Guru Granth Sahib Logo
  
ਇਨ੍ਹਾਂ ਸਵੱਈਆਂ ਵਿਚ ਗੁਰੂ ਅਰਜਨ ਸਾਹਿਬ ਦੁਆਰਾ ਮਨੁਖ ਨੂੰ ਉਸ ਦੀ ਅਣਗਹਿਲੀ ਅਤੇ ਅਕ੍ਰਿਤਘਣਤਾ ਦਾ ਅਹਿਸਾਸ ਕਰਵਾਇਆ ਹੈ। ਉਹ ਸੰਸਾਰਕ ਵਸਤੂਆਂ ਵਿਚ ਜਿਆਦਾ ਰੁਚਿਤ ਹੋਣ ਕਰ ਕੇ ਅਧਿਆਤਮ ਦੇ ਰਸਤੇ ਤੋਂ ਭਟਕ ਜਾਂਦਾ ਹੈ। ਇਨ੍ਹਾਂ ਛਿਣ-ਭੰਗਰ ਮਾਇਕੀ ਪਦਾਰਥਾਂ ਦੇ ਸੁਖ ਵਿਚ ਖਚਿਤ ਹੋਏ ਮਨੁਖ ਨੂੰ ਅਖੀਰ ਸਭ ਕੁਝ ਛੱਡ ਕੇ ਇਥੋਂ ਖਾਲੀ ਹੱਥ ਹੀ ਜਾਣਾ ਪੈਂਦਾ ਹੈ ਅਤੇ ਅਣਗਿਣਤ ਜੂਨਾਂ ਵਿਚ ਭਟਕਣ ਦੇ ਦੁਖ ਭੋਗਣੇ ਪੈਂਦੇ ਹਨ। ਜਦਕਿ ਪ੍ਰਭੂ ਦੇ ਨਾਮ ਨਾਲ ਜੁੜਣ ਵਾਲਾ ਮਨੁਖ ਮਾਇਕੀ ਪਦਾਰਥਾਂ ਦੇ ਮੋਹ ਤੋਂ ਮੁਕਤ ਹੋ ਕੇ ਸੰਸਾਰ ਤੋਂ ਆਪਣਾ ਜੀਵਨ ਸਫਲ ਕਰ ਜਾਂਦਾ ਹੈ। ਮਨੁਖੀ-ਜੀਵਨ ਦਾ ਅਸਲ ਉਦੇਸ਼ ਪ੍ਰਭੂ-ਭਗਤੀ ਰਾਹੀਂ ਪ੍ਰਭੂ ਦੀ ਦਰਗਾਹ ਵਿਚ ਪ੍ਰਵਾਨ ਹੋਣਾ ਹੀ ਹੈ। ਜਿਹੜੇ ਮਨੁਖ ਪ੍ਰਭੂ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾ ਦੇ ਸਾਰੇ ਅਉਗੁਣ, ਵਿਕਾਰ ਅਤੇ ਦੁਖ ਦੂਰ ਹੋ ਜਾਂਦੇ ਹਨ।
ਦੇਹ ਗੇਹ  ਨੇਹ ਨੀਤਾ   ਮਾਇਆ ਮਤ  ਕਹਾ ਲਉ ਗਾਰਹੁ
ਛਤ੍ਰ ਪਤ੍ਰ  ਚਉਰ ਚਾਵਰ   ਬਹਤੀ ਜਾਤ ਰਿਦੈ ਬਿਚਾਰਹੁ
ਰਥ ਅਸ੍ਵ  ਗਜ ਸਿੰਘਾਸਨ   ਛਿਨ ਮਹਿ ਤਿਆਗਤ ਨਾਂਗ ਸਿਧਾਰਹੁ
ਸੂਰ ਬੀਰ  ਮੀਰ ਖਾਨਮ   ਸੰਗਿ ਕੋਊ ਦ੍ਰਿਸਟਿ ਨਿਹਾਰਹੁ
ਕੋਟ ਓਟ  ਕੋਸ ਛੋਟਾ   ਕਰਤ ਬਿਕਾਰ ਦੋਊ ਕਰ ਝਾਰਹੁ
ਮਿਤ੍ਰ ਪੁਤ੍ਰ  ਕਲਤ੍ਰ ਸਾਜਨ ਸਖ   ਉਲਟਤ ਜਾਤ ਬਿਰਖ ਕੀ ਛਾਂਰਹੁ
ਦੀਨਦਯਾਲ ਪੁਰਖ ਪ੍ਰਭ ਪੂਰਨ   ਛਿਨ ਛਿਨ ਸਿਮਰਹੁ ਅਗਮ ਅਪਾਰਹੁ
ਸ੍ਰੀਪਤਿ ਨਾਥ  ਸਰਣਿ ਨਾਨਕ ਜਨ   ਹੇ ਭਗਵੰਤ  ਕ੍ਰਿਪਾ ਕਰਿ ਤਾਰਹੁ ॥੫॥
-ਗੁਰੂ ਗ੍ਰੰਥ ਸਾਹਿਬ ੧੩੮੮

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਵੱਈਏ ਵਿਚ ਗੁਰੂ ਸਾਹਿਬ ਮਨੁਖ ਨੂੰ ਸਮਝਾਉਂਦੇ ਹਨ ਕਿ ਉਸ ਦਾ ਇਹ ਸਰੀਰ, ਘਰ-ਬਾਰ ਅਤੇ ਰਿਸ਼ਤਿਆਂ ਦਾ ਮੋਹ ਸਦਾ ਰਹਿਣ ਵਾਲੇ ਨਹੀਂ ਹਨ। ਮੌਤ ਸਰੀਰ ਨੂੰ ਖਾ ਜਾਵੇਗੀ, ਘਰ-ਬਾਰ ਇਕ ਦਿਨ ਢਹਿ-ਢੇਰੀ ਹੋ ਜਾਣੇ ਹਨ ਤੇ ਪਿਆਰ-ਮੁਹੱਬਤਾਂ ਵੀ ਸਦਾ ਨਹੀਂ ਰਹਿੰਦੀਆਂ। ਅਸਲ ਵਿਚ ਇਹ ਸਭ ਕੁਝ ਝੂਠੇ ਛਲਾਵੇ ਹਨ। ਇਨ੍ਹਾਂ ਦਾ ਕਦ ਤਕ ਮਨੁਖ ਹੰਕਾਰ ਕਰਦਾ ਰਹੇਗਾ? ਇਹ ਤਾਂ ਸਭ ਨਾਸ਼ਵਾਨ ਹਨ, ਫਿਰ ਹੰਕਾਰ ਕਾਹਦਾ? ਝੂਠ ਉੱਤੇ ਝੂਠ ਦੇਰ ਤਕ ਨਹੀਂ ਟਿਕਿਆ ਰਹਿ ਸਕਦਾ।

ਫਿਰ ਗੁਰੂ ਸਾਹਿਬ ਦੱਸਦੇ ਹਨ ਕਿ ਰਾਜਿਆਂ-ਮਹਾਰਾਜਿਆਂ ਉੱਤੇ ਸ਼ਾਨਦਾਰ ਅਤੇ ਮਾਣ-ਮਰਿਆਦਾ ਦੇ ਸੰਕੇਤਕ ਛਤਰ ਝੁਲਦੇ ਹਨ, ਉਨ੍ਹਾਂ ਦੇ ਫੁਰਮਾਨ ਪੜ੍ਹ-ਪੜ੍ਹ ਕੇ ਸੁਣਾਏ ਜਾਂਦੇ ਹਨ ਤੇ ਚੌਰ ਕਰਨ ਵਾਲੇ ਉਨ੍ਹਾਂ ਦੇ ਸਿਰਾਂ ਉੱਤੇ ਚੌਰ ਕਰਦੇ ਹਨ। ਰਾਜੇ-ਮਹਾਰਾਜੇ ਇਸ ਸਭ ਕਾਸੇ ਨੂੰ ਸਦੀਵੀ ਮੰਨੀ ਬੈਠੇ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦੀ ਉਮਰ ਬੀਤਦੀ ਜਾ ਰਹੀ ਹੈ ਤੇ ਇਕ ਨਾ ਇਕ ਦਿਨ ਨਾ ਛਤਰ ਝੁਲਣਾ ਹੈ, ਨਾ ਫੁਰਮਾਨ ਪੜ੍ਹੇ ਜਾਣੇ ਹਨ ਤੇ ਨਾ ਹੀ ਚੌਰ ਕਰਨ ਵਾਲਿਆਂ ਨੇ ਚੌਰ ਕਰਨੇ ਹਨ। ਪਤਾ ਨਹੀਂ ਇਹ ਲੋਕ ਆਪਣੇ ਮਨ ਵਿਚ ਇਨ੍ਹਾਂ ਗੱਲਾਂ ਦੀ ਅਸਲੀਅਤ ਦਾ ਵਿਚਾਰ ਕਿਉਂ ਨਹੀਂ ਕਰਦੇ। ਪਤਾ ਨਹੀਂ ਕਿਉਂ ਉਹ ਮਾਣ-ਇੱਜਤ ਅਤੇ ਸ਼ਾਨੋ-ਸ਼ੌਕਤ ਦੇ ਝੂਠੇ ਛਲਾਵਿਆਂ ਵਿਚ ਪਰਚੇ ਹੋਏ ਹਨ।

ਰਾਜਿਆਂ-ਮਹਾਰਾਜਿਆਂ ਦੀ ਸ਼ਾਨ ਅਤੇ ਸੁਵਿਧਾ ਦੇ ਸਾਧਨਾਂ ਵਿਚ ਰੱਥ, ਰੱਥਾਂ ਨੂੰ ਖਿੱਚਣ ਵਾਲੇ ਘੋੜੇ, ਹਾਥੀ ਹੁੰਦੇ ਸਨ ਤੇ ਬੈਠਣ ਲਈ ਸਿੰਘਾਸਣ ਹੁੰਦੇ ਸਨ। ਗੁਰੂ ਸਾਹਿਬ ਦੱਸਦੇ ਹਨ ਕਿ ਰਾਜਿਆਂ ਦੇ ਜੀਵਨ ਵਿਚ ਇਕ ਨਾ ਇਕ ਦਿਨ ਅਜਿਹਾ ਆਉਂਦਾ ਹੈ ਕਿ ਨਾ ਰੱਥ ਰਹਿੰਦੇ ਹਨ, ਨਾ ਰੱਥਾਂ ਨੂੰ ਖਿੱਚਣ ਵਾਲੇ ਘੋੜੇ ਤੇ ਨਾ ਹੀ ਹਾਥੀ ਰਹਿੰਦੇ ਹਨ। ਇਥੋਂ ਤਕ ਕਿ ਉਨ੍ਹਾਂ ਦੇ ਬੈਠਣ ਲਈ ਬਣਾਏ ਸਿੰਘਾਸਣ ਵੀ ਹਮੇਸ਼ਾ ਨਹੀਂ ਰਹਿੰਦੇ। ਜਦ ਸਮਾਂ ਆਉਂਦਾ ਹੈ ਤਾਂ ਰਾਜ-ਭਾਗ, ਸ਼ਾਨੋ-ਸ਼ੌਕਤ ਅਤੇ ਸੁਖ-ਸਵਿਧਾਵਾਂ ਸਭ ਪਲ-ਛਿਣ ਵਿਚ ਹੀ ਉੱਡ-ਪੁੱਡ ਜਾਂਦੀਆਂ ਹਨ। ਕੁਝ ਵੀ ਸਦਾ ਨਹੀਂ ਰਹਿੰਦਾ। ਅਖੀਰ ਰਾਜੇ-ਮਹਾਰਾਜਿਆਂ ਨੂੰ ਵੀ ਸੰਸਾਰ ਵਿਚੋਂ ਖਾਲੀ ਹੱਥ ਹੀ ਜਾਣਾ ਪੈਂਦਾ ਹੈ ਤੇ ਸਭ ਕੁਝ ਇਥੇ ਹੀ ਰਹਿ ਜਾਂਦਾ ਹੈ। ਕੁਝ ਵੀ ਨਾਲ ਨਹੀਂ ਨਿਭਦਾ।

ਫਿਰ ਗੁਰੂ ਸਾਹਿਬ ਮਨੁਖ ਨੂੰ ਸਮਝਾਉਂਦੇ ਹਨ ਕਿ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਕਿ ਬਹਾਦਰ, ਯੋਧੇ ਅਤੇ ਰਾਜੇ-ਮਹਾਰਾਜਿਆਂ ਜਿਹੇ ਮਹਾਨ ਰੁਤਬਿਆਂ ਵਾਲੇ ਲੋਕ ਵੀ ਸਦਾ ਨਹੀਂ ਰਹਿੰਦੇ। ਇਹ ਮਨੁਖ ਲਈ ਇਸ਼ਾਰਾ ਹੈ ਕਿ ਜਦ ਕੋਈ ਵੀ ਹਮੇਸ਼ਾ ਨਹੀਂ ਰਹਿੰਦਾ ਫਿਰ ਕਾਹਦਾ ਮਾਣ ਕਰਨਾ ਹੈ ਤੇ ਕਾਹਦਾ ਏਨਾ ਭਰੋਸਾ ਕਰਨਾ ਹੈ? ਫਿਰ ਭਰੋਸਾ ਉਸੇ ਦਾ ਕਰਨਾ ਚਾਹੀਦਾ ਹੈ, ਜੋ ਸਦਾ ਰਹਿਣ ਵਾਲਾ ਹੈ। ਓਟ ਆਸਰਾ ਵੀ ਉਸੇ ਦਾ ਹੀ ਰਖਣਾ ਚਾਹੀਦਾ ਹੈ ਤੇ ਹਮੇਸ਼ਾ ਉਸ ਨੂੰ ਹੀ ਆਪਣੇ ਹਿਰਦੇ ਵਿਚ ਵਸਾਉਣਾ ਚਾਹੀਦਾ ਹੈ।

ਰਾਜੇ-ਮਹਾਰਾਜੇ ਆਪਣੀ ਸੁਰੱਖਿਆ ਲਈ ਕਿਲ੍ਹੇ ਬਣਾਉਂਦੇ ਹਨ, ਉੱਚੀਆਂ-ਉੱਚੀਆਂ ਚਾਰ-ਦੀਵਾਰਾਂ ਬਣਾਉਂਦੇ ਹਨ, ਖਜਾਨੇ ਭਰਦੇ ਹਨ ਤੇ ਫੌਜਾਂ ਭਰਤੀ ਕਰਦੇ ਹਨ। ਇਸ ਸਭ ਕਾਸੇ ਲਈ ਉਹ ਬਹੁਤ ਸਾਰੇ ਬੁਰੇ ਕੰਮ ਕਰਦੇ ਹਨ। ਪਰ ਇਹ ਕੁਝ ਵੀ ਸਦਾ ਨਹੀਂ ਰਹਿੰਦਾ। ਦੇਖਿਆ ਗਿਆ ਹੈ ਕਿ ਅਖੀਰ ਅਜਿਹਾ ਸਮਾਂ ਆ ਜਾਂਦਾ ਹੈ, ਜਦ ਨਾ ਕਿਲ੍ਹੇ ਕੰਮ ਆਉਂਦੇ ਹਨ, ਨਾ ਕਿਸੇ ਉੱਚੀ ਦੀਵਾਰ ਦਾ ਆਸਰਾ ਸਹਾਈ ਹੁੰਦਾ ਹੈ, ਨਾ ਖਜਾਨੇ ਕੰਮ ਆਉਂਦੇ ਹਨ ਤੇ ਇਥੋਂ ਤਕ ਕਿ ਫੌਜਾਂ ਵੀ ਸਾਥ ਛੱਡ ਦਿੰਦੀਆਂ ਹਨ। ਕੁਝ ਵੀ ਸਾਥ ਨਹੀਂ ਨਹੀਂ ਨਿਭਦਾ। ਮਨੁਖ ਬੇਮਤਲਬ ਹੀ ਇਸ ਸਭ ਕਾਸੇ ਲਈ ਬੁਰੇ ਕੰਮ ਕਰਦਾ ਹੈ। ਅਖੀਰ ਮਨੁਖ ਦੋਵੇਂ ਹੱਥ ਝਾੜ ਕੇ ਖਾਲੀ ਹੱਥ ਹੀ ਇਸ ਜਹਾਨ ਤੋਂ ਤੁਰ ਜਾਂਦਾ ਹੈ। ਇਸ ਤੱਥ ਵਿਚ ਸਿੱਖਿਆ ਹੈ ਕਿ ਮਨੁਖ ਨੂੰ ਕਾਸੇ ਲਈ ਵੀ ਬੁਰਾਈ ਦਾ ਸਹਾਰਾ ਨਹੀਂ ਲੈਣਾ ਚਾਹੀਦਾ ਕਿਉਂਕਿ ਬੁਰੇ ਕੰਮਾਂ ਦਾ ਸਿੱਟਾ ਉਸ ਨੂੰ ਹਰ ਹਾਲਤ ਵਿਚ ਭੁਗਤਣਾ ਪੈਂਦਾ ਹੈ। ਪਰ ਜਿਸ ਕਾਸੇ ਲਈ ਬੁਰਾਈ ਦਾ ਸਹਾਰਾ ਲੈਂਦਾ ਹੈ, ਆਖਰੀ ਸਮੇਂ ਉਹ ਵੀ ਕੰਮ ਨਹੀਂ ਆਉਂਦੇ।

ਮਨੁਖ ਦੇ ਕਿੰਨੇ ਮਿੱਤਰ ਬਣ ਜਾਂਦੇ ਹਨ, ਜੀਵਨ-ਸਾਥੀ ਅਤੇ ਬੱਚੇ ਹੁੰਦੇ ਹਨ। ਇਸ ਦੇ ਇਲਾਵਾ ਉਸ ਦੇ ਕਈ ਹੋਰ ਵੀ ਪਿਆਰੇ ਸੱਜਣ ਤੇ ਨਜਦੀਕੀ ਹੁੰਦੇ ਹਨ। ਮਨੁਖ ਇਨ੍ਹਾਂ ’ਤੇ ਨਿਰਭਰ ਕਰਨ ਲੱਗ ਪੈਂਦਾ ਹੈ ਕਿ ਇਹ ਹਮੇਸ਼ਾ ਉਸ ਦਾ ਸਾਥ ਦੇਣਗੇ ਤੇ ਔਖੇ ਵੇਲੇ ਕੰਮ ਆਉਣਗੇ। ਪਰ ਅਕਸਰ ਅਜਿਹਾ ਹੁੰਦਾ ਨਹੀਂ ਤੇ ਦੇਖਿਆ ਜਾਂਦਾ ਹੈ ਕਿ ਜਦ ਮਨੁਖ ’ਤੇ ਕੋਈ ਮੁਸ਼ਕਲ ਦਾ ਸਮਾਂ ਆਉਂਦਾ ਹੈ ਤਾਂ ਇਹ ਸਾਰੇ ਰਿਸ਼ਤੇ ਰੁਖ ਦੀ ਛਾਂ ਵਾਂਗ ਪਾਸਾ ਪਰਤ ਜਾਂਦੇ ਹਨ। ਕੋਈ ਵੀ ਉਸ ਦੇ ਨਾਲ ਨਹੀਂ ਨਿਭਦਾ। ਇਸ ਲਈ ਮਨੁਖ ਪ੍ਰਭੂ ਨੂੰ ਹਮੇਸ਼ਾ ਯਾਦ ਰਖੇ। ਉਹੀ ਹਮੇਸ਼ਾ ਸਾਥ ਦੇਣ ਵਾਲਾ ਤੇ ਨਾਲ ਨਿਭਣ ਵਾਲਾ ਹੈ।

ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਉਹ ਇਕੋ-ਇਕ ਮਹਾਨ ਹਸਤੀ ਪ੍ਰਭੂ ਹੀ ਇੰਨਾ ਪਰਿਪੂਰਨ ਜਾਂ ਸੰਪੰਨ ਹੈ, ਜੋ ਬੇਸਹਾਰੇ ਤੇ ਗਰੀਬ ਲੋਕਾਂ ਪ੍ਰਤੀ ਹਮੇਸ਼ਾ ਕਿਰਪਾਲੂ ਰਹਿੰਦਾ ਹੈ। ਬੇਸ਼ੱਕ ਉਹ ਕਿਸੇ ਦੀ ਵੀ ਪਹੁੰਚ ਵਿਚ ਨਹੀਂ ਹੈ ਤੇ ਨਾ ਹੀ ਉਸ ਦਾ ਕੋਈ ਅੰਤ ਹੈ। ਫਿਰ ਵੀ ਉਹੀ ਸਭ ਦੀ ਸਹਾਇਤਾ ਕਰਦਾ ਹੈ। ਇਸ ਲਈ ਉਸ ਨੂੰ ਹਮੇਸ਼ਾ ਅਤੇ ਪਲ-ਪਲ ਚੇਤੇ ਰਖਣਾ ਤੇ ਹਿਰਦੇ ਵਿਚ ਵਸਾਈ ਰਖਣਾ ਚਾਹੀਦਾ ਹੈ। ਉਸ ਦੇ ਬੇਅੰਤ ਹੋਣ ਵਿਚ ਇਹ ਵੀ ਸੰਕੇਤ ਹੈ ਕਿ ਉਹ ਹਰ ਮੁਸ਼ਕਲ ਹੱਲ ਕਰ ਸਕਦਾ ਹੈ। 

ਸਵੱਈਏ ਦੇ ਅਖੀਰ ਵਿਚ ਗੁਰੂ ਸਾਹਿਬ ਪ੍ਰਭੂ ਅਗੇ ਬੇਨਤੀ ਕਰਦੇ ਹਨ ਕਿ ਸਭ ਦੀ ਕਿਸਮਤ ਦੇ ਘੜਨਹਾਰੇ ਪ੍ਰਭੂ ਜੀ! ਮਿਹਰ ਕਰੋ ਤੇ ਇਸ ਡਰਾਉਣੇ ਸਮੁੰਦਰ ਜਿਹੇ ਜੀਵਨ ਵਿਚੋਂ ਸਫਲਤਾਪੂਰਵਕ ਪਾਰ ਲੰਘਾ ਦੇਵੋ ਤਾਂ ਜੋ ਮਨੁਖ ਦਾ ਜੀਵਨ ਸੁਖੀ-ਸੁਖੀ ਬਸਰ ਹੋਵੇ ਤੇ ਕੋਈ ਮੁਸ਼ਕਲ ਨਾ ਰਹੇ। ਕਿਉਂਕਿ ਇਸ ਮੁਸ਼ਕਲ ਭਰਪੂਰ ਜੀਵਨ ਵਿਚ ਮਨੁਖ ਦਾ ਪ੍ਰਭੂ ਦੇ ਬਗੈਰ ਹੋਰ ਕੋਈ ਸਹਾਰਾ ਨਹੀਂ ਹੈ ਤੇ ਜਿਨ੍ਹਾਂ ਨੂੰ ਮਨੁਖ ਗਲਤੀ ਨਾਲ ਸਹਾਰੇ ਸਮਝ ਲੈਂਦਾ ਹੈ, ਉਹ ਕਦੇ ਕਿਸੇ ਦੇ ਕੰਮ ਨਹੀਂ ਆਉਂਦੇ।

Tags