ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਜਾਂ ਤਉ ਖਟਣ ਵੇਲ ਤਾਂ ਤੂ ਰਤਾ ਦੁਨੀ ਸਿਉ ॥
ਮਰਗ ਸਵਾਈ ਨੀਹਿ ਜਾਂ ਭਰਿਆ ਤਾਂ ਲਦਿਆ ॥੮॥
-ਗੁਰੂ ਗ੍ਰੰਥ ਸਾਹਿਬ ੧੩੭੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਆਪਣੇ-ਆਪ ਨੂੰ ਮੁਖਾਤਬ ਹੋ ਕੇ ਮਨੁਖ ਨੂੰ ਦੱਸਦੇ ਹਨ ਕਿ ਜਦ ਉਨ੍ਹਾਂ ਕੋਲ ਸਮਾਂ ਸੀ ਕਿ ਉਹ ਆਪਣੇ ਜੀਵਨ ਵਿਚ ਸੇਵਾ-ਸਿਮਰਨ ਦਾ ਲਾਹਾ ਖੱਟਣ ਦਾ ਸਮਾਂ ਸੀ, ਪਰ ਉਦੋਂ ਉਹ ਦੁਨਿਆਦਾਰੀ ਵਿਚ ਹੀ ਗਲਤਾਨ ਰਿਹੇ। ਉਹ ਕੋਈ ਅਜਿਹਾ ਕੰਮ ਕਰ ਹੀ ਨਹੀਂ ਸਕੇ ਜਿਹੜਾ ਰੱਬੀ ਰਾਹ ਵਿਚ ਭਲੇ ਦਾ ਕਾਰਜ ਕਿਹਾ ਜਾ ਸਕਦਾ ਹੋਵੇ।
ਮਨੁਖ ਦਾ ਜੀਵਨ ਜਨਮ ਤੋਂ ਮੌਤ ਤਕ ਦਾ ਸਫਰ ਹੈ। ਹਰ ਕਿਸੇ ਨੇ ਅਖੀਰ ਮਰਨਾ ਹੀ ਹੈ। ਜਿਹੜੇ ਲੋਕ ਸਿਰਫ ਮਰਨ ਲਈ ਜਿਉਂਦੇ ਹਨ, ਉਹ ਸਫਲ ਜੀਵਨ ਨਹੀਂ ਜਿਉਂਦੇ। ਬਲਕਿ ਅਜਿਹੇ ਲੋਕ ਸਿਰਫ ਮੌਤ ਲਈ ਹੀ ਜਿਉਂਦੇ ਹਨ। ਇਥੇ ਦੱਸਿਆ ਹੈ ਕਿ ਸਮੇਂ ਦੇ ਨਾਲ ਮੌਤ ਦੀ ਨੀਂਹ ਉਸਰਦੀ ਗਈ ਤੇ ਉਸ ਦੇ ਸਾਹਾਂ ਦੀ ਪੂੰਜੀ ਖਤਮ ਹੁੰਦੀ ਗਈ, ਜੀਵਨ ਦਾ ਅੰਤ ਨੇੜੇ ਆਉਂਦਾ ਗਿਆ। ਮਨੁਖ ਮੌਤ ਵੱਲੋਂ ਅਵੇਸਲਾ ਹੋ ਕੇ ਦੁਨੀਆਦਾਰੀ ਵਿਚ ਖਚਤ ਰਿਹਾ। ਇਸ ਤਰ੍ਹਾਂ ਉਸ ਦੇ ਸਾਹਾਂ ਦੀ ਪੂੰਜੀ ਇਕ ਦਿਨ ਖਤਮ ਹੋ ਜਾਂਦੀ ਹੈ ਅਤੇ ਉਹ ਖਾਲੀ ਹੱਥ ਇਥੋਂ ਕੂਚ ਕਰ ਜਾਂਦਾ ਹੈ। ਜਿਹੜੇ ਲੋਕ ਸਿਰਫ ਮਰਨ ਲਈ ਜਿਉਂਦੇ ਹਨ ਉਹ ਆਪਣਾ ਜੀਵਨ ਅਜਾਈਂ ਗੁਆ ਲੈਂਦੇ ਹਨ। ਮਨੁਖ ਸਿਰਫ ਮਰਨ ਲਈ ਨਹੀਂ, ਬਲਕਿ ਰੱਬੀ ਮਿਲਾਪ ਲਈ ਪੈਦਾ ਹੁੰਦਾ ਹੈ। ਜਦੋਂ ਇਹ ਲਾਹਾ ਖੱਟਣ ਦਾ ਵੇਲਾ ਸੀ ਉਦੋਂ ਮਨੁਖ ਦੁਨੀਆਦਾਰੀ ਵਿਚ ਖਚਤ ਰਿਹਾ।