Guru Granth Sahib Logo
  
ਇਨ੍ਹਾਂ ਸਵੱਈਆਂ ਵਿਚ ਗੁਰੂ ਅਰਜਨ ਸਾਹਿਬ ਦੁਆਰਾ ਮਨੁਖ ਨੂੰ ਉਸ ਦੀ ਅਣਗਹਿਲੀ ਅਤੇ ਅਕ੍ਰਿਤਘਣਤਾ ਦਾ ਅਹਿਸਾਸ ਕਰਵਾਇਆ ਹੈ। ਉਹ ਸੰਸਾਰਕ ਵਸਤੂਆਂ ਵਿਚ ਜਿਆਦਾ ਰੁਚਿਤ ਹੋਣ ਕਰ ਕੇ ਅਧਿਆਤਮ ਦੇ ਰਸਤੇ ਤੋਂ ਭਟਕ ਜਾਂਦਾ ਹੈ। ਇਨ੍ਹਾਂ ਛਿਣ-ਭੰਗਰ ਮਾਇਕੀ ਪਦਾਰਥਾਂ ਦੇ ਸੁਖ ਵਿਚ ਖਚਿਤ ਹੋਏ ਮਨੁਖ ਨੂੰ ਅਖੀਰ ਸਭ ਕੁਝ ਛੱਡ ਕੇ ਇਥੋਂ ਖਾਲੀ ਹੱਥ ਹੀ ਜਾਣਾ ਪੈਂਦਾ ਹੈ ਅਤੇ ਅਣਗਿਣਤ ਜੂਨਾਂ ਵਿਚ ਭਟਕਣ ਦੇ ਦੁਖ ਭੋਗਣੇ ਪੈਂਦੇ ਹਨ। ਜਦਕਿ ਪ੍ਰਭੂ ਦੇ ਨਾਮ ਨਾਲ ਜੁੜਣ ਵਾਲਾ ਮਨੁਖ ਮਾਇਕੀ ਪਦਾਰਥਾਂ ਦੇ ਮੋਹ ਤੋਂ ਮੁਕਤ ਹੋ ਕੇ ਸੰਸਾਰ ਤੋਂ ਆਪਣਾ ਜੀਵਨ ਸਫਲ ਕਰ ਜਾਂਦਾ ਹੈ। ਮਨੁਖੀ-ਜੀਵਨ ਦਾ ਅਸਲ ਉਦੇਸ਼ ਪ੍ਰਭੂ-ਭਗਤੀ ਰਾਹੀਂ ਪ੍ਰਭੂ ਦੀ ਦਰਗਾਹ ਵਿਚ ਪ੍ਰਵਾਨ ਹੋਣਾ ਹੀ ਹੈ। ਜਿਹੜੇ ਮਨੁਖ ਪ੍ਰਭੂ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾ ਦੇ ਸਾਰੇ ਅਉਗੁਣ, ਵਿਕਾਰ ਅਤੇ ਦੁਖ ਦੂਰ ਹੋ ਜਾਂਦੇ ਹਨ।
ਗੁਣ ਸਮੂਹ  ਫਲ ਸਗਲ ਮਨੋਰਥ   ਪੂਰਨ ਹੋਈ ਆਸ ਹਮਾਰੀ
ਅਉਖਧ ਮੰਤ੍ਰ ਤੰਤ੍ਰ ਪਰ ਦੁਖ ਹਰ   ਸਰਬ ਰੋਗ ਖੰਡਣ ਗੁਣਕਾਰੀ
ਕਾਮ ਕ੍ਰੋਧ ਮਦ ਮਤਸਰ ਤ੍ਰਿਸਨਾ   ਬਿਨਸਿ ਜਾਹਿ ਹਰਿ ਨਾਮੁ ਉਚਾਰੀ
ਇਸਨਾਨ ਦਾਨ ਤਾਪਨ ਸੁਚਿ ਕਿਰਿਆ   ਚਰਣ ਕਮਲ ਹਿਰਦੈ ਪ੍ਰਭ ਧਾਰੀ
ਸਾਜਨ ਮੀਤ ਸਖਾ ਹਰਿ ਬੰਧਪ   ਜੀਅ ਧਾਨ ਪ੍ਰਭ ਪ੍ਰਾਨ ਅਧਾਰੀ
ਓਟ ਗਹੀ ਸੁਆਮੀ ਸਮਰਥਹ   ਨਾਨਕ ਦਾਸ ਸਦਾ ਬਲਿਹਾਰੀ ॥੯॥
-ਗੁਰੂ ਗ੍ਰੰਥ ਸਾਹਿਬ ੧੩੮੮-੧੩੮੯

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਵੱਈਏ ਵਿਚ ਗੁਰੂ ਸਾਹਿਬ ਉਸ ਅਵਸਥਾ ਦਾ ਵਰਣਨ ਕਰ ਰਹੇ ਹਨ, ਜਿਸ ਵਿਚ ਜਿਵੇਂ ਉਨ੍ਹਾਂ ਦੇ ਮਨ ਦੀ ਉਮੀਦ ਪੂਰੀ ਹੋ ਗਈ। ਉਮੀਦ ਕੀ ਸੀ? ਇਸ ਦਾ ਪਤਾ ਦੱਸੀ ਗਈ ਪ੍ਰਾਪਤੀ ਤੋਂ ਲੱਗਦਾ ਹੈ। ਗੁਰੂ ਸਾਹਿਬ ਦੱਸਦੇ ਹਨ ਕਿ ਪ੍ਰਭੂ ਦੇ ਨਾਮ-ਸਿਮਰਨ ਸਦਕਾ ਉਨ੍ਹਾਂ ਨੂੰ ਸਾਰੇ ਗੁਣ ਪ੍ਰਾਪਤ ਹੋ ਗਏ ਹਨ। ਪ੍ਰਭੂ ਆਪ ਗੁਣਾਂ ਦਾ ਖਜਾਨਾਂ ਹੈ ਤੇ ਉਹ ਗੁਣਾਂ ਦੀ ਹੀ ਮਿਹਰ ਕਰਦਾ ਇਨ੍ਹਾਂ ਗੁਣਾਂ ਕਰਕੇ ਹੀ ਰੱਬੀ ਬਖਸ਼ਿਸ਼ਾਂ ਰੂਪੀ ਫਲਾਂ ਦੀ ਪ੍ਰਾਪਤੀ ਹੁੰਦੀ ਹੈ, ਜਿਸ ਸਦਕਾ ਮਨੁਖੀ ਜੀਵਨ ਦੇ ਸਭ ਮਨੋਰਥ ਸਿਧ ਹੋ ਜਾਂਦੇ ਹਨ। ਇਹ ਲਾਭ ਹਰ ਉਸ ਜੀਵ ਨੂੰ ਪ੍ਰਾਪਤ ਹੁੰਦਾ ਹੈ, ਜੋ ਪ੍ਰੇਮਾ-ਭਗਤੀ ਕਰਦਾ ਆਪਣੇ ਜੀਵਨ ਨੂੰ ਸਫਲ ਕਰ ਪਾਉਂਦਾ ਹੈ।

ਮਿਹਰਬਾਨ ਪ੍ਰਭੂ ਦੀ ਹਿਰਦੇ ਵਿਚ ਵਸੀ ਹੋਈ ਨਾਮ ਰੂਪ ਯਾਦ ਅਜਿਹੀ ਗੁਣਕਾਰੀ ਦਵਾਈ, ਕਰਾਮਾਤੀ ਜਾਪ ਅਤੇ ਅਭਿਆਸ ਹੈ, ਜਿਸ ਵਿਚ ਹਰ ਤਰ੍ਹਾਂ ਦੇ ਵਿਕਾਰ ਰੂਪੀ ਰੋਗ ਦੂਰ ਕਰਨ ਦੀ ਸਮਰੱਥਾ ਹੈ। ਮੰਤਰ ਪ੍ਰਭੂ ਦਾ ਸੰਦੇਸ਼ ਹੈ ਤੇ ਤੰਤਰ ਉਸ ਸੰਦੇਸ਼ ਦਾ ਅਭਿਆਸ ਹੈ। ਇਸ ਵਿਚ ਹੀ ਸਾਰੇ ਗੁਣ ਅਤੇ ਫਲ ਸਹਿਜ ਰੂਪ ਵਿਚ ਉਪਜਦੇ ਹਨ ਤੇ ਜੀਵਨ ਸਫਲ ਹੁੰਦਾ ਹੈ।

ਪ੍ਰਭੂ ਦੀ ਨਾਮ ਰੂਪ ਯਾਦ ਨੂੰ ਹਿਰਦੇ ਵਿਚ ਵਸਾ ਲੈਣ ਨਾਲ ਮਨ ਦੇ ਸਾਰੇ ਵਿਕਾਰ ਇਸ ਤਰ੍ਹਾਂ ਦੂਰ ਹੋ ਜਾਂਦੇ ਹਨ, ਜਿਵੇਂ ਉਨ੍ਹਾਂ ਦੀ ਹੋਂਦ ਕਦੇ ਹੋਵੇ ਹੀ ਨਾ। ਮਨ ਦੇ ਪੰਜ ਵਿਕਾਰ ਦੱਸੇ ਜਾਂਦੇ ਹਨ, ਜਿਨ੍ਹਾਂ ਵਿਚ ਇਕ ਕਾਮ ਹੈ। ਗਿਆਨਵਾਨ ਮਨੁਖ ਕਣ-ਕਣ ਵਿਚ ਭਗਵਾਨ ਦੇਖ ਲੈਂਦਾ ਹੈ ਤੇ ਉਸ ਨੂੰ ਕਣ-ਕਣ ਨਾਲ ਪ੍ਰੇਮ ਹੋ ਜਾਂਦਾ ਹੈ। ਪਰ ਅਗਿਆਨੀ ਮਨੁਖ ਪ੍ਰੇਮ ਨੂੰ ਕਿਸੇ ਵਿਸ਼ੇਸ਼ ਕਣ ਤਕ ਹੀ ਸੀਮਤ ਕਰ ਲੈਂਦਾ ਹੈ ਤੇ ਇਹੀ ਕਾਮ ਜਾਂ ਵਿਕਾਰ ਹੈ। ਕ੍ਰੋਧ ਮਨ ਦੀ ਉਤੇਜਨਾ ਹੈ, ਜੋ ਕੁਝ ਵੀ ਗਲਤ ਹੋਣ ’ਤੇ ਪ੍ਰਗਟ ਹੁੰਦੀ ਹੈ। ਇਸ ਵਿਚ ਕਿਸੇ ਨੂੰ ਮਾਫ ਕਰਨ ਦੀ ਬਜਾਏ ਉਸ ਨੂੰ ਸਜਾ ਦੇਣ ਤੇ ਬਦਲੇ ਦਾ ਭਾਵ ਪ੍ਰਬਲ ਹੁੰਦਾ ਹੈ। ਮਦ ਮਨ ਦਾ ਹੰਕਾਰ ਰੂਪ ਅਤੇ ਮਤਵਾਲਾਪਣ ਹੈ, ਜੋ ਕਿਸੇ ਨੂੰ ਕੁਝ ਸਮਝਦਾ ਹੀ ਨਹੀਂ ਤੇ ਮੈਂ ਹੀ ਮੈਂ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ। ਮਤਸਰ ਮਨ ਦਾ ਉਹ ਵਿਕਾਰ ਹੈ, ਜਿਸ ਵਿਚ ਮਨੁਖ ਨੂੰ ਦੂਸਰਿਆਂ ਦੀ ਤਰੱਕੀ ਜਾਂ ਪ੍ਰਾਪਤੀ ਦੇਖ ਕੇ ਈਰਖਾ ਹੁੰਦੀ ਹੈ ਕਿ ਇਹ ਉਸ ਕੋਲ ਕਿਉਂ ਨਹੀਂ ਹੈ, ਦੂਸਰੇ ਜਾਂ ਕਿਸੇ ਹੋਰ ਕੋਲ ਕਿਉਂ ਹੈ। ਤ੍ਰਿਸ਼ਨਾ ਵੀ ਮਨ ਦੀ ਵਧੀ ਹੋਈ ਚਾਹਤ ਹੈ, ਜੋ ਕਦੇ ਮਿਟਦੀ ਹੀ ਨਹੀਂ। ਇਹ ਸਾਰੇ ਵਿਕਾਰ ਅਸਲ ਵਿਚ ਅਗਿਆਨ ਕਾਰਣ ਪੈਦਾ ਹੁੰਦੇ ਹਨ ਤੇ ਪ੍ਰਭੂ ਦੇ ਨਾਮ ਵਿਚ ਹੀ ਇਨ੍ਹਾਂ ਦਾ ਹੱਲ ਹੈ। ਕਿਉਂਕਿ ਪ੍ਰਭੂ ਦਾ ਨਾਮ ਹੀ ਗਿਆਨ ਦਾ ਅੰਤਮ ਚਰਣ ਹੈ। 

ਉਪਰ ਦੱਸੇ ਵਿਕਾਰਾਂ ਦੇ ਦੂਰ ਹੋਣ ਨਾਲ ਪ੍ਰਭੂ ਦੇ ਪਵਿੱਤਰ ਚਰਨ ਮਨੁਖ ਦੇ ਹਿਰਦੇ ਵਿਚ ਆ ਵਸਦੇ ਹਨ। ਪ੍ਰਭੂ ਦੇ ਚਰਨ ਅਸਲ ਵਿਚ ਪ੍ਰਭੂ ਦਾ ਮਾਰਗ-ਦਰਸ਼ਨ ਜਾਂ ਗੁਰੂ ਦਾ ਸ਼ਬਦ ਰੂਪ ਉਪਦੇਸ਼ ਹੈ। ਇਹ ਉਪਦੇਸ਼ ਜਿਸ ਮਨੁਖ ਦੇ ਹਿਰਦੇ ਵਿਚ ਵਸ ਜਾਂਦਾ ਹੈ, ਉਸ ਦਾ ਵਿਵਹਾਰ ਨਿਰਮਲ ਹੋ ਜਾਂਦਾ ਹੈ। ਫਿਰ ਉਸ ਦਾ ਰਹਿਣ-ਸਹਿਣ ਨਿਰਮਲ ਹੋ ਜਾਂਦਾ ਹੈ। ਉਹ ਲੋੜਵੰਦਾਂ ਦੀ ਮਦਦ ਕਰਦਾ ਹੈ, ਆਪ ਸੰਜਮੀ ਜੀਵਨ ਬਤੀਤ ਕਰਦਾ ਹੈ ਤੇ ਉਸ ਦੇ ਜੀਵਨ ਵਿਵਹਾਰ ਵਿਚ ਸੁੱਚਮਤਾ ਆ ਜਾਂਦੀ ਹੈ। ਪ੍ਰਭੂ ਨਾਲ ਜੁੜੇ ਹੋਇਆਂ ਲਈ ਫਿਰ ਕਿਸੇ ਤੀਰਥ-ਇਸ਼ਨਾਨ, ਪੁੰਨ-ਦਾਨ, ਜਪ-ਤਪ, ਸੁੱਚ-ਸੰਜਮ ਆਦਿ ਕਿਰਿਆ-ਕਰਮ ਦੀ ਲੋੜ ਨਹੀਂ ਰਹਿੰਦੀ। ਉਹ ਕਿਸੇ ਧਰਮ-ਕਰਮ ਦੇ ਮੁਥਾਜ ਨਹੀਂ ਰਹਿੰਦੇ ਬਲਕਿ ਉਨ੍ਹਾਂ ਦਾ ਸੁਭਾਉ ਹੀ ਧਰਮ-ਕਰਮ ਵਾਲਾ ਹੋ ਜਾਂਦਾ ਹੈ। 

ਫਿਰ ਹਰੀ-ਪ੍ਰਭੂ ਹੀ ਉਨ੍ਹਾਂ ਦਾ ਸੱਜਣ, ਮਿੱਤਰ, ਸਾਥੀ ਅਤੇ ਰਿਸ਼ਤੇਦਾਰ ਹੁੰਦਾ ਹੈ। ਕਿਉਂਕਿ ਪ੍ਰਭੂ ਹੀ ਸਾਰੇ ਜੀਵਾਂ ਦਾ ਆਸਰਾ ਅਤੇ ਸਾਹਾਂ ਦਾ ਅਧਾਰ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਹਰ ਮਨੁਖ ਅੰਦਰ ਪ੍ਰਭੂ ਦੀ ਪਛਾਣ ਕਰ ਲੈਂਦੇ ਹਨ ਤੇ ਉਨ੍ਹਾਂ ਲਈ ਹਰ ਜੀਵ ਹੀ ਪ੍ਰਭੂ ਦਾ ਰੂਪ ਹੋ ਜਾਂਦਾ ਹੈ। 

ਅਖੀਰ ਵਿਚ ਗੁਰੂ ਅਰਜਨ ਸਾਹਿਬ ਕਥਨ ਕਰਦੇ ਹਨ ਕਿ ਉਹ ਸਮਰੱਥ ਮਾਲਕ ਪ੍ਰਭੂ ਦੀ ਸ਼ਰਣ ਅਤੇ ਉਸ ਦੇ ਨਾਮ ਦਾ ਆਸਰਾ ਲੈਣ ਵਾਲੇ ਸੇਵਕਾਂ ਤੋਂ ਸਕਦੇ ਜਾਂਦੇ ਹਨ। ਇਥੇ ਸ਼ਰਣ ਦਾ ਅਰਥ ਕੋਈ ਰਿਹਾਇਸ਼ ਨਹੀਂ, ਬਲਕਿ ਪ੍ਰਭੂ-ਮਾਰਗ ’ਤੇ ਚੱਲਣ ਦਾ ਭਾਵ ਹੈ। ਪ੍ਰਭੂ ਦੇ ਰਾਹ ’ਤੇ ਚੱਲਣ ਵਿਚ ਜੀਵਨ ਦੇ ਸਾਰੇ ਸੁਖ ਪ੍ਰਾਪਤ ਹੁੰਦੇ ਹਨ।

Tags