Guru Granth Sahib Logo
  
ਇਨ੍ਹਾਂ ਸਵੱਈਆਂ ਵਿਚ ਗੁਰੂ ਅਰਜਨ ਸਾਹਿਬ ਦੁਆਰਾ ਮਨੁਖ ਨੂੰ ਉਸ ਦੀ ਅਣਗਹਿਲੀ ਅਤੇ ਅਕ੍ਰਿਤਘਣਤਾ ਦਾ ਅਹਿਸਾਸ ਕਰਵਾਇਆ ਹੈ। ਉਹ ਸੰਸਾਰਕ ਵਸਤੂਆਂ ਵਿਚ ਜਿਆਦਾ ਰੁਚਿਤ ਹੋਣ ਕਰ ਕੇ ਅਧਿਆਤਮ ਦੇ ਰਸਤੇ ਤੋਂ ਭਟਕ ਜਾਂਦਾ ਹੈ। ਇਨ੍ਹਾਂ ਛਿਣ-ਭੰਗਰ ਮਾਇਕੀ ਪਦਾਰਥਾਂ ਦੇ ਸੁਖ ਵਿਚ ਖਚਿਤ ਹੋਏ ਮਨੁਖ ਨੂੰ ਅਖੀਰ ਸਭ ਕੁਝ ਛੱਡ ਕੇ ਇਥੋਂ ਖਾਲੀ ਹੱਥ ਹੀ ਜਾਣਾ ਪੈਂਦਾ ਹੈ ਅਤੇ ਅਣਗਿਣਤ ਜੂਨਾਂ ਵਿਚ ਭਟਕਣ ਦੇ ਦੁਖ ਭੋਗਣੇ ਪੈਂਦੇ ਹਨ। ਜਦਕਿ ਪ੍ਰਭੂ ਦੇ ਨਾਮ ਨਾਲ ਜੁੜਣ ਵਾਲਾ ਮਨੁਖ ਮਾਇਕੀ ਪਦਾਰਥਾਂ ਦੇ ਮੋਹ ਤੋਂ ਮੁਕਤ ਹੋ ਕੇ ਸੰਸਾਰ ਤੋਂ ਆਪਣਾ ਜੀਵਨ ਸਫਲ ਕਰ ਜਾਂਦਾ ਹੈ। ਮਨੁਖੀ-ਜੀਵਨ ਦਾ ਅਸਲ ਉਦੇਸ਼ ਪ੍ਰਭੂ-ਭਗਤੀ ਰਾਹੀਂ ਪ੍ਰਭੂ ਦੀ ਦਰਗਾਹ ਵਿਚ ਪ੍ਰਵਾਨ ਹੋਣਾ ਹੀ ਹੈ। ਜਿਹੜੇ ਮਨੁਖ ਪ੍ਰਭੂ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾ ਦੇ ਸਾਰੇ ਅਉਗੁਣ, ਵਿਕਾਰ ਅਤੇ ਦੁਖ ਦੂਰ ਹੋ ਜਾਂਦੇ ਹਨ।
ਉਦਮੁ ਕਰਿ ਲਾਗੇ ਬਹੁ ਭਾਤੀ   ਬਿਚਰਹਿ ਅਨਿਕ ਸਾਸਤ੍ਰ ਬਹੁ ਖਟੂਆ
ਭਸਮ ਲਗਾਇ ਤੀਰਥ ਬਹੁ ਭ੍ਰਮਤੇ   ਸੂਖਮ ਦੇਹ  ਬੰਧਹਿ ਬਹੁ ਜਟੂਆ
ਬਿਨੁ ਹਰਿ ਭਜਨ ਸਗਲ ਦੁਖ ਪਾਵਤ   ਜਿਉ ਪ੍ਰੇਮ ਬਢਾਇ ਸੂਤ ਕੇ ਹਟੂਆ
ਪੂਜਾ ਚਕ੍ਰ ਕਰਤ ਸੋਮਪਾਕਾ   ਅਨਿਕ ਭਾਂਤਿ ਥਾਟਹਿ ਕਰਿ ਥਟੂਆ ॥੨॥੧੧॥੨੦॥
-ਗੁਰੂ ਗ੍ਰੰਥ ਸਾਹਿਬ ੧੩੮੯

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਅੰਤਲੇ ਸਵੱਈਏ ਵਿਚ ਗੁਰੂ ਅਰਜਨ ਸਾਹਿਬ ਦੱਸਦੇ ਹਨ ਕਿ ਅਧਿਆਤਮਕ ਮਾਰਗ ਉੱਤੇ ਤੁਰੇ ਹੋਏ ਬਹੁਤਾਤ ਲੋਕ ਪਰਮਾਰਥ ਪ੍ਰਾਪਤੀ ਲਈ ਅਤੇ ਆਪਣੇ ਜੀਵਨ ਵਿਚ ਖੇੜੇ ਤੇ ਵਿਕਾਸ ਲਈ, ਕਈ ਢੰਗ-ਤਰੀਕੇ ਅਪਣਾਉਂਦੇ ਹਨ, ਭਾਵ ਕਰਮਕਾਂਡਾਂ ਵਿਚ ਫਸੇ ਰਹਿੰਦੇ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਆਪਣੇ ਜੀਵਨ ਨੂੰ ਮੰਗਲਮਈ ਬਣਾਉਣ ਲਈ ਛੇ ਸ਼ਾਸਤਰਾਂ ਦੀਆਂ ਅਨੇਕ ਵਿਆਖਿਆਵਾਂ ਦੀ ਵਿਚਾਰ-ਚਰਚਾ ਕਰਦੇ ਹਨ। ਪੁਰਾਤਨ ਭਾਰਤੀ ਅਧਿਆਤਮਕ ਅਨੁਭਵਾਂ ਨੂੰ ਛੇ ਸ਼ਾਸਤਰਾਂ ਵਿਚ ਖੋਲ੍ਹ ਕੇ ਸਮਝਾਇਆ ਗਿਆ ਹੈ ਤੇ ਲੋਕ ਉਨ੍ਹਾਂ ਦੀ ਮਦਦ ਨਾਲ ਆਪਣੇ ਜੀਵਨ ਵਿਚ ਖੇੜਾ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਕੋਈ ਕਰਮਕਾਂਡ ਪੜ੍ਹਦਾ ਹੈ, ਕੋਈ ਗਿਅਨਕਾਂਡ ਪੜ੍ਹਦਾ ਹੈ, ਕੋਈ ਸਾਂਖ, ਕੋਈ ਯੋਗ, ਕੋਈ ਨਿਆਏ ਤੇ ਕੋਈ ਵਿਸ਼ੇਸ਼ਕ ਦੀ ਵਿਚਾਰ ਕਰਦਾ ਹੈ। ਭਾਵ, ਬਹੁਤ ਸਾਰੇ ਲੋਕ ਅਨੇਕ ਕਿਸਮ ਦੇ ਯਤਨ ਕਰਦੇ ਹਨ ਕਿ ਉਨ੍ਹਾਂ ਦੇ ਜੀਵਨ ਦਾ ਕਲਿਆਣ ਹੋ ਸਕੇ ਤੇ ਉਹ ਹਰ ਪਖ ਤੋਂ ਸੁਖੀ ਜੀਵਨ ਬਤੀਤ ਕਰ ਸਕਣ।

ਕੁਝ ਲੋਕ ਸਨਿਆਸ ਲੈ ਲੈਂਦੇ ਹਨ ਤੇ ਆਪਣੀਆਂ ਇਛਾਵਾਂ ਨੂੰ ਮਾਰਨ ਦੇ ਪ੍ਰਤੀਕ ਵਜੋਂ ਦੇਹੀ ’ਤੇ ਸੁਆਹ ਮਲ ਕੇ ਤੀਰਥ ਅਸਥਾਨਾ ’ਤੇ ਹੀ ਘੁੰਮਦੇ-ਫਿਰਦੇ ਰਹਿੰਦੇ ਹਨ। ਉਹ ਕਈ ਤਰ੍ਹਾਂ ਦੇ ਸੰਜਮ ਅਪਣਾਉਂਦੇ ਹਨ, ਜਿਨ੍ਹਾਂ ਨਾਲ ਉਹ ਆਪਣੀ ਦੇਹੀ ਨੂੰ ਹੀ ਕਮਜ਼ੋਰ ਕਰ ਲੈਂਦੇ ਹਨ। ਬਹੁਤ ਸਾਰਿਆਂ ਨੇ ਸਿਰ ਉੱਤੇ ਜਟਾਵਾਂ ਦਾ ਵਡਾ ਸਾਰਾ ਜੂੜਾ ਕੀਤਾ ਹੁੰਦਾ ਹੈ। ਇਸ ਤਰ੍ਹਾਂ ਦੇ ਅਨੇਕ ਲੋਕ ਆਪਣੇ ਅਧਿਆਤਮਕ ਵਿਕਾਸ, ਭਾਵ ਜੀਵਨ ਦੇ ਸੁਖ ਅਨੰਦ ਲਈ ਜਤਨ ਕਰਦੇ ਦੇਖੇ ਜਾਂਦੇ ਹਨ। 

ਗੁਰੂ ਸਾਹਿਬ ਅਜਿਹੇ ਲੋਕਾਂ ਦੀ ਉਦਾਹਰਣ ਵੀ ਦਿੰਦੇ ਹਨ ਜੋ ਦੇਹੀ ਦੇ ਅੰਗਾਂ ’ਤੇ ਕਈ ਚੱਕਰ ਆਦਿ ਬਣਾਉਂਦੇ ਹਨ ਤੇ ਕਿਸੇ ਦੇ ਹੱਥ ਦਾ ਬਣਿਆ ਖਾਣਾ ਨਹੀਂ ਖਾਂਦੇ ਤੇ ਸਿਰਫ ਆਪਣੇ ਹੱਥੀਂ ਬਣਾਇਆ ਖਾਣਾ ਹੀ ਖਾਂਦੇ ਹਨ। ਅਜਿਹੇ ਲੋਕ ਕਿੰਨੇ ਹੀ ਤਰ੍ਹਾਂ ਦੇ ਹੋਰ ਅਡੰਬਰ ਸਿਰਜ ਲੈਂਦੇ ਹਨ। ਇਥੇ ਅਜਿਹੇ ਜਤਨਾ ਨੂੰ ਅਡੰਬਰ ਕਹਿਣ ਦਾ ਅਰਥ ਹੈ ਕਿ ਇਹ ਸਾਰੇ ਜਤਨ ਫਜੂਲ ਹਨ ਤੇ ਮਨੁਖ ਨੂੰ ਆਤਮਕ ਤੌਰ ’ਤੇ ਇਨ੍ਹਾਂ ਦਾ ਕੋਈ ਲਾਭ ਨਹੀਂ ਹੁੰਦਾ।

ਸਵੱਈਏ ਦੇ ਅਖੀਰ ਵਿਚ ਗੁਰੂ ਸਾਹਿਬ ਦੱਸਦੇ ਹਨ ਕਿ ਅਧਿਆਤਮਕ ਵਿਕਾਸ ਲਈ ਉਪਰ ਦੱਸੇ ਅਨੁਸਾਰ ਜਤਨ ਕਰਨ ਵਾਲੇ ਸਾਰੇ ਲੋਕ, ਉਸ ਹਰੀ ਪ੍ਰਭੂ ਦਾ ਸਿਮਰਨ ਕਰਨ ਦੀ ਬਜਾਇ ਆਪਣੇ ਕਰਮ-ਕਾਂਡੀ ਜਤਨਾਂ ਵਿਚ ਹੀ ਉਲਝ ਕੇ ਰਹਿ ਜਾਂਦੇ ਹਨ। ਉਨ੍ਹਾਂ ਦਾ ਹਾਲ ਰੇਸ਼ਮ ਦੇ ਉਸ ਕੀੜੇ ਵਰਗਾ ਹੈ ਜੋ ਰੇਸ਼ਮ ਦੀਆਂ ਤੰਦਾਂ ਦੇ ਬਣਾਏ ਘਰ ਨਾਲ ਮੋਹ ਪਾ ਕੇ, ਉਸ ਵਿਚ ਫਸ ਕੇ, ਆਪਣੀ ਮੌਤ ਸਹੇੜ ਲੈਂਦਾ ਹੈ। ਅਜਿਹੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਪ੍ਰੇਮ ਦਾ ਅਨੰਦ ਲੈਣ ਦੀ ਬਜਾਏ, ਕਰਮਕਾਂਡਾਂ ਦੇ ਜਾਲ ਵਿਚ ਹੀ ਉਲਝ ਰਹਿ ਗਏ ਹਨ ਤੇ ਆਪਣੇ ਦੁਖ ਵਿਚ ਹੋਰ ਵਾਧਾ ਕਰ ਲਿਆ ਹੈ। ਸਿੱਟਾ ਇਹੀ ਨਿਕਲਦਾ ਹੈ ਕਿ ਆਤਮਕ ਅਨੰਦ ਕਰਮਕਾਂਡ ਕਰਨ ਨਾਲ ਨਹੀਂ ਸਗੋਂ ਸੱਚ ਨਾਲ ਮਿਲ ਕੇ ਸਚਿਆਰ ਹੋਣ ਨਾਲ ਹੀ ਮਿਲਦਾ ਹੈ। ਇਹੀ ਮਨੁਖ ਦਾ ਪਰਮ ਮਨੋਰਥ ਹੈ।



Tags