ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ ॥
ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ ॥੭੯॥
-ਗੁਰੂ ਗ੍ਰੰਥ ਸਾਹਿਬ ੧੩੮੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸੰਸਾਰ ਬੜੇ ਹੀ ਸੋਹਣੇ ਬਾਗ ਵਾਂਗ ਹੈ ਤੇ ਮਨੁਖ ਇਸ ਵਿਚ ਮਹਿਮਾਨਾਂ ਦੀ ਵਾਂਗ ਆਉਂਦਾ ਹੈ। ਐਨ ਉਸੇ ਤਰ੍ਹਾਂ, ਜਿਸ ਤਰ੍ਹਾਂ ਬਾਗ ਵਿਚ ਪੰਛੀ ਪ੍ਰਾਹੁਣਿਆਂ ਦੀ ਵਾਂਗ ਆਉਂਦੇ ਹਨ, ਚੋਗਾ ਚੁਗਦੇ ਹਨ ਤੇ ਵਾਪਸ ਪਰਤ ਜਾਂਦੇ ਹਨ। ਪ੍ਰਾਹੁਣੇ ਕਿਤੇ ਹਮੇਸ਼ਾ ਨਹੀਂ ਰਹਿੰਦੇ ਤੇ ਨਾ ਹੀ ਕਦੇ ਮਾਲਕੀ ਜਤਾਉਂਦੇ ਹਨ। ਉਹ ਸਿਰਫ ਪ੍ਰਾਹੁਣਚਾਰੀ ਦਾ ਅਨੰਦ ਮਾਣਦੇ ਹਨ ਤੇ ਵਾਪਸ ਪਰਤ ਜਾਂਦੇ ਹਨ।
ਬੇਸ਼ੱਕ ਇਹ ਸੰਸਾਰ ਬੜਾ ਹੀ ਸੋਹਣਾ ਹੈ ਪਰ ਮਨੁਖ ਇਸ ਵਿਚ ਹਮੇਸ਼ਾ ਨਹੀਂ ਰਹਿ ਸਕਦਾ ਤੇ ਉਸ ਨੂੰ ਇਕ ਨਾ ਇਕ ਦਿਨ, ਪ੍ਰਾਹੁਣਿਆਂ ਵਾਂਗ ਜਾਣਾ ਹੀ ਪੈਂਦਾ ਹੈ।
ਜਿਵੇਂ, ਜਦ ਸੂਫੀਆਂ ਦੀ ਦਰਗਾਹ ਵਿਚ ਨਗਾਰਾ ਵੱਜਦਾ ਹੈ ਤਾਂ ਪਤਾ ਲੱਗ ਜਾਂਦਾ ਹੈ ਕਿ ਸਵੇਰ ਹੋ ਗਈ ਹੈ। ਇਹ ਸੁਣਕੇ, ਆਸ-ਪਾਸ ਦੇ ਘਰਾਂ ਵਿਚ ਆਏ ਹੋਏ ਮਹਿਮਾਨ ਵਾਪਸ ਜਾਣ ਦੀ ਤਿਆਰੀ ਕਰਨ ਲੱਗ ਪੈਂਦੇ ਹਨ ਤੇ ਆਪਣਾ ਸਮਾਨ ਇਕੱਠਾ ਕਰਨ ਲੱਗ ਪੈਂਦੇ ਹਨ।
ਮਨੁਖ ਨੂੰ ਵੀ ਚੇਤੰਨ ਰਹਿਣਾ ਚਾਹੀਦਾ ਹੈ ਕਿ ਉਸਨੇ ਸੰਸਾਰ ਵਿਚ ਸਦਾ ਨਹੀਂ ਰਹਿਣਾ, ਇਸ ਲਈ ਉਸਨੂੰ ਜਾਣ ਦੀ ਤਿਆਰੀ ਵਜੋਂ ਨੇਕ ਕਰਮ ਕਰਦੇ ਰਹਿਣਾ ਚਾਹੀਦਾ ਹੈ।