Guru Granth Sahib Logo
  
ਇਨ੍ਹਾਂ ਸਵੱਈਆਂ ਵਿਚ ਗੁਰੂ ਅਰਜਨ ਸਾਹਿਬ ਦੁਆਰਾ ਮਨੁਖ ਨੂੰ ਉਸ ਦੀ ਅਣਗਹਿਲੀ ਅਤੇ ਅਕ੍ਰਿਤਘਣਤਾ ਦਾ ਅਹਿਸਾਸ ਕਰਵਾਇਆ ਹੈ। ਉਹ ਸੰਸਾਰਕ ਵਸਤੂਆਂ ਵਿਚ ਜਿਆਦਾ ਰੁਚਿਤ ਹੋਣ ਕਰ ਕੇ ਅਧਿਆਤਮ ਦੇ ਰਸਤੇ ਤੋਂ ਭਟਕ ਜਾਂਦਾ ਹੈ। ਇਨ੍ਹਾਂ ਛਿਣ-ਭੰਗਰ ਮਾਇਕੀ ਪਦਾਰਥਾਂ ਦੇ ਸੁਖ ਵਿਚ ਖਚਿਤ ਹੋਏ ਮਨੁਖ ਨੂੰ ਅਖੀਰ ਸਭ ਕੁਝ ਛੱਡ ਕੇ ਇਥੋਂ ਖਾਲੀ ਹੱਥ ਹੀ ਜਾਣਾ ਪੈਂਦਾ ਹੈ ਅਤੇ ਅਣਗਿਣਤ ਜੂਨਾਂ ਵਿਚ ਭਟਕਣ ਦੇ ਦੁਖ ਭੋਗਣੇ ਪੈਂਦੇ ਹਨ। ਜਦਕਿ ਪ੍ਰਭੂ ਦੇ ਨਾਮ ਨਾਲ ਜੁੜਣ ਵਾਲਾ ਮਨੁਖ ਮਾਇਕੀ ਪਦਾਰਥਾਂ ਦੇ ਮੋਹ ਤੋਂ ਮੁਕਤ ਹੋ ਕੇ ਸੰਸਾਰ ਤੋਂ ਆਪਣਾ ਜੀਵਨ ਸਫਲ ਕਰ ਜਾਂਦਾ ਹੈ। ਮਨੁਖੀ-ਜੀਵਨ ਦਾ ਅਸਲ ਉਦੇਸ਼ ਪ੍ਰਭੂ-ਭਗਤੀ ਰਾਹੀਂ ਪ੍ਰਭੂ ਦੀ ਦਰਗਾਹ ਵਿਚ ਪ੍ਰਵਾਨ ਹੋਣਾ ਹੀ ਹੈ। ਜਿਹੜੇ ਮਨੁਖ ਪ੍ਰਭੂ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾ ਦੇ ਸਾਰੇ ਅਉਗੁਣ, ਵਿਕਾਰ ਅਤੇ ਦੁਖ ਦੂਰ ਹੋ ਜਾਂਦੇ ਹਨ।
ਪ੍ਰਾਨ ਮਾਨ ਦਾਨ ਮਗ ਜੋਹਨ   ਹੀਤੁ ਚੀਤੁ ਦੇ  ਲੇ ਲੇ ਪਾਰੀ
ਸਾਜਨ ਸੈਨ ਮੀਤ ਸੁਤ ਭਾਈ   ਤਾਹੂ ਤੇ ਲੇ ਰਖੀ ਨਿਰਾਰੀ
ਧਾਵਨ ਪਾਵਨ  ਕੂਰ ਕਮਾਵਨ   ਇਹ ਬਿਧਿ ਕਰਤ ਅਉਧ ਤਨ ਜਾਰੀ
ਕਰਮ ਧਰਮ ਸੰਜਮ ਸੁਚ ਨੇਮਾ   ਚੰਚਲ ਸੰਗਿ ਸਗਲ ਬਿਧਿ ਹਾਰੀ
ਪਸੁ ਪੰਖੀ ਬਿਰਖ ਅਸਥਾਵਰ   ਬਹੁ ਬਿਧਿ ਜੋਨਿ ਭ੍ਰਮਿਓ ਅਤਿ ਭਾਰੀ
ਖਿਨੁ ਪਲੁ ਚਸਾ ਨਾਮੁ ਨਹੀ ਸਿਮਰਿਓ   ਦੀਨਾ ਨਾਥ ਪ੍ਰਾਨਪਤਿ ਸਾਰੀ
ਖਾਨ ਪਾਨ ਮੀਠ ਰਸ ਭੋਜਨ   ਅੰਤ ਕੀ ਬਾਰ ਹੋਤ ਕਤ ਖਾਰੀ
ਨਾਨਕ  ਸੰਤ ਚਰਨ ਸੰਗਿ ਉਧਰੇ   ਹੋਰਿ ਮਾਇਆ ਮਗਨ ਚਲੇ ਸਭਿ ਡਾਰੀ ॥੬॥
-ਗੁਰੂ ਗ੍ਰੰਥ ਸਾਹਿਬ ੧੩੮੮

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਵੱਈਏ ਵਿਚ ਗੁਰੂ ਅਰਜਨ ਸਾਹਿਬ ਸਮਝਾ ਰਹੇ ਹਨ ਕਿ ਚੰਗੇ ਭਲੇ ਰਾਹ ਉੱਤੇ ਤੁਰੇ ਜਾਂਦਿਆਂ ਨੂੰ ਠੱਗ ਲੈਣ ਵਾਲੀ ਮਾਇਆ, ਮਨੁਖ ਦੀ ਮਤ ਨੂੰ ਚੰਚਲ ਬਣਾ ਦਿੰਦੀ ਹੈ। ਮਨੁਖ ਇਸ ਨਾਲ ਮੋਹ ਪਾ ਲੈਂਦਾ ਹੈ ਅਤੇ ਆਪਣਾ ਮਨ-ਚਿਤ ਇਸ ਨੂੰ ਦੇ ਕੇ ਠੱਗਿਆ ਜਾਂਦਾ ਹੈ। ਉਹ ਆਪਣੀ ਜਾਨ ਖਤਰੇ ਵਿਚ ਪਾ ਕੇ, ਮਾਣ-ਇੱਜਤ ਗਵਾ ਕੇ, ਲੋਕਾਂ ਕੋਲੋਂ ਖੋਹ-ਖੋਹ ਕੇ, ਲੁੱਟ-ਖਸੁੱਟ ਕਰਕੇ ਹਰ ਤਰੀਕੇ ਨਾਲ ਮਾਇਆ ਨੂੰ ਇਕੱਠੀ ਕਰਦਾ ਹੈ। ਭਾਵ, ਜਦੋਂ ਮਾਇਆ ਦੇ ਮੋਹ ਵਿਚ ਗ੍ਰਸੇ ਮਨੁਖ ਦੇ ਮਨ-ਚਿਤ ਉੱਤੇ ਇਹ ਹਾਵੀ ਹੁੰਦੀ ਹੈ ਤਾਂ ਉਹ ਮਾਇਆ ਇਕੱਠੀ ਕਰਨ ਲਈ ਕੋਈ ਵੀ ਰਾਹ ਅਪਣਾਉਣ ਲਈ ਤਿਆਰ ਰਹਿੰਦਾ ਹੈ।

ਪਰ ਮਨੁਖ ਇਸ ਲੁਟੇਰੀ ਤੇ ਠੱਗਣੀ ਮਾਇਆ ਨੂੰ ਉਪਰ ਦੱਸੇ ਢੰਗ-ਤਰੀਕਿਆਂ ਨਾਲ ਇਕੱਠੀ ਕਰ-ਕਰ ਕੇ, ਸਿਰਫ ਇਸ ਦੀ ਸਾਂਭ-ਸੰਭਾਲ ਹੀ ਨਹੀਂ ਕਰਦਾ, ਬਲਕਿ ਉਹ ਇਸ ਨੂੰ ਰਿਸ਼ਤੇਦਾਰਾਂ, ਵਾਕਿਫਕਾਰਾਂ, ਮਿੱਤਰਾਂ, ਪਿਆਰਿਆਂ, ਭਰਾਵਾਂ ਤੇ ਆਪਣੇ ਬੱਚਿਆਂ ਤੋਂ ਵੀ ਛੁਪਾ-ਛੁਪਾ ਕੇ ਰਖਦਾ ਹੈ। ਜਦਕਿ ਇਹ ਉਹੀ ਮਾਇਆ ਹੈ, ਜੋ ਮਨੁਖ ਨੂੰ ਹਮੇਸ਼ਾ ਹੀ ਠੱਗਦੀ ਹੈ; ਜਿਸ ਦੇ ਸੁਖ ਛਿਣ-ਭੰਗਰ ਹਨ, ਜੋ ਸੰਸਾਰ ਵਿਚ ਭਾਂਤ-ਭਾਂਤ ਦੇ ਰੂਪਾਂ ਵਿਚ ਵਿਦਮਾਨ ਹੈ। ਇਹ ਤਾਂ ਰਾਹ ਜਾਂਦਿਆਂ ਨੂੰ ਠੱਗ ਲੈਂਦੀ ਹੈ। ਇਸ ਲਈ ਮਾਇਆ ਦੀ ਲਾਲਸਾ ਤੋਂ ਬਚ ਕੇ ਰਹਿਣ ਦੀ ਲੋੜ ਹੈ।

ਪਰ ਮਨੁਖ ਦੀ ਤ੍ਰਾਸਦੀ ਦੇਖੋ ਕਿ ਉਹ ਮਾਇਆ ਤੋਂ ਬਚਣ ਦੀ ਬਜਾਏ, ਇਸ ਨੂੰ ਪ੍ਰਾਪਤ ਕਰਨ ਲਈ ਭੱਜ-ਦੌੜ ਕਰਨੀ ਸ਼ੁਰੂ ਕਰ ਦਿੰਦਾ ਹੈ ਤੇ ਇਸ ਲਈ ਝੂਠ ਆਦਿ ਦਾ ਸਹਾਰਾ ਲੈਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਉਹ ਅਜਿਹਾ ਇਕ-ਦੋ ਵਾਰੀ ਨਹੀਂ, ਵਾਰ-ਵਾਰ ਕਰਦਾ ਹੈ। ਇਹ ਕੁਝ ਕਰਦਿਆਂ ਮਨੁਖ ਆਪਣੀ ਸਾਰੀ ਉਮਰ ਅਜਾਈਂ ਗੁਆ ਲੈਂਦਾ ਹੈ ਤੇ ਅਖੀਰ ਇਸੇ ਕੋਸ਼ਿਸ਼ ਵਿਚ ਉਸ ਦਾ ਸਰੀਰ ਵੀ ਮਰ-ਮੁੱਕ ਜਾਂਦਾ ਹੈ ਪਰ ਉਸ ਵਿਚ ਕਦੇ ਸੁਧਾਰ ਨਹੀਂ ਹੁੰਦਾ। 

ਉਮਰ ਭਰ ਮਾਇਆ ਵਿਚ ਹੀ ਗ੍ਰਸਤ ਰਹਿਣ ਕਾਰਣ ਮਨੁਖ ਕੋਈ ਨੇਕ ਕੰਮ ਨਹੀਂ ਕਰਦਾ, ਆਪਣਾ ਫਰਜ ਨਹੀਂ ਨਿਭਾਉਂਦਾ, ਸੰਜਮ ਨਹੀਂ ਅਪਣਾਉਂਦਾ, ਆਪਣੇ ਵਿਵਹਾਰ ਵਿਚ ਨੇਕ ਨਹੀਂ ਰਹਿੰਦਾ ਤੇ ਨਾ ਹੀ ਕਦੇ ਕਿਸੇ ਨਿਯਮ ਦਾ ਖਿਆਲ ਰਖਦਾ ਹੈ। ਉਸ ਦਾ ਮਨ ਸਥਿਰ ਨਾ ਰਹਿ ਕੇ ਹਮੇਸ਼ਾ ਭਟਕਣ ਵਿਚ ਪਿਆ ਰਹਿੰਦਾ ਹੈ। ਕਰਮ, ਧਰਮ, ਸੰਜਮ ਅਤੇ ਪਵਿੱਤਰਤਾ ਦੇ ਸਭ ਤਰੀਕੇ ਹੀ ਮਨੁਖ ਆਪਣੀ ਚੰਚਲ ਮਤ ਕਾਰਣ ਹੱਥੋਂ ਗੁਆ ਲੈਂਦਾ ਹੈ। ਮਨ ਦੀ ਚੰਚਲਤਾ ਹੀ ਉਸ ਦੀ ਦੁਸ਼ਮਣ ਹੁੰਦੀ ਹੈ, ਜੋ ਉਸ ਦੇ ਹੱਥੋਂ ਹਰ ਮੌਕਾ ਗਵਾ ਦਿੰਦੀ ਹੈ। ਦੁਨਿਆਵੀ ਪਦਾਰਥਾਂ ਦੇ ਮੋਹ ਵਿਚ ਪਿਆ ਮਨੁਖ, ਜੀਵਨ ਦੀਆਂ ਚੰਗੀਆਂ ਕਦਰਾਂ-ਕੀਮਤਾਂ ਗਵਾ ਬੈਠਦਾ ਹੈ।

ਇਸ ਦੇ ਫਲਸਰੂਪ ਮਨੁਖ ਜਨਮ ਮਰਨ ਦੇ ਚੱਕਰ ਵਿਚ ਪਿਆ ਪਸ਼ੂ, ਪੰਛੀ, ਰੁੱਖ, ਪਹਾੜ ਆਦਿ ਕਈ ਤਰ੍ਹਾਂ ਦੀਆਂ ਅਤਿ ਕਸ਼ਟਦਾਇਕ ਜੂਨਾਂ ਵਿਚ ਭਟਕਦਾ ਰਹਿੰਦਾ ਹੈ। ਦੂਜੇ ਸ਼ਬਦਾਂ ਵਿਚ ਮਨ ਦੀ ਚੰਚਲਤਾ ਕਾਰਣ ਮਨੁਖ ਇੰਨਾ ਭਟਕਦਾ ਹੈ ਕਿ ਉਹ ਕਦੇ ਪਸ਼ੂਆਂ ਜਿਹਾ ਵਿਵਹਾਰ ਕਰਦਾ ਹੈ, ਕਦੇ ਪੰਛੀਆਂ ਦੀ ਤਰ੍ਹਾਂ ਭਰਮਦਾ ਹੈ, ਕਦੇ ਰੁੱਖਾਂ ਦੀ ਤਰ੍ਹਾਂ ਝੱਖੜਾਂ-ਹਨੇਰੀਆਂ ’ਚ ਝਕਝੋਲੇ ਖਾਂਦਾ ਹੈ ਤੇ ਕਦੇ ਪਹਾੜਾਂ ਦੀ ਤਰ੍ਹਾਂ ਇਕ ਹੀ ਹਾਲਤ ਵਿਚ ਸਥਿਰ (ਜੜ੍ਹ) ਹੋ ਕੇ ਖੜ੍ਹਾ ਰਹਿ ਜਾਂਦਾ ਹੈ। ਗੱਲ ਕੀ ਮਨੁਖ ਦਾ ਮਨ ਅਨੇਕ ਕਿਸਮ ਦੀਆਂ ਜੂਨਾਂ ਦੀ ਘੁੰਮਣਘੇਰੀ ਵਿਚੋਂ ਲੰਘਦਾ ਹੈ ਤੇ ਇਹ ਹਾਲਤ ਉਸ ਲਈ ਬਹੁਤ ਜਿਆਦਾ ਮੁਸ਼ਕਲ ਹੁੰਦੀ ਹੈ। 

ਬੁਰੇ ਪਾਸੇ ਰੁਚੀ ਰਖਣ ਵਾਲਾ ਮਨੁਖ ਇਕ ਅੱਧੇ ਮਿੰਟ ਜਾਂ ਸਕਿੰਟ ਲਈ ਵੀ ਕਦੇ ਉਸ ਪ੍ਰਭੂ ਨੂੰ ਯਾਦ ਨਹੀਂ ਕਰਦਾ, ਜੋ ਬੇਸਹਾਰਿਆਂ ਦਾ ਸਹਾਰਾ ਹੈ, ਸਾਹਾਂ ਦੇ ਰੂਪ ਵਿਚ ਮਨੁਖ ਨੂੰ ਜੀਵਨ ਦਾਨ ਦੇਣ ਵਾਲਾ, ਹਰ ਤਰ੍ਹਾਂ ਨਾਲ ਉਸ ਦੀ ਸੰਭਾਲ ਕਰਨ ਵਾਲਾ ਤੇ ਉਸ ਦਾ ਅਸਲ ਮਾਲਕ ਹੈ। ਉਸ ਮਾਲਕ ਪ੍ਰਭੂ ਨੂੰ ਯਾਦ ਰਖਣਾ ਮਨੁਖ ਦਾ ਸਭ ਤੋਂ ਜਰੂਰੀ ਫਰਜ ਹੈ। ਪਰ ਮਨੁਖ ਇਸ ਪਾਸੇ ਆਉਂਦਾ ਹੀ ਨਹੀਂ। ਇਸ ਦੀ ਬਜਾਏ ਮਨੁਖ ਸੁਆਦੀ ਤੇ ਰਸੀਲੇ ਖਾਣਿਆਂ ਵਿਚ ਵਧੇਰੇ ਰੁਚੀ ਪਾਲ ਲੈਂਦਾ ਹੈ। ਪਰ ਉਸ ਨੂੰ ਕਦੇ ਪਤਾ ਹੀ ਨਹੀਂ ਲੱਗਦਾ ਕਿ ਇਹ ਸਾਰੇ ਰਸੀਲੇ ਸੁਆਦ ਅਖੀਰ ਬੜੇ ਕੌੜੇ ਹੋ ਨਿਬੜਦੇ ਹਨ। ਇਨ੍ਹਾਂ ਸਵਾਦਾਂ ਦੇ ਨਤੀਜੇ ਵਜੋਂ ਮਨੁਖ ਦੇ ਤਨ ਅਤੇ ਮਨ ਨੂੰ ਕਈ ਅਸਾਧ ਰੋਗ ਚਿੰਬੜ ਜਾਂਦੇ ਹਨ, ਜਿਨ੍ਹਾਂ ਦੇ ਕੌੜੇ ਤਜਰਬੇ ਅੰਤ ਨੂੰ ਪਰੇਸ਼ਾਨੀਆਂ ਅਤੇ ਖੁਆਰੀਆਂ ਦਾ ਸਬੱਬ ਬਣਦੇ ਹਨ।

ਅਖੀਰ ਵਿਚ ਗੁਰੂ ਅਰਜਨ ਸਾਹਿਬ ਫੁਰਮਾਉਂਦੇ ਹਨ ਕਿ ਜਿਹੜੇ ਲੋਕ ਸੱਚ ਨੂੰ ਪ੍ਰਣਾਏ ਹੋਏ ਸੰਤ ਸਤਿਗੁਰੂ ਦੇ ਮਾਰਗ-ਦਰਸ਼ਨ ਵਿਚ ਜੀਵਨ ਬਸਰ ਕਰਨ ਲੱਗ ਜਾਂਦੇ ਹਨ, ਉਨ੍ਹਾਂ ਦੀ ਜੀਵਨ ਤੋਰ ਵਿਚ ਸੁਧਾਰ ਹੋ ਜਾਂਦਾ ਹੈ। ਉਹ ਇਮਾਨਦਾਰੀ ਤੇ ਨੇਕ ਨੀਤੀ ਵਾਲੇ ਰਾਹ ਪੈ ਜਾਂਦੇ ਹਨ। ਬਾਕੀ ਜੋ ਲੋਕ ਧਨ-ਦੌਲਤ ਤੇ ਪਦਾਰਥਾਂ ਦੇ ਧਿਆਨ ਵਿਚ ਖਚਿਤ ਰਹਿੰਦੇ ਹਨ, ਉਹ ਲੋਕ ਸਭ ਕੁਝ ਇਥੇ ਹੀ ਛੱਡ ਕੇ ਚਲੇ ਜਾਂਦੇ ਹਨ। ਕੁਝ ਵੀ ਉਨ੍ਹਾਂ ਦੇ ਨਾਲ ਨਹੀਂ ਨਿਭਦਾ। ਭਾਵ, ਮੁਸ਼ਕਲ ਸਮੇਂ ਉਨ੍ਹਾਂ ਦੇ ਕੁਝ ਵੀ ਕੰਮ ਨਹੀਂ ਆਉਂਦਾ।

Tags