ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ ॥
ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥੯੦॥
-ਗੁਰੂ ਗ੍ਰੰਥ ਸਾਹਿਬ ੧੩੮੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਰੱਬੀ ਮਿਲਾਪ ਦੀ ਤੜਪ ਨੂੰ ਬੜੇ ਸੰਵੇਦਨਸ਼ੀਲ ਢੰਗ ਨਾਲ ਦਰਸਾਉਂਦੇ ਹਨ। ਉਹ ਦੱਸਦੇ ਹਨ ਕਿ ਇਕ ਜਗਿਆਸੂ ਆਪਣੇ ਪ੍ਰਭੂ-ਪ੍ਰੀਤਮ ਨਾਲ ਜੁੜਨ ਲਈ ਕਿਵੇਂ ਅੰਦਰੋਂ ਬੇਚੈਨ ਹੋ ਜਾਂਦਾ ਹੈ। ਇਹ ਬੇਚੈਨੀ ਅਖੀਰ ਇੰਨੀ ਵਧ ਜਾਂਦੀ ਹੈ ਕਿ ਘੱਟਦੀ ਉਮਰ ਅਤੇ ਨੇੜੇ ਆਉਂਦੀ ਮੌਤ ਦਾ ਡਰ, ਉਸ ਦੇ ਮਨ ਨੂੰ ਅੰਦਰੋਂ ਨਿਗਲਣ ਲੱਗ ਪੈਂਦਾ ਹੈ।
ਬਾਬਾ ਫਰੀਦ ਜੀ ਇਥੇ ਇਕ ਵਡੇਰੀ ਉਮਰ ਵਾਲੇ, ਕਮਜ਼ੋਰ ਹੋ ਚੁੱਕੇ ਮਨੁਖ ਦੀ ਤਸਵੀਰ ਖਿੱਚਦੇ ਹਨ। ਉਸ ਦਾ ਮਾਸ ਸੁੱਕ ਗਿਆ ਹੈ। ਸਰੀਰ ਹੱਡੀਆਂ ਦੀ ਮੁੱਠ ਬਣ ਗਿਆ ਹੈ ਅਤੇ ਹੱਥਾਂ-ਪੈਰਾਂ ਦੀਆਂ ਤਲੀਆਂ ਦੇ ਬਚੇ ਹੋਏ ਮਾਸ ਨੂੰ ‘ਕਾਂ’ ਨੋਚ ਰਹੇ ਹਨ। ਇਹ ਦ੍ਰਿਸ਼ ਸਿਰਫ ਸਰੀਰਕ ਕਮਜ਼ੋਰੀ ਨਹੀਂ, ਸਗੋਂ ਅੰਦਰੂਨੀ ਤੜਪ, ਮਨ ਦੇ ਖਾਲੀਪਣ ਅਤੇ ਆਤਮਕ ਪੀੜਾ ਨੂੰ ਵੀ ਦਰਸਾਉਂਦਾ ਹੈ। ਇਥੇ ਮਾਸ ਨੋਚ-ਨੋਚ ਕੇ ਖਾਣ ਵਾਲਾ ਕਾਂ ਰੱਬੀ-ਮਿਲਾਪ ਦੀ ਅਣਹੋਂਦ ਕਾਰਣ ਮਨ ਵਿਚ ਪੈਦਾ ਹੋ ਰਿਹਾ ਝੋਰਾ ਵੀ ਕਿਹਾ ਜਾ ਸਕਦਾ ਜੋ ਦੇਹ ਦੇ ਅੰਤ ਨੂੰ ਹੋਰ ਨੇੜੇ ਲਿਆ ਰਿਹਾ ਹੈ।
ਦੇਹੀ ਅਤੇ ਉਮਰ ਪੱਖੋਂ ਮਰਨ ਕਿਨਾਰੇ ਪੁੱਜੇ ਹੋਏ ਮਨੁਖ ਦੀ ਰੱਬੀ-ਮਿਲਾਪ ਤੋਂ ਵਿਰਵੇ ਹੋਣ ਦੀ ਅਵਸਥਾ ਅਤੇ ਝੋਰੇ ਵੱਲ ਇਸ਼ਾਰਾ ਕਰਦਿਆਂ ਦੱਸਿਆ ਹੈ ਕਿ ਦੇਖੋ ਇਸ ਮਨੁਖ ਦੀ ਏਨੀ ਤਰਸਜੋਗ ਹਾਲਤ ਹੋਣ ਦੇ ਬਾਵਜੂਦ ਵੀ ਉਸ ਨੂੰ ਹਾਲੇ ਤਕ ਰੱਬੀ ਮਿਲਾਪ ਪ੍ਰਾਪਤ ਨਹੀਂ ਹੋਇਆ। ਇਹ ਵਿਚਾਰਾ ਕਿੰਨਾ ਅਭਾਗਾ ਹੈ। ਇਸ ਬੇਹੱਦ ਭਾਵਪੂਰਤ ਦ੍ਰਿਸ਼ ਸਿਰਜਣਾ ਨਾਲ ਰੱਬੀ ਮਿਲਾਪ ਦੀ ਅਹਿਮੀਅਤ ਦਰਸਾਈ ਗਈ ਹੈ ਤੇ ਨਾਲ ਇਹ ਵੀ ਸੁਚੇਤ ਕੀਤਾ ਗਿਆ ਹੈ ਮਨੁਖ ਨੂੰ ਰੱਬੀ ਮਿਲਾਪ ਲਈ ਬੁੱਢੇਪੇ ਦੀ ਉਡੀਕ ਨਹੀਂ ਕਰਨੀ ਚਾਹੀਦੀ। ਬਲਕਿ ਜੁਆਨੀ ਵਿਚ ਹੀ ਇਸ ਪਾਸੇ ਯਤਨ ਕਰਨੇ ਚਾਹੀਦੇ ਹਨ।
ਅਧਿਆਤਮਕ ਪਖੋਂ ਇਹ ਸਲੋਕ ਦਰਸਾਉਂਦਾ ਹੈ ਕਿ ਮਨੁਖ ਦਾ ਸਰੀਰ ਵਿਸ਼ੇ-ਭੋਗਾਂ ਦੀ ਲਾਲਸਾ ਵਿਚ ਪੈ ਕੇ ਹੌਲੀ-ਹੌਲੀ ਕਮਜੋਰ ਹੋ ਜਾਂਦਾ ਹੈ, ਪਰ ਫਿਰ ਵੀ ਸੰਸਾਰਕ ਭੋਗਾਂ ਵਿਚ ਫਸਿਆ ਰਹਿੰਦਾ ਹੈ। ‘ਕਾਂ’ ਇਥੇ ਵਿਕਾਰਾਂ ਦੇ ਰੂਪਕ ਹਨ, ਜੋ ਮਨੁਖ ਦੇ ਸਰੀਰ ਅਤੇ ਮਨ ਦੋਹਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਇਹ ਸਲੋਕ ਮਨੁਖੀ ਲਾਲਸਾ ਅਤੇ ਤ੍ਰਿਸ਼ਨਾ ਦੀ ਅੰਤਹੀਣ ਭੁਖ ਉੱਤੇ ਪ੍ਰਹਾਰ ਕਰਦਾ ਹੈ। ਜਦ ਤਕ ਮਨੁਖ ਆਪਣੀ ਅੰਦਰੂਨੀ ਤ੍ਰਿਸ਼ਨਾ ’ਤੇ ਕਾਬੂ ਨਹੀਂ ਪਾਉਂਦਾ, ਉਹ ਰੱਬੀ ਕਿਰਪਾ ਦੇ ਯੋਗ ਨਹੀਂ ਬਣਦਾ।
ਸਾਰ ਵਜੋਂ ਇਹ ਸਲੋਕ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਰੱਬੀ-ਮਿਲਾਪ ਦੀ ਤਾਂਘ ਮਨੁਖਾ ਜੀਵਨ ਦੀ ਸਭ ਤੋਂ ਵਡੀ ਲੋੜ ਹੈ ਅਤੇ ਇਸ ਵਾਸਤੇ ਜੁਆਨੀ ਤੋਂ ਹੀ ਉੱਦਮ-ਉਪਰਾਲਾ ਅਰੰਭ ਕਰ ਦੇਣਾ ਚਾਹੀਦਾ ਹੈ। ਵਿਸ਼ੇ-ਵਿਕਾਰ ਸਿਰਫ ਸਰੀਰ ਨੂੰ ਹੀ ਨਹੀਂ, ਸਗੋਂ ਆਤਮਾ ਨੂੰ ਵੀ ਖੋਖਲਾ ਕਰ ਦਿੰਦੇ ਹਨ।