Guru Granth Sahib Logo
  
ਗੁਰੂ ਗ੍ਰੰਥ ਸਾਹਿਬ ਵਿਚ ‘ਸਵਯੇ ਸ੍ਰੀ ਮੁਖਬਾਕੵ’ ਸਿਰਲੇਖ ਅਧੀਨ ਦੋ ਜੁੱਟਾਂ ਵਿਚ ਰਚੇ ੨੦ (੯+੧੧) ਸਵੱਈਏ ਸੰਕਲਿਤ ਹਨ। ਇਹ ਗੁਰੂ ਅਰਜਨ ਸਾਹਿਬ ਦੁਆਰਾ ਆਪਣੇ ਪਾਵਨ ਮੁਖ ਤੋਂ ਉਚਾਰਣ ਕੀਤੇ ਬਚਨ ਹਨ। ਪਹਿਲੇ ਜੁੱਟ ਦੇ ੯ ਸਵੱਈਆਂ ਵਿਚ ਗੁਰੂ ਅਰਜਨ ਸਾਹਿਬ ਦੁਆਰਾ ਪ੍ਰਭੂ ਦੀ ਉਸਤਤਿ ਕੀਤੀ ਗਈ ਹੈ। ਪ੍ਰਭੂ ਦੀ ਸਰਬ-ਵਿਆਪਕਤਾ ਨੂੰ ਦਰਸਾਇਆ ਗਿਆ ਹੈ ਅਤੇ ਉਸ ਦੇ ਗੁਣਾਂ ਦਾ ਗਾਇਨ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਪ੍ਰਭੂ ਦਾ ਨਾਮ ਅੰਮ੍ਰਿਤ ਹੈ। ਨਾਮ ਦੇ ਸਿਮਰਨ ਨਾਲ ਸਾਰੇ ਸੁਖ ਪ੍ਰਾਪਤ ਹੁੰਦੇ ਹਨ ਅਤੇ ਪਾਪ ਦੂਰ ਹੋ ਜਾਂਦੇ ਹਨ। ਜਿਨ੍ਹਾਂ ਉੱਤੇ ਵੀ ਪ੍ਰਭੂ ਪ੍ਰਸੰਨ ਹੁੰਦਾ ਹੈ, ਉਨ੍ਹਾਂ ਨੂੰ ਸਾਧ-ਸੰਗਤ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਦਾਤ ਸਦਕਾ ਉਹ ਪ੍ਰਭੂ ਦੇ ਨਾਮ ਦਾ ਰਸ ਮਾਣਦੇ ਹਨ ਤੇ ਤ੍ਰਿਪਤ ਹੋ ਜਾਂਦੇ ਹਨ। ਗੁਰੂ ਨਾਨਕ ਸਾਹਿਬ ਪ੍ਰਤੀ ਅਪਾਰ ਸ਼ਰਧਾ ਅਤੇ ਅਕੀਦਤ ਨੂੰ ਵੀ ਇਨ੍ਹਾਂ ਸਵੱਈਆਂ ਵਿਚ ਪੇਸ਼ ਕੀਤਾ ਗਿਆ ਹੈ। ਪ੍ਰਭੂ ਅਤੇ ਗੁਰੂ ਨਾਨਕ ਸਾਹਿਬ ਦੀ ਅਭੇਦਤਾ ਨੂੰ ਦਰਸਾਉਂਦਿਆਂ ਗੁਰੂ ਅਰਜਨ ਸਾਹਿਬ ਉਨ੍ਹਾਂ ਤੋਂ ਬਲਿਹਾਰ ਜਾਂਦੇ ਹਨ। ਅੰਤ ਵਿਚ ਗੁਰੂ ਨਾਨਕ ਸਾਹਿਬ ਨੂੰ ਕਲਜੁਗ ਦੇ ਅਗਿਆਨ-ਹਨ੍ਹੇਰੇ ਨੂੰ ਦੂਰ ਕਰਨ ਵਾਲਾ ਦੀਪਕ ਕਿਹਾ ਗਿਆ ਹੈ।
ਸਗਲ ਭਵਨ ਧਾਰੇ  ਏਕ ਥੇਂ ਕੀਏ ਬਿਸਥਾਰੇ   ਪੂਰਿ ਰਹਿਓ ਸ੍ਰਬ ਮਹਿ  ਆਪਿ ਹੈ ਨਿਰਾਰੇ
ਹਰਿ  ਗੁਨ ਨਾਹੀ ਅੰਤ ਪਾਰੇ  ਜੀਅ ਜੰਤ ਸਭਿ ਥਾਰੇ   ਸਗਲ ਕੋ ਦਾਤਾ  ਏਕੈ ਅਲਖ ਮੁਰਾਰੇ
ਆਪ ਹੀ ਧਾਰਨ ਧਾਰੇ  ਕੁਦਰਤਿ ਹੈ ਦੇਖਾਰੇ   ਬਰਨੁ ਚਿਹਨੁ ਨਾਹੀ  ਮੁਖ ਮਸਾਰੇ
ਜਨੁ ਨਾਨਕੁ ਭਗਤੁ ਦਰਿ   ਤੁਲਿ ਬ੍ਰਹਮ ਸਮਸਰਿ   ਏਕ ਜੀਹ ਕਿਆ ਬਖਾਨੈ ॥ 
ਹਾਂ ਕਿ  ਬਲਿ ਬਲਿ  ਬਲਿ ਬਲਿ  ਸਦ ਬਲਿਹਾਰਿ ॥੩॥
-ਗੁਰੂ ਗ੍ਰੰਥ ਸਾਹਿਬ ੧੩੮੬

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਵੱਈਏ ਵਿਚ ਦੱਸਿਆ ਗਿਆ ਹੈ ਕਿ ਸ੍ਰਿਸ਼ਟੀ ਵਿਚਲੇ ਸਾਰੇ ਹੀ ਖੰਡਾਂ-ਬ੍ਰਹਿਮੰਡਾਂ ਦਾ ਨਿਰਮਾਣ ਪ੍ਰਭੂ ਨੇ ਕੀਤਾ ਹੈ। ਉਹੀ ਸਭ ਕਾਸੇ ਦਾ ਕਰਤਾ ਹੈ। ਅਸਲ ਵਿਚ ਉਸ ਨੇ ਇਨ੍ਹਾਂ ਦੇ ਰੂਪ ਵਿਚ ਆਪਣਾ ਹੀ ਵਿਸਥਾਰ ਕੀਤਾ ਹੈ। ਇਨ੍ਹਾਂ ਸਾਰਿਆਂ ਵਿਚ ਉਹ ਆਪ ਪੂਰਨ ਰੂਪ ਵਿਚ ਵਸਿਆ ਹੋਇਆ ਹੈ। ਸ੍ਰਿਸ਼ਟੀ ਦਾ ਕੋਈ ਵੀ ਕਣ ਪ੍ਰਭ ਦੀ ਮੌਜੂਦਗੀ ਤੋਂ ਬਿਨਾਂ ਨਹੀਂ ਹੈ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਉਹ ਸ੍ਰਿਸ਼ਟੀ ਦੇ ਕਣ-ਕਣ ਵਿਚ ਵਸਣ ਦੇ ਬਾਵਜੂਦ ਇਸ ਤੋਂ ਨਿਰਲੇਪ ਰਹਿੰਦਾ ਹੈ।

ਹਰੀ-ਪ੍ਰਭੂ ਦੇ ਗੁਣ ਇੰਨੇ ਹਨ ਕਿ ਨਾ ਉਨ੍ਹਾਂ ਦਾ ਕੋਈ ਅੰਤ ਹੈ ਤੇ ਨਾ ਹੀ ਉਨ੍ਹਾਂ ਦਾ ਕੋਈ ਪਾਰ ਹੈ। ਜਿਵੇਂ ਦਰਿਆ ਦਾ ਆਰ ਅਤੇ ਪਾਰ ਹੁੰਦਾ ਹੈ, ਪਰ ਪ੍ਰਭੂ ਦਾ ਕੋਈ ਆਰ-ਪਾਰ ਨਹੀਂ ਹੈ। ਬਸ ਉਹੀ ਹੈ ਤੇ ਉਸ ਦੇ ਬਿਨਾਂ ਕੁਝ ਵੀ ਹੋਰ ਨਹੀਂ ਹੈ। ਇਸ ਧਰਤੀ ਉੱਤੇ ਜਿੰਨੇ ਵੀ ਜੀਵ-ਜੰਤੂ ਹਨ, ਉਹ ਸਭ ਪ੍ਰਭੂ ਦੇ ਹੀ ਪੈਦਾ ਕੀਤੇ ਹੋਏ ਹਨ ਤੇ ਉਹ ਸਭ ਨੂੰ ਦਾਤਾਂ ਦੇਣ ਵਾਲਾ ਹੈ। ਉਹ ਮਨੁਖੀ ਸਮਝ ਤੋਂ ਪਰੇ ਦੀ ਹਸਤੀ ਹੈ, ਇਸ ਲਈ ਉਸ ਨੂੰ ਅਲਖ ਕਿਹਾ ਗਿਆ ਹੈ। ਭਾਵ, ਉਸ ਬਾਰੇ ਸੰਪੂਰਨ ਰੂਪ ਵਿਚ ਬਿਆਨ ਨਹੀਂ ਜਾ ਸਕਦਾ। ਜੀਵਾਂ ਦੇ ਅੰਦਰੋਂ ਹੰਕਾਰ ਰੂਪੀ ਦੈਂਤ ਦਾ ਖਾਤਮਾ ਕਰਨ ਦੀ ਸਮੱਰਥਾ ਕੇਵਲ ਪ੍ਰਭੂ ਕੋਲ ਹੈ।

ਉਸ ਦੀ ਹਸਤੀ ਬਾਰੇ ਹੋਰ ਦੱਸਿਆ ਹੈ ਕਿ ਉਹ ਆਪ ਹੀ ਸਾਰੇ ਖੰਡਾਂ-ਬ੍ਰਹਿਮੰਡਾਂ ਦੇ ਪਸਾਰੇ ਦਾ ਨਿਰਮਾਣ ਕਰਦਾ ਹੈ ਤੇ ਉਹ ਆਪ ਹੀ ਇਸ ਪਸਾਰੇ ਨੂੰ ਕਾਇਮ ਰਖਣ ਵਾਲਾ ਹੈ। ਉਹੀ ਇਸ ਦਾ ਅਧਾਰ ਅਤੇ ਆਸਰਾ ਹੈ। ਅਸਲ ਵਿਚ ਪ੍ਰਕਿਰਤੀ ਦੇ ਰੂਪ ਵਿਚ ਹਰ ਥਾਂ ਨਜਰ ਆਉਣ ਵਾਲਾ ਸਾਰਾ ਕੁਝ ਉਹ ਆਪ ਹੀ ਹੈ। ਕਿਉਂਕਿ ਉਸ ਦੇ ਬਿਨਾਂ ਕੋਈ ਦੂਜਾ ਹੈ ਹੀ ਨਹੀਂ। ਪਰ ਉਸ ਦਾ ਕੋਈ ਰੰਗ-ਰੂਪ ਨਹੀਂ ਹੈ ਤੇ ਨਾ ਹੀ ਉਸ ਦੇ ਕੋਈ ਨੈਣ-ਨਕਸ਼ ਹਨ, ਜਿਨ੍ਹਾਂ ਤੋਂ ਉਸ ਨੂੰ ਪਛਾਣਿਆ ਜਾ ਸਕੇ। ਇਥੋਂ ਤਕ ਕਿ ਉਸ ਦਾ ਕੋਈ ਚਿਹਰਾ ਹੀ ਨਹੀਂ ਹੈ ਤੇ ਨਾ ਹੀ ਉਸ ਦੀ ਦਾੜ੍ਹੀ-ਮੁੱਛ ਹੈ ਕਿ ਉਸ ਦੀ ਪਛਾਣ ਹੋ ਸਕੇ ਜਾਂ ਉਸ ਨੂੰ ਇਨ੍ਹਾਂ ਅੱਖਾਂ ਨਾਲ ਦੇਖਿਆ ਜਾ ਸਕੇ। ਉਹ ਕਿਸੇ ਮਨੁਖੀ ਸਰੀਰ ਵਿਚ ਨਹੀਂ ਅਤੇ ਉਸ ਦੀ ਪਛਾਣ ਮਨੁਖ ਨਿਆਈਂ ਨਹੀਂ ਹੈ; ਭਾਵ, ਉਹ ਨਿਰਾਕਾਰ ਹੈ। ਇਹ ਇਕ ਤਰ੍ਹਾਂ ਅਵਤਾਰਵਾਦ ਦਾ ਖੰਡਨ ਹੈ।

ਅਖੀਰ ਵਿਚ ਗੁਰੂ ਅਰਜਨ ਸਾਹਿਬ ਪ੍ਰਭੂ ਨੂੰ ਸੰਬੋਧਨ ਹੁੰਦਿਆਂ ਫੁਰਮਾਉਂਦੇ ਹਨ ਕਿ ਪ੍ਰਭੂ ਦੇ ਦਰ ਉੱਤੇ ਸਤਿਕਾਰੇ ਅਤੇ ਪ੍ਰਵਾਨ ਹੋਏ ਭਗਤ ਗੁਰੂ ਨਾਨਕ ਸਾਹਿਬ ਭਗਤੀ-ਭਾਵ ਦੇ ਅਜਿਹੇ ਮੁਜੱਸਮੇ ਹਨ ਕਿ ਉਹ ਅਸਲ ਵਿਚ ਪ੍ਰਭੂ ਦੇ ਸਮਾਨ ਹੀ ਹਨ। ਭਾਵ, ਉਨ੍ਹਾਂ ਦੀ ਸ਼ਖਸੀਅਤ ਵਿਚੋਂ ਰੱਬੀ ਗੁਣਾਂ ਦਾ ਪ੍ਰਗਟਾਵਾ ਹੋ ਰਿਹਾ ਹੈ। ਹੇ ਪ੍ਰਭੂ! ਤੁਸੀਂ ਅਤੇ ਤੁਹਾਡਾ ਭਗਤ ਇੰਨੇ ਮਹਾਨ ਹਨ ਕਿ ਉਨ੍ਹਾਂ ਦੀ ਸਿਫਤ ਸਿਰਫ ਇਕ ਜੀਭ ਨਾਲ ਦੱਸੀ ਨਹੀਂ ਜਾ ਸਕਦੀ। ਅਸਲ ਵਿਚ ਇਹ ਪ੍ਰਭੂ ਅਤੇ ਉਸ ਵਿਚ ਅਭੇਦ ਹੋ ਚੁਕੇ, ਉਸ ਦੇ ਹੀ ਰੂਪ ਗੁਰੂ ਨਾਨਕ ਸਾਹਿਬ ਦੀ ਵਡਿਆਈ ਨੂੰ ਵਰਣਨ ਕਰਨ ਦਾ ਹੀ ਕਾਵਿਕ ਅੰਦਾਜ ਹੈ। 

ਜੇ ਮੁਖੋਂ ਬੋਲ ਕੇ ਉਸ ਦੀ ਸਿਫਤ ਨਹੀਂ ਦੱਸੀ ਜਾ ਸਕਦੀ, ਫਿਰ ਮਨੁਖ ਕੋਲ ਇਕ ਹੀ ਰਾਹ ਬਚਦਾ ਹੈ ਕਿ ਉਸ ਦੇ ਵਾਰ-ਵਾਰ, ਵਾਰ-ਵਾਰ ਬਲਿਹਾਰ ਜਾਵੇ। ਇਥੋਂ ਤਕ ਕਿ ਉਸ ਦੇ ਅੱਗੇ ਸਦਾ-ਸਦਾ ਲਈ ਹੀ ਆਪਣੇ ਬਲ ਨੂੰ ਹਾਰ ਕੇ ਨਿਮਰ-ਭਾਵ ਵਿਚ ਰਹੇ। ਕਿਉਂਕਿ ਉਸ ਤੋਂ ਬਿਨਾਂ ਬਲਵਾਨ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ, ਮਨੁਖ ਦਾ ਕੋਈ ਵਜੂਦ ਹੀ ਨਹੀਂ ਹੈ। ਬਾਣੀ ਵਿਚ ਥਾਂ ਪਰ ਥਾਂ ਅਜਿਹੇ ਭਾਵ ਆਉਂਦੇ ਹਨ ਕਿ ਸ੍ਰਿਸ਼ਟੀ ਜੋ ਕੁਝ ਵੀ ਹੈ, ਸਭ ਪ੍ਰਭੂ ਆਪ ਹੀ ਹੈ।


Tags