Guru Granth Sahib Logo
  
ਇਨ੍ਹਾਂ ਸਵੱਈਆਂ ਵਿਚ ਗੁਰੂ ਅਰਜਨ ਸਾਹਿਬ ਦੁਆਰਾ ਮਨੁਖ ਨੂੰ ਉਸ ਦੀ ਅਣਗਹਿਲੀ ਅਤੇ ਅਕ੍ਰਿਤਘਣਤਾ ਦਾ ਅਹਿਸਾਸ ਕਰਵਾਇਆ ਹੈ। ਉਹ ਸੰਸਾਰਕ ਵਸਤੂਆਂ ਵਿਚ ਜਿਆਦਾ ਰੁਚਿਤ ਹੋਣ ਕਰ ਕੇ ਅਧਿਆਤਮ ਦੇ ਰਸਤੇ ਤੋਂ ਭਟਕ ਜਾਂਦਾ ਹੈ। ਇਨ੍ਹਾਂ ਛਿਣ-ਭੰਗਰ ਮਾਇਕੀ ਪਦਾਰਥਾਂ ਦੇ ਸੁਖ ਵਿਚ ਖਚਿਤ ਹੋਏ ਮਨੁਖ ਨੂੰ ਅਖੀਰ ਸਭ ਕੁਝ ਛੱਡ ਕੇ ਇਥੋਂ ਖਾਲੀ ਹੱਥ ਹੀ ਜਾਣਾ ਪੈਂਦਾ ਹੈ ਅਤੇ ਅਣਗਿਣਤ ਜੂਨਾਂ ਵਿਚ ਭਟਕਣ ਦੇ ਦੁਖ ਭੋਗਣੇ ਪੈਂਦੇ ਹਨ। ਜਦਕਿ ਪ੍ਰਭੂ ਦੇ ਨਾਮ ਨਾਲ ਜੁੜਣ ਵਾਲਾ ਮਨੁਖ ਮਾਇਕੀ ਪਦਾਰਥਾਂ ਦੇ ਮੋਹ ਤੋਂ ਮੁਕਤ ਹੋ ਕੇ ਸੰਸਾਰ ਤੋਂ ਆਪਣਾ ਜੀਵਨ ਸਫਲ ਕਰ ਜਾਂਦਾ ਹੈ। ਮਨੁਖੀ-ਜੀਵਨ ਦਾ ਅਸਲ ਉਦੇਸ਼ ਪ੍ਰਭੂ-ਭਗਤੀ ਰਾਹੀਂ ਪ੍ਰਭੂ ਦੀ ਦਰਗਾਹ ਵਿਚ ਪ੍ਰਵਾਨ ਹੋਣਾ ਹੀ ਹੈ। ਜਿਹੜੇ ਮਨੁਖ ਪ੍ਰਭੂ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾ ਦੇ ਸਾਰੇ ਅਉਗੁਣ, ਵਿਕਾਰ ਅਤੇ ਦੁਖ ਦੂਰ ਹੋ ਜਾਂਦੇ ਹਨ।
ਰੰਚਕ ਰੇਤ ਖੇਤ ਤਨਿ ਨਿਰਮਿਤ   ਦੁਰਲਭ ਦੇਹ ਸਵਾਰਿ ਧਰੀ
ਖਾਨ ਪਾਨ ਸੋਧੇ ਸੁਖ ਭੁੰਚਤ   ਸੰਕਟ ਕਾਟਿ ਬਿਪਤਿ ਹਰੀ
ਮਾਤ ਪਿਤਾ ਭਾਈ ਅਰੁ ਬੰਧਪ   ਬੂਝਨ ਕੀ ਸਭ ਸੂਝ ਪਰੀ
ਬਰਧਮਾਨ ਹੋਵਤ ਦਿਨ ਪ੍ਰਤਿ ਨਿਤ   ਆਵਤ ਨਿਕਟਿ ਬਿਖੰਮ ਜਰੀ
ਰੇ ਗੁਨਹੀਨ ਦੀਨ ਮਾਇਆ ਕ੍ਰਿਮ   ਸਿਮਰਿ ਸੁਆਮੀ ਏਕ ਘਰੀ
ਕਰੁ ਗਹਿ ਲੇਹੁ ਕ੍ਰਿਪਾਲ ਕ੍ਰਿਪਾਨਿਧਿ   ਨਾਨਕ  ਕਾਟਿ ਭਰੰਮ ਭਰੀ ॥੩॥
-ਗੁਰੂ ਗ੍ਰੰਥ ਸਾਹਿਬ ੧੩੮੭

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਵੱਈਏ ਵਿਚ ਮਨੁਖ ਦੀ ਦੇਹੀ ਦੇ ਨਿਰਮਾਣ ਬਾਰੇ ਦੱਸਿਆ ਹੈ ਕਿ ਪ੍ਰਭੂ ਨੇ ਕਿੰਨਾਂ ਅਸਚਰਜ ਵਿਧਾਨ ਬਣਾਇਆ ਹੈ ਕਿ ਇਸਤਰੀ ਦੇ ਸਰੀਰ ਵਿਚ ਸਿਰਫ ਜ਼ਰਾ ਜਿੰਨਾ ਵੀਰਜ ਹੀ ਬੀਜ ਵਜੋਂ ਰਖ ਦਿੱਤਾ ਜਾਵੇ ਤਾਂ ਮਨੁਖ ਦੀ ਬੜੀ ਹੀ ਦੁਰਲਭ ਦੇਹੀ ਤਿਆਰ ਹੋ ਜਾਂਦੀ ਹੈ। ਭਾਵ ਮਨੁਖ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੀ ਦੇਹੀ ਦਾ ਨਿਰਮਾਤਾ ਸਿਰਫ ਪ੍ਰਭੂ ਹੈ। ਕਿਉਕਿ ਉਸ ਦੇ ਬਣਾਏ ਨਿਯਮ ਤਹਿਤ ਹੀ ਮਨੁਖ ਜਨਮ ਲੈਂਦਾ ਹੈ ਤੇ ਉਸ ਨੂੰ ਦੇਹ ਨਸੀਬ ਹੁੰਦੀ ਹੈ।

ਮਾਤਾ ਦੇ ਗਰਭ ਵਿਚ ਵੀ ਪ੍ਰਭੂ ਹੀ ਮਨੁਖ ਦੀ ਹਿਫਾਜਤ ਕਰਦਾ ਹੈ। ਮਾਤਾ ਦੇ ਗਰਭ ਵਿਚ ਇਸ ਦਾ ਮੁਖ ਹੇਠਾਂ ਵੱਲ ਤੇ ਪੈਰ ਉਪਰ ਵੱਲ ਸਨ, ਹਨ੍ਹੇਰੇ ਤੇ ਜਠਰ ਅਗਨੀ ਵਿਚ ਉਹ ਤਪ ਰਿਹਾ ਹੁੰਦਾ ਹੈ ਤਾਂ ਇਸ ਸਥਿਤੀ ਦੌਰਾਨ ਰਖਿਆ ਕੇਵਲ ਪ੍ਰਭੂ ਹੀ ਕਰਦਾ ਹੈ। ਫਿਰ ਜਦ ਮਨੁਖ ਵਡਾ ਹੁੰਦਾ ਹੈ ਤਾਂ ਉਸ ਦੇ ਖਾਣ-ਪੀਣ ਤੇ ਰਹਿਣ-ਸਹਿਣ ਲਈ ਵੀ ਪ੍ਰਭੂ ਨੇ ਕਿੰਨੇ ਹੀ ਭਾਂਤ-ਭਾਂਤ ਦੇ ਬੰਦੋਬਸਤ ਕੀਤੇ ਹੋਏ ਹਨ, ਜਿਨ੍ਹਾਂ ਦਾ ਉਹ ਹਮੇਸ਼ਾ ਸੁਖ ਭੋਗਦਾ ਹੈ।

ਜਿਵੇਂ-ਜਿਵੇਂ ਮਨੁਖ ਵਡਾ ਹੋਣ ਲੱਗਦਾ ਹੈ, ਤਿਵੇਂ-ਤਿਵੇਂ ਸੂਝ-ਬੂਝ ਦਾ ਵਿਕਾਸ ਹੁੰਦਾ ਹੈ। ਉਸ ਨੂੰ ਸਭ ਤੋਂ ਪਹਿਲਾਂ ਇਹ ਸੋਝੀ ਪ੍ਰਾਪਤ ਹੁੰਦੀ ਹੈ ਕਿ ਉਸ ਦੀ ਮਾਂ ਕਿਹੜੀ ਹੈ, ਪਿਤਾ ਕੌਣ ਹੈ, ਭੈਣ-ਭਾਈ ਕੌਣ ਹਨ ਅਤੇ ਹੋਰ ਸਾਕ-ਸੰਬੰਧੀ ਕਿਹੜੇ-ਕਿਹੜੇ ਹਨ। ਇਸ ਪੜਾਅ ’ਤੇ ਆ ਕੇ ਉਸ ਨੂੰ ਆਪਣੇ-ਪਰਾਏ ਰਿਸ਼ਤਿਆਂ ਦੀ ਸੋਝੀ ਹੋ ਜਾਂਦੀ ਹੈ। ਪਹਿਲਾਂ ਉਹ ਕੇਵਲ ਰਿਸ਼ਤਿਆਂ ਨੂੰ ਸਿਰਫ ਮਾਣਦਾ ਸੀ, ਜਾਣਦਾ ਨਹੀਂ ਸੀ। ਹੁਣ ਵਡਾ ਹੋਣ ’ਤੇ ਉਸ ਨੂੰ ਰਿਸ਼ਤਿਆਂ ਦੀ ਸਮਝ ਆਉਂਦੀ ਹੈ। ਕਿਉਂਕਿ ਰਿਸ਼ਤਿਆਂ ਨੂੰ ਮਾਣਨਾ ਤੇ ਜਾਣਨਾ ਦੋ ਗੱਲਾਂ ਹਨ। 

ਖਾਂਦਿਆਂ-ਪੀਦਿਆਂ, ਰਿਸ਼ਤਿਆਂ ਨੂੰ ਹੰਢਾਉਂਦਿਆਂ ਹੋਇਆਂ ਦਿਨੋ-ਦਿਨ ਦੇਹੀ ਵਧ ਰਹੀ ਹੈ, ਭਾਵ ਉਮਰ ਵਿਚ ਵਡਾ ਹੋ ਰਿਹਾ ਹੈ। ਪਰ ਇਸ ਨੂੰ ਇਹ ਭੁੱਲ ਜਾਂਦਾ ਹੈ ਕਿ ਅਤਿ ਕਠਨਾਈਆਂ ਨਾਲ ਭਰਪੂਰ ਬੁੱਢੇਪੇ ਵਾਲੀ ਔਖੀ ਦਸ਼ਾ ਨੇੜੇ ਆ ਰਹੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਜਿਸ ਪ੍ਰਭੂ ਨੇ ਇਸ ਉੱਤੇ ਬੇਅੰਤ ਬਖਸ਼ਿਸ਼ਾਂ ਕੀਤੀਆਂ, ਮਨੁਖਾ ਦੇਹੀ ਦਿੱਤੀ, ਰਿਸ਼ਤੇ-ਨਾਤੇ ਦਿੱਤੇ, ਪਦਾਰਥ ਦਿੱਤੇ, ਸਭ ਸੁਖ-ਸੁਵਿਧਾਵਾਂ ਦਿੱਤੀਆਂ, ਉਸ ਮਾਲਕ ਦਾ ਸ਼ੁਕਰਾਨਾ ਇਸ ਨੇ ਕਦੇ ਵੀ ਨਹੀਂ ਕੀਤਾ।

ਉਪਰੋਕਤ ਅਵਸਥਾ ਆਲੇ ਮਨੁਖ ਦੀ ਹਾਲਤ ਬਹੁਤ ਤਰਸਜੋਗ ਹੋ ਜਾਂਦੀ ਹੈ। ਸਾਰੀ ਜਿੰਦਗੀ ਉਹ ਮਾਇਆਵੀ ਪਦਾਰਥਾਂ ਵਿਚ ਮਾਇਆ ਦਾ ਹੀ ਕੀੜਾ ਬਣਕੇ ਖਚਿਤ ਰਹਿੰਦਾ ਹੈ। ਮਾਇਆਵੀ ਸੁਭਾਅ ਕਰ ਕੇ ਉਹ ਆਪਣੇ ਸਭ ਰੱਬੀ ਗੁਣ ਗਵਾ ਕੇ ਕੰਗਾਲ ਹੋ ਜਾਂਦਾ ਹੈ। ਅਜਿਹੇ ਦੀਨ ਭਾਵ ਅਤਿ ਦਰਜੇ ਦੇ ਦੁਖੀ ਮਨੁਖ ਨੂੰ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਅਜੇ ਵੀ ਮੌਕਾ ਹੈ, ਤੂੰ ਇਕਾਗਰ ਚਿੱਤ ਹੋ ਕੇ ਦਾਤਾਂ ਦੇਣ ਵਾਲੇ ਪ੍ਰਭੂ ਦਾ ਸਿਮਰਨ ਕਰ, ਭਾਵ ਉਸ ਦੇ ਗੁਣਾਂ ਨੂੰ ਆਪਣੇ ਹਿਰਦੇ ਵਿਚ ਵਸਾ।

ਅਖੀਰ ਵਿਚ ਗੁਰੂ ਅਰਜਨ ਸਾਹਿਬ ਮਾਇਆ ਦੀ ਕੈਦ ਵਿਚ ਜਕੜੇ ਹੋਏ ਜੀਵ ਨੂੰ ਪ੍ਰਭੂ ਅੱਗੇ ਅਰਦਾਸ ਕਰਨ ਦਾ ਜਾਚ ਦੱਸਦੇ ਹੋਏ ਪ੍ਰਭੂ ਅੱਗੇ ਬੇਨਤੀ ਕਰਦੇ ਹਨ ਕਿ ਹੇ ਦਿਆਲੂ-ਕਿਰਪਾਲੂ ਪ੍ਰਭੂ! ਮੇਰੇ ਉੱਤੇ ਤਰਸ ਕਰੋ, ਵਿਸ਼ੇ-ਵਿਕਾਰਾਂ ਦੇ ਭਵਜਲ ਵਿਚ ਮੈਂ ਡੁੱਬ ਰਿਹਾਂ ਹਾਂ, ਭਾਵ ਮੈਨੂੰ ਸੰਸਾਰਕ ਪਦਾਰਥਾਂ ਵਿਚ ਖਚਿਤ ਹੋਏ ਨੂੰ ਤੁਸੀਂ ਬਾਂਹ ਫੜ ਕੇ ਬਾਹਰ ਕੱਢ ਲਵੋ ਅਤੇ ਜੀਵਨ ਵਿਚ ਭਰਮ ਪੈਦਾ ਕਰਨ ਵਾਲੀ ਅਗਿਆਨਤਾ ਦੀ ਫਾਹੀ ਕੱਟ ਦਿਓ। ਭਾਵ, ਹਰ ਪ੍ਰਕਾਰ ਦੇ ਬੰਧਨਾਂ ਤੋਂ ਮੇਰੀ ਬੰਦ-ਖਲਾਸੀ ਕਰਾ ਦਿਓ।

Tags