Guru Granth Sahib Logo
  
ਇਨ੍ਹਾਂ ਸਵੱਈਆਂ ਵਿਚ ਗੁਰੂ ਅਰਜਨ ਸਾਹਿਬ ਦੁਆਰਾ ਮਨੁਖ ਨੂੰ ਉਸ ਦੀ ਅਣਗਹਿਲੀ ਅਤੇ ਅਕ੍ਰਿਤਘਣਤਾ ਦਾ ਅਹਿਸਾਸ ਕਰਵਾਇਆ ਹੈ। ਉਹ ਸੰਸਾਰਕ ਵਸਤੂਆਂ ਵਿਚ ਜਿਆਦਾ ਰੁਚਿਤ ਹੋਣ ਕਰ ਕੇ ਅਧਿਆਤਮ ਦੇ ਰਸਤੇ ਤੋਂ ਭਟਕ ਜਾਂਦਾ ਹੈ। ਇਨ੍ਹਾਂ ਛਿਣ-ਭੰਗਰ ਮਾਇਕੀ ਪਦਾਰਥਾਂ ਦੇ ਸੁਖ ਵਿਚ ਖਚਿਤ ਹੋਏ ਮਨੁਖ ਨੂੰ ਅਖੀਰ ਸਭ ਕੁਝ ਛੱਡ ਕੇ ਇਥੋਂ ਖਾਲੀ ਹੱਥ ਹੀ ਜਾਣਾ ਪੈਂਦਾ ਹੈ ਅਤੇ ਅਣਗਿਣਤ ਜੂਨਾਂ ਵਿਚ ਭਟਕਣ ਦੇ ਦੁਖ ਭੋਗਣੇ ਪੈਂਦੇ ਹਨ। ਜਦਕਿ ਪ੍ਰਭੂ ਦੇ ਨਾਮ ਨਾਲ ਜੁੜਣ ਵਾਲਾ ਮਨੁਖ ਮਾਇਕੀ ਪਦਾਰਥਾਂ ਦੇ ਮੋਹ ਤੋਂ ਮੁਕਤ ਹੋ ਕੇ ਸੰਸਾਰ ਤੋਂ ਆਪਣਾ ਜੀਵਨ ਸਫਲ ਕਰ ਜਾਂਦਾ ਹੈ। ਮਨੁਖੀ-ਜੀਵਨ ਦਾ ਅਸਲ ਉਦੇਸ਼ ਪ੍ਰਭੂ-ਭਗਤੀ ਰਾਹੀਂ ਪ੍ਰਭੂ ਦੀ ਦਰਗਾਹ ਵਿਚ ਪ੍ਰਵਾਨ ਹੋਣਾ ਹੀ ਹੈ। ਜਿਹੜੇ ਮਨੁਖ ਪ੍ਰਭੂ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾ ਦੇ ਸਾਰੇ ਅਉਗੁਣ, ਵਿਕਾਰ ਅਤੇ ਦੁਖ ਦੂਰ ਹੋ ਜਾਂਦੇ ਹਨ।
ਬ੍ਰਹਮਾਦਿਕ ਸਿਵ  ਛੰਦ ਮੁਨੀਸੁਰ   ਰਸਕਿ ਰਸਕਿ ਠਾਕੁਰ ਗੁਨ ਗਾਵਤ
ਇੰਦ੍ਰ ਮੁਨਿੰਦ੍ਰ ਖੋਜਤੇ ਗੋਰਖ   ਧਰਣਿ ਗਗਨ ਆਵਤ ਫੁਨਿ ਧਾਵਤ
ਸਿਧ ਮਨੁਖੵ ਦੇਵ ਅਰੁ ਦਾਨਵ   ਇਕੁ ਤਿਲੁ ਤਾ ਕੋ ਮਰਮੁ ਪਾਵਤ
ਪ੍ਰਿਅ ਪ੍ਰਭ ਪ੍ਰੀਤਿ  ਪ੍ਰੇਮ ਰਸ ਭਗਤੀ   ਹਰਿ ਜਨ ਤਾ ਕੈ ਦਰਸਿ ਸਮਾਵਤ
ਤਿਸਹਿ ਤਿਆਗਿ ਆਨ ਕਉ ਜਾਚਹਿ   ਮੁਖ ਦੰਤ ਰਸਨ ਸਗਲ ਘਸਿ ਜਾਵਤ
ਰੇ ਮਨ ਮੂੜ  ਸਿਮਰਿ ਸੁਖਦਾਤਾ   ਨਾਨਕ ਦਾਸ ਤੁਝਹਿ ਸਮਝਾਵਤ ॥੭॥
-ਗੁਰੂ ਗ੍ਰੰਥ ਸਾਹਿਬ ੧੩੮੮

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਵੱਈਏ ਵਿਚ ਗੁਰੂ ਅਰਜਨ ਸਾਹਿਬ ਸਪਸ਼ਟ ਕਰਦੇ ਹਨ ਕਿ ਪ੍ਰਭੂ ਬੇਅੰਤ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਸਭ ਪ੍ਰਕਾਰ ਦੇ ਹੱਦ-ਬੰਨਿਆਂ ਤੋਂ ਪਾਰ ਹੈ। ਮਨੁਖੀ ਸੋਚ ਦਾ ਦਾਇਰਾ ਬਹੁਤ ਹੀ ਸੀਮਤ ਹੈ, ਇਸ ਲਈ ਉਹ ਤਿਲ-ਮਾਤਰ ਵੀ ਪ੍ਰਭੂ ਦਾ ਭੇਦ ਨਹੀਂ ਜਾਣ ਸਕਦਾ। ਇਸ ਗੱਲ ਦੀ ਪ੍ਰੋੜਤਾ ਲਈ ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਬ੍ਰਹਮਾ, ਸ਼ਿਵ ਆਦਿਕ ਦੇਵਤੇ ਅਤੇ ਵੇਦ-ਮੰਤਰਾਂ ਨੂੰ ਰਚਣ ਵਾਲੇ ਵਡੇ-ਵਡੇ ਰਿਸ਼ੀ-ਮੁਨੀ ਸਭ ਪ੍ਰਭੂ ਦਾ ਅੰਤ ਲੱਭਣ ਲਈ, ਭਾਵ ਸਮੁੱਚਾ ਭੇਦ ਜਾਣਨ ਲਈ, ਇਨ੍ਹਾਂ ਮੰਤਰਾਂ ਦੁਆਰਾ ਸੁਆਦ ਲੈ-ਲੈ ਕੇ ਪ੍ਰਭੂ ਦੇ ਗੁਣ-ਗਾਇਨ ਕਰਦੇ ਹਨ, ਪਰ ਅਸਲੀਅਤ ਇਹੋ ਹੈ ਕਿ ਸੀਮਤ ਬੁੱਧੀ ਨਾਲ ਅਸੀਮ ਨੂੰ ਨਹੀਂ ਜਾਣਿਆ ਜਾ ਸਕਦਾ।

ਇਨ੍ਹਾਂ ਤੋਂ ਇਲਾਵਾ ਦੇਵਤਿਆਂ ਦਾ ਰਾਜਾ ਕਿਹਾ ਜਾਣ ਵਾਲਾ ਇੰਦਰ, ਵਡੇ-ਵਡੇ ਰਿਸ਼ੀ-ਮੁਨੀ ਅਤੇ ਨਾਥ ਸੰਪਰਦਾਇ ਦੇ ਮਹਾਂਜੋਗੀ ਗੋਰਖ ਨਾਥ ਵਰਗਿਆਂ ਨੇ ਆਪੋ-ਆਪਣੇ ਢੰਗ-ਤਰੀਕਿਆਂ ਨਾਲ ਪ੍ਰਭੂ ਦਾ ਅੰਤ ਲੱਭਣ ਲਈ ਬੇਅੰਤ ਜਤਨ ਕੀਤੇ, ਪਰ ਪ੍ਰਾਪਤ ਕੁਝ ਨਹੀਂ ਹੋਇਆ। ਇਹ ਸਾਰੇ ਰੱਬੀ ਭੇਦ ਜਾਣਨ ਲਈ ਧਰਤੀ ਤੋਂ ਅਕਾਸ਼ ਵੱਲ ਅਤੇ ਅਕਾਸ਼ ਤੋਂ ਧਰਤੀ ਵੱਲ ਕਦੇ ਆਉਂਦੇ ਹਨ ਤੇ ਕਦੇ ਜਾਂਦੇ ਹਨ, ਭਾਵ ਉਨ੍ਹਾਂ ਦੀ ਸੁਰਤ ਸਥਿਰ ਨਹੀਂ ਹੁੰਦੀ। ਉਹ ਸੋਚ-ਸਮਝ ਦੇ ਪੱਧਰ ਉੱਤੇ ਭਟਕਦੇ ਰਹਿੰਦੇ ਹਨ। 
 
ਕਿੰਨੇ ਹੀ ਜੋਗ ਸਾਧਨਾ ਕਰਨ ਵਾਲੇ ਸਿਧ ਪੁਰਸ਼ ਹੋਏ ਦੱਸੇ ਜਾਂਦੇ ਹਨ, ਕਿੰਨੇ ਹੀ ਖੋਜੀ ਮਨੁਖ ਹਨ ਤੇ ਹੋਰ ਦੇਵਤੇ ਅਤੇ ਰਾਖਸ਼ ਵੀ ਕਹੇ ਜਾਂਦੇ ਹਨ। ਇਹ ਸਾਰੇ ਬੇਸ਼ੱਕ ਬੇਜੋੜ ਸਮਰੱਥਾ ਦੇ ਮਾਲਕ ਹਨ ਤੇ ਇਨ੍ਹਾਂ ਦੀ ਮਹਾਨਤਾ ਦੀਆਂ ਅਨੇਕ ਕਹਾਣੀਆਂ ਪ੍ਰਚਲਤ ਹਨ। ਪਰ ਇਹ ਸਾਰੇ ਪ੍ਰਭੂ ਦੀ ਮਹਾਨ ਹਸਤੀ ਦੇ ਸਾਹਮਣੇ ਕੁਝ ਵੀ ਨਹੀਂ ਹਨ। ਇਹ ਸਾਰੇ ਇਕ ਤਿਲ ਮਾਤਰ ਵੀ ਉਸ ਪ੍ਰਭੂ ਦੀ ਅਸਲੀਅਤ ਜਾਂ ਸੱਚ ਨਹੀਂ ਜਾਣ ਸਕੇ। ਪ੍ਰਭੂ ਹੀ ਸਭ ਤੋਂ ਵਡਾ, ਵਿਸ਼ਾਲ ਤੇ ਮਹਾਨ ਹੈ। ਹੋਰ ਕੋਈ ਵੀ ਉਸ ਦੇ ਬਰਾਬਰ ਨਹੀਂ ਹੋ ਸਕਦਾ। 

ਐਸਾ ਪ੍ਰਭੂ ਵਡੇ-ਵਡੇ ਸ਼ਕਤੀਸ਼ਾਲੀ ਹਸਤੀ ਵਾਲਿਆਂ ਨੂੰ ਵੀ ਨਹੀਂ ਮਿਲਿਆ ਤਾਂ ਫਿਰ ਆਮ ਜਗਿਆਸੂ ਉਸ ਨੂੰ ਕਿਸ ਤਰੀਕੇ ਨਾਲ ਮਿਲੇ? ਪ੍ਰਭੂ ਨੂੰ ਮਿਲਣ ਦਾ ਸਹੀ ਤਰੀਕਾ ਉਸ ਨਾਲ ਪ੍ਰੀਤ ਪਾਉਣਾ ਹੈ; ਪ੍ਰੀਤਮ ਪ੍ਰਭੂ ਦੇ ਪ੍ਰੇਮ ਰਸ ਵਿਚ ਡੁਬ ਕੇ ਉਸ ਦੇ ਅੰਦਰ ਹੀ ਸਮਾ ਜਾਣਾ ਹੈ। ਪ੍ਰਭੂ ਕੇਵਲ ਪ੍ਰੇਮਾ ਭਗਤੀ ਨਾਲ ਸ਼ਰਸ਼ਾਰ ਹਿਰਦਿਆਂ ਵਾਲੇ ਪ੍ਰੀਤਵਾਨਾਂ ਨੂੰ ਮਿਲਦਾ ਹੈ। ਦਿਲ ਅੰਦਰ ਪ੍ਰੀਤਮ ਪ੍ਰਭੂ ਦੇ ਪ੍ਰੇਮਮਈ ਸਰੂਪ ਦੇ ਦਰਸ਼ਨ-ਦੀਦਾਰ ਦੀ ਤੀਬਰ ਤਾਂਘ, ਉਸ ਦੇ ਪਿਆਰ ਅਤੇ ਮਿਲਾਪ ਦੀ ਪਾਤਰਤਾ ਨੂੰ ਤੈਅ ਕਰਦੀ ਹੈ।

ਪਰ ਜਿਹੜਾ ਮਨੁਖ ਪ੍ਰਭੂ ਪਿਆਰ ਨੂੰ ਛੱਡ ਕੇ ਦੁਨਿਆਵੀ ਪਦਾਰਥਾਂ ਦੀ ਚਾਹਤ ਮਨ ਵਿਚ ਪਾਲ ਲਵੇ ਤਾਂ ਉਹ ਚਾਹਤ ਕਦੇ ਵੀ ਪੂਰੀ ਨਹੀਂ ਹੁੰਦੀ, ਭਾਵ ਉਹ ਕਦੇ ਰੱਜਦਾ ਹੀ ਨਹੀਂ। ਉਸ ਦੇ ਮੂੰਹ ਦੇ ਦੰਦ ਵੰਨ-ਸੁਵੰਨੇ ਖਾਣੇ ਖਾ-ਖਾ ਕੇ ਟੁੱਟ ਜਾਂਦੇ ਹਨ ਤੇ ਉਸ ਦੀ ਜੀਭ ਬੋਲਣ ਤੋਂ ਵੀ ਅਸਮਰੱਥ ਹੋ ਜਾਂਦੀ ਹੈ। ਨਿਰਬਲ ਤੇ ਸ਼ਕਤੀਹੀਣ ਹੋ ਜਾਣ ਦੇ ਬਾਵਜੂਦ ਵੀ ਉਸ ਦੀ ਭੁੱਖ ਨਹੀਂ ਮਿਟਦੀ, ਉਹ ਸਾਰਾ ਜੀਵਨ ਹੀ ਵਿਅਰਥ ਗੁਆ ਲੈਂਦਾ ਹੈ।

ਸਵੱਈਏ ਦੇ ਅਖੀਰ ਵਿਚ ਗੁਰੂ ਸਾਹਿਬ ਪ੍ਰੀਤ-ਵਿਹੂਣੇ ਸਵਾਰਥੀ ਅਤੇ ਗਿਆਨਹੀਣ ਮਨ ਨੂੰ ਸਮਝਾਉਂਦੇ ਹਨ ਕਿ ਐ ਮੂਰਖ ਮਨਾ! ਉਸ ਪ੍ਰਭੂ ਦਾ ਅੰਤ ਲੱਭਣ ਜਾਂ ਮਾਇਕੀ ਪਦਾਰਥਾਂ ਪਿਛੇ ਭੱਜਣ ਦੀ ਬਜਾਇ, ਸੁਖ ਦੇਣ ਵਾਲੇ ਪ੍ਰੀਤਮ ਪ੍ਰਭੂ ਦਾ ਸਿਮਰਨ ਕਰ। ਉਹ ਪ੍ਰਭੂ ਹਰ ਸੁਖ ਦੇਣ ਵਾਲਾ ਹੈ ਤੇ ਉਸ ਦੇ ਬਿਨਾਂ ਕੋਈ ਵੀ ਹੋਰ ਥਾਂ ਨਹੀਂ, ਜਿਥੋਂ ਤੈਨੂੰ ਸੁਖ-ਸ਼ਾਂਤੀ ਦੀ ਖੈਰ ਮਿਲ ਸਕੇ। ਮਨੁਖ ਦਾ ਮਨ ਉਸ ਨੂੰ ਸਹੀ ਦਿਸ਼ਾ ਵਿਚ ਜਾਣ ਨਹੀਂ ਦਿੰਦਾ, ਇਕ ਗੁਰੂ ਦੀ ਸਿੱਖਿਆ ਹੀ ਹੈ ਜੋ ਉਸ ਨੂੰ ਸਮਝਾ ਸਕਦੀ ਹੈ ਤੇ ਸਹੀ ਦਿਸ਼ਾ ਦੇ ਸਕਦੀ ਹੈ। ਇਸ ਲਈ ਉਸ ਗੁਰੂ ਦੀ ਸਿੱਖਿਆ ਨੂੰ ਅਮਲ ਵਿਚ ਉਤਾਰਨ ਦਾ ਅਭਿਆਸ ਕਰੇ।

Tags