ਇਨ੍ਹਾਂ
ਸਵੱਈਆਂ ਵਿਚ ਗੁਰੂ ਅਰਜਨ ਸਾਹਿਬ ਦੁਆਰਾ ਮਨੁਖ ਨੂੰ ਉਸ ਦੀ ਅਣਗਹਿਲੀ ਅਤੇ ਅਕ੍ਰਿਤਘਣਤਾ ਦਾ ਅਹਿਸਾਸ ਕਰਵਾਇਆ ਹੈ। ਉਹ ਸੰਸਾਰਕ ਵਸਤੂਆਂ ਵਿਚ ਜਿਆਦਾ ਰੁਚਿਤ ਹੋਣ ਕਰ ਕੇ ਅਧਿਆਤਮ ਦੇ ਰਸਤੇ ਤੋਂ ਭਟਕ ਜਾਂਦਾ ਹੈ। ਇਨ੍ਹਾਂ ਛਿਣ-ਭੰਗਰ ਮਾਇਕੀ ਪਦਾਰਥਾਂ ਦੇ ਸੁਖ ਵਿਚ ਖਚਿਤ ਹੋਏ ਮਨੁਖ ਨੂੰ ਅਖੀਰ ਸਭ ਕੁਝ ਛੱਡ ਕੇ ਇਥੋਂ ਖਾਲੀ ਹੱਥ ਹੀ ਜਾਣਾ ਪੈਂਦਾ ਹੈ ਅਤੇ ਅਣਗਿਣਤ ਜੂਨਾਂ ਵਿਚ ਭਟਕਣ ਦੇ ਦੁਖ ਭੋਗਣੇ ਪੈਂਦੇ ਹਨ। ਜਦਕਿ ਪ੍ਰਭੂ ਦੇ
ਨਾਮ ਨਾਲ ਜੁੜਣ ਵਾਲਾ ਮਨੁਖ ਮਾਇਕੀ ਪਦਾਰਥਾਂ ਦੇ ਮੋਹ ਤੋਂ
ਮੁਕਤ ਹੋ ਕੇ ਸੰਸਾਰ ਤੋਂ ਆਪਣਾ ਜੀਵਨ ਸਫਲ ਕਰ ਜਾਂਦਾ ਹੈ। ਮਨੁਖੀ-ਜੀਵਨ ਦਾ ਅਸਲ ਉਦੇਸ਼ ਪ੍ਰਭੂ-ਭਗਤੀ ਰਾਹੀਂ ਪ੍ਰਭੂ ਦੀ ਦਰਗਾਹ ਵਿਚ ਪ੍ਰਵਾਨ ਹੋਣਾ ਹੀ ਹੈ। ਜਿਹੜੇ ਮਨੁਖ ਪ੍ਰਭੂ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾ ਦੇ ਸਾਰੇ ਅਉਗੁਣ, ਵਿਕਾਰ ਅਤੇ ਦੁਖ ਦੂਰ ਹੋ ਜਾਂਦੇ ਹਨ।
ਸਵਯੇ ਸ੍ਰੀ ਮੁਖਬਾਕੵ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਕਾਚੀ ਦੇਹ ਮੋਹ ਫੁਨਿ ਬਾਂਧੀ ਸਠ ਕਠੋਰ ਕੁਚੀਲ ਕੁਗਿਆਨੀ ॥
ਧਾਵਤ ਭ੍ਰਮਤ ਰਹਨੁ ਨਹੀ ਪਾਵਤ ਪਾਰਬ੍ਰਹਮ ਕੀ ਗਤਿ ਨਹੀ ਜਾਨੀ ॥
ਜੋਬਨ ਰੂਪ ਮਾਇਆ ਮਦ ਮਾਤਾ ਬਿਚਰਤ ਬਿਕਲ ਬਡੌ ਅਭਿਮਾਨੀ ॥
ਪਰ ਧਨ ਪਰ ਅਪਵਾਦ ਨਾਰਿ ਨਿੰਦਾ ਯਹ ਮੀਠੀ ਜੀਅ ਮਾਹਿ ਹਿਤਾਨੀ ॥
ਬਲਬੰਚ ਛਪਿ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰਜਾਮੀ ॥
ਸੀਲ ਧਰਮ ਦਯਾ ਸੁਚ ਨਾਸ੍ਤਿ ਆਇਓ ਸਰਨਿ ਜੀਅ ਕੇ ਦਾਨੀ ॥
ਕਾਰਣ ਕਰਣ ਸਮਰਥ ਸਿਰੀਧਰ ਰਾਖਿ ਲੇਹੁ ਨਾਨਕ ਕੇ ਸੁਆਮੀ ॥੧॥
-ਗੁਰੂ ਗ੍ਰੰਥ ਸਾਹਿਬ ੧੩੮੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸ੍ਰਿਸ਼ਟੀ ਦਾ ਕਰਤਾ, ਪਾਲਕ ਤੇ ਵਿਨਾਸ਼ਕ ਉਹ ਪਰਮ ਹਸਤੀ ਪ੍ਰਭੂ ਇਕ ਹੈ। ਉਸ ਦੀ ਕਿਰਤ ਰੂਪ ਸ੍ਰਿਸ਼ਟੀ ਬਹੁਵਚਨੀ ਅਨੇਕਤਾ ਵਿਚ ਹੈ। ਇਸ ਸ੍ਰਿਸ਼ਟੀ ਦੇ ਕਰਤੇ ਵਜੋਂ ਉਹ ਆਪ ਇਕੋ ਸੱਚ-ਸਰੂਪ ਹੈ। ਪ੍ਰਭੂ ਆਪਣੇ ਸੱਚ ਦੇ ਗਿਆਨ ਦਾ ਪ੍ਰਕਾਸ਼ ਕਰਕੇ ਆਪਣੀ ਮਿਹਰ ਕਰਦਾ, ਸਾਡਾ ਮਾਰਗ-ਦਰਸ਼ਨ ਕਰਦਾ ਹੈ। ਜਿਸ ਉੱਤੇ ਉਹ ਮਿਹਰ ਕਰੇ, ਉਸ ਨੂੰ ਹੀ ਇਹ ਗਿਆਨ ਰੂਪ ਸੱਚ ਪ੍ਰਾਪਤ ਹੁੰਦਾ ਹੈ। ਉਸ ਸੱਚ ਦੀ ਰੌਸ਼ਨੀ ਵਿਚ ਹਰ ਕੋਈ ਆਪਣਾ ਜੀਵਨ ਸਫਲਤਾ-ਪੂਰਵਕ ਜੀਅ ਸਕਦਾ ਹੈ।
ਇਸ ਸਵੱਈਏ ਵਿਚ ਗੁਰੂ ਅਰਜਨ ਸਾਹਿਬ ਅਜਿਹੇ ਮਨੁਖ ਦੀ ਅਵਸਥਾ ਦੱਸਦੇ ਹਨ, ਜਿਹੜਾ ਬੇਹੱਦ ਬੁਰੇ ਸੁਭਾਅ ਵਾਲਾ ਹੈ ਅਤੇ ਜਿਸ ਦੀ ਅੰਤਰੀਵ ਹਾਲਤ ਵਿਸ਼ੇ-ਵਿਕਾਰਾਂ ਵਿਚ ਬੁਰੀ ਤਰ੍ਹਾਂ ਗਲਤਾਨ ਹੈ। ਗੁਰੂ ਕਿਰਪਾ ਸਦਕਾ ਉਸ ਨੂੰ ਆਪਣੀ ਅੰਦਰਲੀ ਵਿਗੜੀ ਹੋਈ ਹਾਲਤ ਬਾਰੇ ਪਤਾ ਲੱਗ ਗਿਆ ਹੈ ਤੇ ਉਹ ਆਪਣੇ ਦੋਸ਼ ਸਵੀਕਾਰ ਕਰਦਾ ਹੋਇਆ ਵਿਸ਼ੇ-ਵਿਕਾਰਾਂ ਤੋਂ ਬਚਣ ਹਿਤ, ਬਖਸ਼ਣਹਾਰੇ ਪ੍ਰਭੂ ਅੱਗੇ ਅਰਜੋਈਆਂ-ਬੇਨਤੀਆਂ ਕਰ ਰਿਹਾ ਹੈ।
ਅਜਿਹੇ ਮਨੁਖ ਦੀ ਥਾਂ ਖੜ੍ਹ ਕੇ, ਪ੍ਰਭੂ ਨੂੰ ਮੁਖਾਤਬ ਹੁੰਦਿਆਂ ਗੁਰੂ ਸਾਹਿਬ, ਪ੍ਰਭੂ ਦੀ ਬਖਸ਼ਿਸ਼ ਪ੍ਰਾਪਤੀ ਹਿਤ ਸਾਡਾ ਮਾਰਗ-ਦਰਸ਼ਨ ਕਰਦੇ ਹੋਏ ਫੁਰਮਾਉਂਦੇ ਹਨ ਕਿ ਮੇਰਾ ਸਰੀਰ ਬਿਨਸਣਹਾਰ ਹੈ, ਭਾਵ ਇਹ ਸਦੀਵੀ ਹੋਂਦ-ਹਸਤੀ ਵਾਲਾ ਨਹੀਂ ਹੈ। ਇਹ ਉਸ ਕੱਚੇ ਭਾਂਡੇ ਵਾਂਗ ਹੈ, ਜੋ ਹਰ ਰੋਜ ਖੁਰ ਰਿਹਾ ਹੈ। ਇਕ ਦਿਨ ਅਜਿਹਾ ਆਵੇਗਾ, ਜਦ ਇਸ ਸਰੀਰ ਦੀ ਹੋਂਦ-ਹਸਤੀ ਖਤਮ ਹੋ ਜਾਵੇਗੀ; ਫਿਰ ਵੀ ਇਹ ਸੰਸਾਰਕ ਮੋਹ ਹੀ ਵਿਚ ਫਸਿਆ ਰਹਿੰਦਾ ਹੈ। ਮੋਹ ਅਧੀਨ ਮੈਂ-ਮੇਰੀ ਵਿਚ ਪਿਆ ਹੋਇਆ ਮੈਂ ਮੰਦੇ ਕਰਮ ਕਰਦਾ ਹਾਂ ਅਤੇ ਆਚਰਣ ਪੱਖੋਂ ਬਹੁਤ ਨੀਵਾਂ ਡਿੱਗ ਚੁੱਕਾ ਹਾਂ। ਦੂਜਿਆਂ ਦੇ ਪ੍ਰਤੀ ਕਠੋਰਤਾ ਹੋਣ ਕਾਰਣ ਮੇਰੇ ਸੁਭਾਅ ਵਿਚ ਕੁਰੱਖਤੀ ਅਤੇ ਨਿਰਦੈਤਾ ਵੀ ਹੈ। ਇੰਨਾ ਹੀ ਨਹੀਂ, ਮੇਰੀ ਸੋਚ ਵੀ ਬਹੁਤ ਮਲੀਨ ਹੈ, ਹਰ ਸਮੇਂ ਹਰ ਥਾਂ ਮੇਰੇ ਅੰਦਰ ਮੰਦੇ ਖਿਆਲ ਫੁੱਟਦੇ ਰਹਿੰਦੇ ਹਨ। ਗਿਆਨਹੀਣ ਹੋਣ ਕਾਰਣ ਮੇਰੀ ਹਾਲਤ ਅਜਿਹੀ ਹੋ ਚੁੱਕੀ ਹੈ ਕਿ ਮੈਂ ਠੀਕ-ਗਲਤ ਦਾ ਵੀ ਨਿਰਣਾ ਨਹੀਂ ਕਰ ਪਾਉਂਦਾ। ਖੋਟੀ ਮਤ ਕਰਕੇ ਹਮੇਸ਼ਾ ਵਿਸ਼ੇ-ਵਿਕਾਰਾਂ ਵਿਚ ਹੀ ਉਲਝਿਆ ਰਹਿੰਦਾ ਹਾਂ।
ਅਗਿਆਨਤਾ ਅਤੇ ਭੈੜੇ ਆਚਰਣ ਕਾਰਣ ਮੈਂ ਵਿਸ਼ੇ-ਵਿਕਾਰਾਂ ਦੀ ਹਵਸ ਵਿਚ ਅੰਨ੍ਹਾ ਹੋਇਆ ਹਮੇਸ਼ਾ ਭਟਕਦਾ ਰਹਿੰਦਾ ਹਾਂ। ਲੋਭ ਵਿਚ ਫਸੇ ਹੋਏ ਮੇਰੇ ਮਨ ਨੂੰ ਟਿਕਾਅ ਨਹੀਂ ਹੈ ਅਤੇ ਇਕ ਪਲ ਲਈ ਵੀ ਚੈਨ ਨਹੀਂ। ਹੇ ਪ੍ਰਭੂ! ਇਸ ਦੁਨਿਆਵੀ ਦੌੜ-ਭੱਜ ਵਿਚ ਮੈਂ ਤੈਨੂੰ ਵਿਸਾਰ ਦਿੱਤਾ ਹੈ। ਮੈਂ ਤੇਰੇ ਗੁਣਾਂ ਦੀ ਅਹਿਮੀਅਤ ਨਹੀਂ ਸਮਝੀ ਅਤੇ ਵਿਕਾਰਾਂ ਨਾਲ ਹੀ ਸਾਂਝ ਪਾਈ ਰਖੀ।
ਹੇ ਪ੍ਰਭੂ ਤੇਰੇ ਨਾਲੋਂ ਟੁੱਟਿਆ ਹੋਇਆ ਮਨੁਖ ਤੇਰੀਆਂ ਦਾਤਾਂ ਨੂੰ ਆਪਣੀਆਂ ਸਮਝ ਲੈਂਦਾ ਹੈ, ਜਿਸ ਕਾਰਣ ਉਸ ਵਿਚੋਂ ਸੁੱਤੇ-ਸਿੱਧ ਹੀ ਹੰਕਾਰ ਦੀ ਬੋਅ ਆਉਣ ਲੱਗ ਪੈਂਦੀ ਹੈ। ਜੁਆਨੀ, ਸੁੰਦਰਤਾ ਅਤੇ ਮਾਇਕੀ ਪਦਾਰਥਾਂ ਦੇ ਨਸ਼ੇ ਵਿਚ ਮਸਤ ਹੋ ਕੇ ਮੈਂ ਵੀ ਹੰਕਾਰੀ ਬਿਰਤੀ ਦਾ ਧਾਰਨੀ ਹੋ ਗਿਆ ਹਾਂ। ਸੱਚੀ ਗੱਲ ਤਾਂ ਇਹ ਹੈ ਕਿ ਆਪਣੇ ਹੰਕਾਰ ਨੂੰ ਸੰਤੁਸ਼ਟ ਕਰਨ ਵਾਲੀਆਂ ਹਰਕਤਾਂ ਵਿਚ ਉਲਝਿਆ ਹੋਣ ਕਰਕੇ ਮੈਂ ਹਰ ਸਮੇਂ ਬੇਚੈਨ ਰਹਿੰਦਾ ਹਾਂ ਅਤੇ ਮੈਨੂੰ ਇਕ ਪਲ ਵੀ ਟਿਕਾਅ ਨਹੀਂ ਹੁੰਦਾ।
ਮੇਰੀ ਬਿਰਤੀ ਹਰ ਸਮੇਂ ਪਰਾਏ ਧਨ ’ਤੇ ਟਿਕੀ ਰਹਿੰਦੀ ਹੈ, ਭਾਵ ਮੈਂ ਉਸ ਧਨ ਨੂੰ ਹਾਸਲ ਕਰਨਾ ਚਾਹੁੰਦਾ ਹਾਂ। ਦੂਜਿਆਂ ਦੀਆਂ ਗੱਲਾਂ ਵਧਾ ਚੜ੍ਹਾ ਕੇ ਕਰਦਾ ਹਾਂ, ਦੂਜਿਆਂ ਦੀਆਂ ਔਰਤਾਂ ਪ੍ਰਤੀ ਮੈਲੀ ਨਜ਼ਰ ਰਖਦਾ ਹਾਂ ਤੇ ਦੂਜਿਆਂ ਦੀ ਬਦਖੋਈ, ਨਿੰਦਿਆ ਚੁਗਲੀ ਜਾਂ ਬੁਰਾਈ ਕਰਨ ਵਿਚ ਵਧੇਰੇ ਦਿਲਚਸਪੀ ਰਖਦਾ ਹਾਂ। ਇਹ ਸਾਰੇ ਮੰਦੇ ਕਰਮਾਂ ਰੂਪੀ ਔਗੁਣ ਮੇਰੇ ਮਨ ਨੂੰ ਬਹੁਤ ਚੰਗੇ ਲੱਗਦੇ ਹਨ।
ਧੱਕੇ ਨਾਲ ਕਿਸੇ ਦਾ ਹੱਕ ਮਾਰਨ ਦਾ ਜਤਨ ਵੀ ਕਰਦਾ ਹਾਂ ਅਤੇ ਜਿਥੇ ਵਸ ਨਾ ਚੱਲੇ, ਉਥੇ ਲੁਕ-ਛਿਪ ਕੇ ਜਾਂ ਚੋਰੀ ਦੂਜੇ ਦਾ ਮਾਲ-ਧਨ ਹਥਿਆਉਣ ਲਈ ਜਤਨ ਕਰਦਾ ਹਾਂ। ਭਾਵੇਂ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਦਾ, ਪਰ ਹੇ ਪ੍ਰਭੂ! ਤੂੰ ਤਾਂ ਹਰ ਕਿਸੇ ਦੇ ਦਿਲ ਵਿਚ ਵਸਦਾ ਹੈ ਤੇ ਹਰ ਕਿਸੇ ਦੇ ਅੰਦਰਲਾ ਭੇਤ ਜਾਣਦਾ ਹੈ। ਤੇਰੇ ਤੋਂ ਕੁਝ ਵੀ ਛੁਪਾਇਆ ਨਹੀਂ ਜਾ ਸਕਦਾ ਕਿਉਂਕਿ ਤੂੰ ਸਭ ਕੁਝ ਦੇਖਦਾ-ਸੁਣਦਾ ਹੈਂ। ਇਹ ਅੱਖਾਂ ਤੇ ਇਹ ਕੰਨ ਅਸਲ ਵਿਚ ਤੇਰੇ ਹੀ ਦਿੱਤੇ ਹੋਏ ਹਨ ਤੇ ਇਨ੍ਹਾਂ ਰਾਹੀਂ ਤੂੰ ਸਭ ਕੁਝ ਦੇਖਦਾ ਤੇ ਸੁਣਦਾ ਹੈਂ।
ਮੇਰੇ ਸੁਭਾਅ ਵਿਚ ਮਿਠਾਸ ਅਤੇ ਠਰੰਮਾ ਨਹੀਂ ਹੈ, ਨਾ ਹੀ ਧਰਮ ਦਾ ਭਾਵ ਹੈ, ਨਾ ਹੀ ਮੈਨੂੰ ਕਿਸੇ ’ਤੇ ਦਇਆ ਆਉਂਦੀ ਹੈ ਤੇ ਨਾ ਹੀ ਮੇਰੇ ਮਨ ਵਿਚ ਪਵਿੱਤਰਤਾ ਦਾ ਅਹਿਸਾਸ ਜਾਗਦਾ ਹੈ। ਜਦੋਂ ਮਨੁਖ ਸਾਰੇ ਰੱਬੀ ਗੁਣਾਂ ਨੂੰ ਤਿਲਾਂਜਲੀ ਦੇ ਦਿੰਦਾ ਹੈ ਅਤੇ ਔਗੁਣ ਭਰਪੂਰ ਜੀਵਨ ਜੀਅ ਰਿਹਾ ਹੁੰਦਾ ਹੈ ਤਾਂ ਉਸ ਦੀ ਅਵਸਥਾ ਬਹੁਤ ਦੁਖਮਈ ਬਣ ਜਾਂਦੀ ਹੈ, ਕਿਤੇ ਉਸ ਨੂੰ ਸਕੂਨ ਨਹੀਂ ਮਿਲਦਾ। ਇਸ ਲਈ ਮੈਂ ਇਨ੍ਹਾਂ ਔਗੁਣਾਂ ਤੋਂ ਤੰਗ ਪਰੇਸ਼ਾਨ ਹੋ ਕੇ ਤੇਰੀ ਸ਼ਰਣ ਵਿਚ ਆਇਆ ਹਾਂ। ਹੇ ਪ੍ਰਭੂ! ਤੂੰ ਜੀਵਨ ਦਾਨ ਦੇਣ ਅਤੇ ਬੁਰਾਈਆਂ ਤੋਂ ਹਟਾ ਕੇ ਚੰਗੇ ਜੀਵਨ ਮਾਰਗ ’ਤੇ ਤੋਰਨ ਵਾਲਾ ਹੈਂ।
ਅਖੀਰ ਵਿਚ ਗੁਰੂ ਅਰਜਨ ਸਾਹਿਬ ਇਹੋ-ਜਿਹੇ ਜੀਵਾਂ ਨੂੰ ਪ੍ਰਭੂ ਅੱਗੇ ਅਰਦਾਸ ਬੇਨਤੀ ਕਰਨੀ ਸਿਖਾ ਰਹੇ ਹਨ ਕਿ ਹੇ ਸ੍ਰਿਸ਼ਟੀ ਨੂੰ ਬਣਾਉਣ ਵਾਲੇ, ਸ੍ਰਿਸ਼ਟੀ ਰਚਨਾ ਦੇ ਮੂਲ ਕਾਰਣ ਸਮਰੱਥ ਪ੍ਰਭੂ, ਪ੍ਰਕਿਰਤੀ ਦੇ ਮਾਲਕ, ਗੁਰੂ ਨਾਨਕ ਸਾਹਿਬ ਦੇ ਸੁਆਮੀ! ਆਪ ਜੀ ਦੇ ਸਨਮੁਖ ਸਨਿਮਰ ਬੇਨਤੀ ਹੈ ਕਿ ਆਪਣੀ ਮਿਹਰ ਦੀ ਦ੍ਰਿਸ਼ਟੀ ਕਰ ਕੇ ਮੈਨੂੰ ਸਭ ਬੁਰਾਈਆਂ ਤੋਂ ਬਚਾ ਲਵੋ। ਕਿਉਂਕਿ ਬੁਰਾਈਆਂ ਬੰਦੇ ਦਾ ਜੀਣਾ ਮੁਸ਼ਕਲ ਕਰੀ ਰਖਦੀਆਂ ਹਨ ਤੇ ਪਲ ਭਰ ਵੀ ਚੈਨ ਨਹੀਂ ਲੈਣ ਦਿੰਦੀਆਂ। ਸਿਰਫ ਤੂੰ ਹੀ ਹੈਂ ਜੋ ਕਿਸੇ ਨੂੰ ਜੀਵਨ ਦੇ ਸਹੀ ਮਾਰਗ ’ਤੇ ਤੋਰ ਸਕਦਾ ਹੈਂ।