ਗੁਰੂ ਗ੍ਰੰਥ ਸਾਹਿਬ ਵਿਚ ‘ਸਵਯੇ ਸ੍ਰੀ ਮੁਖਬਾਕੵ’ ਸਿਰਲੇਖ ਅਧੀਨ ਦੋ ਜੁੱਟਾਂ ਵਿਚ ਰਚੇ ੨੦ (੯+੧੧)
ਸਵੱਈਏ ਸੰਕਲਿਤ ਹਨ। ਇਹ ਗੁਰੂ ਅਰਜਨ ਸਾਹਿਬ ਦੁਆਰਾ ਆਪਣੇ ਪਾਵਨ ਮੁਖ ਤੋਂ ਉਚਾਰਣ ਕੀਤੇ ਬਚਨ ਹਨ। ਪਹਿਲੇ ਜੁੱਟ ਦੇ ੯ ਸਵੱਈਆਂ ਵਿਚ ਗੁਰੂ ਅਰਜਨ ਸਾਹਿਬ ਦੁਆਰਾ ਪ੍ਰਭੂ ਦੀ ਉਸਤਤਿ ਕੀਤੀ ਗਈ ਹੈ। ਪ੍ਰਭੂ ਦੀ ਸਰਬ-ਵਿਆਪਕਤਾ ਨੂੰ ਦਰਸਾਇਆ ਗਿਆ ਹੈ ਅਤੇ ਉਸ ਦੇ ਗੁਣਾਂ ਦਾ ਗਾਇਨ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਪ੍ਰਭੂ ਦਾ
ਨਾਮ ਅੰਮ੍ਰਿਤ ਹੈ। ਨਾਮ ਦੇ ਸਿਮਰਨ ਨਾਲ ਸਾਰੇ ਸੁਖ ਪ੍ਰਾਪਤ ਹੁੰਦੇ ਹਨ ਅਤੇ ਪਾਪ ਦੂਰ ਹੋ ਜਾਂਦੇ ਹਨ। ਜਿਨ੍ਹਾਂ ਉੱਤੇ ਵੀ ਪ੍ਰਭੂ ਪ੍ਰਸੰਨ ਹੁੰਦਾ ਹੈ, ਉਨ੍ਹਾਂ ਨੂੰ ਸਾਧ-ਸੰਗਤ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਦਾਤ ਸਦਕਾ ਉਹ ਪ੍ਰਭੂ ਦੇ ਨਾਮ ਦਾ ਰਸ ਮਾਣਦੇ ਹਨ ਤੇ ਤ੍ਰਿਪਤ ਹੋ ਜਾਂਦੇ ਹਨ। ਗੁਰੂ ਨਾਨਕ ਸਾਹਿਬ ਪ੍ਰਤੀ ਅਪਾਰ ਸ਼ਰਧਾ ਅਤੇ ਅਕੀਦਤ ਨੂੰ ਵੀ ਇਨ੍ਹਾਂ
ਸਵੱਈਆਂ ਵਿਚ ਪੇਸ਼ ਕੀਤਾ ਗਿਆ ਹੈ। ਪ੍ਰਭੂ ਅਤੇ ਗੁਰੂ ਨਾਨਕ ਸਾਹਿਬ ਦੀ ਅਭੇਦਤਾ ਨੂੰ ਦਰਸਾਉਂਦਿਆਂ ਗੁਰੂ ਅਰਜਨ ਸਾਹਿਬ ਉਨ੍ਹਾਂ ਤੋਂ ਬਲਿਹਾਰ ਜਾਂਦੇ ਹਨ। ਅੰਤ ਵਿਚ ਗੁਰੂ ਨਾਨਕ ਸਾਹਿਬ ਨੂੰ
ਕਲਜੁਗ ਦੇ ਅਗਿਆਨ-ਹਨ੍ਹੇਰੇ ਨੂੰ ਦੂਰ ਕਰਨ ਵਾਲਾ ਦੀਪਕ ਕਿਹਾ ਗਿਆ ਹੈ।
ਪ੍ਰਭ ਦਾਤਉ ਦਾਤਾਰ ਪਰੵਿਉ ਜਾਚਕੁ ਇਕੁ ਸਰਨਾ ॥
ਮਿਲੈ ਦਾਨੁ ਸੰਤ ਰੇਨ ਜੇਹ ਲਗਿ ਭਉਜਲੁ ਤਰਨਾ ॥
ਬਿਨਤਿ ਕਰਉ ਅਰਦਾਸਿ ਸੁਨਹੁ ਜੇ ਠਾਕੁਰ ਭਾਵੈ ॥
ਦੇਹੁ ਦਰਸੁ ਮਨਿ ਚਾਉ ਭਗਤਿ ਇਹੁ ਮਨੁ ਠਹਰਾਵੈ ॥
ਬਲਿਓ ਚਰਾਗੁ ਅੰਧੵਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ ॥
ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ ॥੯॥
-ਗੁਰੂ ਗ੍ਰੰਥ ਸਾਹਿਬ ੧੩੮੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪਹਿਲੇ ਅੱਠ ਸਵੱਈਆਂ ਅੰਦਰ ਗੁਰੂ ਅਰਜਨ ਸਾਹਿਬ ਪ੍ਰਭੂ ਦੀ ਵਡਿਆਈ ਕਰਦਿਆਂ ਹੋਇਆਂ, ਪ੍ਰਭੂ ਦੇ ਬੇਅੰਤ ਗੁਣਾਂ ਅਤੇ ਬਖਸ਼ਿਸ਼ਾਂ ਦਾ ਜਿਕਰ ਕਰਦੇ ਹਨ। ਇਸ ਦੇ ਨਾਲ ਹੀ ਪ੍ਰਭੂ ਦੇ ਨਾਮ ਦੀ ਮਹਿਮਾ ਅਤੇ ਨਾਮ ਜਪਣ ਵਾਲਿਆਂ ਨੂੰ ਪ੍ਰਾਪਤ ਹੋਣ ਵਾਲੇ ਲਾਹੇ ਬਾਰੇ ਵੀ ਦੱਸਦੇ ਹਨ। ਸਵੱਈਆਂ ਦੇ ਅੰਤ ਵਿਚ ਬ੍ਰਹਮ-ਸਰੂਪ ਗੁਰੂ ਨਾਨਕ ਸਾਹਿਬ ਦੇ ਚਰਨ ਪਰਸਨ, ਭਾਵ ਉਨ੍ਹਾਂ ਦੇ ਉਪਦੇਸ਼ ਨੂੰ ਧਾਰਨ ਕਰਨ ਨਾਲ ਪ੍ਰਾਪਤ ਹੋਣ ਵਾਲੀਆਂ ਬਖਸ਼ਿਸ਼ਾਂ ਦਾ ਵੀ ਬਾਖੂਬੀ ਵਰਣਨ ਕੀਤਾ ਗਿਆ ਹੈ।
ਹੁਣ ਇਸ ਆਖਰੀ ਸਵੱਈਏ ਵਿਚ ਗੁਰੂ ਅਰਜਨ ਸਾਹਿਬ ਹਰੀ-ਪ੍ਰਭੂ ਨੂੰ ਸੰਬੋਧਨ ਹੁੰਦਿਆਂ ਫਰਮਾਉਂਦੇ ਹਨ ਕਿ ਹੇ ਪ੍ਰਭੂ! ਤੁਸੀਂ ਦਾਤਿਆਂ ਦੇ ਦਾਤੇ ਹੋ। ਤੁਹਾਡੇ ਵਰਗਾ ਕੋਈ ਹੋਰ ਨਹੀਂ ਹੈ, ਮੈਂ ਸਭ ਦਰ-ਘਰ ਛੱਡ ਤੁਹਾਡੀ ਸ਼ਰਣ ਵਿਚ ਇਕ ਮੰਗਤਾ ਬਣ ਕੇ ਆਇਆ ਹਾਂ। ਤੁਸੀਂ ਆਪਣੀ ਮਿਹਰ ਦੀ ਦ੍ਰਿਸ਼ਟੀ ਮੇਰੇ ਉਪਰ ਕਰੋ। ਮੈਨੂੰ ਕੋਈ ਦੁਨਿਆਵੀ ਪਦਾਰਥ ਨਹੀਂ ਚਾਹੀਦਾ, ਬਸ ਮੇਰੀ ਝੋਲੀ ਵਿਚ ਸੰਤ-ਸਤਿਗੁਰੂ ਦੀ ਚਰਨ ਧੂੜ ਪਾ ਦਿਉ, ਭਾਵ ਸਤਿਸੰਗਤ ਦੁਆਰਾ ਗੁਰ-ਸ਼ਬਦ ਦੀ ਦਾਤ ਬਖਸ਼ੋ ਤਾਂ ਕਿ ਇਸ ਨਾਲ ਮੈਂ ਆਪਣਾ ਆਪ ਸਵਾਰ ਕੇ ਭਵਜਲ ਤੋਂ ਪਾਰ ਲੰਘ ਸਕਾਂ।
ਫਿਰ ਬੜੇ ਹੀ ਨਿਮਰ ਭਾਵ ਵਿਚ ਆ ਕੇ ਗੁਰੂ ਸਾਹਿਬ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ! ਆਪ ਨੂੰ ਚੰਗਾ ਲੱਗੇ ਤਾਂ ਮੇਰੀ ਅਰਦਾਸ-ਬੇਨਤੀ ਸੁਣੋ।
ਪ੍ਰਭੂ ਦਿਆਲੂ ਵੀ ਹੈ ਅਤੇ ਨਿਆਂਸ਼ੀਲ ਵੀ ਹੈ। ਇਸ ਲਈ ਗੁਰੂ ਸਾਹਿਬ ਪ੍ਰਭੂ ਦੀ ਰਜਾ ਨੂੰ ਉਤਮ ਖਿਆਲ ਕਰਦੇ ਹੋਏ ਅਰਦਾਸ-ਬੇਨਤੀ ਕਰਦੇ ਹਨ। ਅਰਦਾਸ-ਬੇਨਤੀ ਇਹ ਹੈ ਕਿ ਹੇ ਪ੍ਰਭੂ! ਮੈਨੂੰ ਆਪਣੇ ਦਰਸ਼ਨਾਂ ਦੀ ਦਾਤ ਬਖਸ਼ੋ ਤਾਂ ਕਿ ਮੇਰਾ ਇਹ ਮਨ ਪ੍ਰਭੂ ਦੀ ਭਗਤੀ ਵਿਚ ਲੀਨ ਹੋ (ਠਹਿਰ) ਜਾਵੇ। ਅਕਸਰ ਦੇਖਿਆ ਗਿਆ ਹੈ ਕਿ ਭਗਤੀ ਵਿਚ ਕਿਸੇ ਦਾ ਮਨ ਨਹੀਂ ਲੱਗਦਾ ਕਿਉਂਕਿ ਮਨ ਵਿਚ ਭਗਤੀ ਦਾ ਚਾਅ ਹੀ ਨਹੀਂ ਹੁੰਦਾ। ਪਰ ਗੁਰੂ ਸਾਹਿਬ ਦੇ ਮਨ ਵਿਚ ਪ੍ਰਭੂ ਦੇ ਦਰਸ਼ਨ ਕਰਨ ਦਾ ਚਾਅ ਅਤੇ ਉਤਸ਼ਾਹ ਹੈ। ਦਰਸ਼ਨ ਕਰਨ ਦਾ ਮਨੋਰਥ ਇਹ ਹੈ ਕਿ ਪ੍ਰਭੂ ਦੇ ਪ੍ਰੇਮ ਭਾਵ ਵਿਚ ਮਨ ਟਿਕ ਸਕੇ। ਭਟਕ ਰਹੇ ਮਨ ਨਾਲ ਭਗਤੀ ਨਹੀਂ ਹੁੰਦੀ ਤੇ ਭਗਤੀ ਬਿਨਾਂ ਮਿਲਾਪ ਦੀ ਪਾਤਰਤਾ ਨਹੀਂ ਬਣਦੀ।
ਫਿਰ ਗੁਰੂ ਅਰਜਨ ਸਾਹਿਬ ਫੁਰਮਾਉਂਦੇ ਹਨ ਕਿ ਗੁਰੂ ਨਾਨਕ ਸਾਹਿਬ ਕਲਜੁਗ ਦੇ ਅਗਿਆਨ ਰੂਪ ਹਨ੍ਹੇਰੇ ਨੂੰ ਦੂਰ ਕਰਨ ਲਈ ਗਿਆਨ ਦੇ ਦੀਪਕ ਬਣ ਕੇ ਪ੍ਰਗਟ ਹੋਏ ਹਨ। ਉਨ੍ਹਾਂ ਨੇ ਜਿਹੜਾ ਨਾਮ ਰੂਪ ‘ਏਕੋ ਧਰਮੁ’ ਚਲਾਇਆ ਹੈ, ਉਸ ਧਰਮ ਦੀ ਸਿੱਖਿਆ ਜਾਂ ਉਪਦੇਸ਼ ਸਦਕਾ ਜੀਵਨ ਬਸਰ ਕਰਨ ਵਾਲੇ ਸਭ ਲੋਕਾਂ ਦਾ ਉੱਧਾਰ (ਕਲਿਆਣ) ਹੋ ਗਿਆ ਹੈ। ਸਭ ਨੂੰ ਗਲਤ ਅਤੇ ਠੀਕ ਦੀ ਸੋਝੀ ਹੋ ਗਈ ਹੈ; ਜਿਸ ਕਰਕੇ ਸਾਰੇ ਹੀ ਸਹੀ ਰਸਤੇ ਪੈ ਗਏ ਹਨ, ਭਾਵ ਉਨ੍ਹਾਂ ਦਾ ਜੀਵਨ ਸਫਲਾ ਹੋ ਗਿਆ ਹੈ।
ਸਵੱਈਏ ਦੇ ਅਖੀਰ ਵਿਚ ਸਪਸ਼ਟ ਹੀ ਕਰ ਦਿੱਤਾ ਗਿਆ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਅਭਿਆਸ ਨਾਲ ਸੰਸਾਰ ਦਾ ਦਿਲ ਜਿੱਤ ਲਿਆ ਹੈ। ਇਸ ਕਰਕੇ ਸਭ ਪਾਸੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੋ ਰਹੀ ਹੈ ਕਿ ਉਹ ਅਸਲ ਵਿਚ ਗੁਰੂ ਨਾਨਕ ਸਾਹਿਬ ਆਪ ਪਾਰਬ੍ਰਹਮ ਹਨ ਜਾਂ ਉਸ ਦਾ ਹੀ ਪ੍ਰਗਟ ਰੂਪ ਹਨ ਤੇ ਇਹ ਗਲ ਹਰ ਪਾਸੇ ਧੁੰਮ ਗਈ ਹੈ:
ਸੁਣੀ ਅਰਦਾਸਿ ਸੁਆਮੀ ਮੇਰੈ ਸਰਬਕਲਾ ਬਣਿ ਆਈ ॥
ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ ॥