ਗੁਰੂ ਗ੍ਰੰਥ ਸਾਹਿਬ ਵਿਚ ‘ਸਵਯੇ ਸ੍ਰੀ ਮੁਖਬਾਕੵ’ ਸਿਰਲੇਖ ਅਧੀਨ ਦੋ ਜੁੱਟਾਂ ਵਿਚ ਰਚੇ ੨੦ (੯+੧੧)
ਸਵੱਈਏ ਸੰਕਲਿਤ ਹਨ। ਇਹ ਗੁਰੂ ਅਰਜਨ ਸਾਹਿਬ ਦੁਆਰਾ ਆਪਣੇ ਪਾਵਨ ਮੁਖ ਤੋਂ ਉਚਾਰਣ ਕੀਤੇ ਬਚਨ ਹਨ। ਪਹਿਲੇ ਜੁੱਟ ਦੇ ੯ ਸਵੱਈਆਂ ਵਿਚ ਗੁਰੂ ਅਰਜਨ ਸਾਹਿਬ ਦੁਆਰਾ ਪ੍ਰਭੂ ਦੀ ਉਸਤਤਿ ਕੀਤੀ ਗਈ ਹੈ। ਪ੍ਰਭੂ ਦੀ ਸਰਬ-ਵਿਆਪਕਤਾ ਨੂੰ ਦਰਸਾਇਆ ਗਿਆ ਹੈ ਅਤੇ ਉਸ ਦੇ ਗੁਣਾਂ ਦਾ ਗਾਇਨ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਪ੍ਰਭੂ ਦਾ
ਨਾਮ ਅੰਮ੍ਰਿਤ ਹੈ। ਨਾਮ ਦੇ ਸਿਮਰਨ ਨਾਲ ਸਾਰੇ ਸੁਖ ਪ੍ਰਾਪਤ ਹੁੰਦੇ ਹਨ ਅਤੇ ਪਾਪ ਦੂਰ ਹੋ ਜਾਂਦੇ ਹਨ। ਜਿਨ੍ਹਾਂ ਉੱਤੇ ਵੀ ਪ੍ਰਭੂ ਪ੍ਰਸੰਨ ਹੁੰਦਾ ਹੈ, ਉਨ੍ਹਾਂ ਨੂੰ ਸਾਧ-ਸੰਗਤ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਦਾਤ ਸਦਕਾ ਉਹ ਪ੍ਰਭੂ ਦੇ ਨਾਮ ਦਾ ਰਸ ਮਾਣਦੇ ਹਨ ਤੇ ਤ੍ਰਿਪਤ ਹੋ ਜਾਂਦੇ ਹਨ। ਗੁਰੂ ਨਾਨਕ ਸਾਹਿਬ ਪ੍ਰਤੀ ਅਪਾਰ ਸ਼ਰਧਾ ਅਤੇ ਅਕੀਦਤ ਨੂੰ ਵੀ ਇਨ੍ਹਾਂ
ਸਵੱਈਆਂ ਵਿਚ ਪੇਸ਼ ਕੀਤਾ ਗਿਆ ਹੈ। ਪ੍ਰਭੂ ਅਤੇ ਗੁਰੂ ਨਾਨਕ ਸਾਹਿਬ ਦੀ ਅਭੇਦਤਾ ਨੂੰ ਦਰਸਾਉਂਦਿਆਂ ਗੁਰੂ ਅਰਜਨ ਸਾਹਿਬ ਉਨ੍ਹਾਂ ਤੋਂ ਬਲਿਹਾਰ ਜਾਂਦੇ ਹਨ। ਅੰਤ ਵਿਚ ਗੁਰੂ ਨਾਨਕ ਸਾਹਿਬ ਨੂੰ
ਕਲਜੁਗ ਦੇ ਅਗਿਆਨ-ਹਨ੍ਹੇਰੇ ਨੂੰ ਦੂਰ ਕਰਨ ਵਾਲਾ ਦੀਪਕ ਕਿਹਾ ਗਿਆ ਹੈ।
ਅੰਮ੍ਰਿਤ ਪ੍ਰਵਾਹ ਸਰਿ ਅਤੁਲ ਭੰਡਾਰ ਭਰਿ ਪਰੈ ਹੀ ਤੇ ਪਰੈ ਅਪਰ ਅਪਾਰ ਪਰਿ ॥
ਆਪੁਨੋ ਭਾਵਨੁ ਕਰਿ ਮੰਤ੍ਰਿ ਨ ਦੂਸਰੋ ਧਰਿ ਓਪਤਿ ਪਰਲੌ ਏਕੈ ਨਿਮਖ ਤੁ ਘਰਿ ॥
ਆਨ ਨਾਹੀ ਸਮਸਰਿ ਉਜੀਆਰੋ ਨਿਰਮਰਿ ਕੋਟਿ ਪਰਾਛਤ ਜਾਹਿ ਨਾਮ ਲੀਏ ਹਰਿ ਹਰਿ ॥
ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੨॥
-ਗੁਰੂ ਗ੍ਰੰਥ ਸਾਹਿਬ ੧੩੮੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਵੱਈਏ ਦੇ ਸ਼ੁਰੂ ਵਿਚ ਗੁਰੂ ਅਰਜਨ ਸਾਹਿਬ ਪ੍ਰਭੂ ਦੇ ਨਾਮ ਅੰਮ੍ਰਿਤ ਦੀ ਮਹਿਮਾ ਕਰਦੇ ਹਨ। ਫਿਰ ਪ੍ਰਭੂ ਦੇ ਗੁਣਾਂ ਅਤੇ ਉਸ ਦੀ ਸਮਰੱਥਾ ਨੂੰ ਬਿਆਨ ਕਰਦਿਆਂ, ਉਸ ਤੋਂ ਬਲਿਹਾਰ ਜਾਣ ਦਾ ਉਪਦੇਸ਼ ਦਿੰਦੇ ਹਨ।
ਗੁਰੂ ਸਾਹਿਬ, ਪ੍ਰਭੂ ਦੀ ਸਿਫਤਿ-ਸਾਲਾਹ ਕਰਦਿਆਂ ਕਥਨ ਕਰਦੇ ਹਨ ਕਿ ਹੇ ਪ੍ਰਭੂ! ਆਤਮਕ ਜੀਵਨ ਦੇਣ ਵਾਲੇ ਨਾਮ ਰੂਪੀ ਜਲ ਦੇ ਚਸ਼ਮੇ ਵਗ ਰਹੇ ਹਨ। ਇਹ ਨਾਮ ਦੇ ਭੰਡਾਰ ਅਮੁੱਕ ਅਤੇ ਅਤੋਲ ਹਨ। ਭਾਵ, ਨਾ ਤਾਂ ਇਹ ਕਦੇ ਖਤਮ ਹੋਣਗੇ ਅਤੇ ਨਾ ਹੀ ਇਨ੍ਹਾਂ ਨੂੰ ਕਿਸੇ ਵੀ ਢੰਗ-ਤਰੀਕੇ ਤੋਲਿਆ ਜਾਂ ਮਿਣਿਆ ਜਾ ਸਕਦਾ ਹੈ। ਫਿਰ ਪ੍ਰਭੂ ਦੀ ਵਿਸ਼ਾਲਤਾ ਨੂੰ ਬਿਆਨ ਕਰਦਿਆਂ ਗੁਰੂ ਸਾਹਿਬ ਦੱਸਦੇ ਹਨ ਕਿ ਉਹ ਪ੍ਰਭੂ ਪਰੇ ਤੋਂ ਵੀ ਪਰੇ ਹੈ, ਭਾਵ ਉਸ ਦਾ ਕੋਈ ਉਰਲਾ-ਪਰਲਾ ਪਾਸਾ ਨਹੀਂ ਹੈ। ਭਾਵ, ਪ੍ਰਭੂ ਅਸੀਮ ਹੈ, ਉਹ ਮਨੁਖ ਦੇ ਸਾਰੇ ਨਾਪ-ਤੋਲ ਅਤੇ ਸੂਝ-ਸਮਝ ਤੋਂ ਪਰੇ ਹੈ।
ਫਿਰ ਪ੍ਰਭੂ ਦੀ ਹੋਰ ਸਿਫਤ ਦੱਸੀ ਹੈ ਕਿ ਉਹ ਸਿਰਫ ਉਹੀ ਕੁਝ ਕਰਦਾ ਹੈ, ਜੋ ਉਸ ਨੂੰ ਚੰਗਾ ਲੱਗਦਾ ਹੈ। ਉਹ ਕਿਸੇ ਹੋਰ ਨੂੰ ਆਪਣਾ ਸਲਾਹਕਾਰ ਨਿਯੁਕਤ ਨਹੀਂ ਕਰਦਾ। ਅਸਲ ਵਿਚ ਉਸ ਨੂੰ ਪਤਾ ਹੈ ਕਿ ਜੋ ਉਸ ਨੂੰ ਚੰਗਾ ਲੱਗਦਾ ਹੈ, ਉਸ ਵਿਚ ਹੀ ਸਭ ਦੀ ਭਲਾਈ ਹੈ। ਉਹ ਖੁਦ ਆਪ ਸਭ ਕੁਝ ਜਾਣਦਾ ਹੈ ਤੇ ਉਹ ਹਰ ਤਰ੍ਹਾਂ ਨਾਲ ਸਮਰੱਥਾਵਾਨ ਵੀ ਹੈ। ਸਲਾਹ, ਹਮੇਸ਼ਾ ਦੂਜੇ ਤੋਂ ਲਈ ਜਾਂਦੀ ਹੈ। ਪ੍ਰਭੂ ਪਰਮੇਸ਼ਰ ਕੇਵਲ ਇਕ ਹੀ ਹੈ। ਇਸ ਲਈ ਜਦ ਦੂਜਾ ਕੋਈ ਹੈ ਹੀ ਨਹੀਂ ਤਾਂ ਸਲਾਹ ਕਿਸ ਤੋਂ ਲੈਣੀ ਹੈ? ਉਹ ਇੰਨਾ ਸਮਰੱਥਾਵਾਨ ਹੈ ਕਿ ਉਹ ਆਪ ਹੀ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਤੇ ਖਾਤਮਾ ਵੀ ਕਰ ਲੈਂਦਾ ਹੈ। ਇਸ ਕੰਮ ਲਈ ਉਹ ਬਹੁਤਾ ਸਮਾਂ ਨਹੀਂ ਲੈਂਦਾ, ਬਲਕਿ ਅੱਖ ਦੇ ਝਮਕਣ ਜਿੰਨੇ ਸਮੇਂ ਵਿਚ ਹੀ ਉਹ ਸਾਰੀ ਰਚਨਾ ਨੂੰ ਤਬਾਹ ਕਰ ਕੇ ਮੁੜ ਸਿਰਜ ਸਕਦਾ ਹੈ।
ਪ੍ਰਭੂ ਦੇ ਬਰਾਬਰ ਹੋਰ ਕੋਈ ਨਹੀਂ ਹੈ। ਉਸ ਦਾ ਗਿਆਨ-ਰੂਪ ਪ੍ਰਕਾਸ਼ ਹਰ ਤਰ੍ਹਾਂ ਦੇ ਅਗਿਆਨ ਦੀ ਮੈਲ ਦੂਰ ਕਰ ਦਿੰਦਾ ਹੈ। ਫਿਰ ਦੁਹਰਾ ਕੇ ਦੱਸਿਆ ਹੈ ਕਿ ਉਹ ਹਰੀ ਆਪ ਤਾਂ ਜੋ ਹੈ ਸੋ ਹੈ ਪਰ ਉਸ ਦਾ ਨਾਮ ਲੈਂਦਿਆਂ ਹੀ ਕਰੋੜਾਂ ਪਾਪਾਂ ਦੇ ਭਾਵ ਮਨ ਵਿਚੋਂ ਮਿਟ ਜਾਂਦੇ ਹਨ। ਪਾਪ ਬੁਰਾਈ ਨੂੰ ਕਹਿੰਦੇ ਹਨ ਤੇ ਕੋਈ ਉਦੋਂ ਹੀ ਬੁਰਾਈ ਕਰਦਾ ਹੈ, ਜਦ ਕਿਸੇ ਨੂੰ ਸਚਾਈ ਦਾ ਪਤਾ ਨਾ ਹੋਵੇ। ਪ੍ਰਭੂ ਸੱਚ ਦਾ ਮੁਜੱਸਮਾ ਹੈ, ਜਿਸ ਕਰਕੇ ਉਸ ਦਾ ਨਾਮ ਲੈਣ ਵਾਲੇ ਦੇ ਅੰਦਰ ਵੀ ਚਾਨਣ ਹੋ ਜਾਂਦਾ ਹੈ। ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਬੁਰੇ ਕੰਮ ਦਾ ਨਤੀਜਾ ਹਰ ਹਾਲਤ ਵਿਚ ਬੁਰਾ ਹੀ ਹੁੰਦਾ ਹੈ। ਇਸ ਲਈ ਸੱਚ-ਸਰੂਪ ਪ੍ਰਭੂ ਨਾਲ ਜੁੜਿਆ ਮਨੁਖ ਬੁਰਾਈ ਤੋਂ ਬਚ ਜਾਂਦਾ ਹੈ।
ਸਵੱਈਏ ਦੇ ਅਖੀਰ ਵਿਚ ਗੁਰੂ ਅਰਜਨ ਸਾਹਿਬ ਪ੍ਰਭੂ ਨੂੰ ਸੰਬੋਧਨ ਹੁੰਦਿਆਂ ਫੁਰਮਾਉਂਦੇ ਹਨ ਕਿ ਪ੍ਰਭੂ ਦਾ ਸੇਵਕ ਜੋ ਉਸ ਦੇ ਦਰ ’ਤੇ ਪ੍ਰਵਾਨ ਹੋਇਆ ਭਗਤ, ਗੁਰੂ ਨਾਨਕ ਸਾਹਿਬ ਵੀ ਪ੍ਰਭੂ ਸਮਾਨ ਹੀ ਹੈ। ਭਾਵ, ਉਨ੍ਹਾਂ ਦੀ ਸ਼ਖਸੀਅਤ ਵਿਚੋਂ ਰੱਬੀ ਗੁਣਾਂ ਦਾ ਪ੍ਰਗਟਾਵਾ ਹੋ ਰਿਹਾ ਹੈ। ਪ੍ਰਭੂ ਅਤੇ ਉਸ ਦੇ ਭਗਤ ਦੀ ਮਹਿਮਾ ਕੋਈ ਇਕ ਜੀਭ ਨਾਲ ਕਿਵੇਂ ਕਰ ਸਕਦਾ ਹੈ? ਭਾਵ, ਪ੍ਰਭੂ ਅਤੇ ਉਸ ਦੇ ਸੇਵਕ ਦੇ ਗੁਣਾਂ ਦੀ ਸਿਫਤ ਇਕ ਮਨੁਖ ਕੋਲੋਂ ਹੋ ਹੀ ਨਹੀਂ ਸਕਦੀ। ਕੋਈ ਕਿਹੜੀ-ਕਿਹੜੀ ਸਿਫਤ ਦੱਸੇ?
ਹਾਂ, ਜੇ ਬੋਲ ਕੇ ਉਨ੍ਹਾਂ ਦੀ ਸਿਫਤ ਹੋ ਹੀ ਨਹੀਂ ਸਕਦੀ ਤਾਂ ਫਿਰ ਇਕ ਹੀ ਰਾਹ ਬਚਦਾ ਹੈ ਕਿ ਉਨ੍ਹਾਂ ਦੇ ਹਮੇਸ਼ਾ ਬਲਿਹਾਰ ਜਾਂਦਾ ਰਹੇ ਤੇ ਆਪਣਾ ਨਿਮਰ ਭਾਵ ਪ੍ਰਗਟ ਕਰਦਾ ਰਹੇ। ਇਕ ਵਾਰ ਨਹੀਂ, ਸੌ-ਸੌ ਵਾਰ ਉਸ ਦੇ ਅੱਗੇ ਨਮਨ ਕਰਦਾ ਰਹੇ। ਇਹੀ ਉਸ ਦੀ ਵਡਿਆਈ ਤੇ ਸਿਫਤ ਹੈ। ਸਤਿਕਾਰਜੋਗ ਹਸਤੀ ਦੀ ਆਤਮਕ ਉਚਾਈ ਦੇ ਅੱਗੇ ਆਪਣੇ ਬਲ ਨੂੰ ਹਾਰ ਜਾਣਾ ਹੀ ਸੱਚਾ ਨਿਮਰ ਭਾਵ ਹੁੰਦਾ ਹੈ।