Guru Granth Sahib Logo
  
ਗੁਰੂ ਗ੍ਰੰਥ ਸਾਹਿਬ ਵਿਚ ‘ਸਵਯੇ ਸ੍ਰੀ ਮੁਖਬਾਕੵ’ ਸਿਰਲੇਖ ਅਧੀਨ ਦੋ ਜੁੱਟਾਂ ਵਿਚ ਰਚੇ ੨੦ (੯+੧੧) ਸਵੱਈਏ ਸੰਕਲਿਤ ਹਨ। ਇਹ ਗੁਰੂ ਅਰਜਨ ਸਾਹਿਬ ਦੁਆਰਾ ਆਪਣੇ ਪਾਵਨ ਮੁਖ ਤੋਂ ਉਚਾਰਣ ਕੀਤੇ ਬਚਨ ਹਨ। ਪਹਿਲੇ ਜੁੱਟ ਦੇ ੯ ਸਵੱਈਆਂ ਵਿਚ ਗੁਰੂ ਅਰਜਨ ਸਾਹਿਬ ਦੁਆਰਾ ਪ੍ਰਭੂ ਦੀ ਉਸਤਤਿ ਕੀਤੀ ਗਈ ਹੈ। ਪ੍ਰਭੂ ਦੀ ਸਰਬ-ਵਿਆਪਕਤਾ ਨੂੰ ਦਰਸਾਇਆ ਗਿਆ ਹੈ ਅਤੇ ਉਸ ਦੇ ਗੁਣਾਂ ਦਾ ਗਾਇਨ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਪ੍ਰਭੂ ਦਾ ਨਾਮ ਅੰਮ੍ਰਿਤ ਹੈ। ਨਾਮ ਦੇ ਸਿਮਰਨ ਨਾਲ ਸਾਰੇ ਸੁਖ ਪ੍ਰਾਪਤ ਹੁੰਦੇ ਹਨ ਅਤੇ ਪਾਪ ਦੂਰ ਹੋ ਜਾਂਦੇ ਹਨ। ਜਿਨ੍ਹਾਂ ਉੱਤੇ ਵੀ ਪ੍ਰਭੂ ਪ੍ਰਸੰਨ ਹੁੰਦਾ ਹੈ, ਉਨ੍ਹਾਂ ਨੂੰ ਸਾਧ-ਸੰਗਤ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਦਾਤ ਸਦਕਾ ਉਹ ਪ੍ਰਭੂ ਦੇ ਨਾਮ ਦਾ ਰਸ ਮਾਣਦੇ ਹਨ ਤੇ ਤ੍ਰਿਪਤ ਹੋ ਜਾਂਦੇ ਹਨ। ਗੁਰੂ ਨਾਨਕ ਸਾਹਿਬ ਪ੍ਰਤੀ ਅਪਾਰ ਸ਼ਰਧਾ ਅਤੇ ਅਕੀਦਤ ਨੂੰ ਵੀ ਇਨ੍ਹਾਂ ਸਵੱਈਆਂ ਵਿਚ ਪੇਸ਼ ਕੀਤਾ ਗਿਆ ਹੈ। ਪ੍ਰਭੂ ਅਤੇ ਗੁਰੂ ਨਾਨਕ ਸਾਹਿਬ ਦੀ ਅਭੇਦਤਾ ਨੂੰ ਦਰਸਾਉਂਦਿਆਂ ਗੁਰੂ ਅਰਜਨ ਸਾਹਿਬ ਉਨ੍ਹਾਂ ਤੋਂ ਬਲਿਹਾਰ ਜਾਂਦੇ ਹਨ। ਅੰਤ ਵਿਚ ਗੁਰੂ ਨਾਨਕ ਸਾਹਿਬ ਨੂੰ ਕਲਜੁਗ ਦੇ ਅਗਿਆਨ-ਹਨ੍ਹੇਰੇ ਨੂੰ ਦੂਰ ਕਰਨ ਵਾਲਾ ਦੀਪਕ ਕਿਹਾ ਗਿਆ ਹੈ।
ਸਰਬ ਗੁਣ ਨਿਧਾਨੰ  ਕੀਮਤਿ ਗੵਾਨੰ ਧੵਾਨੰ   ਊਚੇ ਤੇ ਊਚੌ ਜਾਨੀਜੈ  ਪ੍ਰਭ ਤੇਰੋ ਥਾਨੰ
ਮਨੁ ਧਨੁ ਤੇਰੋ ਪ੍ਰਾਨੰ  ਏਕੈ ਸੂਤਿ ਹੈ ਜਹਾਨੰ   ਕਵਨ ਉਪਮਾ ਦੇਉ  ਬਡੇ ਤੇ ਬਡਾਨੰ
ਜਾਨੈ ਕਉਨੁ ਤੇਰੋ ਭੇਉ  ਅਲਖ ਅਪਾਰ ਦੇਉ   ਅਕਲ ਕਲਾ ਹੈ ਪ੍ਰਭ  ਸਰਬ ਕੋ ਧਾਨੰ
ਜਨੁ ਨਾਨਕੁ ਭਗਤੁ ਦਰਿ   ਤੁਲਿ ਬ੍ਰਹਮ ਸਮਸਰਿ   ਏਕ ਜੀਹ ਕਿਆ ਬਖਾਨੈ
ਹਾਂ ਕਿ  ਬਲਿ ਬਲਿ  ਬਲਿ ਬਲਿ  ਸਦ ਬਲਿਹਾਰਿ ॥੪॥
-ਗੁਰੂ ਗ੍ਰੰਥ ਸਾਹਿਬ ੧੩੮੬

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਵੱਈਏ ਵਿਚ ਗੁਰੂ ਅਰਜਨ ਸਾਹਿਬ ਕਥਨ ਕਰਦੇ ਹਨ ਕਿ ਪ੍ਰਭੂ ਸਾਰੇ ਗੁਣਾਂ ਦਾ ਖਜਾਨਾ ਹੈ। ਕੋਈ ਸਵਾਲ ਕਰ ਸਕਦਾ ਹੈ ਕਿ ਪ੍ਰਭੂ ਤਾਂ ਨਿਰਾਕਾਰ ਤੇ ਨਿਰਗੁਣ ਹੈ। ਫਿਰ ਉਸ ਨੂੰ ਗੁਣਾਂ ਦਾ ਖਜਾਨਾ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ? ਪ੍ਰਭੂ ਬੇਸ਼ੱਕ ਨਿਰਾਕਾਰ ਹੈ, ਪਰ ਉਸ ਨੇ ਆਪਣੇ-ਆਪ ਨੂੰ ਅਕਾਰ ਰੂਪ ਵਿਚ ਪ੍ਰਗਟ ਕੀਤਾ ਹੈ। ਇਹ ਸੰਸਾਰ, ਪ੍ਰਕਿਰਤੀ ਜਾਂ ਸਾਰਾ ਜਗਤ ਉਸ ਦਾ ਹੀ ਰੂਪ ਹੈ। ਸ੍ਰਿਸ਼ਟੀ ਦੇ ਸਾਰੇ ਗੁਣ ਅਸਲ ਵਿਚ ਨਿਰਗੁਣ ਪ੍ਰਭੂ ਦੇ ਹੀ ਹਨ। ਇਸ ਲਈ ਉਹ ਗੁਣਾਂ ਦਾ ਖਜਾਨਾ ਹੈ।

ਖਜਾਨਾ ਉਸ ਨੂੰ ਕਹਿੰਦੇ ਹਨ, ਜਿਥੇ ਕੀਮਤੀ ਸਮਾਨ ਸਾਂਭ ਕੇ ਰਖਿਆ ਹੁੰਦਾ ਹੈ। ਹਰ ਖਜਾਨੇ ਵਿਚ ਪਏ ਸਮਾਨ ਦੀ ਕੀਮਤ ਦਾ ਅੰਦਾਜਾ ਲਾਇਆ ਜਾ ਸਕਦਾ ਹੈ। ਪ੍ਰਭੂ ਗੁਣਾਂ ਦਾ ਖਜਾਨਾ ਹੈ। ਜੇ ਕੋਈ ਕੋਸ਼ਿਸ਼ ਕਰੇ ਕਿ ਪ੍ਰਭੂ ਦੇ ਗੁਣ ਰੂਪ ਖਜਾਨੇ ਦੀ ਕੀਮਤ ਪਾਈ ਜਾਵੇ ਤਾਂ ਪਾਈ ਨਹੀਂ ਜਾ ਸਕਦੀ। ਕੋਈ ਜਿੰਨੇ ਮਰਜੀ ਗਿਆਨ ਦਾ ਮਾਲਕ ਹੋਵੇ ਤੇ ਜਿੰਨਾ ਮਰਜੀ ਗਹਿਰ-ਗੰਭੀਰ ਹੋ ਕੇ ਧਿਆਨ ਲਾ ਕੇ ਦੇਖ ਲਵੇ, ਪਰ ਪ੍ਰਭੂ ਦੇ ਗੁਣਾਂ ਦੀ ਕੀਮਤ ਅਤੇ ਅਹਿਮੀਅਤ ਨਹੀਂ ਜਾਣੀ ਜਾ ਸਕਦੀ। ਗਿਆਨ ਜਾਣਨਾ ਹੁੰਦਾ ਹੈ ਤੇ ਧਿਆਨ ਗਿਆਨ ਦੀ ਗਹਿਰਾਈ ਅਤੇ ਲਗਾਤਾਰਤਾ ਹੈ। ਇਨ੍ਹਾਂ ਦੋਵਾਂ ਨਾਲ ਵੀ ਪ੍ਰਭੂ ਅਤੇ ਉਸ ਦੇ ਗੁਣਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਫਿਰ ਮਨ ਨੂੰ ਇਹੀ ਸਮਝਾਉਣਾ ਬਣਦਾ ਹੈ ਕਿ ਜਿਥੇ ਪ੍ਰਭੂ ਦਾ ਵਾਸਾ ਹੈ, ਉਹ ਥਾਂ ਸਭ ਤੋਂ ਮਹਾਨ ਹੈ। ਇੰਨੀ ਮਹਾਨ ਹੈ ਕਿ ਉਸ ਤੋਂ ਉੱਪਰ ਜਾਂ ਉੱਚੀ ਥਾਂ ਹੋਰ ਕੋਈ ਨਹੀਂ ਹੈ। ਜਿਸ ਦਾ ਕੋਈ ਅੰਤ ਹੀ ਨਹੀਂ ਹੈ, ਉਸ ਬੇਅੰਤ ਦਾ ਕੋਈ ਕਿਵੇਂ ਅੰਦਾਜਾ ਲਾ ਸਕਦਾ ਹੈ? ਸਿੱਟਾ ਇਹੀ ਹੈ ਕਿ ਪ੍ਰਭੂ ਹੀ ਸਭ ਤੋਂ ਵਡੀ ਹਸਤੀ ਹੈ ਤੇ ਉਸ ਦੇ ਉਪਰ ਤੇ ਪਰੇ ਹੋਰ ਕੁਝ ਨਹੀਂ ਹੈ।

ਅਜਿਹੀ ਵਡੀ ਹਸਤੀ ਅੱਗੇ ਤਾਂ ਫਿਰ ਸਮਰਪਣ ਹੀ ਹੋ ਸਕਦਾ ਹੈ। ਇਸ ਲਈ ਮਨੁਖ ਹਮੇਸ਼ਾ ਇਸ ਸਮਰਪਣ ਭਾਵ ਵਿਚ ਰਹੇ ਕਿ ਉਸ ਨੇ ਆਪਣਾ ਮਨ ਵੀ ਪ੍ਰਭੂ ਅੱਗੇ ਸਮਰਪਿਤ ਕਰਨਾ ਹੈ ਅਤੇ ਆਪਣੀ ਸਾਰੀ ਕਮਾਈ ਹੋਈ ਪੂੰਜੀ, ਪ੍ਰਭੂ ਦੀ ਹੀ ਦਾਤ ਸਮਝ ਕੇ ਉਸ ਨੂੰ ਹੀ ਸਮਰਪਿਤ ਕਰਨੀ ਹੈ। ਇਥੋਂ ਤਕ ਕਿ ਜੀਵਨ ਦੇ ਮੁੱਖ ਅਧਾਰ ਸਮਝੇ ਜਾਂਦੇ ਆਪਣੇ ਸਾਹ ਵੀ ਉਸ ਨੂੰ ਹੀ ਸਮਰਪਿਤ ਕਰ ਦੇਣੇ ਹਨ। ਦਿਲ ਵਿਚ ਇਹ ਅਹਿਸਾਸ ਹੋਣਾ ਜ਼ਰੂਰੀ ਹੈ ਕਿ ਜੋ ਵੀ ਮਨੁਖ ਕੋਲ ਹੈ, ਉਹ ਸਭ ਕੁਝ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ। ਸਾਰਾ ਜਹਾਨ ਉਸ ਪ੍ਰਭੂ ਨੇ ਇਕ ਸੂਤਰ ਵਿਚ ਪਰੋਇਆ ਹੋਇਆ ਹੈ। ਬੇਸ਼ਕ ਸ੍ਰਿਸ਼ਟੀ ਵਿਚ ਅਨੇਕਤਾ ਹੈ, ਪਰ ਇਹ ਅਨੇਕਤਾ ਖਿੰਡੀ-ਪੁੰਡੀ ਨਹੀਂ, ਬਲਕਿ ਪ੍ਰਭੂ ਦੇ ਕਾਬੂ ਹੇਠ ਹੈ ਤੇ ਉਸ ਦੀ ਦੇਖ-ਰੇਖ ਤੇ ਰਹਿਨੁਮਾਈ ਹੇਠ ਹੈ। ਉਸ ਤੋਂ ਕੁਝ ਵੀ ਬਾਹਰ ਨਹੀਂ ਹੈ। ਫਿਰ ਪ੍ਰਭੂ ਦੀ ਉੱਚਤਾ, ਮਹਾਨਤਾ ਜਾਂ ਵਡਿਆਈ ਦੱਸਣ ਲਈ ਕਿਹੜਾ ਤਰੀਕਾ ਵਰਤਿਆ ਜਾਵੇ? ਅਕਸਰ ਅਸੀਂ ਕਿਸੇ ਬਾਰੇ ਦੱਸਣ ਲਈ ਕੋਈ ਨਾ ਕੋਈ ਉਪਮਾ ਜਾਂ ਉਦਾਹਰਣ ਦੀ ਮਦਦ ਲੈਂਦੇ ਹਾਂ। ਪਰ ਪ੍ਰਭੂ, ਕਿਉਂਕਿ ਸਭ ਤੋਂ ਵਡਾ ਤੇ ਮਹਾਨ ਹੈ, ਇਸ ਲਈ ਉਸ ਬਾਰੇ ਦੱਸਣ ਜਾਂ ਸਮਝਣ ਲਈ ਕਿਸ ਦੀ ਉਪਮਾ ਜਾਂ ਉਦਾਹਰਣ ਦਿੱਤੀ ਜਾਵੇ? ਉਸ ਦੇ ਬਰਾਬਰ ਜਾਂ ਉਸ ਤੋਂ ਵਡਾ ਹੋਰ ਕੋਈ ਹੈ ਹੀ ਨਹੀਂ। ਇਸ ਲਈ ਹੀ ਉਸ ਨੂੰ ਅਨੂਪਮ ਕਿਹਾ ਜਾਂਦਾ ਹੈ।

ਉਹ ਪ੍ਰਭੂ ਇੰਨਾ ਵਡਾ ਹੈ ਕਿ ਉਸ ਜਿਹਾ ਹੋਰ ਕੋਈ ਨਹੀਂ ਹੈ। ਫਿਰ ਉਸ ਨੂੰ ਜਾਣਨ ਦਾ ਹੋਰ ਕਿਹੜਾ ਤਰੀਕਾ ਹੋਵੇ? ਉਸ ਦਾ ਭੇਤ ਕੌਣ ਜਾਣ ਸਕਦਾ ਹੈ! ਕੋਈ ਵੀ ਉਸ ਦੀ ਅਸਲੀਅਤ ਨਹੀਂ ਜਾਣ ਸਕਦਾ। ਉਹ ਅਸਲ ਵਿਚ ਇੰਨਾ ਬੇਅੰਤ ਹੈ ਕਿ ਉਸ ਦਾ ਕੋਈ ਆਰ-ਪਾਰ ਨਹੀਂ ਹੈ। ਉਹ ਮਨੁਖੀ ਸਮਝ ਤੋਂ ਪਰੇ ਹੈ। ਪ੍ਰਭੂ ਆਪ ਨਿਰਾਕਾਰ ਪ੍ਰਕਾਸ਼ ਹੈ। ਸਭ ਅਕਾਰ ਉਸ ਕਰਕੇ ਹੀ ਪ੍ਰਕਾਸ਼ਤ ਹਨ। ਪ੍ਰਭੂ ਸਾਰੇ ਦੇਵਾਂ ਦਾ ਦੇਵ ਹੈ। ਰਾਜੇ-ਮਹਾਰਾਜਿਆਂ ਦੇ ਤਪ-ਤੇਜ ਹਮੇਸ਼ਾ ਘੱਟਦੇ-ਵਧਦੇ ਰਹਿੰਦੇ ਹਨ ਪਰ ਪ੍ਰਭੂ ਦੇ ਤਪ-ਤੇਜ ਅਤੇ ਪ੍ਰਭਾਵ ਵਿਚ ਕਦੇ ਵੀ, ਕਿਸੇ ਕਿਸਮ ਦੀ ਘਾਟ-ਵਾਧ ਨਹੀਂ ਹੁੰਦੀ ਤੇ ਉਹ ਹਮੇਸ਼ਾ ਇਕ ਰਸ ਰਹਿੰਦਾ ਹੈ। ਭਾਵ ਉਸ ਦੀ ਅਖੰਡ ਸਤਾ ਹੀ ਸਭ ਦਾ ਆਸਰਾ ਹੈ। ਜਿਵੇਂ ਅਨਾਜ ਦੇ ਦਾਣੇ ਜੀਵਨ ਦਾ ਅਧਾਰ ਹੁੰਦੇ ਹਨ, ਇਸੇ ਤਰ੍ਹਾਂ ਪ੍ਰਭੂ ਸਭ ਕਾਸੇ ਦਾ, ਭਾਵ ਸਾਰੀ ਸ੍ਰਿਸ਼ਟੀ ਦਾ ਮੁੱਖ ਅਧਾਰ ਹੈ, ਜਿਸ ਦੇ ਬਿਨਾਂ ਕੁਝ ਵੀ ਕਾਇਮ ਨਹੀਂ ਰਹਿ ਸਕਦਾ।

ਅਖੀਰ ਵਿਚ ਗੁਰੂ ਅਰਜਨ ਸਾਹਿਬ ਪ੍ਰਭੂ ਨੂੰ ਸੰਬੋਧਨ ਹੁੰਦਿਆਂ ਫੁਰਮਾਉਂਦੇ ਹਨ ਕਿ ਪ੍ਰਭੂ ਦੇ ਦਰ ਉੱਤੇ ਸਤਿਕਾਰੇ ਅਤੇ ਪ੍ਰਵਾਨ ਹੋਏ ਭਗਤ ਗੁਰੂ ਨਾਨਕ ਸਾਹਿਬ ਭਗਤੀ-ਭਾਵ ਦੇ ਅਜਿਹੇ ਮੁਜੱਸਮੇ ਹਨ ਕਿ ਉਹ ਅਸਲ ਵਿਚ ਪ੍ਰਭੂ ਦੇ ਸਮਾਨ ਹੀ ਹਨ। ਭਾਵ ਉਨ੍ਹਾਂ ਦੀ ਸ਼ਖਸੀਅਤ ਵਿਚੋਂ ਰੱਬੀ ਗੁਣਾਂ ਦਾ ਪ੍ਰਗਟਾਵਾ ਹੋ ਰਿਹਾ ਹੈ। ਹੇ ਪ੍ਰਭੂ! ਤੁਸੀਂ ਅਤੇ ਤੁਹਾਡਾ ਭਗਤ ਇੰਨੇ ਮਹਾਨ ਹਨ ਕਿ ਉਨ੍ਹਾਂ ਦੀ ਸਿਫਤ ਸਿਰਫ ਇਕ ਜੀਭ ਨਾਲ ਦੱਸੀ ਨਹੀਂ ਜਾ ਸਕਦੀ। ਅਸਲ ਵਿਚ ਇਹ ਪ੍ਰਭੂ ਅਤੇ ਉਸ ਵਿਚ ਅਭੇਦ ਹੋ ਚੁਕੇ, ਉਸ ਦੇ ਹੀ ਰੂਪ ਗੁਰੂ ਨਾਨਕ ਸਾਹਿਬ ਦੀ ਵਡਿਆਈ ਨੂੰ ਵਰਣਨ ਕਰਨ ਦਾ ਹੀ ਕਾਵਿਕ ਅੰਦਾਜ ਹੈ। 

ਜੇ ਮੁਖੋਂ ਬੋਲ ਕੇ ਉਸ ਦੀ ਸਿਫਤ ਨਹੀਂ ਦੱਸੀ ਜਾ ਸਕਦੀ, ਫਿਰ ਮਨੁਖ ਕੋਲ ਇਕ ਹੀ ਰਾਹ ਬਚਦਾ ਹੈ ਕਿ ਉਸ ਦੇ ਵਾਰ-ਵਾਰ, ਵਾਰ-ਵਾਰ ਬਲਿਹਾਰ ਜਾਵੇ। ਇਥੋਂ ਤਕ ਕਿ ਉਸ ਦੇ ਅੱਗੇ ਸਦਾ-ਸਦਾ ਲਈ ਹੀ ਆਪਣੇ ਬਲ ਨੂੰ ਹਾਰ ਕੇ ਨਿਮਰ-ਭਾਵ ਵਿਚ ਰਹੇ। ਕਿਉਂਕਿ ਉਸ ਤੋਂ ਬਿਨਾਂ ਬਲਵਾਨ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ, ਮਨੁਖ ਦਾ ਕੋਈ ਵਜੂਦ ਹੀ ਨਹੀਂ ਹੈ। ਬਾਣੀ ਵਿਚ ਥਾਂ ਪਰ ਥਾਂ ਅਜਿਹੇ ਭਾਵ ਆਉਂਦੇ ਹਨ ਕਿ ਸ੍ਰਿਸ਼ਟੀ ਜੋ ਕੁਝ ਵੀ ਹੈ ਸਭ ਪ੍ਰਭੂ ਆਪ ਹੀ ਹੈ।

Tags