ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ ॥
ਜਿੰਨੑਾ ਨੈਣ ਨਂੀਦ੍ਰਾਵਲੇ ਤਿੰਨੑਾ ਮਿਲਣੁ ਕੁਆਉ ॥੮੦॥
-ਗੁਰੂ ਗ੍ਰੰਥ ਸਾਹਿਬ ੧੩੮੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬਾਬਾ ਫਰੀਦ ਜੀ ਇਸ ਸਲੋਕ ਵਿਚ ਸਮਝਾ ਰਹੇ ਹਨ ਕਿ ਰਾਤ ਦੇ ਇਕਾਂਤ ਵਿਚ ਜੁੜ ਕੇ ਜਗਿਆਸੂ ਪ੍ਰਮਾਤਮਾ ਦੀ ਭਗਤੀ ਕਰਦੇ ਹਨ। ਉਹ ਰਾਤ ਦੇ ਪਿਛਲੇ ਪਹਿਰ ਵਿਚ ਜਾਗਦੇ ਹਨ ਤੇ ਨਾਮ ਦੀ ਦਾਤ ਵਾਸਤੇ ਪ੍ਰਭੂ ਅੱਗੇ ਬੇਨਤੀਆਂ ਕਰਦੇ ਹਨ। ਇਸ ਦਾਤ ਨੂੰ ਬਾਬਾ ਫਰੀਦ ਜੀ ਨੇ ਕਸਤੂਰੀ ਨਾਲ ਉਪਮਾ ਦਿੱਤੀ ਹੈ। ਇਬਾਦਤ ਮਨੁਖ ਨੂੰ ਇਸ ਕਾਬਲ ਬਣਾ ਦਿੰਦੀ ਹੈ ਕਿ ਉਹ ਰੱਬ ਦੀਆਂ ਦਾਤਾਂ ਵਿਚੋਂ ਹਿੱਸਾ ਲੈ ਸਕੇ। ਜਗਿਆਸੂ ਬੰਦਗੀ ਨਾਲ ਆਪਣੇ-ਆਪ ਨੂੰ ਸੰਵਾਰ ਲੈਂਦੇ ਹਨ। ਉਨ੍ਹਾਂ ਦਾ ਮਨ ਬਿਲਕੁਲ ਪੱਧਰਾ ਹੁੰਦਾ ਹੈ, ਜਿਸ ਵਿਚ ਨਾਮ ਦੀ ਫਸਲ ਪੈਦਾ ਹੁੰਦੀ ਹੈ। ਉਹ ਚੰਗਿਆਂ ਨਾਲ ਹੀ ਚੰਗਿਆਈ ਨਹੀ ਕਰਦੇ ਸਗੋਂ ਬੁਰੇ ਦਾ ਵੀ ਭਲਾ ਕਰਨ ਦੀ ਸਮਰੱਥਾ ਰਖਦੇ ਹਨ। ਉਹ ਪ੍ਰੇਮ ਨਾਲ ਭਰਪੂਰ ਜੀਵਨ ਬਤੀਤ ਕਰਦੇ ਹਨ।
ਪਰ ਦੂਜੇ ਪਾਸੇ ਉਹ ਵੀ ਲੋਕ ਹਨ ਜੋ ਰਾਤ ਦੇ ਪਿਛਲੇ ਪਹਿਰ ਉੱਠ ਕੇ ਬੰਦਗੀ ਕਰਨ ਨਾਲੋਂ ਸੌਣ ਨੂੰ ਜਿਆਦਾ ਤਰਜੀਹ ਦਿੰਦੇ ਹਨ। ਉਨ੍ਹਾਂ ਦਾ ਆਲਸ ਹੀ ਉਨ੍ਹਾਂ ਨੂੰ ਰੱਬੀ ਦਾਤ ਤੋਂ ਵਿਰਵਾ ਕਰ ਦਿੰਦਾ ਹੈ। ਆਪਣੀ ਨਾ ਸਮਝੀ ਕਾਰਣ ਉਹ ਸਾਰਾ ਜੀਵਨ ਸੰਸਾਰਕ ਝੰਮੇਲਿਆਂ ਵਿਚ ਪੈ ਕੇ ਲੰਘਾ ਲੈਂਦੇ ਹਨ। ਉਨ੍ਹਾਂ ਨੇ ਲਾਹਾ ਤਾਂ ਕੀ ਖੱਟਣਾ ਸੀ ਸਗੋਂ ਅਸਲ ਵੀ ਗੁਆ ਬੈਠਦੇ ਹਨ। ਬਾਬਾ ਫਰੀਦ ਜੀ ਸਪਸ਼ਟ ਕਰ ਰਹੇ ਹਨ ਕਿ ਜਿੰਨ੍ਹਾਂ ਨੇ ਆਪਣਾ ਜੀਵਨ ਅਗਿਆਨਤਾ ਵਿਚ ਬਤੀਤ ਕੀਤਾ, ਉਹ ਨਾਮ ਦੀ ਦਾਤ ਹਾਸਲ ਨਹੀ ਕਰ ਪਾਉਂਦੇ। ਨਾਮ ਤੋਂ ਬਿਨਾਂ ਜੀਵਨ ਨੂੰ ਨਹੀ ਸੰਵਾਰਿਆ ਜਾ ਸਕਦਾ। ਆਪਣੇ ਅਵੇਸਲੇਪਣ ਕਾਰਣ ਹੁਣ ਉਹ ਰੱਬੀ ਮਿਲਾਪ ਦੇ ਪਾਤਰ ਨਹੀ ਬਣ ਪਾਉਂਦੇ ਅਤੇ ਉਨ੍ਹਾਂ ਦਾ ਜੀਵਨ ਵਿਆਰਥ ਚਲਾ ਜਾਂਦਾ ਹੈ।
ਇਸ ਸਲੋਕ ਰਾਹੀਂ ਬਾਬਾ ਫਰੀਦ ਜੀ ਮਨੁਖ ਨੂੰ ਸੁਚੇਤ ਕਰਦਿਆਂ ਸਮਝਾ ਰਹੇ ਹਨ ਕਿ ਜੇਕਰ ਜੀਵਨ ਦਾ ਅਸਲ ਲਾਹਾ ਖੱਟਣਾ ਹੈ ਤਾਂ ਸਮੇਂ ਸਿਰ ਬੰਦਗੀ ਵਾਲੇ ਪਾਸੇ ਲੱਗ ਜਾਣਾ ਚਾਹੀਦਾ ਹੈ, ਨਹੀਂ ਤਾਂ ਬਾਅਦ ਵਿਚ ਕੇਵਲ ਪਛਤਾਵਾ ਹੀ ਬਚਦਾ ਹੈ।