Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ  ਇਹੁ ਤਨੁ ਭਉਕਣਾ   ਨਿਤ ਨਿਤ ਦੁਖੀਐ ਕਉਣੁ
ਕੰਨੀ ਬੁਜੇ ਦੇ ਰਹਾਂ   ਕਿਤੀ ਵਗੈ ਪਉਣੁ ॥੮੮॥
-ਗੁਰੂ ਗ੍ਰੰਥ ਸਾਹਿਬ ੧੩੮੨

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਨੇ ‘ਭਉਕਣ’ ਸ਼ਬਦ ਰਾਹੀਂ ਜਿਥੇ ਮਨੁਖੀ ਸੁਭਾਅ ਦੇ ਇਕ ਵਿਸ਼ੇਸ਼ ਔਗੁਣ ਦੀ ਗੱਲ ਕੀਤੀ ਹੈ, ਉਥੇ ਹੀ ਉਸ ਦਾ ਹੱਲ ਵੀ ਸਾਂਝਾ ਕੀਤਾ ਹੈ। ਗੁਰਬਾਣੀ ਅੰਦਰ ਲਾਲਚ ਵਾਲੇ ਸੁਭਾਅ ਵਾਸਤੇ ਕੁੱਤੇ ਦਾ ਪ੍ਰਤੀਕ ਆਮ ਹੀ ਵਰਤਿਆ ਮਿਲਦਾ ਹੈ। ਜਿਵੇਂ ਕੂਕਰ ਇਕ-ਇਕ ਬੁਰਕੀ ਵਾਸਤੇ ਦਰ ਬੇ-ਦਰ ਭਟਕਦਾ ਫਿਰਦਾ ਹੈ ਤੇ ਕਦੇ ਵੀ ਸੰਤੁਸ਼ਟ ਨਹੀ ਹੁੰਦਾ। ਬਿਲਕੁਲ ਇਸੇ ਤਰ੍ਹਾਂ ਦੀ ਹਾਲਤ ਮਨੁਖ ਦੀ ਹੈ, ਜਿਸ ਦੇ ਅੰਦਰ ਤਨ ਨਾਲ ਸਬੰਧਤ ਪਦਾਰਥਾਂ ਪ੍ਰਤੀ ਲਾਲਸਾਵਾਂ ਮੁੱਕਣ ਦਾ ਨਾਮ ਨਹੀ ਲੈਂਦੀਆਂ। ਇਹ ਆਪਣੀ ਇਕ ਇਛਾ ਦੀ ਪੂਰਤੀ ਲਈ ਜਤਨ ਕਰਦਾ ਹੈ ਤਾਂ ਉਸ ਵਿਚੋਂ ਹੀ ਨਵੀਂ ਇਛਾ ਪੈਦਾ ਹੋ ਜਾਂਦੀ ਹੈ। ਬਾਬਾ ਫਰੀਦ ਜੀ ਇਹ ਸਵਾਲ ਕਰਦੇ ਹਨ ਕਿ ਇਹ ਸਰੀਰ ਤਾਂ ਰੱਜਣ ਦਾ ਨਾਮ ਹੀ ਨਹੀ ਲੈ ਰਿਹਾ, ਭਾਵ ਕਿ ਮਨ ਵਿਚ ਇਸ ਨਾਲ ਸਬੰਧਤ ਬੇਅੰਤ ਲਾਲਸਾਵਾਂ ਦੀਆਂ ਤਰੰਗਾਂ ਉੱਠਦੀਆਂ ਹੀ ਰਹਿੰਦੀਆਂ ਹਨ। ਹਰ ਰੋਜ਼ ਇਹ ਕੁਝ ਨ ਕੁਝ ਮੰਗਦਾ ਹੀ ਰਹਿੰਦਾ ਹੈ। ਸੰਸਾਰ ਵਿਚ ਬੇਅੰਤ ਲੋਕ ਆਪਣਾ ਸਾਰਾ ਜੀਵਨ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਲਈ ਲਾ ਦਿੰਦੇ ਹਨ ਪਰ ਉਹ ਤਦੋਂ ਵੀ ਸੰਤੁਸ਼ਟ ਨਹੀ ਹੋ ਪਾਂਦੇ। ਇਹ ਤਨ ਦੀਆਂ ਭੁਖਾਂ ਬੰਦੇ ਨੂੰ ਟਿਕਣ ਨਹੀਂ ਦਿੰਦੀਆਂ। ਹੁਣ ਕੋਈ ਇਨ੍ਹਾਂ ਪਿੱਛੇ ਰੋਜ-ਰੋਜ ਕਿੰਨਾ ਕੁ ਦੁਖੀ ਹੋਵੇ?

ਜੀਵਨ ਦੀ ਇਹ ਦੁਖਮਈ ਅਵਸਥਾ ਤਾਂ ਬਹੁਤਾਤ ਲੋਕ ਹੰਢਾਅ ਰਹੇ ਹਨ। ਕੀ ਇਸ ਸਮੱਸਿਆ ਦਾ ਕੋਈ ਹੱਲ ਹੈ? ਬਾਬਾ ਫਰੀਦ ਜੀ ਅਗਲੀ ਤੁਕ ਵਿਚ ਦੱਸਦੇ ਹਨ ਕਿ ਜੇਕਰ ਅਸੀਂ ਸੱਚਮੁਚ ਜੀਵਨ ਦਾ ਅੰਨਦ ਲੈਣਾ ਚਾਹੁੰਦੇ ਹਾਂ ਅਤੇ ਤ੍ਰਿਸ਼ਨਾਮਈ ਸੁਭਾਅ ਤੋਂ ਖਹਿੜਾ ਛੁੜਾਉਣਾ ਚਾਹੁੰਦੇ ਹਾਂ ਤਾਂ ਉਸ ਲਈ ਜਰੂਰੀ ਹੈ ਸਾਨੂੰ ਆਪਣੇ ਮਨ ਨੂੰ ਮਾਰਨਾ ਪਵੇਗਾ। ਇਸ ਮਨ ਨੂੰ ਭਟਕਾਉਣ ਲਈ ਚਾਹੇ ਬਾਹਰੋਂ ਪਦਾਰਥਾਂ ਪ੍ਰਤੀ ਖਿੱਚ ਪੈਦਾ ਕਰਨ ਵਾਲੀ ਜਿੰਨੀ ਮਰਜੀ ਤੇਜ ਹਵਾ ਵਗੇ ਭਾਵ ਲਾਲਚ ਦਿੱਤੇ ਜਾਣ; ਉਥੇ ਹੀ ਆਪਣੇ ਅੰਦਰ ਉਠਣ ਵਾਲੀਆਂ ਨਵੀਆਂ-ਨਵੀਆਂ ਚਾਹਤਾਂ ਨੂੰ ਵੀ ਜਦੋਂ ਅਣਸੁਣਿਆਂ ਕਰਾਂਗੇ ਤਾਂ ਇਹ ਭੁਖ ਆਪਣੇ ਆਪ ਚੁਪ ਕਰ ਜਾਵੇਗੀ। ਇਸ ਤਰ੍ਹਾਂ ਹੀ ਮਨੁਖ ਨੂੰ ਸ਼ਾਂਤੀ ਅਤੇ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ। ਹਕੀਕਤ ਇਹ ਹੈ ਕਿ ਪਹਿਲਾਂ ਪਹਿਲ ਤਾਂ ਇਹ ਕਾਰਜ ਕਰਨਾ ਬਹੁਤ ਮੁਸ਼ਕਿਲ ਲੱਗਦਾ ਹੈ ਪਰ ਜਦੋਂ ਮਨੁਖ ਦ੍ਰਿੜਤਾ ਨਾਲ ਇਸਤੇ ਪਹਿਰਾ ਦਿੰਦਾ ਹੈ ਤਾਂ ਅਖੀਰ ਵਿਚ ਇਸ ਦਾ ਫਲ ਮਿੱਠਾ ਹੁੰਦਾ ਹੈ।

Tags