Guru Granth Sahib Logo
  
ਗੁਰੂ ਗ੍ਰੰਥ ਸਾਹਿਬ ਵਿਚ ‘ਸਵਯੇ ਸ੍ਰੀ ਮੁਖਬਾਕੵ’ ਸਿਰਲੇਖ ਅਧੀਨ ਦੋ ਜੁੱਟਾਂ ਵਿਚ ਰਚੇ ੨੦ (੯+੧੧) ਸਵੱਈਏ ਸੰਕਲਿਤ ਹਨ। ਇਹ ਗੁਰੂ ਅਰਜਨ ਸਾਹਿਬ ਦੁਆਰਾ ਆਪਣੇ ਪਾਵਨ ਮੁਖ ਤੋਂ ਉਚਾਰਣ ਕੀਤੇ ਬਚਨ ਹਨ। ਪਹਿਲੇ ਜੁੱਟ ਦੇ ੯ ਸਵੱਈਆਂ ਵਿਚ ਗੁਰੂ ਅਰਜਨ ਸਾਹਿਬ ਦੁਆਰਾ ਪ੍ਰਭੂ ਦੀ ਉਸਤਤਿ ਕੀਤੀ ਗਈ ਹੈ। ਪ੍ਰਭੂ ਦੀ ਸਰਬ-ਵਿਆਪਕਤਾ ਨੂੰ ਦਰਸਾਇਆ ਗਿਆ ਹੈ ਅਤੇ ਉਸ ਦੇ ਗੁਣਾਂ ਦਾ ਗਾਇਨ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਪ੍ਰਭੂ ਦਾ ਨਾਮ ਅੰਮ੍ਰਿਤ ਹੈ। ਨਾਮ ਦੇ ਸਿਮਰਨ ਨਾਲ ਸਾਰੇ ਸੁਖ ਪ੍ਰਾਪਤ ਹੁੰਦੇ ਹਨ ਅਤੇ ਪਾਪ ਦੂਰ ਹੋ ਜਾਂਦੇ ਹਨ। ਜਿਨ੍ਹਾਂ ਉੱਤੇ ਵੀ ਪ੍ਰਭੂ ਪ੍ਰਸੰਨ ਹੁੰਦਾ ਹੈ, ਉਨ੍ਹਾਂ ਨੂੰ ਸਾਧ-ਸੰਗਤ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਦਾਤ ਸਦਕਾ ਉਹ ਪ੍ਰਭੂ ਦੇ ਨਾਮ ਦਾ ਰਸ ਮਾਣਦੇ ਹਨ ਤੇ ਤ੍ਰਿਪਤ ਹੋ ਜਾਂਦੇ ਹਨ। ਗੁਰੂ ਨਾਨਕ ਸਾਹਿਬ ਪ੍ਰਤੀ ਅਪਾਰ ਸ਼ਰਧਾ ਅਤੇ ਅਕੀਦਤ ਨੂੰ ਵੀ ਇਨ੍ਹਾਂ ਸਵੱਈਆਂ ਵਿਚ ਪੇਸ਼ ਕੀਤਾ ਗਿਆ ਹੈ। ਪ੍ਰਭੂ ਅਤੇ ਗੁਰੂ ਨਾਨਕ ਸਾਹਿਬ ਦੀ ਅਭੇਦਤਾ ਨੂੰ ਦਰਸਾਉਂਦਿਆਂ ਗੁਰੂ ਅਰਜਨ ਸਾਹਿਬ ਉਨ੍ਹਾਂ ਤੋਂ ਬਲਿਹਾਰ ਜਾਂਦੇ ਹਨ। ਅੰਤ ਵਿਚ ਗੁਰੂ ਨਾਨਕ ਸਾਹਿਬ ਨੂੰ ਕਲਜੁਗ ਦੇ ਅਗਿਆਨ-ਹਨ੍ਹੇਰੇ ਨੂੰ ਦੂਰ ਕਰਨ ਵਾਲਾ ਦੀਪਕ ਕਿਹਾ ਗਿਆ ਹੈ।
ਨਿਰੰਕਾਰੁ ਆਕਾਰ   ਅਛਲ ਪੂਰਨ ਅਬਿਨਾਸੀ
ਹਰਖਵੰਤ ਆਨੰਤ   ਰੂਪ ਨਿਰਮਲ ਬਿਗਾਸੀ
ਗੁਣ ਗਾਵਹਿ ਬੇਅੰਤ   ਅੰਤੁ ਇਕੁ ਤਿਲੁ ਨਹੀ ਪਾਸੀ
ਜਾ ਕਉ ਹੋਂਹਿ ਕ੍ਰਿਪਾਲ   ਸੁ ਜਨੁ ਪ੍ਰਭ ਤੁਮਹਿ ਮਿਲਾਸੀ
ਧੰਨਿ ਧੰਨਿ ਤੇ ਧੰਨਿ ਜਨ   ਜਿਹ ਕ੍ਰਿਪਾਲੁ ਹਰਿ ਹਰਿ ਭਯਉ
ਹਰਿ  ਗੁਰੁ ਨਾਨਕੁ ਜਿਨ ਪਰਸਿਅਉ   ਸਿ ਜਨਮ ਮਰਣ ਦੁਹ ਥੇ ਰਹਿਓ ॥੫॥
-ਗੁਰੂ ਗ੍ਰੰਥ ਸਾਹਿਬ ੧੩੮੬

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਵੱਈਏ ਵਿਚ ਗੁਰੂ ਅਰਜਨ ਸਾਹਿਬ ਫਰਮਾਉਂਦੇ ਹਨ ਕਿ ਪ੍ਰਭੂ ਨਿਰਗੁਣ ਅਤੇ ਸਰਗੁਣ ਦੋਹਾਂ ਰੂਪਾਂ ਵਿਚ ਮੌਜੂਦ ਹੈ। ਨਿਰਗੁਣ ਤੋਂ ਭਾਵ ਗੁਣ ਜਾਂ ਅਕਾਰ ਰਹਿਤ, ਜਿਸ ਦਾ ਕੋਈ ਚਿਹਨ-ਚੱਕ੍ਰ, ਰੰਗ-ਬਨਾਵਟ ਜਾਂ ਸਰੀਰ ਨਹੀਂ ਹੈ। ਸਰਗੁਣ ਤੋਂ ਭਾਵ ਜਿਸ ਦਾ ਕੋਈ ਅਕਾਰ ਹੈ। ਨਿਰਗੁਣ ਸਰੂਪ ਨੂੰ ਬਿਆਨ ਕਰਨਾ ਮਨੁਖੀ ਸੂਝ-ਬੂਝ ਤੋਂ ਬਾਹਰ ਹੈ। ਜਿਤਨੀ ਵੀ ਪ੍ਰਭੂ ਦੀ ਵਡਿਆਈ ਹੈ, ਉਹ ਉਸ ਦੇ ਸੰਸਾਰ ਅੰਦਰ ਵਿਆਪਕ ਸਰੂਪ ਦੀ ਹੈ। ਗੁਰੂ ਸਾਹਿਬ ਆਖਦੇ ਹਨ ਕਿ ਪ੍ਰਭੂ ਨਿਰਾਕਾਰ ਵੀ ਹੈ ਅਤੇ ਸਾਰੇ ਅਕਾਰਾਂ ਵਿਚ ਵਿਆਪਕ ਹੋ ਕੇ ਅਕਾਰ ਵਾਲਾ ਵੀ ਹੈ। ਜਿਸ ਮਾਇਆ ਨੇ ਸਾਰੇ ਸੰਸਾਰ ਨੂੰ ਛਲਿਆ ਹੋਇਆ ਹੈ, ਉਸ ਮਾਇਆ ਦੀ ਪ੍ਰਭੂ ਅੱਗੇ ਕੋਈ ਪੇਸ਼ ਨਹੀਂ ਚਲਦੀ, ਭਾਵ ਮਾਇਆ ਕਿਸੇ ਢੰਗ-ਤਰੀਕੇ ਨਾਲ ਉਸ ਨੂੰ ਨਹੀਂ ਛਲ ਸਕਦੀ। ਪ੍ਰਭੂ ਦੀ ਸਰਬ-ਵਿਆਪਕਤਾ ਬਾਰੇ ਗੱਲ ਕਰਦਿਆਂ ਗੁਰੂ ਸਾਹਿਬ ਆਖਦੇ ਹਨ ਕਿ ਉਹ ਪ੍ਰਭੂ ਸੰਸਾਰ ਦੇ ਕਣ-ਕਣ ਵਿਚ ਸਮਾਇਆ ਹੋਇਆ ਹੈ, ਭਾਵ ਹਰ ਥਾਂ ਅਤੇ ਹਰ ਸ਼ੈਅ ਵਿਚ ਉਹ ਹੈ। ਸਭ ਕਾਸੇ ਵਿਚ ਰਚਿਆ ਪ੍ਰਭੂ ਨਾਸ-ਰਹਿਤ ਹੈ।

ਉਸ ਦੀ ਇਹ ਵੀ ਸਿਫਤ ਹੈ ਕਿ ਉਹ ਅਮੁੱਕ ਪ੍ਰਸੰਨਤਾ ਦਾ ਮੁਜੱਸਮਾ ਜਾਂ ਖੁਸ਼ੀਆਂ ਦਾ ਭੰਡਾਰ ਹੈ। ਉਸ ਦੀ ਦਿਖ ਬੜੀ ਸਾਫ ਹੈ ਤੇ ਉਸ ਵਿਚ ਕੋਈ ਵੀ ਖੋਟ ਨਹੀਂ ਹੈ। ਉਹ ਹਮੇਸ਼ਾ ਵਿਗਸਦਾ ਹੈ। ਵਿਗਸਣਾ ਅਸਲ ਵਿਚ ਫੁੱਲ ਦੇ ਮੌਲਣ ਤੇ ਖਿੜਨ ਜਿਹਾ ਅਭਿਆਸ ਹੈ। ਪ੍ਰਭੂ ਹਮੇਸ਼ਾ ਮੌਲਦਾ ਹੈ, ਕਿਉਂਕਿ ਉਹ ਨਿਰਮਲ ਹੈ। ਉਹ ਨਿਰਮਲ ਹੈ, ਇਸ ਕਰਕੇ ਹੀ ਉਹ ਪ੍ਰਸੰਨ ਹੈ। ਨਿਰਮਲਤਾ ਤੇ ਪ੍ਰਸੰਨਤਾ ਆਪਸ ਵਿਚ ਜੁੜੇ ਹੋਏ ਹਨ। ਜਿਥੇ ਨਿਰਮਲਤਾ ਹੋਵੇਗੀ, ਉਥੇ ਪ੍ਰਸੰਨਤਾ ਹੋਵੇਗੀ। ਜਿਥੇ ਨਿਰਮਲਤਾ ਨਹੀਂ ਹੋਵੇਗੀ, ਉਥੇ ਪ੍ਰਸੰਨਤਾ ਵੀ ਨਹੀਂ ਹੋਵੇਗੀ। ਇਸ ਲਈ ਗੁਰਮਤਿ ਨਿਰਮਲ ਮਨ ਹੋਣ ’ਤੇ ਬਲ ਦਿੰਦੀ ਹੈ।

ਪ੍ਰਭੂ ਦੇ ਅਨੰਤ ਗੁਣਾਂ ਕਾਰਣ ਅਣਗਿਣਤ ਲੋਕ ਉਸ ਦੇ ਗੁਣ ਦਾ ਗਾਇਨ ਕਰਦੇ ਹਨ, ਭਾਵ ਉਸ ਦੀ ਸਿਫਤਿ-ਸਾਲਾਹ ਕਰਦੇ ਹਨ। ਫਿਰ ਦੱਸਿਆ ਗਿਆ ਹੈ ਕਿ ਬੇਸ਼ੱਕ ਪ੍ਰਭੂ ਦੇ ਗੁਣ-ਗਾਇਨ ਕਰਨ ਵਾਲਿਆਂ ਦਾ ਕੋਈ ਅੰਤ ਨਹੀਂ ਹੈ, ਫਿਰ ਵੀ ਉਸ ਦੇ ਗੁਣਾਂ ਦਾ ਇਕ ਤਿਲ ਜਿੰਨਾ ਵੀ ਹਿਸਾਬ ਨਹੀਂ ਲਾਇਆ ਜਾ ਸਕਦਾ। ਉਸ ਦੀ ਵਡਿਆਈ ਰੰਚਕ ਮਾਤਰ ਵੀ ਜਾਣੀ ਨਹੀਂ ਜਾ ਸਕਦੀ। ਕਿਸੇ ਨੂੰ ਜਾਣਨ ਲਈ, ਥੋੜ੍ਹਾ-ਬਹੁਤਾ ਵੀ ਉਹੋ-ਜਿਹਾ ਕੋਈ ਹੋਰ ਹੋਵੇ ਤਾਂ ਉਸ ਦੇ ਹਵਾਲੇ ਨਾਲ ਉਸ ਨੂੰ ਜਾਣਿਆ ਜਾ ਸਕਦਾ ਹੈ। ਪਰ ਪ੍ਰਭੂ ਜਿਹਾ ਹੋਰ ਕੋਈ ਹੈ ਹੀ ਨਹੀਂ। ਇਸ ਲਈ ਉਸ ਨੂੰ ਜਾਣ ਸਕਣਾ ਮੁਸ਼ਕਲ ਹੈ।

ਜੇ ਇੰਨੇ ਗੁਣਾਂ ਦੇ ਮਾਲਕ ਪ੍ਰਭੂ ਨੂੰ ਜਾਣਿਆ ਹੀ ਨਹੀਂ ਜਾ ਸਕਦਾ, ਫਿਰ ਉਸ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ? ਦੱਸਿਆ ਗਿਆ ਹੈ ਕਿ ਪ੍ਰਭੂ ਨੂੰ ਮਿਲਣਾ ਉਸ ਦੀ ਕਿਰਪਾਲਤਾ ਉੱਤੇ ਹੀ ਨਿਰਭਰ ਕਰਦਾ ਹੈ। ਇਸ ਲਈ ਜਿਸ ਉੱਤੇ ਵੀ ਪ੍ਰਭੂ ਦੀ ਮਿਹਰ ਹੋਵੇ, ਉਹ ਸੱਜਣ ਪੁਰਸ਼ ਪ੍ਰਭੂ-ਮਿਲਾਪ ਦੀ ਦਾਤ ਹਾਸਲ ਕਰ ਲੈਂਦਾ ਹੈ।

ਜਿਨ੍ਹਾਂ ਉੱਤੇ ਵੀ ਦੁਖ-ਤਕਲੀਫਾਂ ਤੇ ਬੁਰਾਈ ਦਾ ਨਾਸ ਕਰਨ ਵਾਲੇ ਪ੍ਰਭੂ ਨੇ ਮਿਹਰ ਕੀਤੀ ਹੈ, ਉਹ ਸੱਜਣ ਪੁਰਸ਼ ਬੜੇ ਹੀ ਮਹਾਨ ਹਨ। ਸਵੱਈਏ ਵਿਚ ਉਨ੍ਹਾਂ ਲਈ ਤਿੰਨ ਵਾਰ ‘ਧੰਨ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ, ਜਿਸ ਤੋਂ ਉਨ੍ਹਾਂ ਦੀ ਮਹਾਨਤਾ ਦਾ ਅੰਦਾਜਾ ਲਾਇਆ ਜਾ ਸਕਦਾ ਹੈ। ਕਿਉਂਕਿ ਪ੍ਰਭੂ ਦੀ ਮਿਹਰ ਪ੍ਰਭੂ ਦੇ ਸੁਭਾਅ ਵੱਲ ਤਾਂ ਸੰਕੇਤ ਕਰਦੀ ਹੀ ਹੈ, ਪਰ ਮਿਹਰ ਦੇ ਪਾਤਰ ਦੇ ਸਿਦਕ ਅਤੇ ਉਸ ਦੀ ਸਖਤ ਘਾਲਣਾ ਦਾ ਵੀ ਅਨੁਮਾਨ ਦੱਸਦੀ ਹੈ। ਧੰਨ ਧੰਨ ਉਸ ਨੂੰ ਕਿਹਾ ਜਾਂਦਾ ਹੈ, ਜਿਸ ਦੀ ਵਡਿਆਈ ਹੱਦ ਤੋਂ ਵੀ ਪਰੇ ਹੋਵੇ ਤੇ ਜਿਸ ਦੀ ਪ੍ਰਸੰਸਾ ਲਈ ਸ਼ਬਦਾਂ ਦੀ ਘਾਟ ਮਹਿਸੂਸ ਹੋਣ ਲੱਗੇ। 

ਸਵੱਈਏ ਦੇ ਅਖੀਰ ਵਿਚ ਗੁਰੂ ਅਰਜਨ ਸਾਹਿਬ ਪ੍ਰਭੂ ਨੂੰ ਮੁਖਾਤਬ ਹੁੰਦਿਆਂ ਆਖਦੇ ਹਨ ਕਿ ਹੇ ਹਰੀ-ਪ੍ਰਭੂ ਜਿਨ੍ਹਾਂ ਨੇ ਵੀ ਤੇਰੇ ਗੁਣਾਂ ਦੇ ਧਾਰਨੀ ਗੁਰੂ ਨਾਨਕ ਸਾਹਿਬ ਨਾਲ ਸੰਪਰਕ ਬਣਾ ਲਿਆ ਹੈ, ਭਾਵ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੂੰ ਹਿਰਦੇ ਵਿਚ ਵਸਾ ਕੇ ਅਮਲ ਵਿਚ ਢਾਲ ਲਿਆ ਹੈ, ਉਨ੍ਹਾਂ ਦੇ ਜਨਮ ਤੋਂ ਲੈ ਕੇ ਮਰਨ ਤਕ ਦੇ ਸਾਰੇ ਸੰਕਟ ਦੂਰ ਹੋ ਗਏ ਹਨ। ਅਸਲ ਵਿਚ ਉਹ ਏਨੇ ਗਿਆਨਵਾਨ ਹੋ ਜਾਂਦੇ ਹਨ ਕਿ ਉਹ ਦੁਖ ਅਤੇ ਸੁਖ ਦੀ ਦ੍ਵੈਸ਼ ਤੋਂ ਮੁਕਤ ਹੋ ਜਾਂਦੇ ਹਨ। ਉਹ ਹਰ ਹਾਲਤ ਵਿਚ ਨਿਮਰ ਅਤੇ ਅਜਾਦ ਰਹਿੰਦੇ ਹਨ। ਦੂਜੇ ਅਰਥਾਂ ਵਿਚ ਉਹ ਜਨਮ-ਮਰਨ ਦੇ ਨਿਰਮੂਲ ਡਰ ਤੋਂ ਨਿਸ਼ਚਿੰਤ ਹੋ ਜਾਂਦੇ ਹਨ।

Tags