ਗੁਰੂ ਗ੍ਰੰਥ ਸਾਹਿਬ ਵਿਚ ‘ਸਵਯੇ ਸ੍ਰੀ ਮੁਖਬਾਕੵ’ ਸਿਰਲੇਖ ਅਧੀਨ ਦੋ ਜੁੱਟਾਂ ਵਿਚ ਰਚੇ ੨੦ (੯+੧੧)
ਸਵੱਈਏ ਸੰਕਲਿਤ ਹਨ। ਇਹ ਗੁਰੂ ਅਰਜਨ ਸਾਹਿਬ ਦੁਆਰਾ ਆਪਣੇ ਪਾਵਨ ਮੁਖ ਤੋਂ ਉਚਾਰਣ ਕੀਤੇ ਬਚਨ ਹਨ। ਪਹਿਲੇ ਜੁੱਟ ਦੇ ੯ ਸਵੱਈਆਂ ਵਿਚ ਗੁਰੂ ਅਰਜਨ ਸਾਹਿਬ ਦੁਆਰਾ ਪ੍ਰਭੂ ਦੀ ਉਸਤਤਿ ਕੀਤੀ ਗਈ ਹੈ। ਪ੍ਰਭੂ ਦੀ ਸਰਬ-ਵਿਆਪਕਤਾ ਨੂੰ ਦਰਸਾਇਆ ਗਿਆ ਹੈ ਅਤੇ ਉਸ ਦੇ ਗੁਣਾਂ ਦਾ ਗਾਇਨ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਪ੍ਰਭੂ ਦਾ
ਨਾਮ ਅੰਮ੍ਰਿਤ ਹੈ। ਨਾਮ ਦੇ ਸਿਮਰਨ ਨਾਲ ਸਾਰੇ ਸੁਖ ਪ੍ਰਾਪਤ ਹੁੰਦੇ ਹਨ ਅਤੇ ਪਾਪ ਦੂਰ ਹੋ ਜਾਂਦੇ ਹਨ। ਜਿਨ੍ਹਾਂ ਉੱਤੇ ਵੀ ਪ੍ਰਭੂ ਪ੍ਰਸੰਨ ਹੁੰਦਾ ਹੈ, ਉਨ੍ਹਾਂ ਨੂੰ ਸਾਧ-ਸੰਗਤ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਦਾਤ ਸਦਕਾ ਉਹ ਪ੍ਰਭੂ ਦੇ ਨਾਮ ਦਾ ਰਸ ਮਾਣਦੇ ਹਨ ਤੇ ਤ੍ਰਿਪਤ ਹੋ ਜਾਂਦੇ ਹਨ। ਗੁਰੂ ਨਾਨਕ ਸਾਹਿਬ ਪ੍ਰਤੀ ਅਪਾਰ ਸ਼ਰਧਾ ਅਤੇ ਅਕੀਦਤ ਨੂੰ ਵੀ ਇਨ੍ਹਾਂ
ਸਵੱਈਆਂ ਵਿਚ ਪੇਸ਼ ਕੀਤਾ ਗਿਆ ਹੈ। ਪ੍ਰਭੂ ਅਤੇ ਗੁਰੂ ਨਾਨਕ ਸਾਹਿਬ ਦੀ ਅਭੇਦਤਾ ਨੂੰ ਦਰਸਾਉਂਦਿਆਂ ਗੁਰੂ ਅਰਜਨ ਸਾਹਿਬ ਉਨ੍ਹਾਂ ਤੋਂ ਬਲਿਹਾਰ ਜਾਂਦੇ ਹਨ। ਅੰਤ ਵਿਚ ਗੁਰੂ ਨਾਨਕ ਸਾਹਿਬ ਨੂੰ
ਕਲਜੁਗ ਦੇ ਅਗਿਆਨ-ਹਨ੍ਹੇਰੇ ਨੂੰ ਦੂਰ ਕਰਨ ਵਾਲਾ ਦੀਪਕ ਕਿਹਾ ਗਿਆ ਹੈ।
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
ਸਵਯੇ ਸ੍ਰੀ ਮੁਖਬਾਕੵ ਮਹਲਾ ੫ ॥
ਆਦਿ ਪੁਰਖ ਕਰਤਾਰ ਕਰਣ ਕਾਰਣ ਸਭ ਆਪੇ ॥
ਸਰਬ ਰਹਿਓ ਭਰਪੂਰਿ ਸਗਲ ਘਟ ਰਹਿਓ ਬਿਆਪੇ ॥
ਬੵਾਪਤੁ ਦੇਖੀਐ ਜਗਤਿ ਜਾਨੈ ਕਉਨੁ ਤੇਰੀ ਗਤਿ ਸਰਬ ਕੀ ਰਖੵਾ ਕਰੈ ਆਪੇ ਹਰਿ ਪਤਿ ॥
ਅਬਿਨਾਸੀ ਅਬਿਗਤ ਆਪੇ ਆਪਿ ਉਤਪਤਿ ॥ਏਕੈ ਤੂਹੀ ਏਕੈ ਅਨ ਨਾਹੀ ਤੁਮ ਭਤਿ ॥
ਹਰਿ ਅੰਤੁ ਨਾਹੀ ਪਾਰਾਵਾਰੁ ਕਉਨੁ ਹੈ ਕਰੈ ਬੀਚਾਰੁ ਜਗਤ ਪਿਤਾ ਹੈ ਸ੍ਰਬ ਪ੍ਰਾਨ ਕੋ ਅਧਾਰੁ ॥
ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੧॥
-ਗੁਰੂ ਗ੍ਰੰਥ ਸਾਹਿਬ ੧੩੮੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪਰਮ ਹਸਤੀ ਪ੍ਰਭੂ ਇਕ ਹੈ। ਉਸ ਦਾ ਨਾਮ ਸੱਚ ਹੈ। ਉਹ ਸਰਬਵਿਆਪਕ ਪ੍ਰਭੂ ਸ੍ਰਿਸ਼ਟੀ ਦਾ ਕਰਤਾ ਹੈ। ਨਾ ਉਸ ਦਾ ਕਿਸੇ ਨਾਲ ਵੈਰ ਹੈ ਤੇ ਨਾ ਹੀ ਉਸ ਨੂੰ ਕਿਸੇ ਦਾ ਡਰ ਹੈ। ਕਿਉਂਕਿ ਜਦ ਉਸ ਦੇ ਬਿਨਾਂ ਹੋਰ ਕੋਈ ਹੈ ਹੀ ਨਹੀਂ ਤਾਂ ਕਿਸੇ ਨਾਲ ਵੈਰ ਰਖਣ ’ਤੇ ਕਿਸੇ ਤੋਂ ਡਰਨ ਦਾ ਸਵਾਲ ਹੀ ਨਿਰਮੂਲ ਹੈ। ਉਹ ਅਜਿਹੀ ਹਸਤੀ ਹੈ, ਜਿਸ ਉੱਤੇ ਸਮੇਂ ਦਾ ਕੋਈ ਅਸਰ ਨਹੀਂ ਹੈ। ਉਹ ਕਾਲਮੁਕਤ, ਭਾਵ ਸਦੀਵੀ ਹਸਤੀ ਹੈ। ਉਸ ਦਾ ਜਨਮ ਨਹੀਂ ਹੋਇਆ, ਕਿਉਂਕਿ ਜਨਮ ਲੈਣ ਲਈ ਮਾਤਾ ਅਤੇ ਪਿਤਾ ਦੇ ਸੰਜੋਗ ਦੀ ਲੋੜ ਹੁੰਦੀ ਹੈ। ਪਰ ਪ੍ਰਭੂ ਸਭ ਤੋਂ ਪਹਿਲਾਂ ਹੈ ਤੇ ਉਸ ਤੋਂ ਪਹਿਲਾਂ ਹੋਰ ਕੋਈ ਨਹੀਂ ਹੈ। ਇਸ ਲਈ ਉਸ ਨੂੰ ਜਨਮ ਦੇਣ ਵਾਲਾ ਕੋਈ ਨਹੀਂ ਹੈ। ਨਾ ਹੀ ਉਹ ਦੇਹ ਰੂਪ ਹੈ। ਉਹ ਪ੍ਰਕਾਸ਼ ਹੈ ਤੇ ਉਹ ਆਪਣੇ ਆਪ ਤੋਂ ਹੀ ਪੈਦਾ ਹੋਇਆ ਹੈ। ਬਲਕਿ ਕਦੇ ਕੋਈ ਅਜਿਹਾ ਸਮਾਂ ਨਹੀਂ ਸੀ, ਜਦ ਉਸ ਦੀ ਹੋਂਦ-ਹਸਤੀ ਮੌਜੂਦ ਨਹੀਂ ਸੀ। ਉਹ ਸਦਾ ਸਦਾ ਤੋਂ ਹੈ। ਜਿਹੜਾ ਉਸ ਦੀ ਸ਼ਰਣ ਵਿਚ ਆਉਂਦਾ ਹੈ, ਉਸ ਉੱਤੇ ਹੀ ਉਸ ਦੀ ਮਿਹਰ ਹੁੰਦੀ ਹੈ।
ਇਸ ਸਵੱਈਏ ਦੇ ਵਿਚ ਗੁਰੂ ਅਰਜਨ ਸਾਹਿਬ ਪ੍ਰਭੂ ਦੀ ਵਡਿਆਈ ਕਰਦਿਆਂ ਹੋਇਆਂ ਫੁਰਮਾਉਂਦੇ ਹਨ ਕਿ ਹੇ ਆਦਿ ਪੁਰਖ! ਹੇ ਕਰਤਾਰ! ਤੁਹਾਡੀ ਹੋਂਦ-ਹਸਤੀ ਸ੍ਰਿਸ਼ਟੀ-ਰਚਨਾ ਤੋਂ ਪਹਿਲਾਂ ਵੀ ਮੌਜੂਦ ਸੀ। ਤੁਸੀਂ ਹੀ ਆਪਣੀ ਮੌਜ ਵਿਚ ਆ ਕੇ ਕਰਤਾ ਪੁਰਖ ਦੇ ਰੂਪ ਵਿਚ ਇਸ ਜਗਤ ਦਾ ਪਸਾਰਾ ਕੀਤਾ, ਭਾਵ ਤੁਸੀਂ ਹੀ ਇਸ ਦੇ ਮੁੱਢ-ਮੂਲ ਹੋ। ਇੰਨਾ ਹੀ ਨਹੀਂ ਸਗੋਂ ਤੁਸੀਂ ਆਪਣੀ ਬਣਾਈ ਸ੍ਰਿਸ਼ਟੀ ਦੇ ਕਣ-ਕਣ ਵਿਚ ਸਮਾਏ ਹੋਏ ਹੋ, ਅਜਿਹੀ ਕੋਈ ਥਾਂ ਨਹੀਂ, ਜਿਥੇ ਪ੍ਰਭੂ ਦਾ ਵਾਸ ਨਾ ਹੋਵੇ। ਸਾਰੇ ਜੀਵ-ਜੰਤੂਆਂ ਵਿਚ ਪ੍ਰਭੂ ਆਪ ਹੀ ਵਿਆਪ ਰਿਹਾ ਹੈ। ਸਭ ਕੁਝ ਉਹ ਆਪ ਹੀ ਹੈ, ਇਹ ਉਸ ਦੀ ਸਰਬ ਵਿਆਪਕਤਾ ਦਾ ਪ੍ਰਗਟਾਵਾ ਹੈ।
ਪ੍ਰਭੂ ਸਾਰੇ ਸੰਸਾਰ ਵਿਚ ਵਿਆਪਕ ਰੂਪ ਵਿਚ ਮੌਜੂਦ ਹੈ। ਬੇਸ਼ੱਕ ਉਹ ਹਰ ਸਮੇਂ ਅਤੇ ਹਰ ਥਾਂ ਮੌਜੂਦ ਹੈ, ਫਿਰ ਵੀ ਉਸ ਦੀ ਇਹ ਖੇਡ ਇੰਨੀ ਵਚਿੱਤਰ ਹੈ ਕਿ ਇਸ ਖੇਡ ਨੂੰ ਕੋਈ ਨਹੀਂ ਜਾਣ ਸਕਦਾ। ਉਹ ਸ੍ਰਿਸ਼ਟੀ ਦਾ ਮਾਲਕ ਹੈ ਤੇ ਸਭ ਕੁਝ ਕਰਨ-ਕਰਾਉਣ ਦੇ ਸਮਰੱਥ ਹੈ। ਉਹ ਹਰੀ-ਪ੍ਰਭੂ ਆਪਣੇ ਵਿਸ਼ੇਸ਼ ਲੁਕਵੇਂ ਰੂਪ ਵਿਚ ਸਾਰੇ ਸੰਸਾਰ ਦੀ ਰਖਿਆ ਕਰਦਾ ਹੈ।
ਉਸ ਦੀ ਹੋਰ ਸਿਫਤ ਇਹ ਹੈ ਕਿ ਉਸ ਦਾ ਕਦੇ ਵੀ ਵਿਨਾਸ਼ ਨਹੀਂ ਹੁੰਦਾ। ਉਹ ਹਮੇਸ਼ਾ ਕਾਇਮ ਰਹਿਣ ਵਾਲਾ ਹੈ। ਪ੍ਰਭੂ ਦਾ ਕੋਈ ਰੂਪ-ਰੰਗ ਨਹੀਂ, ਭਾਵ ਉਸ ਦਾ ਕੋਈ ਸਰੀਰ ਨਹੀਂ ਹੈ, ਉਹ ਅਦ੍ਰਿਸ਼ਟ ਰੂਪ ਵਿਚ ਸਾਰੇ ਸੰਸਾਰ ਦੇ ਵਿਚ ਰਮਿਆ ਹੋਇਆ ਹੈ। ਉਸ ਨੂੰ ਪੈਦਾ ਕਰਨ ਵਾਲਾ ਕੋਈ ਹੋਰ ਨਹੀਂ ਹੈ ਤੇ ਉਸ ਦੀ ਉਤਪਤੀ ਵੀ ਉਸ ਦੇ ਆਪਣੇ ਕਾਰਣ ਹੀ ਹੋਈ ਹੈ।
ਫਿਰ ਪ੍ਰਭੂ ਨੂੰ ਮੁਖਾਤਬ ਹੋ ਕੇ ਦੱਸਿਆ ਹੈ ਕਿ ਉਹ ਤੇ ਸਿਰਫ ਉਹੀ ਹੈ, ਜੋ ਇਕੋ ਇਕ ਹਸਤੀ ਹੈ। ਪ੍ਰਭੂ ਨੂੰ ਦੋ ਵਾਰੀ ਏਕੈ ਕਹਿਣ ਦਾ ਭਾਵ ਇਹੀ ਹੈ ਕਿ ਪ੍ਰਭੂ ਦਾ ਕੋਈ ਬਦਲ ਨਹੀਂ ਹੈ ਤੇ ਜਿਹੋ-ਜਿਹਾ ਉਹ ਹੈ, ਹੋਰ ਕੋਈ ਉਹੋ-ਜਿਹਾ ਹੈ ਹੀ ਨਹੀਂ। ਉਹ ਇਕੱਲਾ ਹੈ, ਜਿਸ ਦੀ ਕਿਸੇ ਨਾਲ ਉਪਮਾ ਵੀ ਨਹੀਂ ਦਿੱਤੀ ਜਾ ਸਕਦੀ। ਕਿਉਂਕਿ ਉਸ ਜਿਹਾ ਤਾਂ ਕਿਤੇ ਰਿਹਾ, ਉਸ ਦੇ ਨੇੜੇ-ਤੇੜੇ ਵੀ ਕੋਈ ਹੋਰ ਨਹੀਂ ਹੈ। ਇਥੇ ਪ੍ਰਭੂ ਦੇ ਗੁਣਾਂ ਦੀ ਗੱਲ ਹੋ ਰਹੀ ਹੈ। ਉਸ ਜਿਹਾ ਗੁਣਵਾਨ ਕੋਈ ਹੋਰ ਨਹੀਂ ਹੈ। ਹਰ ਗੁਣ ਅਸਲ ਵਿਚ ਉਸ ਦਾ ਹੀ ਹੈ।
ਉਸ ਬੇਅੰਤ ਪ੍ਰਭੂ ਦਾ ਕੋਈ ਅੰਤ ਨਹੀਂ ਪਾ ਸਕਦਾ। ਉਹ ਅਜਿਹੀ ਹਸਤੀ ਹੈ, ਜਿਸ ਦਾ ਨਾ ਕੋਈ ਉਰਲਾ ਪਾਸਾ ਹੈ ਤੇ ਨਾ ਹੀ ਪਰਲਾ ਪਾਸਾ ਹੈ। ਉਹ ਅਜਿਹੀ ਹਸਤੀ ਹੈ, ਜਿਸ ਦਾ ਨਾ ਜਨਮ ਹੋਇਆ ਹੈ ਤੇ ਨਾ ਹੀ ਕਦੇ ਅੰਤ ਹੋਵੇਗਾ। ਕਿਸੇ ਵੀ ਹਸਤੀ ਦਾ ਪਾਰਾਵਾਰ, ਉਸ ਦਾ ਜਨਮ ਅਤੇ ਮਰਨ ਹੀ ਹੁੰਦਾ ਹੈ। ਪਰ ਪ੍ਰਭੂ ਇਨ੍ਹਾਂ ਦੋਵਾਂ ਵਿਚ ਹੀ ਨਹੀਂ ਹੈ। ਫਿਰ ਇਹ ਦੱਸਿਆ ਗਿਆ ਹੈ ਕਿ ਅਜਿਹਾ ਕੋਈ ਵੀ ਨਹੀਂ ਹੈ, ਜਿਹੜਾ ਪ੍ਰਭੂ ਦੀ ਵਚਿੱਤਰ ਤੇ ਵਿਲੱਖਣ ਹਸਤੀ ਬਾਰੇ ਵਿਚਾਰ ਕਰ ਸਕੇ ਤੇ ਉਸ ਬਾਰੇ ਕੁਝ ਦੱਸ ਸਕੇ। ਪ੍ਰਭੂ ਸਾਰੇ ਜਗਤ ਦਾ ਪਿਤਾ ਹੈ। ਸਾਰੇ ਹੀ ਉਸ ਦੇ ਬੱਚੇ ਹਨ। ਬਲਕਿ ਉਹ ਸਾਰੇ ਜਗਤ ਦਾ ਪਾਲਕ ਪਿਤਾ ਹੈ ਤੇ ਉਹ ਸਭ ਦੇ ਜੀਵਨ ਦਾ ਅਧਾਰ ਹੈ।
ਅਖੀਰ ਵਿਚ ਗੁਰੂ ਅਰਜਨ ਸਾਹਿਬ ਪ੍ਰਭੂ ਨੂੰ ਸੰਬੋਧਨ ਹੁੰਦਿਆਂ ਫੁਰਮਾਉਂਦੇ ਹਨ ਕਿ ਪ੍ਰਭੂ ਦਾ ਸੇਵਕ ਜੋ ਉਸ ਦੇ ਦਰ ’ਤੇ ਪ੍ਰਵਾਨ ਹੋਇਆ ਭਗਤ, ਗੁਰੂ ਨਾਨਕ ਸਾਹਿਬ ਵੀ ਪ੍ਰਭੂ ਸਮਾਨ ਹੀ ਹੈ। ਭਾਵ, ਉਨ੍ਹਾਂ ਦੀ ਸ਼ਖਸੀਅਤ ਵਿਚੋਂ ਰੱਬੀ ਗੁਣਾਂ ਦਾ ਪ੍ਰਗਟਾਵਾ ਹੋ ਰਿਹਾ ਹੈ। ਪ੍ਰਭੂ ਅਤੇ ਉਸ ਦੇ ਭਗਤ ਦੀ ਮਹਿਮਾ ਕੋਈ ਇਕ ਜੀਭ ਨਾਲ ਕਿਵੇਂ ਕਰ ਸਕਦਾ ਹੈ? ਭਾਵ, ਪ੍ਰਭੂ ਅਤੇ ਉਸ ਦੇ ਸੇਵਕ ਦੇ ਗੁਣਾਂ ਦੀ ਸਿਫਤ ਇਕ ਮਨੁਖ ਕੋਲੋਂ ਹੋ ਹੀ ਨਹੀਂ ਸਕਦੀ। ਕੋਈ ਕਿਹੜੀ-ਕਿਹੜੀ ਸਿਫਤ ਦੱਸੇ?
ਹਾਂ, ਜੇ ਬੋਲ ਕੇ ਉਨ੍ਹਾਂ ਦੀ ਸਿਫਤ ਹੋ ਹੀ ਨਹੀਂ ਸਕਦੀ ਤਾਂ ਫਿਰ ਇਕ ਹੀ ਰਾਹ ਬਚਦਾ ਹੈ ਕਿ ਉਨ੍ਹਾਂ ਦੇ ਹਮੇਸ਼ਾ ਬਲਿਹਾਰ ਜਾਂਦਾ ਰਹੇ ਤੇ ਆਪਣਾ ਨਿਮਰ ਭਾਵ ਪ੍ਰਗਟ ਕਰਦਾ ਰਹੇ। ਇਕ ਵਾਰ ਨਹੀਂ ਸੌ-ਸੌ ਵਾਰ ਉਸ ਦੇ ਅੱਗੇ ਨਮਨ ਕਰਦਾ ਰਹੇ। ਇਹੀ ਉਸ ਦੀ ਵਡਿਆਈ ਤੇ ਸਿਫਤ ਹੈ। ਸਤਿਕਾਰਜੋਗ ਹਸਤੀ ਦੀ ਆਤਮਕ ਉਚਾਈ ਦੇ ਅੱਗੇ ਆਪਣੇ ਬਲ ਨੂੰ ਹਾਰ ਜਾਣਾ ਹੀ ਸੱਚਾ ਨਿਮਰ ਭਾਵ ਹੁੰਦਾ ਹੈ।