Guru Granth Sahib Logo
  
ਇਨ੍ਹਾਂ ਸਵੱਈਆਂ ਵਿਚ ਗੁਰੂ ਅਰਜਨ ਸਾਹਿਬ ਦੁਆਰਾ ਮਨੁਖ ਨੂੰ ਉਸ ਦੀ ਅਣਗਹਿਲੀ ਅਤੇ ਅਕ੍ਰਿਤਘਣਤਾ ਦਾ ਅਹਿਸਾਸ ਕਰਵਾਇਆ ਹੈ। ਉਹ ਸੰਸਾਰਕ ਵਸਤੂਆਂ ਵਿਚ ਜਿਆਦਾ ਰੁਚਿਤ ਹੋਣ ਕਰ ਕੇ ਅਧਿਆਤਮ ਦੇ ਰਸਤੇ ਤੋਂ ਭਟਕ ਜਾਂਦਾ ਹੈ। ਇਨ੍ਹਾਂ ਛਿਣ-ਭੰਗਰ ਮਾਇਕੀ ਪਦਾਰਥਾਂ ਦੇ ਸੁਖ ਵਿਚ ਖਚਿਤ ਹੋਏ ਮਨੁਖ ਨੂੰ ਅਖੀਰ ਸਭ ਕੁਝ ਛੱਡ ਕੇ ਇਥੋਂ ਖਾਲੀ ਹੱਥ ਹੀ ਜਾਣਾ ਪੈਂਦਾ ਹੈ ਅਤੇ ਅਣਗਿਣਤ ਜੂਨਾਂ ਵਿਚ ਭਟਕਣ ਦੇ ਦੁਖ ਭੋਗਣੇ ਪੈਂਦੇ ਹਨ। ਜਦਕਿ ਪ੍ਰਭੂ ਦੇ ਨਾਮ ਨਾਲ ਜੁੜਣ ਵਾਲਾ ਮਨੁਖ ਮਾਇਕੀ ਪਦਾਰਥਾਂ ਦੇ ਮੋਹ ਤੋਂ ਮੁਕਤ ਹੋ ਕੇ ਸੰਸਾਰ ਤੋਂ ਆਪਣਾ ਜੀਵਨ ਸਫਲ ਕਰ ਜਾਂਦਾ ਹੈ। ਮਨੁਖੀ-ਜੀਵਨ ਦਾ ਅਸਲ ਉਦੇਸ਼ ਪ੍ਰਭੂ-ਭਗਤੀ ਰਾਹੀਂ ਪ੍ਰਭੂ ਦੀ ਦਰਗਾਹ ਵਿਚ ਪ੍ਰਵਾਨ ਹੋਣਾ ਹੀ ਹੈ। ਜਿਹੜੇ ਮਨੁਖ ਪ੍ਰਭੂ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾ ਦੇ ਸਾਰੇ ਅਉਗੁਣ, ਵਿਕਾਰ ਅਤੇ ਦੁਖ ਦੂਰ ਹੋ ਜਾਂਦੇ ਹਨ।
ਕੀਰਤਿ ਕਰਨ ਸਰਨ ਮਨਮੋਹਨ   ਜੋਹਨ ਪਾਪ ਬਿਦਾਰਨ ਕਉ
ਹਰਿ ਤਾਰਨ ਤਰਨ  ਸਮਰਥ ਸਭੈ ਬਿਧਿ   ਕੁਲਹ ਸਮੂਹ ਉਧਾਰਨ ਸਉ
ਚਿਤ ਚੇਤਿ ਅਚੇਤ  ਜਾਨਿ ਸਤਸੰਗਤਿ   ਭਰਮ ਅੰਧੇਰ ਮੋਹਿਓ ਕਤ ਧਂਉ
ਮੂਰਤ ਘਰੀ ਚਸਾ ਪਲੁ ਸਿਮਰਨ   ਰਾਮ ਨਾਮੁ ਰਸਨਾ ਸੰਗਿ ਲਉ
ਹੋਛਉ ਕਾਜੁ  ਅਲਪ ਸੁਖ  ਬੰਧਨ   ਕੋਟਿ ਜਨੰਮ ਕਹਾ ਦੁਖ ਭਂਉ
ਸਿਖੵਾ ਸੰਤ ਨਾਮੁ ਭਜੁ ਨਾਨਕ   ਰਾਮ ਰੰਗਿ ਆਤਮ ਸਿਉ ਰਂਉ ॥੨॥
-ਗੁਰੂ ਗ੍ਰੰਥ ਸਾਹਿਬ ੧੩੮੭

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਵੱਈਏ ਵਿਚ ਗੁਰੂ ਅਰਜਨ ਸਾਹਿਬ ਨਿਮਰ ਭਾਵ ਵਿਚ ਬੁਰਾਈਆਂ ਤੋਂ ਮੁਕਤ ਹੋਣ ਲਈ ਮਾਰਗ-ਦਰਸ਼ਨ ਕਰਦੇ ਹਨ ਕਿ ਜੇ ਮਨੁਖ ਚਾਹੁੰਦਾ ਹੈ ਕਿ ਉਸ ਦੇ ਮਨ ’ਤੇ ਬੋਝ ਬਣੇ ਹੋਏ ਬੁਰੇ ਕਰਮਾਂ ਦਾ ਸਾਰਾ ਹਿਸਾਬ ਹੀ ਪਾੜ ਦਿੱਤਾ ਜਾਵੇ ਅਤੇ ਉਹ ਬਿਲਕੁਲ ਮੁਕਤ ਹੋ ਜਾਵੇ ਤਾਂ ਉਸ ਕੋਲ ਇਕ ਹੀ ਰਾਹ ਬਚਦਾ ਹੈ ਕਿ ਉਹ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ ਦੀ ਸ਼ਰਣ ਵਿਚ ਚਲਿਆ ਜਾਵੇ। ਮਨਮੋਹਣੇ ਪ੍ਰਭੂ ਦੀ ਸ਼ਰਣ ਵਿਚ ਜਾ ਕੇ ਉਸ ਦੀ ਕੀਰਤੀ ਕਰਨ ਨਾਲ ਮਨੁਖ, ਮਿਹਰ ਦੀ ਦ੍ਰਿਸ਼ਟੀ ਪ੍ਰਾਪਤ ਕਰਨ ਦਾ ਪਾਤਰ ਬਣ ਜਾਂਦਾ ਹੈ। ਪ੍ਰਭੂ ਦੀ ਸਿਫਤਿ-ਸ਼ਲਾਘਾ ਕਰਨ ਨਾਲ ਹੀ ਮਨੁਖ ਦਾ ਪਾਪਾਂ ਤੋਂ ਛੁਟਕਾਰਾ ਹੋ ਸਕਦਾ ਹੈ। ਨਹੀਂ ਤਾਂ ਬੁਰੇ ਕਰਮਾਂ ਦਾ ਭਾਰ ਉਸ ਨੂੰ ਚੁੱਕਣਾ ਹੀ ਪੈਣਾ ਹੈ ਤੇ ਪ੍ਰਭੂ ਦੇ ਲੜ ਲੱਗਣ ਤੋਂ ਬਿਨਾਂ ਉਸ ਕੋਲ ਹੋਰ ਕੋਈ ਰਾਹ ਨਹੀਂ ਹੈ। ਬੁਰੇ ਕਰਮਾਂ ਦੇ ਫਲ ਭੁਗਤਣ ਤੋਂ ਸਿਰਫ ਉਹੀ ਬਚਾ ਸਕਦਾ ਹੈ।

ਉਹ ਹਰੀ-ਪ੍ਰਭੂ ਪਾਪਾਂ ਵਿਚ ਗਲਤਾਨ ਮਨੁਖ ਨੂੰ ਵਿਸ਼ੇ-ਵਿਕਾਰਾਂ ਦੇ ਭਿਆਨਕ ਸਮੁੰਦਰ ਤੋਂ ਪਾਰ ਕਰਾਉਣ ਵਾਲੀ ਅਜਿਹੀ ਕਿਸ਼ਤੀ ਹੈ, ਜੋ ਕੇਵਲ ਉਸ ਮਨੁਖ ਨੂੰ ਹੀ ਨਹੀਂ ਬਲਕਿ ਉਸ ਦੇ ਪੂਰੇ ਦੇ ਪੂਰੇ ਖਾਨਦਾਨ ਦਾ ਪਾਰ-ਉਤਾਰਾ ਕਰਨ ਲਈ ਹਰ ਤਰ੍ਹਾਂ ਨਾਲ ਸਮਰੱਥ ਹੈ। ਪ੍ਰਭੂ ਦੀ ਸ਼ਰਣ ਹੀ ਉਹ ਬੇੜੀ ਹੈ, ਜਿਸ ਦੇ ਡੋਲਣ, ਟੁੱਟਣ ਤੇ ਡੁੱਬਣ ਦਾ ਬਿਲਕੁਲ ਵੀ ਕੋਈ ਖਤਰਾ ਨਹੀਂ ਹੈ। ਯਕੀਨਨ ਪ੍ਰਭੂ ਸਭ ਨੂੰ ਵਿਸ਼ੇ-ਵਿਕਾਰਾਂ ਰੂਪੀ ਭਵਜਲ ਤੋਂ ਪਾਰ ਕਰਾਉਣ ਦੇ ਸਮਰੱਥ ਹੈ। 

ਭੁੱਲੇ ਹੋਏ ਮਨੁਖ ਨੂੰ ਨਸੀਹਤ ਕੀਤੀ ਗਈ ਹੈ ਕਿ ਉਹ ਪ੍ਰਭੂ ਦਾ ਨਾਮ-ਸਿਮਰਨ ਕਰੇ। ਰੱਬੀ ਗੁਣਾਂ ਦੀ ਪ੍ਰਾਪਤੀ ਲਈ ਉਸ ਨੂੰ ਸਾਧ-ਸੰਗਤ ਦਾ ਪੱਲਾ ਫੜਨਾ ਪਵੇਗਾ। ਇਸ ਦੇ ਨਾਲ ਉਸ ਨੂੰ ਸੁਚੇਤ ਕਰਦਿਆਂ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਅਗਿਆਨਤਾ ਰੂਪੀ ਹਨ੍ਹੇਰਾ ਜੀਵਨ ਦੀ ਵਡੀ ਸਮੱਸਿਆ ਹੈ, ਇਸ ਕਾਰਣ ਹੀ ਮਨੁਖ ਸੰਸਾਰੀ ਮੋਹ ਵਿਚ ਫਸਿਆ ਭਟਕਦਾ ਰਹਿੰਦਾ ਹੈ ਤੇ ਬੁਰਿਆਈਆਂ ਵਿਚ ਉਲਝ ਜਾਂਦਾ ਹੈ।

ਮਨੁਖ ਦੁਨਿਆਵੀ ਧੰਦਿਆਂ ਵਿਚ ਗ੍ਰਸਤ ਹੋ ਕੇ ਪ੍ਰਭੂ ਨੂੰ ਭੁਲਾ ਦਿੰਦਾ ਹੈ। ਉਸ ਨੂੰ ਪ੍ਰੇਰਨਾ ਦਿੱਤੀ ਗਈ ਹੈ ਕਿ ਉਹ ਹੋਰ ਨਹੀਂ ਤਾਂ ਜਿੰਨਾ ਵੀ ਹੋ ਸਕੇ ਘੜੀ, ਛਿਣ-ਪਲ ਭਾਵ ਕੁਝ ਨਾ ਕੁਝ ਸਮਾਂ ਆਪਣੀ ਰਸਨਾ ਨਾਲ ਪ੍ਰਭੂ ਦਾ ਨਾਮ ਜਰੂਰ ਜਪਿਆ ਕਰੇ। ਇਥੇ ਜਪਣ ਦਾ ਅਰਥ, ਤੋਤਾ ਰਟਨ ਨਹੀਂ ਬਲਕਿ ਉਸ ਦੇ ਗੁਣਾਂ ਨੂੰ ਹਿਰਦੇ ਵਿਚ ਵਸਾਉਣ ਤੋਂ ਹੈ, ਭਾਵ ਮਨੁਖ ਰੱਬੀ ਗੁਣਾਂ ਨੂੰ ਅੰਗੀਕਾਰ ਕਰੇ ਤਾਂ ਜੋ ਮਨ ਦੇ ਵਿਕਾਰ ਦੂਰ ਹੋ ਸਕਣ ਤੇ ਮਨੁਖ ਬੁਰੇ ਕੰਮ ਛੱਡ ਕੇ ਚੰਗੇ ਕੰਮੀ ਲੱਗ ਸਕੇ। ਸਮੇਂ ਨੂੰ ਮਾਪਣ ਲਈ ਪੁਰਾਣੇ ਸਮੇਂ ਵਿਚ ਮਹੂਰਤ, ਘੜੀ, ਚਸਾ ਅਤੇ ਪਲ ਆਦਿ ਵਰਤੇ ਜਾਂਦੇ ਸਨ ਜਿਵੇਂ ਅੱਜਕੱਲ੍ਹ ਸਕਿੰਟ, ਮਿੰਟ ਅਤੇ ਘੰਟੇ ਆਦਿ ਵਰਤੇ ਜਾਂਦੇ ਹਨ।

ਪ੍ਰਭੂ ਦੇ ਸਿਮਰਨ ਦੀ ਬਜਾਏ ਮਨੁਖ ਉਨ੍ਹਾਂ ਦੁਨਿਆਵੀ ਕੰਮਾਂ ਵਿਚ ਉਲਝਿਆ ਰਹਿੰਦਾ ਹੈ, ਜੋ ਨਖਿੱਧ ਹਨ। ਜਿਨ੍ਹਾਂ ਦਾ ਸੁਖ ਤਾਂ ਨਾ ਮਾਤਰ ਹੀ ਹੁੰਦਾ ਹੈ, ਪਰ ਉਹ ਕੰਮ ਸੱਚ ਦੇ ਮਾਰਗ ਉੱਤੇ ਚਲਣ ਵਿਚ ਬੰਧਨ ਪੈਦਾ ਕਰਨ ਦਾ ਸਬੱਬ ਬਣਦੇ ਹਨ। ਇਨ੍ਹਾਂ ਕਾਰਣ ਮਨੁਖ ਕਰੋੜਾਂ ਜਨਮਾਂ ਦੇ ਦੁਖਾਂ ਵਿਚ ਘਿਰ ਜਾਂਦਾ ਹੈ? ਚੰਗੇ ਕੰਮ, ਜਿਨ੍ਹਾਂ ਨੂੰ ਕਰਦਿਆਂ ਕੁਝ ਕਸ਼ਟ ਭਾਵੇਂ ਬੇਸ਼ਕ ਹੋਵੇ ਪਰ ਉਹ ਕੰਮ ਮਨੁਖ ਲਈ ਸੁਖ ਤੇ ਸ਼ਾਂਤੀ ਦੇ ਸਾਧਨ ਬਣਦੇ ਹਨ। ਦੂਜੇ ਪਾਸੇ ਬੁਰੇ ਕੰਮ, ਜਿਨ੍ਹਾਂ ਨੂੰ ਕਰਦੇ ਹੋਏ ਮਨੁਖ ਨੂੰ ਬੇਸ਼ਕ ਕੁਝ ਰਾਹਤ ਮਹਿਸੂਸ ਹੁੰਦੀ ਹੋਵੇ ਪਰ ਉਹ ਮਨੁਖ ਲਈ ਅਨੇਕ ਜਨਮਾਂ ਦੇ ਦੁਖ ਸਹੇੜਨ ਵਾਲੀ ਗੱਲ ਹੁੰਦੀ ਹੈ। ਇਥੇ ਅਜਿਹੇ ਕੰਮਾਂ ਨੂੰ ਹੋਛੇ, ਭਾਵ ਤੁਛ ਦੱਸਿਆ ਗਿਆ ਹੈ।

ਸੋ ਅਖੀਰ ਵਿਚ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਜੇਕਰ ਮਨੁਖ ਹਰ ਪ੍ਰਕਾਰ ਦੇ ਦੁਖ ਅਤੇ ਬੰਧਨਾਂ ਤੋਂ ਮੁਕਤ ਹੋਣਾ ਚਾਹੁੰਦਾ ਹੈ ਤਾਂ ਇਸ ਲਈ ਉਹ ਆਪਣੀ ਰਸਨਾ ਦੁਆਰਾ ਪ੍ਰੇਮ ਵਿਚ ਭਿੱਜ ਕੇ ਪ੍ਰਭੂ ਦਾ ਨਾਮ-ਸਿਮਰਨ ਕਰੇ। ਸੰਤ-ਸਤਿਗੁਰੂ ਦੀ ਇਹ ਸਿਖਿਆ ਜੀਵਨ ਨੂੰ ਸਵਾਰਨ ਲਈ ਹੈ। ਜੋ ਆਪਣੇ ਅੰਤਰ ਆਤਮੇ ਨਾਲ ਇਕ ਸੁਰ ਹੋ ਕੇ ਨਾਮ ਸਿਮਰਦਾ ਹੈ, ਉਹ ਹੀ ਆਤਮਕ ਆਨੰਦ ਮਾਣਦਾ ਹੈ। ਇਹੀ ਇਕੋ-ਇਕ ਮਹਾਨ ਕਾਰਜ ਹੈ, ਜਿਸ ਨਾਲ ਮਨੁਖ ਸਦੀਵੀ ਸੁਖ ਮਹਿਸੂਸ ਕਰ ਸਕਦਾ ਹੈ। ਬਾਕੀ ਸਾਰੇ ਕੰਮ ਥੋੜ੍ਹ-ਚਿਰਾ ਸੁਖ ਦੇ ਕੇ ਮਨੁਖ ਨੂੰ ਉਮਰਾਂ ਦੇ ਦੁਖ ਸਹੇੜ ਜਾਂਦੇ ਹਨ।

Tags