ਗੁਰੂ ਗ੍ਰੰਥ ਸਾਹਿਬ ਵਿਚ ‘ਸਵਯੇ ਸ੍ਰੀ ਮੁਖਬਾਕੵ’ ਸਿਰਲੇਖ ਅਧੀਨ ਦੋ ਜੁੱਟਾਂ ਵਿਚ ਰਚੇ ੨੦ (੯+੧੧)
ਸਵੱਈਏ ਸੰਕਲਿਤ ਹਨ। ਇਹ ਗੁਰੂ ਅਰਜਨ ਸਾਹਿਬ ਦੁਆਰਾ ਆਪਣੇ ਪਾਵਨ ਮੁਖ ਤੋਂ ਉਚਾਰਣ ਕੀਤੇ ਬਚਨ ਹਨ। ਪਹਿਲੇ ਜੁੱਟ ਦੇ ੯ ਸਵੱਈਆਂ ਵਿਚ ਗੁਰੂ ਅਰਜਨ ਸਾਹਿਬ ਦੁਆਰਾ ਪ੍ਰਭੂ ਦੀ ਉਸਤਤਿ ਕੀਤੀ ਗਈ ਹੈ। ਪ੍ਰਭੂ ਦੀ ਸਰਬ-ਵਿਆਪਕਤਾ ਨੂੰ ਦਰਸਾਇਆ ਗਿਆ ਹੈ ਅਤੇ ਉਸ ਦੇ ਗੁਣਾਂ ਦਾ ਗਾਇਨ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਪ੍ਰਭੂ ਦਾ
ਨਾਮ ਅੰਮ੍ਰਿਤ ਹੈ। ਨਾਮ ਦੇ ਸਿਮਰਨ ਨਾਲ ਸਾਰੇ ਸੁਖ ਪ੍ਰਾਪਤ ਹੁੰਦੇ ਹਨ ਅਤੇ ਪਾਪ ਦੂਰ ਹੋ ਜਾਂਦੇ ਹਨ। ਜਿਨ੍ਹਾਂ ਉੱਤੇ ਵੀ ਪ੍ਰਭੂ ਪ੍ਰਸੰਨ ਹੁੰਦਾ ਹੈ, ਉਨ੍ਹਾਂ ਨੂੰ ਸਾਧ-ਸੰਗਤ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਦਾਤ ਸਦਕਾ ਉਹ ਪ੍ਰਭੂ ਦੇ ਨਾਮ ਦਾ ਰਸ ਮਾਣਦੇ ਹਨ ਤੇ ਤ੍ਰਿਪਤ ਹੋ ਜਾਂਦੇ ਹਨ। ਗੁਰੂ ਨਾਨਕ ਸਾਹਿਬ ਪ੍ਰਤੀ ਅਪਾਰ ਸ਼ਰਧਾ ਅਤੇ ਅਕੀਦਤ ਨੂੰ ਵੀ ਇਨ੍ਹਾਂ
ਸਵੱਈਆਂ ਵਿਚ ਪੇਸ਼ ਕੀਤਾ ਗਿਆ ਹੈ। ਪ੍ਰਭੂ ਅਤੇ ਗੁਰੂ ਨਾਨਕ ਸਾਹਿਬ ਦੀ ਅਭੇਦਤਾ ਨੂੰ ਦਰਸਾਉਂਦਿਆਂ ਗੁਰੂ ਅਰਜਨ ਸਾਹਿਬ ਉਨ੍ਹਾਂ ਤੋਂ ਬਲਿਹਾਰ ਜਾਂਦੇ ਹਨ। ਅੰਤ ਵਿਚ ਗੁਰੂ ਨਾਨਕ ਸਾਹਿਬ ਨੂੰ
ਕਲਜੁਗ ਦੇ ਅਗਿਆਨ-ਹਨ੍ਹੇਰੇ ਨੂੰ ਦੂਰ ਕਰਨ ਵਾਲਾ ਦੀਪਕ ਕਿਹਾ ਗਿਆ ਹੈ।
ਕਵਨੁ ਜੋਗੁ ਕਉਨੁ ਗੵਾਨੁ ਧੵਾਨੁ ਕਵਨ ਬਿਧਿ ਉਸ੍ਤਤਿ ਕਰੀਐ ॥
ਸਿਧ ਸਾਧਿਕ ਤੇਤੀਸ ਕੋਰਿ ਤਿਰੁ ਕੀਮ ਨ ਪਰੀਐ ॥
ਬ੍ਰਹਮਾਦਿਕ ਸਨਕਾਦਿ ਸੇਖ ਗੁਣ ਅੰਤੁ ਨ ਪਾਏ ॥
ਅਗਹੁ ਗਹਿਓ ਨਹੀ ਜਾਇ ਪੂਰਿ ਸ੍ਰਬ ਰਹਿਓ ਸਮਾਏ ॥
ਜਿਹ ਕਾਟੀ ਸਿਲਕ ਦਯਾਲ ਪ੍ਰਭਿ ਸੇਇ ਜਨ ਲਗੇ ਭਗਤੇ ॥
ਹਰਿ ਗੁਰੁ ਨਾਨਕੁ ਜਿਨੑ ਪਰਸਿਓ ਤੇ ਇਤ ਉਤ ਸਦਾ ਮੁਕਤੇ ॥੮॥
-ਗੁਰੂ ਗ੍ਰੰਥ ਸਾਹਿਬ ੧੩੮੬-੧੩੮੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਵੱਈਏ ਵਿਚ ਸਵਾਲ ਹੈ ਕਿ ਸੱਚ-ਸਰੂਪ ਪ੍ਰਭੂ ਨਾਲ ਜੁੜਨ ਦਾ ਤਰੀਕਾ ਕਿਹੜਾ ਹੈ? ਉਹ ਕਿਹੜਾ ਗਿਆਨ ਹੈ, ਜਿਸ ਸਦਕਾ ਪ੍ਰਭੂ ਨਾਲ ਮਿਲਾਪ ਹੋ ਸਕੇ? ਕਿਸ ਤਰ੍ਹਾਂ ਦਾ ਧਿਆਨ ਧਰਨ ਨਾਲ ਉਸ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ? ਇਹੋ-ਜਿਹੀ ਕਿਹੜੀ ਵਿਧੀ ਹੈ, ਜਿਸ ਨਾਲ ਪ੍ਰਭੂ ਦੀ ਸਿਫਤਿ-ਸ਼ਲਾਘਾ ਕੀਤੀ ਜਾਵੇ? ਅਸਲ ਵਿਚ ਇਹ ਸੱਚਮੁੱਚ ਦੇ ਸਵਾਲ ਨਹੀਂ ਹੈ। ਇਹ ਪ੍ਰਭੂ ਦੀ ਵਡਿਆਈ ਹੈ। ਇਹ ਸਵਾਲ ਇਸ ਸੱਚ ਦੇ ਪ੍ਰਮਾਣ ਹਨ ਕਿ ਪੂਰਨ ਰੂਪ ਵਿਚ ਪ੍ਰਭੂ ਦੀ ਸਿਫਤਿ ਹੋ ਹੀ ਨਹੀਂ ਸਕਦੀ। ਕਿਸੇ ਦੀ ਪੂਰਨ ਰੂਪ ਵਿਚ ਸਿਫਤਿ ਕਰਨ ਲਈ ਉਸ ਨੂੰ ਪੂਰਨ ਰੂਪ ਵਿਚ ਜਾਣਨਾ ਜਰੂਰੀ ਹੁੰਦਾ ਹੈ ਤੇ ਪ੍ਰਭੂ ਨੂੰ ਜਾਣਿਆ ਨਹੀਂ ਜਾ ਸਕਦਾ। ਪ੍ਰਭੂ ਦੀ ਪੂਰਨਤਾ ਦੀ ਥਾਹ ਨੂੰ ਉਹੀ ਮਹਿਸੂਸ ਕਰ ਸਕਦਾ ਹੈ, ਜੋ ਉਸ ਜਿਡਾ ਹੋਵੇ ਜਾਂ ਜਿਸ ਉਪਰ ਉਸ ਦੀ ਨਦਰਿ-ਕਰਮ ਹੋਵੇ:
ਵਡਾ ਸਾਹਿਬੁ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥
ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥
ਜੇਵਡੁ ਆਪਿ ਜਾਣੈ ਆਪਿ ਆਪਿ ॥ ਨਾਨਕ ਨਦਰੀ ਕਰਮੀ ਦਾਤਿ ॥
ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਜਿੰਨੇ ਵੀ ਸਿਧੀਆਂ ਪ੍ਰਾਪਤ ਕਰਨ ਵਾਲੇ ਸਿਧ ਪੁਰਸ਼ ਹੋਏ ਹਨ। ਜਿੰਨੇ ਵੀ ਅਨੇਕ ਤਰ੍ਹਾਂ ਦੀ ਸਾਧਨਾ ਕਰਨ ਵਾਲੇ ਸਾਧਕ ਹੋਏ ਹਨ, ਇਥੋਂ ਤਕ ਤੇਤੀ ਕਰੋੜ ਦੱਸੇ ਜਾਂਦੇ ਦੇਵੀ-ਦੇਵਤੇ ਵੀ ਮਿਲ ਕੇ ਪ੍ਰਭੂ ਦੀ ਇਕ ਤਿਲ ਭਰ ਕੀਮਤ ਨਹੀਂ ਪਾ ਸਕਦੇ। ਪ੍ਰਭੂ ਦੀ ਵਡਿਆਈ ਕਰਦਿਆਂ ਗੁਰੂ ਸਾਹਿਬ ਦੱਸਦੇ ਹਨ ਕਿ ਉਸ ਦਾ ਕੋਈ ਅੰਤ ਹੀ ਨਹੀਂ ਹੈ। ਨਾ ਹੀ ਉਸ ਦਾ ਕੋਈ ਬਦਲ ਹੈ ਤੇ ਨਾ ਹੀ ਕਿਸੇ ਨਾਲ ਉਸ ਦੀ ਤੁਲਨਾ ਕੀਤੀ ਜਾ ਸਕਦੀ ਹੈ। ਉਹ ਅਤੁਲ ਅਤੇ ਅਨਮੋਲ ਹੈ।
ਪ੍ਰਭੂ ਦੀ ਬੇਅੰਤਤਾ ਅਤੇ ਵਡੱਪਣ ਦੀ ਗੱਲ ਕਰਦਿਆਂ ਗੁਰੂ ਸਾਹਿਬ ਦੱਸਦੇ ਹਨ ਕਿ ਬ੍ਰਹਮਾ, ਵਿਸ਼ਨੂੰ, ਮਹੇਸ਼; ਸਨਕ, ਸਨੰਦਨ, ਸਨਾਤਨ ਅਤੇ ਸਨਤ ਕੁਮਾਰ (ਬ੍ਰਹਮਾ ਦੇ ਪੁੱਤਰ); ਹਜਾਰਾਂ ਜੀਭਾਂ ਵਾਲੇ ਮਿੱਥੇ ਹੋਏ ਸ਼ੇਸ਼ ਨਾਗ ਆਦਿ ਕੋਲ ਵੀ ਇੰਨੀ ਸਮਰੱਥਾ ਨਹੀਂ ਹੈ ਕਿ ਇਹ ਹਰੀ-ਪ੍ਰਭੂ ਦੇ ਗੁਣਾਂ ਦੀ ਤਿਲ ਮਾਤਰ ਵੀ ਕੀਮਤ ਪਾ ਸਕਣ। ਪ੍ਰਭੂ ਇੰਨਾ ਗੁਣਵਾਨ ਤੇ ਮਹਾਨ ਹੈ ਕਿ ਉਸ ਨੂੰ ਪੂਰੀ ਤਰ੍ਹਾਂ ਜਾਣਿਆ ਹੀ ਨਹੀਂ ਜਾ ਸਕਦਾ। ਪ੍ਰਭੂ ਮਨੁਖ ਦੀ ਕਲਪਣਾ ਤੋਂ ਵੀ ਬਹੁਤ ਵਡਾ ਹੈ।
ਗੁਰੂ ਪਾਤਸ਼ਾਹ ਅੱਗੇ ਦੱਸਦੇ ਹਨ ਕਿ ਪ੍ਰਭੂ ਮਨੁਖ ਦੀ ਸਮਝ ਦੀ ਪਕੜ ਵਿਚ ਨਹੀਂ ਆ ਸਕਦਾ। ਕਿਉਂਕਿ ਉਹ ਸਮਝ ਦੀ ਸਮਰੱਥਾ ਤੋਂ ਬਾਹਰ ਹੈ। ਪ੍ਰਭੂ ਤਾਂ ਪੂਰਨ ਤੌਰ ਉੱਤੇ ਹਰ ਹਿਰਦੇ ਦੇ ਅੰਦਰ ਸਮਾਇਆ ਹੋਇਆ ਹੈ। ਇਸ ਗੱਲ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਕਿਸੇ ਦੀ ਪਹੁੰਚ ਅਤੇ ਪਕੜ ਤੋਂ ਪਰੇ ਕਿਉਂ ਹੈ? ਕਿਉਂਕਿ ਜੇ ਉਹ ਕਿਸੇ ਇਕ ਥਾਂ ਹੋਵੇ ਤਾਂ ਉਸ ਤਕ ਪਹੁੰਚਿਆ ਜਾ ਸਕਦਾ ਹੈ। ਪਰ ਜਿਹੜਾ ਹਰ ਥਾਂ ਮੌਜੂਦ ਹੈ ਤਾਂ ਉਸ ਤਕ ਪਹੁੰਚਣਾ ਮੁਸ਼ਕਲ ਹੈ। ਕੋਈ ਉਸ ਜਿਹਾ ਵਿਸ਼ਾਲ ਹੋ ਕੇ ਹੀ ਉਸ ਨੂੰ ਜਾਣ ਸਕਦਾ ਹੈ ਅਤੇ ਉਸ ਤਕ ਆਪਣੀ ਪਹੁੰਚ ਬਣਾ ਸਕਦਾ ਹੈ।
ਜਿਨ੍ਹਾਂ ਜਗਿਆਸੂਆਂ ਨੇ ਆਪਣਾ ਆਪਾ ਦਿਆਲੂ-ਕਿਰਪਾਲੂ ਹਰੀ-ਪ੍ਰਭੂ ਅੱਗੇ ਭੇਟ ਕਰ ਕੇ, ਉਸ ਦੀ ਭਗਤੀ ਭਾਵ ਵਿਚ ਆਪਣਾ ਜੀਵਨ ਬਸਰ ਕੀਤਾ ਹੈ, ਉਨ੍ਹਾਂ ਉੱਤੇ ਪ੍ਰਭੂ ਨੇ ਆਪਣੀ ਮਿਹਰ ਕਰਦਿਆਂ, ਉਨ੍ਹਾਂ ਦੀ ਮੋਹ-ਮਾਇਆ ਦੀ ਫਾਹੀ ਕੱਟ ਕੇ, ਇਸ ਦੇ ਪ੍ਰਭਾਵ ਤੋਂ ਮੁਕਤ ਕੀਤਾ ਹੈ। ਉਹ ਮਨ, ਬਚਨ ਅਤੇ ਕਰਮ ਦੇ ਤਲ ਉਪਰ ਰੱਬੀ ਗੁਣਾਂ ਦੇ ਧਾਰਨੀ ਬਣ ਕੇ, ਪ੍ਰਭੂ ਦੀ ਪ੍ਰੇਮਾ ਭਗਤੀ ਵਿਚ ਲੀਨ ਹੋ ਗਏ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਪ੍ਰਭੂ-ਮਿਲਾਪ ਹਾਸਲ ਹੋ ਗਿਆ ਹੈ।
ਅਖੀਰ ਵਿਚ ਫਿਰ ਗੁਰੂ ਨਾਨਕ ਸਾਹਿਬ ਨੂੰ ਹਰੀ-ਪ੍ਰਭੂ ਨਾਲ ਅਭੇਦ ਦਰਸਾਉਂਦੇ ਹੋਏ ਫਰਮਾਇਆ ਹੈ ਕਿ ਜਿਹੜੇ ਵੀ ਗੁਰੂ ਨਾਨਕ ਸਾਹਿਬ ਦੀ ਨੇੜਤਾ ਵਿਚ ਆ ਗਏ ਹਨ, ਭਾਵ ਉਨ੍ਹਾਂ ਦੇ ਉਪਦੇਸ਼ ਨਾਲ ਜੁੜ ਗਏ ਹਨ, ਉਹ ਹਰ ਸੰਕਟ ਤੋਂ ਮੁਕਤ ਹੋ ਗਏ ਹਨ। ਨਾ ਹੀ ਉਨ੍ਹਾਂ ਨੂੰ ਜੀਵਨ ਦਾ ਕੋਈ ਦੁਖ ਸਤਾਉਂਦਾ ਹੈ ਤੇ ਨਾ ਹੀ ਮਰਨ ਤੋਂ ਬਾਅਦ ਦਾ ਕੋਈ ਫਿਕਰ ਪਰੇਸ਼ਾਨ ਕਰਦਾ ਹੈ। ਗੁਰੂ ਨਾਨਕ ਸਾਹਿਬ ਦੀ ਸਿੱਖਿਆ ਮਨੁਖ ਦੇ ਸਭ ਸੰਕਟ ਦੂਰ ਕਰ ਦਿੰਦੀ ਹੈ।