੁਖ ਪਦਾਰਥਾਂ ਦੀ ਵੰਨ-ਸੁਵੰਨਤਾ ਵਿਚ ਮੋਹਿਆ ਜਾਂਦਾ ਤਾਂ ਉਸ ਨੂੰ ਲੱਗਦਾ ਹੈ ਕਿ ਇਸ ਵਿਚ ਹੀ ਅਸਲ ਅਨੰਦ ਹੈ। ਪਰ ਇਨ੍ਹਾਂ ਪਦਾਰਥਾਂ ਦੇ ਰੰਗ ਛੇਤੀ ਹੀ ਫਿੱਕੇ ਪੈ ਜਾਂਦੇ ਹਨ। ਅਸਲ ਵਿਚ ਭਰਮ ਕਾਰਣ ਉਸ ਦੀਆਂ ਨਜਰਾਂ ਅੱਗੇ ਅਜਿਹੀ ਧੂੜ ਬਣ ਜਾਂਦਾ ਹੈ, ਜੋ ਉਸ ਨੂੰ ਸਹੀ-ਸਹੀ ਕੁਝ ਵੀ ਦਿਖਣ ਨਹੀਂ ਦਿੰਦਾ। ਬਸ ਇਸ ਭਰਮ ਜਾਲ ਜਾਂ ਹਨ੍ਹੇਰੇ ਕਾਰਣ ਹੀ ਮਨੁਖ ਮੋਹ ਦੇ ਖੂਹ ਵਿਚ ਡਿੱਗ ਪੈਂਦਾ ਹੈ। ਫਿਰ ਉਸ ਲਈ ਮੋਹ ਦੇ ਖੂਹ ਵਿਚੋਂ ਬਾਹਰ ਨਿਕਲ ਸਕਣਾ ਮੁਸ਼ਕਲ ਹੋ ਜਾਂਦਾ ਹੈ ਤੇ ਉਸ ਦਾ ਸਾਰਾ ਜੀਵਨ ਹੀ ਉਸ ਖੂਹ ਵਿਚ ਬਤੀਤ ਹੁੰਦਾ ਹੈ।
ਮੋਹ ਦੇ ਖੂਹ ਵਿਚ ਡਿੱਗਿਆ ਹੋਇਆ ਮਨੁਖ ਅਸਲ ਵਿਚ ਅੰਨ੍ਹਾ ਹੋ ਜਾਂਦਾ ਹੈ। ਉਸ ਨੂੰ ਇਹ ਗਲਤ ਫਹਿਮੀ ਹੋ ਜਾਂਦੀ ਹੈ ਕਿ ਉਸ ਨੂੰ ਸਭ ਕੁਝ ਪਤਾ ਹੈ। ਇਸੇ ਗਲਤ ਫਹਿਮੀ ਕਾਰਣ ਉਹ ਹੰਕਾਰ ਵਿਚ ਆ ਜਾਂਦਾ ਹੈ। ਉਸ ਦਾ ਢਿੱਡ ਗੰਦਗੀ, ਹੱਡੀਆਂ ਤੇ ਕਈ ਤਰ੍ਹਾਂ ਦੇ ਕੀੜਿਆਂ ਨਾਲ ਹੀ ਭਰਿਆ ਹੋਇਆ ਹੈ, ਪਰ ਉਸ ਦਾ ਹੰਕਾਰ ਇੰਨਾ ਵਧ ਜਾਂਦਾ ਹੈ ਕਿ ਉਹ ਆਪਣੇ-ਆਪ ਨੂੰ ਅਸਮਾਨ ਤੋਂ ਵੀ ਉੱਚਾ ਸਮਝਣ ਲੱਗ ਪੈਂਦਾ ਹੈ। ਉਸ ਦੀ ਹਉਮੈ ਦੀ ਕੋਈ ਹੱਦ ਹੀ ਨਹੀਂ ਰਹਿੰਦੀ।
ਹੰਕਾਰ ਨਾਲ ਭਰਿਆ ਨਖਿੱਧ ਮਨੁਖ ਮਾਇਕੀ ਪਦਾਰਥਾਂ ਦੇ ਮੋਹ ਵਿਚ ਪਿਆ ਹੋਇਆ, ਇਨ੍ਹਾਂ ਨੂੰ ਇਕੱਠਿਆਂ ਕਰਨ ਲਈ ਇਧਰ-ਉਧਰ ਇੰਨੀ ਭੱਜ-ਦੌੜ ਕਰਦਾ ਹੈ ਕਿ ਦਸੇ ਦਿਸ਼ਾਵਾਂ ਛਾਣ ਮਾਰਦਾ ਹੈ। ਉਸ ਨੂੰ ਇਹ ਵੀ ਗਿਆਤ ਨਹੀਂ ਹੁੰਦਾ ਕਿ ਜੋ ਕੁਝ ਉਹ ਗਲਤ ਢੰਗਾਂ ਨਾਲ ਇਕੱਠਾ ਕਰ ਰਿਹਾ ਹੈ, ਉਹ ਸਭ ਕੁਝ ਜ਼ਹਿਰ ਸਮਾਨ ਹੈ। ਉਸ ਜ਼ਹਿਰ ਨੂੰ ਉਹ ਜੀਵਨ ਪ੍ਰਦਾਤਾ ਅੰਮ੍ਰਿਤ ਸਮਝ ਲੈਂਦਾ ਹੈ। ਇਸ ਭੁਲੇਖੇ ਵਿਚ ਉਹ ਇੰਨਾ ਅੰਨ੍ਹਾਂ ਹੋ ਜਾਂਦਾ ਹੈ ਕਿ ਦੂਸਰੇ ਲੋਕਾਂ ਦੀ ਧਨ-ਦੌਲਤ ਵੀ ਖੋਹ ਕੇ ਹੜੱਪ ਕਰ ਜਾਂਦਾ ਹੈ। ਅਸਲ ਵਿਚ ਉਹ ਅਗਿਆਨ ਕਾਰਣ ਠੱਗਿਆ ਜਾਂਦਾ ਹੈ ਤੇ ਗਲਤ-ਠੀਕ ਦਾ ਉਸ ਨੂੰ ਬਿਲਕੁਲ ਵੀ ਪਤਾ ਨਹੀਂ ਰਹਿੰਦਾ।
ਇਸੇ ਤਰ੍ਹਾਂ ਦੁਨਿਆਵੀ ਪਦਾਰਥਾਂ ਦੇ ਮੋਹ ਵਿਚ ਪਿਆ ਹੋਇਆ ਮਨੁਖ ਆਪਣੀ ਸਾਰੀ ਜੁਆਨੀ ਵਿਆਰਥ ਗਵਾ ਬੈਠਦਾ ਹੈ। ਉਮਰ ਦੇ ਵਧਣ ਅਤੇ ਬੁੱਢਾਪੇ ਦੇ ਆਉਣ ਨਾਲ, ਜਿਥੇ ਤਨ ਵਿਚ ਕਮਜੋਰੀ ਆਉਂਦੀ ਹੈ, ਉਥੇ ਕਈ ਤਰ੍ਹਾਂ ਦੇ ਰੋਗ ਵੀ ਮਨੁਖ ਨੂੰ ਗ੍ਰਸ ਲੈਂਦੇ ਹਨ। ਬੁੱਢੇਪੇ ਦੇ ਦੁਖ-ਦਰਦ ਹੰਢੋਂਦਿਆਂ ਇਕ ਸਮਾਂ ਅਜਿਹਾ ਆਉਂਦਾ ਹੈ, ਜਦੋਂ ਮੌਤ ਰੂਪੀ ਡੰਡਾ ਇਸ ਦੇ ਸਿਰ ਵਿਚ ਵੱਜਦਾ ਹੈ, ਭਾਵ ਮਨੁਖ ਦੇ ਸਾਹਾਂ ਦੀ ਤੰਦ ਟੁੱਟ ਜਾਂਦੀ ਹੈ ਅਤੇ ਉਹ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਇਸ ਤਰ੍ਹਾਂ ਸਾਰਾ ਜੀਵਨ ਸੰਸਾਰੀ ਮੋਹ ਵਿਚ ਪੈ ਕੇ ਵਿਸ਼ੇ-ਵਿਕਾਰਾਂ ਵਿਚ ਉਲਝ ਕੇ ਵਿਆਰਥ ਚਲਾ ਜਾਂਦਾ ਹੈ।
ਭਾਰਤੀ ਮਤ ਵਿਚ ਮੰਨਿਆਂ ਜਾਂਦਾ ਹੈ ਕਿ ਮਨੁਖ ਜਨਮ ਤੋਂ ਪਹਿਲਾਂ ਬਹੁਤ ਸਾਰੇ ਜੀਵਾਂ ਦੀ ਜੂਨ ਹੰਢਾਅ ਕੇ ਆਉਂਦਾ ਹੈ ਤੇ ਮਰਨ ਤੋਂ ਬਾਅਦ ਵੀ ਬਹੁਤ ਸਾਰੀਆਂ ਜੂਨਾਂ ਵਿਚੋਂ ਲੰਘਦਾ ਹੈ। ਸ਼ਾਇਦ ਇਹ ਵਿਚਾਰ ਮਨੁਖ ਨੂੰ ਇਸ ਜੀਵਨ ਵਿਚ ਸੁਧਰਨ ਦਾ ਪ੍ਰੇਰਕ ਹੋਵੇ। ਸ਼ਾਇਦ ਇਸ ਪਖ ਤੋਂ ਗੁਰੂ ਸਾਹਿਬ ਉਪਰ ਦੱਸੇ ਮਨੁਖ ਬਾਰੇ ਦੱਸਦੇ ਹਨ ਕਿ ਉਹ ਮਰਨ ਉਪਰੰਤ ਅਨੇਕ ਜੂਨਾਂ ਦੇ ਜੀਵਨ ਦਾ ਕਸ਼ਟ ਭੋਗਦਾ ਹੈ, ਜੋ ਨਰਕ ਹੁੰਦਾ ਹੈ। ਉਸ ਨੂੰ ਇਹੋ ਜਹੇ ਨਿਜਾਮ ਵਿਚ ਰਹਿਣਾ ਪੈਂਦਾ ਹੈ ਕਿ ਉਹ ਨਿਰੀ ਦੁਖਾਂ ਦੀ ਹੀ ਖੱਡ ਹੁੰਦੀ ਹੈ, ਜਿਸ ਵਿਚ ਪਿਆ ਪਿਆ ਉਹ ਗਲ ਜਾਂਦਾ ਹੈ। ਭਾਵ, ਮੌਤ ਤੋਂ ਬਾਅਦ ਵੀ ਉਹ ਨਰਕ ਹੀ ਭੋਗਦਾ ਹੈ।
ਅਖੀਰ ਵਿਚ ਗੁਰੂ ਅਰਜਨ ਸਾਹਿਬ ਸਮਝਾ ਰਹੇ ਹਨ ਕਿ ਜਿਹੜੇ ਜੀਵ ਹਮੇਸ਼ਾ ਪ੍ਰਭੂ-ਪ੍ਰੇਮ ਅਤੇ ਭਗਤੀ ਭਾਵ ਵਿਚ ਰਹਿੰਦੇ ਹਨ, ਸਿਰਫ ਉਹੀ ਉਪਰ ਦੱਸੇ ਘੋਰ ਸੰਕਟ ਦੀ ਹਾਲਤ ਵਿਚੋਂ ਬਚ ਕੇ ਬਾਹਰ ਨਿਕਲਦੇ ਹਨ। ਭਾਵ, ਉਹ ਮਾਇਆ ਤੋਂ ਨਿਰਲੇਪ ਜੀਵਨ ਬਤੀਤ ਕਰਦੇ ਹਨ। ਹਾਂ, ਪਰ ਇਹ ਉਹ ਲੋਕ ਹੁੰਦੇ ਹਨ, ਜਿਨ੍ਹਾਂ ਨੂੰ ਪ੍ਰਭੂ ਆਪ ਮਿਹਰ ਕਰ ਕੇ ਸੱਚ ਨਾਲ ਜੋੜ ਕੇ ਸ਼ਾਂਤ-ਚਿਤ ਅਵਸਥਾ ਵਿਚ ਲੈ ਜਾਂਦਾ ਹੈ। ਅਖੀਰ ਮਨੁਖ ਦੇ ਪ੍ਰੇਮ-ਭਾਵ ਅਤੇ ਪ੍ਰਭੂ ਦੀ ਮਿਹਰ ਉੱਤੇ ਹੀ ਗੱਲ ਮੁਕਦੀ ਹੈ।