ਇਨ੍ਹਾਂ
ਸਵੱਈਆਂ ਵਿਚ ਗੁਰੂ ਅਰਜਨ ਸਾਹਿਬ ਦੁਆਰਾ ਮਨੁਖ ਨੂੰ ਉਸ ਦੀ ਅਣਗਹਿਲੀ ਅਤੇ ਅਕ੍ਰਿਤਘਣਤਾ ਦਾ ਅਹਿਸਾਸ ਕਰਵਾਇਆ ਹੈ। ਉਹ ਸੰਸਾਰਕ ਵਸਤੂਆਂ ਵਿਚ ਜਿਆਦਾ ਰੁਚਿਤ ਹੋਣ ਕਰ ਕੇ ਅਧਿਆਤਮ ਦੇ ਰਸਤੇ ਤੋਂ ਭਟਕ ਜਾਂਦਾ ਹੈ। ਇਨ੍ਹਾਂ ਛਿਣ-ਭੰਗਰ ਮਾਇਕੀ ਪਦਾਰਥਾਂ ਦੇ ਸੁਖ ਵਿਚ ਖਚਿਤ ਹੋਏ ਮਨੁਖ ਨੂੰ ਅਖੀਰ ਸਭ ਕੁਝ ਛੱਡ ਕੇ ਇਥੋਂ ਖਾਲੀ ਹੱਥ ਹੀ ਜਾਣਾ ਪੈਂਦਾ ਹੈ ਅਤੇ ਅਣਗਿਣਤ ਜੂਨਾਂ ਵਿਚ ਭਟਕਣ ਦੇ ਦੁਖ ਭੋਗਣੇ ਪੈਂਦੇ ਹਨ। ਜਦਕਿ ਪ੍ਰਭੂ ਦੇ
ਨਾਮ ਨਾਲ ਜੁੜਣ ਵਾਲਾ ਮਨੁਖ ਮਾਇਕੀ ਪਦਾਰਥਾਂ ਦੇ ਮੋਹ ਤੋਂ
ਮੁਕਤ ਹੋ ਕੇ ਸੰਸਾਰ ਤੋਂ ਆਪਣਾ ਜੀਵਨ ਸਫਲ ਕਰ ਜਾਂਦਾ ਹੈ। ਮਨੁਖੀ-ਜੀਵਨ ਦਾ ਅਸਲ ਉਦੇਸ਼ ਪ੍ਰਭੂ-ਭਗਤੀ ਰਾਹੀਂ ਪ੍ਰਭੂ ਦੀ ਦਰਗਾਹ ਵਿਚ ਪ੍ਰਵਾਨ ਹੋਣਾ ਹੀ ਹੈ। ਜਿਹੜੇ ਮਨੁਖ ਪ੍ਰਭੂ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾ ਦੇ ਸਾਰੇ ਅਉਗੁਣ, ਵਿਕਾਰ ਅਤੇ ਦੁਖ ਦੂਰ ਹੋ ਜਾਂਦੇ ਹਨ।
ਆਵਧ ਕਟਿਓ ਨ ਜਾਤ ਪ੍ਰੇਮ ਰਸ ਚਰਨ ਕਮਲ ਸੰਗਿ ॥
ਦਾਵਨਿ ਬੰਧਿਓ ਨ ਜਾਤ ਬਿਧੇ ਮਨ ਦਰਸ ਮਗਿ ॥
ਪਾਵਕ ਜਰਿਓ ਨ ਜਾਤ ਰਹਿਓ ਜਨ ਧੂਰਿ ਲਗਿ ॥
ਨੀਰੁ ਨ ਸਾਕਸਿ ਬੋਰਿ ਚਲਹਿ ਹਰਿ ਪੰਥਿ ਪਗਿ ॥
ਨਾਨਕ ਰੋਗ ਦੋਖ ਅਘ ਮੋਹ ਛਿਦੇ ਹਰਿ ਨਾਮ ਖਗਿ ॥੧॥੧੦॥
-ਗੁਰੂ ਗ੍ਰੰਥ ਸਾਹਿਬ ੧੩੮੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਵੱਈਏ ਵਿਚ ਦੱਸਿਆ ਹੈ ਕਿ ਜਿਹੜਾ ਵੀ ਮਨੁਖ ਪ੍ਰਭੂ ਦੇ ਪਵਿੱਤਰ ਮਾਰਗ-ਦਰਸ਼ਨ ਜਾਂ ਉਪਦੇਸ਼ ਭਾਵ ਉਸ ਦੇ ਨਾਮ ਨਾਲ ਪ੍ਰੇਮ ਪਾਉਂਦਾ ਹੈ, ਉਸ ਨੂੰ ਪ੍ਰੇਮ ਵਿਚੋਂ ਰਸੀਲਾ ਅਹਿਸਾਸ ਹੋਣ ਲੱਗਦਾ ਹੈ। ਇਹ ਰਸ ਅਜਿਹਾ ਹੁੰਦਾ ਹੈ, ਜੋ ਕਦੇ ਵੀ ਫਿੱਕਾ ਨਹੀਂ ਪੈਂਦਾ। ਭਾਵ, ਕਿਸੇ ਦੁਆਰਾ ਕੀਤੀ ਨਿੰਦਿਆ-ਚੁਗਲੀ ਜਾਂ ਬੋਲ-ਕੁਬੋਲ ਆਦਿ ਨਾਲ ਵੀ ਉਸ ਦਾ ਮਨ ਵਿਚਲਿਤ ਨਹੀਂ ਹੁੰਦਾ। ਉਸ ਦਾ ਅੰਦਰ ਸ਼ਾਂਤੀ ਨਾਲ ਭਰਪੂਰ ਹੁੰਦਾ ਹੈ।
ਦਰਸ ਦੇਖਣਾ ਹੁੰਦਾ ਹੈ। ਪਰ ਇਹ ਉਹ ਦੇਖਣਾ ਨਹੀਂ, ਜਿਹੜਾ ਸਾਨੂੰ ਨਾ ਚਾਹੁੰਦੇ ਹੋਏ ਵੀ ਦਿਖ ਰਿਹਾ ਹੈ। ਦਰਸ ਉਹ ਦੇਖਣਾ ਹੁੰਦਾ ਹੈ, ਜਿਸ ਨੂੰ ਅਸੀਂ ਦੇਖਣਾ ਚਾਹੁੰਦੇ ਹਾਂ। ਦਰਸ ਵਿਚ ਤੀਬਰ ਚਾਹਤ ਹੁੰਦੀ ਹੈ। ਇਸ ਚਾਹਤ ਦਾ ਕਾਰਣ ਪ੍ਰੇਮ ਹੁੰਦਾ ਹੈ ਤੇ ਪ੍ਰੇਮ ਪਵਿੱਤਰ ਹੁੰਦਾ ਹੈ। ਇਸ ਲਈ ਜਿਹੜਾ ਵੀ ਮਨ ਇਸ ਪਵਿੱਤਰ ਪ੍ਰੇਮ ਵਿਚ ਮਗਨ ਹੈ, ਉਸ ਨੂੰ ਹੋਰ ਕੁਝ ਸੁਝਦਾ ਹੀ ਨਹੀ, ਉਸਨੂੰ ਬੇਸ਼ਕ ਮਾਇਕੀ ਪਦਾਰਥਾਂ ਦੇ ਮੋਹ ਰੂਪੀ ਰੱਸੇ ਨਾਲ ਨੂੜਨ ਦੀ ਕੋਸ਼ਿਸ਼ ਕਰੀਏ, ਉਹ ਬੰਨ੍ਹਿਆ ਨਹੀਂ ਜਾ ਸਕਦਾ। ਦੁਨਿਆਵੀ ਪਦਾਰਥਾਂ ਦੇ ਲਗਾਵ ਤੋਂ ਉਹ ਮੁਕਤ ਹੋ ਜਾਂਦਾ ਹੈ, ਇੰਨ੍ਹਾਂ ਦੀ ਚਕਾਚੌਂਧ ਉਸ ਦੇ ਮਨ ਨੂੰ ਵਿਚਲਿਤ ਨਹੀ ਕਰ ਪਾਉਂਦੀ। ਉਹ ਹਮੇਸ਼ਾ ਸਥਿਰ ਹੀ ਰਹਿੰਦਾ ਹੈ। ਪ੍ਰੇਮ ਦਾ ਲਗਾਉ ਕਿਸੇ ਵੀ ਤਰ੍ਹਾਂ ਦੇ ਬੰਧਨ ਬਰਦਾਸ਼ਤ ਨਹੀਂ ਕਰਦਾ।
ਜਨ ਉਸ ਮਨੁਖ ਨੂੰ ਕਹਿੰਦੇ ਹਨ, ਜਿਹੜਾ ਪ੍ਰੇਮ ਦੇ ਰਿਸ਼ਤੇ ਵਿਚ ਬੱਝਾ ਹੋਵੇ। ਪ੍ਰੇਮ ਉਸੇ ਨੂੰ ਕੀਤਾ ਜਾਂਦਾ ਹੈ, ਜਿਹੜਾ ਪ੍ਰੇਮ ਦੇ ਯੋਗ ਹੋਵੇ। ਪ੍ਰੇਮ ਦੀ ਯੋਗਤਾ ਪਵਿੱਤਰਤਾ ਤੇ ਸਚਾਈ ਹੁੰਦੀ ਹੈ। ਇਸ ਲਈ ਸੱਚ, ਸਚਾਈ ਤੇ ਪਵਿੱਤਰਤਾ ਨੂੰ ਪ੍ਰੇਮ ਕਰਨ ਵਾਲਾ ਵੀ ਸਚਿਆਰ ਅਤੇ ਪਵਿੱਤਰ ਹੀ ਹੋ ਸਕਦਾ ਜਾਂ ਹੁੰਦਾ ਹੈ। ਇਸ ਲਈ ਜਿਹੜਾ ਵੀ ਸੱਜਣ ਦਿਲੋ-ਜਾਨ ਨਾਲ ਪਵਿੱਤਰਤਾ ਤੇ ਸਚਾਈ ਦੇ ਮਾਰਗ ’ਤੇ ਚਲਦਾ ਹੈ ਤੇ ਉਸ ਮਾਰਗ ਦੀ ਧੂੜ ਨਾਲ ਜਿਸ ਨੂੰ ਲਗਾਉ ਹੈ, ਉਹ ਲਗਾਉ ਕਦੇ ਖਤਮ ਨਹੀਂ ਹੋ ਸਕਦਾ। ਇਥੋਂ ਤਕ ਕਿ ਉਸ ਨੂੰ ਕਦੇ ਕੋਈ ਵੀ ਅੱਗ ਸਾੜ ਨਹੀਂ ਸਕਦੀ। ਅਜਿਹੇ ਸੱਚੇ, ਸੁੱਚੇ ਤੇ ਪਵਿੱਤਰ ਪ੍ਰੇਮ-ਪਿਆਰ, ਥੋੜ ਚਿਰੇ ਨਹੀਂ, ਬਲਕਿ ਸਦੀਵੀ ਹੁੰਦੇ ਹਨ।
ਜਿਹੜੇ ਪੈਰ ਸਚ ਦੇ ਰਾਹ ਉੱਤੇ ਤੁਰ ਰਹੇ ਹੁੰਦੇ ਹਨ, ਉਹ ਪੈਰ ਵੀ ਬੜੇ ਸੱਚੇ, ਸੁੱਚੇ ਤੇ ਪਵਿੱਤਰ ਲੋਕਾਂ ਦੇ ਹੁੰਦੇ ਹਨ। ਉਹ ਲੋਕ ਦ੍ਰਿੜ ਅਤੇ ਨੇਕ ਇਰਾਦੇ ਵਾਲੇ ਹੁੰਦੇ ਹਨ। ਉਹ ਲੋਕ ਨਾ ਕਿਸੇ ਨੂੰ ਡਰਾਉਂਦੇ ਹਨ ਤੇ ਨਾ ਹੀ ਕਿਸੇ ਤੋਂ ਆਪ ਡਰਦੇ ਹਨ। ਗਿਆਨਵਾਨ ਮਨੁਖ ਦੀ ਸਿਫਤ ਵੀ ਇਹੀ ਹੁੰਦੀ ਹੈ। ਇਸ ਕਰਕੇ ਅਜਿਹੇ ਨਿਡਰ ਅਤੇ ਸੱਚ ਨੂੰ ਪ੍ਰਣਾਏ ਹੋਏ ਲੋਕ ਜਦ ਆਪਣੇ ਪੈਰਾਂ ਨਾਲ ਸੱਚੇ ਮਾਰਗ ’ਤੇ ਤੁਰਦੇ ਹਨ ਤਾਂ ਉਹ ਇਸ ਮਾਰਗ ਦੇ ਖਤਰਿਆਂ ਦੀ ਪਰਵਾਹ ਨਹੀਂ ਕਰਦੇ। ਉਨ੍ਹਾਂ ਨੂੰ ਪਾਣੀ ਡੋਬ ਨਹੀ ਸਕਦਾ, ਭਾਵ ਕਿ ਉਹ ਸੰਸਾਰ ਅੰਦਰ ਵਿਸ਼ੇ-ਵਿਕਾਰਾਂ ਦੇ ਭਵਜਲ ਦੀਆਂ ਲਹਿਰਾਂ ਵਿਚ ਨਹੀ ਫਸਦੇ ਅਤੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਕੇ ਆਪਣੀ ਜੀਵਨ ਯਾਤਰਾ ਸਫਲ ਕਰ ਲੈਂਦੇ ਹਨ।
ਇਸ ਸਵੱਈਏ ਦੇ ਅਖੀਰ ਵਿਚ ਗੁਰੂ ਅਰਜਨ ਸਾਹਿਬ ਫੁਰਮਾਉਂਦੇ ਹਨ ਕਿ ਪ੍ਰਭੂ ਦੇ ਨਾਮ ਵਿਚ ਖੰਡੇ ਜਿਹੀ ਸਮਰੱਥਾ ਹੁੰਦੀ ਹੈ, ਜੋ ਹਰ ਰੁਕਾਵਟ ਨੂੰ ਕੱਟ ਸੁੱਟਦੀ ਹੈ। ਸੱਚੇ ਮਾਰਗ ’ਤੇ ਤੁਰਨ ਵਾਲੇ ਲੋਕ ਕਿਸੇ ਵੀ ਰੋਗ, ਦੁਖ, ਪਾਪ ਅਤੇ ਮੋਹ ਜਿਹੀਆਂ ਰੁਕਾਵਟਾਂ ਨੂੰ ਪ੍ਰਭੂ ਦੇ ਨਾਮ ਰੂਪ ਖੰਡੇ ਨਾਲ ਕੱਟ ਸੁਟਦੇ ਹਨ ਤੇ ਆਪਣੇ ਮਕਸਦ ਵਿਚ ਅੱਗੇ ਵਧਦੇ ਹਨ। ਪ੍ਰਭੂ ਦੇ ਨਾਮ-ਸਿਮਰਨ ਨਾਲ, ਭਾਵ ਰੱਬੀ ਯਾਦ ਨੂੰ ਹਿਰਦੇ ਵਿਚ ਵਸਾਉਣ ਨਾਲ ਸਭ ਤਰ੍ਹਾਂ ਦੇ ਅਉਗੁਣ, ਵਿਸ਼ੇ-ਵਿਕਾਰਾਂ ਆਦਿ ਤੋਂ ਬੰਦ-ਖਲਾਸੀ ਹੋ ਜਾਂਦੀ ਹੈ। ਉਨ੍ਹਾਂ ਦੇ ਜੀਵਨ ਦੀ ਸਫਲਤਾ ਪ੍ਰਭੂ ਦੇ ਨਾਮ ਵਿਚ ਹੀ ਹੁੰਦੀ ਹੈ।