Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਕੰਧੀ ਉਤੈ ਰੁਖੜਾ   ਕਿਚਰਕੁ ਬੰਨੈ ਧੀਰੁ ॥ 
ਫਰੀਦਾ  ਕਚੈ ਭਾਂਡੈ ਰਖੀਐ   ਕਿਚਰੁ ਤਾਈ ਨੀਰੁ ॥੯੬॥
-ਗੁਰੂ ਗ੍ਰੰਥ ਸਾਹਿਬ ੧੩੮੨

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਨੇ ਸਮਝਾਇਆ ਹੈ ਕਿ ਮਨੁਖ ਦਾ ਜੀਵਨ ਸਦੀਵੀ ਨਹੀਂ ਹੈ। ਸਗੋਂ ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਕਿਸੇ ਨਦੀ ਦੇ ਕਿਨਾਰੇ ਖੜ੍ਹਾ ਕੋਈ ਰੁੱਖ ਹੋਵੇ। ਵਗਦੀ ਨਦੀ ਹਮੇਸ਼ਾ ਆਪਣੇ ਕਿਨਾਰੇ ਖੋਰਦੀ ਰਹਿੰਦੀ ਹੈ ਤੇ ਕਿਨਾਰੇ ਢਿੱਗਾਂ ਦੇ ਰੂਪ ਵਿਚ ਨਦੀ ’ਚ ਡਿਗਦੇ ਰਹਿੰਦੇ ਹਨ। ਕਿਨਾਰੇ ’ਤੇ ਖੜ੍ਹਾ ਰੁੱਖ ਵੀ ਉਨ੍ਹਾਂ ਢਿੱਗਾਂ ਦੇ ਨਾਲ ਹੀ ਡਿੱਗ ਕੇ ਨਦੀ ਵਿਚ ਵਹਿ ਜਾਂਦਾ ਹੈ। ਇਸ ਲਈ ਨਦੀ ਕਿਨਾਰੇ ਖੜ੍ਹਾ ਰੁੱਖ ਬਹੁਤੀ ਦੇਰ ਨਹੀਂ ਰਹਿ ਸਕਦਾ। ਉਸ ਉੱਤੇ ਹਰ ਪਲ ਡਿੱਗਣ ਦਾ ਖਤਰਾ ਮੰਡਰਾਉਂਦਾ ਰਹਿੰਦਾ ਹੈ। ਉਹ ਕੁਝ ਚਿਰ ਲਈ ਵੀ ਧੀਰਜ ਨਹੀਂ ਰਖ ਸਕਦਾ। 

ਇਹੋ ਹਾਲ ਕਿਸੇ ਕੱਚੇ ਭਾਂਡੇ ਵਿਚ ਰਖੇ ਹੋਏ ਪਾਣੀ ਦਾ ਹੈ। ਜੋ ਭਾਂਡਾ ਪੂਰੀ ਤਰ੍ਹਾਂ ਪੱਕਿਆ ਹੁੰਦਾ ਹੈ ਉਸ ਵਿਚ ਤਾਂ ਪਾਣੀ ਦੇਰ ਤਕ ਟਿਕਿਆ ਰਹਿੰਦਾ ਹੈ। ਪਰ ਕੱਚੇ ਭਾਂਡੇ ਵਿਚ ਪਾਣੀ ਪਾਇਆ ਜਾਵੇ ਤਾਂ ਉਹ ਬਹੁਤੀ ਦੇਰ ਨਹੀਂ ਰਹਿੰਦਾ। ਕਿਉਂਕਿ ਉਹ ਪਾਣੀ ਉਸ ਭਾਂਡੇ ਵਿਚ ਹੀ ਰਚ ਜਾਂਦਾ ਹੈ ਤੇ ਸਿਮ-ਸਿਮ ਕੇ ਬਾਹਰ ਨਿਕਲ ਜਾਂਦਾ ਹੈ। 

ਬਾਬਾ ਫਰੀਦ ਜੀ ਨੇ ਉਪਰੋਕਤ ਉਦਾਹਰਣਾਂ ਦੇ ਕੇ ਸਮਝਾਇਆ ਹੈ ਕਿ ਇਹੀ ਹਾਲ ਮਨੁਖੀ ਜੀਵਨ ਦਾ ਹੈ। ਇਸ ਦੇ ਕੋਲ ਵੀ ਨਦੀ ਕਿਨਾਰੇ ਖੜ੍ਹੇ ਰੁੱਖ ਦੀ ਤਰ੍ਹਾਂ ਜਾਂ ਫਿਰ ਕੱਚੇ ਭਾਂਡੇ ਵਿਚ ਰਖੇ ਪਾਣੀ ਦੀ ਤਰ੍ਹਾਂ ਬਹੁਤਾ ਸਮਾਂ ਨਹੀ ਹੈ, ਕਦੇ ਵੀ ਮੌਤ ਦੀ ਦਸਤਕ ਹੋ ਸਕਦੀ ਹੈ। ਪਲ-ਪਲ ਖੁਰ ਰਹੇ ਜੀਵਨ ਦਾ ਦ੍ਰਿਸ਼ ਦਰਸਾ ਕੇ ਮਨੁਖ ਨੂੰ ਚੇਤੰਨ ਕੀਤਾ ਗਿਆ ਹੈ ਕਿ ਉਹ ਪ੍ਰਭੂ ਦਾ ਸਿਮਰਨ ਕਰਦਾ ਰਹੇ ਤੇ ਜੀਵਨ ਨੂੰ ਸਦੀਵੀ ਮੰਨ ਕੇ ਸਮਾਂ ਵਿਆਰਥ ਨਾ ਗੁਆਵੇ।

Tags