Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਏਨੀ ਲੋਇਣੀ ਦੇਖਦਿਆ   ਕੇਤੀ ਚਲਿ ਗਈ
ਫਰੀਦਾ  ਲੋਕਾਂ ਆਪੋ ਆਪਣੀ   ਮੈ ਆਪਣੀ ਪਈ ॥੯੪॥
-ਗੁਰੂ ਗ੍ਰੰਥ ਸਾਹਿਬ ੧੩੮੨

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸੰਸਾਰ ਦੇ ਮੋਹ ਵਿਚ ਪੈ ਕਿ ਮਨੁਖ ਇਹ ਭੁੱਲ ਜਾਂਦਾ ਹੈ ਕਿ ਉਸ ਦੇ ਜੀਵਨ ਦਾ ਅੰਤਿਮ ਪੜਾਅ ਮੌਤ ਹੈ। ਜਿਨ੍ਹਾਂ ਚੀਜਾਂ ਨੂੰ ਉਹ ਆਪਣੀਆਂ ਸਮਝਦਾ ਹੈ, ਅੰਤ ਉਨ੍ਹਾਂ ਨੇ ਉਸ ਦਾ ਸਾਥ ਛੱਡ ਦੇਣਾ ਹੈ। ਸਗੋਂ ਸੰਸਾਰ ਵਿਚ ਇਹੋ-ਜਿਹੇ ਕਿੰਨੇ ਲੋਕ ਹਨ ਜੋ ਪਦਾਰਥਾਂ ਦੀ ਭੁਖ ਨੂੰ ਪੂਰਿਆਂ ਕਰਦਿਆਂ ਜੀਵਨ ਦੇ ਅਸਲ ਮਕਸਦ ਪ੍ਰਭੂ-ਮਿਲਾਪ ਪ੍ਰਾਪਤ ਕੀਤੇ ਬਿਨਾਂ ਹੀ ਇਸ ਜਹਾਨ ਤੋਂ ਤੁਰ ਗਏ ਹਨ ਜਾਂ ਤੁਰੇ ਜਾ ਰਹੇ ਹਨ।

ਇਸ ਸਲੋਕ ਵਿਚ ਬਾਬਾ ਫਰੀਦ ਜੀ ਦੱਸਦੇ ਹਨ ਕਿ ਮਨੁਖ ਜਦ ਆਪਣੀਆਂ ਅੱਖਾਂ ਨਾਲ ਦੇਖਦਾ ਹੈ ਕਿ ਉਸਦੇ ਸਨਮੁਖ ਹੀ ਇਸ ਦੁਨੀ ਸੁਹਾਵੇ ਬਾਗ ਵਿਚੋਂ ਕਿੰਨੀ ਦੁਨੀਆ ਚੱਲ ਵਸੀ ਹੈ। ਇਥੇ ਆਏ ਹੋਏ ਰਾਜੇ ਰਾਣੇ ਅਤੇ ਰੰਕ ਫਕੀਰ ਸਭ ਨੂੰ ਆਪਣੀ-ਆਪਣੀ ਵਾਰੀ ’ਤੇ ਇਹ ਸੰਸਾਰ ਛੱਡਣਾ ਪਿਆ ਹੈ। ਇਸ ਤਰ੍ਹਾਂ ਲੁਕਾਈ ਨੂੰ ਜਾਂਦੀ ਦੇਖ ਕੇ ਮਨੁਖ ਦਾ ਮਨ ਪਰੇਸ਼ਾਨ ਹੁੰਦਾ ਹੈ ਤੇ ਉਸ ਨੂੰ ਆਪਣੇ ਜਾਣ ਦਾ ਵੀ ਚੇਤਾ ਆਉਂਦਾ ਹੈ ਕਿ ਇਕ ਨਾ ਇਕ ਦਿਨ ਉਸਨੇ ਚਲੇ ਜਾਣਾ ਹੈ।

ਬਾਬਾ ਫਰੀਦ ਜੀ ਦੱਸਦੇ ਹਨ ਕਿ ਅਸਲ ਵਿਚ ਮਰਨ ਵਾਲਿਆਂ ਨੂੰ ਵੇਖ ਕੇ ਲੋਕਾਂ ਦੇ ਮਨ ਵਿਚ ਆਪਣੇ ਸੰਸਾਰਕ ਧੰਦਿਆਂ ਨੂੰ ਲੈਕੇ ਚਿੰਤਾਂ ਪੈਦਾ ਹੋ ਜਾਂਦੀ ਹੈ। ਉਹ ਸੋਚਦੇ ਹਨ ਕਿ ਜੇ ਮੈਂ ਮਰ ਗਿਆ ਤਾਂ ਫਿਰ ਮੇਰੀ ਧਨ-ਦੌਲਤ ਦਾ ਕੀ ਬਣੇਗਾ? ਮੇਰੇ ਪਰਿਵਾਰ ਦਾ ਕੀ ਬਣੇਗਾ? ਸਭ ਕਾਰ-ਵਿਹਾਰ, ਕਾਰੋਬਾਰ ਕਿਵੇਂ ਚਲਣਗੇ? ਕੀ ਕੋਈ ਮੇਰੇ ਬਾਅਦ ਇਨ੍ਹਾਂ ਨੂੰ ਸੰਭਾਲ ਸਕੇਗਾ? ਇੰਨ੍ਹਾਂ ਗੱਲਾਂ ਦਾ ਫਿਕਰ ਵਧੇਰੇ ਸਤਾਉਣ ਲੱਗਦਾ ਹੈ। ਪਰ ਕਿਸੇ ਦਾ ਵੀ ਧਿਆਨ ਇਸ ਪਾਸੇ ਨਹੀਂ ਜਾਂਦਾ ਕਿ ਇਸ ਜੀਵਨ ਦਾ ਅਸਲ ਮਕਸਦ ਕੀ ਸੀ? ਕੀ ਉਹ ਮਕਸਦ ਪੂਰਾ ਹੋਇਆ ਹੈ? ਉਸ ਦੀ ਬੰਦ ਖਲਾਸੀ ਕਿਵੇਂ ਹੋ ਸਕੇਗੀ? ਜੀਵਨ ਦੇ ਅਸਲ ਮਕਸਦ ਨੂੰ ਪ੍ਰਾਪਤ ਕੀਤੇ ਬਿਨਾਂ ਮਰ ਜਾਣ ਨਾਲ ਅੱਗੇ ਕੀ ਹੋਵੇਗਾ, ਕੀ ਬੀਤੇਗੀ? ਇਸ ਲਈ ਜਤਨ ਕਰਨਾ ਚਾਹੀਦਾ ਹੈ ਕਿ ਬੰਦਗੀ ਕਰਦਿਆਂ ਪ੍ਰਭੂ-ਮਿਲਾਪ ਦੇ ਰਾਹ ਤੁਰਿਆ ਜਾਵੇ।

Tags