Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ  ਮਉਤੈ ਦਾ ਬੰਨਾ ਏਵੈ ਦਿਸੈ   ਜਿਉ ਦਰੀਆਵੈ ਢਾਹਾ
ਅਗੈ ਦੋਜਕੁ ਤਪਿਆ ਸੁਣੀਐ   ਹੂਲ ਪਵੈ ਕਾਹਾਹਾ
ਇਕਨਾ ਨੋ ਸਭ ਸੋਝੀ ਆਈ   ਇਕਿ ਫਿਰਦੇ ਵੇਪਰਵਾਹਾ
ਅਮਲ ਜਿ ਕੀਤਿਆ ਦੁਨੀ ਵਿਚਿ   ਸੇ ਦਰਗਹ ਓਗਾਹਾ ॥੯੮॥
ਗੁਰੂ ਗ੍ਰੰਥ ਸਾਹਿਬ ੧੩੮੩

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਨੇ ਮੌਤ ਨੂੰ ਦਰਿਆ ਦੀ ਢਾਅ ਨਾਲ ਉਪਮਾ ਦੇ ਕੇ ਸਮਝਾਇਆ ਹੈ ਕਿ ਜਿਵੇਂ ਦਰਿਆ ਵਿਚ ਤੇਜ ਵਹਿ ਰਿਹਾ ਪਾਣੀ ਉਸ ਦੇ ਕਿਨਾਰਿਆਂ ਨੂੰ ਨਿਰੰਤਰ ਖੋਰ ਰਿਹਾ ਹੈ, ਢਾਅ ਲਗਾ ਰਿਹਾ ਹੈ, ਬਿਲਕੁਲ ਇਸੇ ਤਰ੍ਹਾਂ ਹੀ ਮੌਤ ਰੂਪੀ ਵਹਿਣ ਉਮਰ ਰੂਪੀ ਕਿਨਾਰੇ ਨੂੰ ਨਿਤ ਕੰਮਜੋਰ ਕਰ ਰਿਹਾ ਹੈ। ਜਿਵੇਂ ਤੇਜ ਪਾਣੀ ਦੇ ਵਹਾਉ ਨਾਲ ਦਰਿਆ ਦੀ ਢਾਹ ਕਿਸੇ ਵੇਲੇ ਵੀ ਢਹਿ-ਢੇਰੀ ਹੋ ਸਕਦੀ ਹੈ, ਉਸੇ ਤਰ੍ਹਾਂ ਮੌਤ ਕਿਸੇ ਵੇਲੇ ਵੀ ਮਨੁਖਾ ਜੀਵਨ ਦਾ ਅੰਤ ਕਰ ਸਕਦੀ ਹੈ। ਉਨ੍ਹਾਂ ਨੂੰ ਮੌਤ ਦੇ ਆਉਣ ਬਾਰੇ ਕਿਸੇ ਵੀ ਤਰ੍ਹਾਂ ਦਾ ਵਹਿਮ ਜਾਂ ਸ਼ੱਕ ਨਹੀਂ ਪਾਲਣਾ ਚਾਹੀਦਾ ਹੈ। ਉਨ੍ਹਾਂ ਲਈ ਮਰਨਾ ਇਕ ਅਟੱਲ ਸਚਾਈ ਹੈ।

ਬਾਬਾ ਫਰੀਦ ਜੀ ਇਸਲਾਮ ਨਾਲ ਸੰਬੰਧਤ ਹੋਣ ਕਾਰਣ ਦੱਸਦੇ ਹਨ ਕਿ ਜਿੰਨ੍ਹਾਂ ਨੇ ਇਸ ਸੰਸਾਰ ਵਿਚ ਰਹਿੰਦਿਆਂ ਇਬਾਦਤ ਨਹੀ ਕੀਤੀ, ਆਪਣਾ ਆਪਾ ਨਹੀ ਸੰਵਾਰਿਆ, ਨੇਕੀ ਦੇ ਰਾਹ ’ਤੇ ਨਹੀਂ ਤੁਰੇ ਸਗੋਂ ਸੰਸਾਰ ਦੀ ਅਸ਼ੋ-ਇਸ਼ਰਤ ਵਿਚ ਵਿਆਸਤ ਰਹੇ, ਉਨ੍ਹਾਂ ਨੂੰ ਮੌਤ ਤੋਂ ਬਾਅਦ ਕਿਆਮਤ ਵਾਲੇ ਦਿਨ ਦੋਜ਼ਖ ਅੰਦਰ ਸੁੱਟ ਦਿੱਤਾ ਜਾਂਦਾ ਹੈ। ਇਥੇ ਭਿਆਨਕ ਅੱਗ ਬਲ ਰਹੀ ਹੈ ਤੇ ਉਸ ਵਿਚ ਸੜਨ ਵਾਲੇ ਲੋਕਾਂ ਦੀ ਹਾਹਾਕਾਰ ਵੀ ਸਪਸ਼ਟ ਸੁਣਾਈ ਦੇ ਰਹੀ ਹੈ। ਜਿਵੇਂ ਰੱਬੀ ਦਰਗਾਹ ਵਿਚ ਸਭ ਦੇ ਭਲੇ ਬੁਰੇ ਕੰਮਾਂ ਦਾ ਹਿਸਾਬ ਹੋ ਰਿਹਾ ਹੋਵੇ ਤੇ ਬੁਰੇ ਕੰਮ ਕਰਨ ਵਾਲਿਆਂ ਨੂੰ ਮਿਸਾਲੀ ਸਜ਼ਾ ਮਿਲ ਰਹੀ ਹੋਵੇ। ਜਿਸ ਕਰਕੇ ਉਨ੍ਹਾਂ ਦੇ ਰੋਣ ਕੁਰਲਾਉਣ ਦੀ ਅਵਾਜ਼ ਸੁਣਾਈ ਦੇ ਰਹੀ ਹੋਵੇ।

ਰੱਬੀ ਦਰਗਾਹ ਵਿਚ ਬੁਰੇ ਕੰਮ ਕਰਨ ਵਾਲੇ ਲੋਕਾਂ ਨਾਲ ਕੀ ਬੀਤਦੀ ਹੈ ਇਹ ਸੁਣਕੇ, ਜਾਣਕੇ ਲੋਕਾਂ ਵਿਚੋਂ ਕਈਆਂ ਨੂੰ ਯਕੀਨ ਆ ਗਿਆ ਹੈ ਤੇ ਸੋਝੀ ਹੋ ਗਈ ਹੈ ਕਿ ਰੱਬੀ ਦਰਗਾਹ ਵਿਚ ਕੀਤੇ ਕੰਮਾਂ ਦਾ ਹਿਸਾਬ ਹੋਣਾ ਹੈ ਤੇ ਬੁਰੇ ਕੰਮਾਂ ਦੀ ਦਰਦਨਾਕ ਸਜ਼ਾ ਮਿਲਣੀ ਹੈ। ਅਜਿਹੇ ਲੋਕਾਂ ਨੇ ਤਾਂ ਆਪਣੇ ਜੀਵਨ ਨੂੰ ਸੁਧਾਰ ਲਿਆ ਹੈ ਤੇ ਬੁਰੇ ਕੰਮਾਂ ਤੋਂ ਕਿਨਾਰਾ ਕਰ ਲਿਆ ਹੈ। ਪਰ ਕਈ ਅਜਿਹੇ ਲੋਕ ਵੀ ਹਨ ਜਿਹੜੇ ਹਾਲੇ ਵੀ ਲਾਪਰਵਾਹੀ ਵਿਚ ਜੀਵਨ ਬਸਰ ਕਰ ਰਹੇ ਹਨ ਤੇ ਸੁਧਰਨ ਦਾ ਨਾਂ ਨਹੀਂ ਲੈ ਰਹੇ।

ਅਖੀਰ ਵਿਚ ਦੱਸਿਆ ਹੈ ਕਿ ਲਾਪਰਵਾਹੀ ਵਿਚ ਜੀਵਨ ਬਸਰ ਕਰਨ ਵਾਲੇ ਲੋਕਾਂ ਨੂੰ ਪਤਾ ਨਹੀਂ ਹੈ ਕਿ ਇਸ ਜੀਵਨ ਵਿਚ ਜਿਹੋ-ਜਿਹੇ ਵੀ ਮਨੁਖ ਨੇ ਕੰਮ ਕੀਤੇ ਹੁੰਦੇ ਹਨ ਉਹੀ ਕੰਮ ਰੱਬੀ ਦਰਗਾਹ ਵਿਚ ਸਬੂਤ ਵਜੋਂ ਪੇਸ਼ ਹੁੰਦੇ ਹਨ। ਇਸ ਕਰਕੇ ਉਥੇ ਝੂਠ ਨਹੀਂ ਚੱਲਦਾ, ਬਲਕਿ ਸੱਚ ਉਜਾਗਰ ਹੁੰਦਾ ਹੈ। ਇਸ ਕਰਕੇ ਉਥੇ ਬੁਰੇ ਕੰਮ ਕਰਨ ਵਾਲੇ ਲੋਕ ਬਖਸ਼ੇ ਨਹੀਂ ਜਾਂਦੇ, ਬਲਕਿ ਉਨ੍ਹਾਂ ਨੂੰ ਸਖਤ ਸਜ਼ਾ ਸੁਣਾਈ ਅਤੇ ਦਿੱਤੀ ਜਾਂਦੀ ਹੈ। ਇਸ ਲਈ ਮਨੁਖ ਨੂੰ ਮਰਨ ਤੋਂ ਪਹਿਲਾਂ ਹੀ ਬੁਰਾਈ ਤੋਂ ਬਚ ਕੇ, ਬੰਦਗੀ ਅਤੇ ਨੇਕ ਕਰਮ ਕਰਦੇ ਰਹਿਣਾ ਚਾਹੀਦਾ ਹੈ।

Tags