Guru Granth Sahib Logo
  
ਗੁਰੂ ਗ੍ਰੰਥ ਸਾਹਿਬ ਵਿਚ ‘ਸਵਯੇ ਸ੍ਰੀ ਮੁਖਬਾਕੵ’ ਸਿਰਲੇਖ ਅਧੀਨ ਦੋ ਜੁੱਟਾਂ ਵਿਚ ਰਚੇ ੨੦ (੯+੧੧) ਸਵੱਈਏ ਸੰਕਲਿਤ ਹਨ। ਇਹ ਗੁਰੂ ਅਰਜਨ ਸਾਹਿਬ ਦੁਆਰਾ ਆਪਣੇ ਪਾਵਨ ਮੁਖ ਤੋਂ ਉਚਾਰਣ ਕੀਤੇ ਬਚਨ ਹਨ। ਪਹਿਲੇ ਜੁੱਟ ਦੇ ੯ ਸਵੱਈਆਂ ਵਿਚ ਗੁਰੂ ਅਰਜਨ ਸਾਹਿਬ ਦੁਆਰਾ ਪ੍ਰਭੂ ਦੀ ਉਸਤਤਿ ਕੀਤੀ ਗਈ ਹੈ। ਪ੍ਰਭੂ ਦੀ ਸਰਬ-ਵਿਆਪਕਤਾ ਨੂੰ ਦਰਸਾਇਆ ਗਿਆ ਹੈ ਅਤੇ ਉਸ ਦੇ ਗੁਣਾਂ ਦਾ ਗਾਇਨ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਪ੍ਰਭੂ ਦਾ ਨਾਮ ਅੰਮ੍ਰਿਤ ਹੈ। ਨਾਮ ਦੇ ਸਿਮਰਨ ਨਾਲ ਸਾਰੇ ਸੁਖ ਪ੍ਰਾਪਤ ਹੁੰਦੇ ਹਨ ਅਤੇ ਪਾਪ ਦੂਰ ਹੋ ਜਾਂਦੇ ਹਨ। ਜਿਨ੍ਹਾਂ ਉੱਤੇ ਵੀ ਪ੍ਰਭੂ ਪ੍ਰਸੰਨ ਹੁੰਦਾ ਹੈ, ਉਨ੍ਹਾਂ ਨੂੰ ਸਾਧ-ਸੰਗਤ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਦਾਤ ਸਦਕਾ ਉਹ ਪ੍ਰਭੂ ਦੇ ਨਾਮ ਦਾ ਰਸ ਮਾਣਦੇ ਹਨ ਤੇ ਤ੍ਰਿਪਤ ਹੋ ਜਾਂਦੇ ਹਨ। ਗੁਰੂ ਨਾਨਕ ਸਾਹਿਬ ਪ੍ਰਤੀ ਅਪਾਰ ਸ਼ਰਧਾ ਅਤੇ ਅਕੀਦਤ ਨੂੰ ਵੀ ਇਨ੍ਹਾਂ ਸਵੱਈਆਂ ਵਿਚ ਪੇਸ਼ ਕੀਤਾ ਗਿਆ ਹੈ। ਪ੍ਰਭੂ ਅਤੇ ਗੁਰੂ ਨਾਨਕ ਸਾਹਿਬ ਦੀ ਅਭੇਦਤਾ ਨੂੰ ਦਰਸਾਉਂਦਿਆਂ ਗੁਰੂ ਅਰਜਨ ਸਾਹਿਬ ਉਨ੍ਹਾਂ ਤੋਂ ਬਲਿਹਾਰ ਜਾਂਦੇ ਹਨ। ਅੰਤ ਵਿਚ ਗੁਰੂ ਨਾਨਕ ਸਾਹਿਬ ਨੂੰ ਕਲਜੁਗ ਦੇ ਅਗਿਆਨ-ਹਨ੍ਹੇਰੇ ਨੂੰ ਦੂਰ ਕਰਨ ਵਾਲਾ ਦੀਪਕ ਕਿਹਾ ਗਿਆ ਹੈ।
ਸਤਿ ਸਤਿ ਹਰਿ ਸਤਿ   ਸਤਿ ਸਤੇ ਸਤਿ ਭਣੀਐ
ਦੂਸਰ ਆਨ ਅਵਰੁ   ਪੁਰਖੁ ਪਊਰਾਤਨੁ ਸੁਣੀਐ
ਅੰਮ੍ਰਿਤੁ ਹਰਿ ਕੋ ਨਾਮੁ   ਲੈਤ ਮਨਿ ਸਭ ਸੁਖ ਪਾਏ
ਜੇਹ ਰਸਨ ਚਾਖਿਓ   ਤੇਹ ਜਨ ਤ੍ਰਿਪਤਿ ਅਘਾਏ
ਜਿਹ ਠਾਕੁਰੁ ਸੁਪ੍ਰਸੰਨੁ ਭਯੋੁ  ਸਤਸੰਗਤਿ ਤਿਹ ਪਿਆਰੁ
ਹਰਿ ਗੁਰੁ ਨਾਨਕੁ ਜਿਨੑ ਪਰਸਿਓ   ਤਿਨੑ ਸਭ ਕੁਲ ਕੀਓ ਉਧਾਰੁ ॥੬॥
-ਗੁਰੂ ਗ੍ਰੰਥ ਸਾਹਿਬ ੧੩੮੬

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਗੁਰਮਤਿ ਅਨੁਸਾਰ ਪ੍ਰਭੂ ਦੀ ਹਸਤੀ ‘ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥’ ਲਖਾਇਕ ਹੈ। ਇਸ ਸਵੱਈਏ ਵਿਚ ਵੀ ਗੁਰੂ ਅਰਜਨ ਸਾਹਿਬ ਦੱਸਦੇ ਹਨ ਕਿ ਉਹ ਪ੍ਰਭੂ ਤ੍ਰੈ-ਕਾਲੀ ਸੱਚ ਹੈ, ਭਾਵ ਸਦਾ ਅਟੱਲ ਤੇ ਸਦੀਵੀ ਹੋਂਦ ਵਾਲਾ ਹੈ। ਇਹ ਗੱਲ ਸਿਰਫ ਕਹਿਣ ਮਾਤਰ ਨਹੀਂ ਸਗੋਂ ਜੀਵਾਂ ਨੂੰ ਆਪਣੇ ਮਨ, ਬਚਨ ਅਤੇ ਕਰਮ ਵਿਚ ਇਕਸੁਰਤਾ ਪੈਦਾ ਕਰਦਿਆਂ ਉਸ ਨੂੰ ਸਰਬਕਾਲੀ ਅਤੇ ਸਦੀਵੀ ਹੋਂਦ ਵਾਲਾ ਮੰਨਣਾ ਚਾਹੀਦਾ ਹੈ।

ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਪ੍ਰਭੂ ਵਰਗਾ ਕੋਈ ਦੂਜਾ ਨਹੀਂ ਹੈ। ਇੰਨਾ ਹੀ ਨਹੀਂ ਸਗੋਂ ਉਸ ਵਰਗਾ ਨਾ ਪਹਿਲਾਂ ਕੋਈ ਸੀ ਅਤੇ ਨਾ ਹੀ ਹੋਵੇਗਾ। ਸਭ ਗਿਆਨਵਾਨ ਇਸ ਗੱਲ ਉੱਤੇ ਇਕ ਮਤ ਹਨ ਕਿ ਪ੍ਰਭੂ ਸਭ ਤੋਂ ਪੁਰਾਤਨ ਪੁਰਖ ਸੁਣੀਂਦਾ ਹੈ, ਭਾਵ ਉਹ ਸਭ ਦਾ ਮੁੱਢ ਹੈ, ਉਸ ਤੋਂ ਬਿਨਾਂ ਕੋਈ ਅਨਾਦੀ ਨਹੀਂ ਹੈ।

ਉਸ ਪਰਮ ਪੁਰਖ ਸਮਰੱਥ ਪ੍ਰਭੂ ਦਾ ਨਾਮ ਹੀ ਮੌਤ ਦੇ ਭੈਅ ਤੋਂ ਮੁਕਤ ਕਰ ਦੇਣ ਵਾਲਾ ਹੈ। ਪ੍ਰਭੂ ਦੇ ਇਸ ਨਾਮ ਨੂੰ ਸਿਮਰਨ, ਭਾਵ ਹਿਰਦੇ ਵਿਚ ਵਸਾਉਣ ਵਾਲਾ ਮਨੁਖ ਆਪਣੇ ਜੀਵਨ ਵਿਚ ਨਿਰਭੈ ਹੋ ਕੇ ਵਿਚਰਦਾ ਹੈ। ਜੀਵਨ ਵਿਚ ਸੁਖ ਦਾ ਰਾਜ ਵੀ ਇਹੀ ਹੈ। ਪ੍ਰਭੂ ਦਾ ਨਾਮ ਸੱਚ ਨਾਲ ਜੋੜਦਾ ਹੈ। ਸੱਚ ਸਦਕਾ ਮਨੁਖ ਨਿਰਭਉ ਹੋ ਜਾਂਦਾ ਹੈ ਤੇ ਇਹੀ ਅਮਰ ਹੋਣਾ ਹੈ। ਅਜਿਹਾ ਨਿਰਭਉ ਮਨ ਹੀ ਦੁਖਾਂ-ਕਲੇਸ਼ਾਂ ਤੋਂ ਮੁਕਤੀ ਪ੍ਰਾਪਤ ਕਰਦਾ ਹੈ ਤੇ ਇਹੀ ਸਫਲ ਅਤੇ ਸੁਖੀ ਜੀਵਨ ਹੁੰਦਾ ਹੈ। ਹਰ ਸੁਖ ਇਸੇ ਵਿਚ ਹੈ।

ਜਿਸ ਕਿਸੇ ਨੇ ਵੀ ਉਪਰ ਦੱਸੇ ਸੱਚ-ਸਰੂਪ ਪਰਮ ਪੁਰਖ ਪ੍ਰਭੂ ਦਾ ਅੰਮ੍ਰਿਤਮਈ ਨਾਮ ਸਿਮਰਿਆ ਹੈ ਤੇ ਉਸ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ, ਉਸ ਦੇ ਮਨ ਦੀ ਪਦਾਰਥਕ ਭੁਖ ਅਤੇ ਪਿਆਸ ਮਿਟ ਜਾਂਦੀ ਹੈ, ਭਾਵ ਉਹ ਆਤਮਕ ਤੌਰ ਉਤੇ ਰੱਜ ਜਾਂਦਾ ਹੈ। ਮਨੁਖ ਨੂੰ ਪਦਾਰਥਕ ਜਰੂਰਤ ਹੀ ਕਦੇ ਤ੍ਰਿਪਤ ਨਹੀਂ ਹੋਣ ਦਿੰਦੀ ਤੇ ਮਾਨਸਿਕ ਤੌਰ ’ਤੇ ਅਤ੍ਰਿਪਤ ਮਨੁਖ ਜੀਵਨ ਭਰ ਭਟਕਣ ਅਤੇ ਮਾਇਆ ਦੀ ਦੌੜ ਵਿਚ ਲੱਗਾ ਰਹਿੰਦਾ ਹੈ। ਪਰ ਪ੍ਰਭੂ ਦੇ ‘ਨਾਮ ਅੰਮ੍ਰਿਤ’ ਨਾਲ ਜੁੜਿਆ ਮਨੁਖ ਹੀ ਹਮੇਸ਼ਾ ਪੂਰੀ ਤਰ੍ਹਾਂ ਸੰਤੁਸ਼ਟ ਅਤੇ ਰੱਜਿਆ ਮਹਿਸੂਸ ਕਰਦਾ ਹੈ।

ਫਿਰ ਪ੍ਰਭੂ ਨੂੰ ਮਾਲਕ ਅਤੇ ਮੁੱਖੀ ਦੇ ਅਰਥਾਂ ਵਿਚ ਠਾਕੁਰ ਆਖਦਿਆਂ ਪਾਤਸ਼ਾਹ ਦੱਸਦੇ ਹਨ ਕਿ ਜਿਨ੍ਹਾਂ ਉੱਤੇ ਵੀ ਠਾਕੁਰ ਪ੍ਰਭੂ ਵਧੇਰੇ ਖੁਸ਼ ਹੁੰਦਾ ਹੈ ਜਾਂ ਜਿਨ੍ਹਾਂ ਉੱਤੇ ਉਹ ਮਿਹਰ ਕਰਦਾ ਹੈ, ਉਨ੍ਹਾਂ ਦੇ ਹਿਰਦੇ ਅੰਦਰ ਸਾਧ-ਸੰਗਤ ਪ੍ਰਤੀ ਲਗਾਉ ਪੈਦਾ ਹੋ ਜਾਂਦਾ ਹੈ ਤੇ ਉਹ ਕਦੇ ਸੱਚ ਦਾ ਸਾਥ ਨਹੀਂ ਛੱਡਦੇ। ਉਹ ਸਦਾ ਸੱਚ ਨਾਲ ਜੁੜੇ ਰਹਿੰਦੇ ਹਨ। ਇਹੀ ਉਨ੍ਹਾਂ ਦੇ ਜੀਵਨ ਦੀ ਸਫਲਤਾ ਦਾ ਰਾਜ਼ ਹੁੰਦਾ ਹੈ।

ਸਵੱਈਏ ਦੇ ਅਖੀਰ ਵਿਚ ਗੁਰੂ ਅਰਜਨ ਸਾਹਿਬ ਫਰਮਾਉਂਦੇ ਹਨ ਕਿ ਗੁਰੂ ਨਾਨਕ ਸਾਹਿਬ ਉੱਤੇ ਵੀ ਹਰੀ-ਪ੍ਰਭੂ ਦੀ ਪ੍ਰਸੰਨਤਾ ਹੋਈ ਤੇ ਉਹ ਵੀ ਸੱਚ ਨਾਲ ਜੁੜ ਕੇ ਪ੍ਰਭੂ ਦਾ ਸੱਚ-ਸਰੂਪ ਹੀ ਹੋ ਗਏ। ਫਿਰ ਜਿਹੜਾ ਵੀ ਕੋਈ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਹੈ ਜਾਂ ਜਿਸ ਨੇ ਵੀ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ ਹੈ, ਭਾਵ ਗੁਰੂ ਸਾਹਿਬ ਦੇ ਉਪਦੇਸ਼ ਨਾਲ ਪ੍ਰੇਮ ਪਾਇਆ ਹੈ, ਉਸ ਦਾ ਜੀਵਨ ਵੀ ਸਫਲ ਹੋ ਗਿਆ ਹੈ। ਗੁਰੂ ਨਾਨਕ ਸਾਹਿਬ ਦੀ ਸੰਗਤ ਇੰਨੀ ਪ੍ਰਭਾਵਸ਼ਾਲੀ ਹੈ ਕਿ ਜਿਸ ਦਾ ਅਸਰ ਸਾਧਕ ਦੇ ਵੰਸਜਾਂ ਤਕ ਪੈਂਦਾ ਹੈ ਤੇ ਉਸ ਦੀ ਸਾਰੀ ਕੁਲ ਦਾ ਹੀ ਉੱਧਾਰ (ਕਲਿਆਣ) ਹੋ ਜਾਂਦਾ ਹੈ।

Tags