ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਮਹਲਾ ੫ ॥
ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥
ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥੭੫॥
-ਗੁਰੂ ਗ੍ਰੰਥ ਸਾਹਿਬ ੧੩੮੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਪਿਛਲੇ ਸਲੋਕ ਵਿਚ ਬਾਬਾ ਫਰੀਦ ਜੀ ਨੇ ਮਨ ਨੂੰ ਸਮ ਕਰਨ ਦਾ ਉਪਦੇਸ਼ ਦਿੱਤਾ ਸੀ, ਭਾਵ ਕਿ ਆਪਣੀ ਉੱਚਤਾ ਅਤੇ ਨਿਮਨਤਾ ਕਾਰਨ ਮਨ ਵਿਚ ਉਪਜਣ ਵਾਲੇ ਪ੍ਰੇਮ ਅਤੇ ਦਵੈਸ਼ ਰੂਪੀ ਉੱਚੇ-ਨੀਵੇਂ ਭਾਵਾਂ ਤੇ ਦੂਈ-ਦ੍ਵੈਸ਼ ਵਿਚੋਂ ਬਾਹਰ ਨਿਕਲਣ ਦੀ ਗੱਲ ਆਖੀ ਸੀ। ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ, ਇਸ ਦੀ ਜੁਗਤ ਗੁਰੂ ਅਰਜਨ ਸਾਹਿਬ ਜੀ ਨੇ ਇਸ ਸਲੋਕ ਦੁਆਰਾ ਸਮਝਾਈ ਹੈ। ਆਮ ਤੌਰ ’ਤੇ ਸੰਸਾਰ ਵਿਚ ਇਹ ਵਡਾ ਭੁਲੇਖਾ ਹੈ ਕਿ ਰੱਬ ਕਿਤੇ ਦੂਰ ਵਸਦਾ ਹੈ ਤੇ ਸੰਸਾਰ ਉਸ ਤੋਂ ਵਖਰਾ ਹੈ। ਜਿਸ ਕਾਰਣ ਮਨੁਖ ਦੇ ਵਿਹਾਰ ਵਿਚ ਕਈ ਤਰ੍ਹਾਂ ਦੀਆਂ ਕਮੀਆਂ ਪੈਦਾ ਹੋ ਜਾਂਦੀਆਂ ਹਨ, ਜਿੰਨਾਂ ਨੂੰ ਪਿਛਲੇ ਸਲੋਕ ਵਿਚ ‘ਟੋਏ ਟਿਬੇ’ ਕਿਹਾ ਗਿਆ ਹੈ। ਗੁਰੂ ਸਾਹਿਬ ਇਸ ਸਲੋਕ ਵਿਚ ਦੱਸਦੇ ਹਨ ਕਿ ਰੱਬ ਸੰਸਾਰ ਵਿਚ ਵਸਦਾ ਹੈ ਅਤੇ ਸੰਸਾਰ ਰੱਬ ਵਿਚ ਵਸਦਾ ਹੈ। ਰੱਬ ਅਤੇ ਸੰਸਾਰ ਦੋਵੇਂ ਹੀ ਇਕ ਦੂਜੇ ਵਿਚ ਇਸ ਤਰ੍ਹਾਂ ਅਭੇਦ ਹਨ ਕਿ ਇਨ੍ਹਾਂ ਨੂੰ ਅਲਹਿਦਗੀ ਵਿਚ ਦੇਖਿਆ ਹੀ ਨਹੀਂ ਜਾ ਸਕਦਾ। ਅਸਲ ਵਿਚ ਰੱਬ ਅਤੇ ਸੰਸਾਰ ਦੋਵੇਂ ਇਕ ਹੀ ਹਨ ਜਾਂ ਇਕ ਹੀ ਤੱਥ ਸੱਚ ਦੇ ਦੋ ਪੱਖ ਹਨ। ਜਦੋਂ ਅਗਿਆਨਤਾ ਦੀ ਪੱਟੀ ਅੱਖਾਂ ਤੋਂ ਲਹਿ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਸ ਦਾ ਨੂਰ ਹੀ ਸਭ ਜੀਵਾਂ ਵਿਚ ਵਰਤ ਰਿਹਾ ਹੈ। ਇਸ ਉੱਚੀ ਦ੍ਰਿਸ਼ਟੀ ਨਾਲ ਮਨ ਨੂੰ ਸਮਤਲ ਕਰਨਾ ਸੌਖਾ ਹੈ, ਕਿਉਕਿ ਉਸਨੂੰ ਇਹ ਸੋਝੀ ਹੋ ਚੁਕੀ ਹੈ ਕਿ ਹਰ ਇਕ ਅੰਦਰ ਕਰਤਾਰ ਆਪ ਮੌਜੂਦ ਹੈ।
ਜਦ ਇਹ ਦ੍ਰਿਸ਼ਟੀ ਪ੍ਰਾਪਤ ਹੋ ਗਈ ਤਾਂ ਪਤਾ ਲੱਗਦਾ ਹੈ ਕਿ ਉਸ ਰੱਬ ਜੀ ਤੋਂ ਬਿਨਾਂ ਦੂਸਰਾ ਕੋਈ ਹੈ ਨਹੀਂ। ਉਹ ਹੀ ਸਭ ਪ੍ਰਾਣੀਆਂ ਅੰਦਰ ਵਰਤ ਰਿਹਾ ਹੈ। ਜਿਸ ਕਾਰਣ ਫੇਰ ਮਨੁਖ ਕਿਸੇ ਨੂੰ ਮੰਦਾ ਨਹੀ ਆਖਦਾ। ਹੰਕਾਰ ਦਾ ਟਿੱਬਾ ਅੰਦਰੋਂ ਢਹਿ ਜਾਂਦਾ ਹੈ ਤੇ ਨਾਲ ਹੀ ਕਿਸੇ ਦੂਜੇ ਦੁਆਰਾ ਹੋਣ ਵਾਲੀ ਨਿੰਦਾ ਤੋਂ ਘਬਰਾਉਂਦਾ ਨਹੀ, ਜਿਸ ਕਾਰਣ ਹੁਣ ਨਫਰਤ ਦਾ ਟੋਆ ਪੈਣ ਦਾ ਵੀ ਡਰ ਨਹੀ ਹੈ। ਮਨ ਬਿਲਕੁਲ ਸਮਤਲ ਹੋ ਚੁੱਕਾ ਹੈ। ਇਸ ਸਲੋਕ ਦੇ ਦੁਆਰਾ ਇਹੋ ਹੀ ਸਿੱਖਿਆ ਦਿੱਤੀ ਜਾ ਰਹੀ ਹੈ ਕਿ ਜਦ ਵੀ ਅਸੀਂ ਕਿਸੇ ਨੂੰ ਮੰਦਾ-ਚੰਗਾ ਬੋਲਣ ਲੱਗੀਏ ਤਾਂ ਇਹ ਖਿਆਲ ਕਰ ਲਈਏ ਕਿ ਉਸ ਅੰਦਰ ਵੀ ਪ੍ਰਭੂ ਦਾ ਵਾਸ ਹੈ। ਇਸ ਤਰ੍ਹਾਂ ਸਾਡੇ ਵਿਹਾਰ ਵਿਚ ਫਰਕ ਪਵੇਗਾ ਤੇ ਅਸੀਂ ਇਕ ਦੂਜੇ ਨੂੰ ਸਤਾਉਣ, ਤੰਗ-ਪ੍ਰੇਸ਼ਾਨ ਕਰਨ ਅਤੇ ਚੰਗਾ ਮੰਦਾ ਬੋਲਣ ਤੋਂ ਬਚੇ ਰਹਾਂਗੇ।