ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ ॥
ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ ॥੭੨॥
-ਗੁਰੂ ਗ੍ਰੰਥ ਸਾਹਿਬ ੧੩੮੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਪਿਛਲੇ ਸਲੋਕ ਦੇ ਵਿਚਾਰ ਨੂੰ ਹੋਰ ਅੱਗੇ ਤੋਰਦਿਆਂ ਬਾਬਾ ਫਰੀਦ ਜੀ ਸਮਝਾ ਰਹੇ ਹਨ ਕਿ ਜਿਹੜਾ ਸਿਰ ਆਪਣੇ ਮਾਲਕ ਪ੍ਰਭੂ ਅੱਗੇ ਨਿਮਰਤਾ, ਸਤਿਕਾਰ ਅਤੇ ਸਮਰਪਣ ਵਿਚ ਝੁਕਦਾ ਹੀ ਨਹੀਂ, ਉਹ ਸਿਰ ਏਨਾ ਨਿਕੰਮਾ ਹੈ ਕਿ ਹੋਰ ਕਿਸੇ ਕੰਮ ਨਹੀਂ ਆ ਸਕਦਾ ਤੇ ਉਸ ਨੂੰ ਕਰਨਾ ਵੀ ਕੀ ਹੈ? ਫਾਰਸੀ ਵਿਚ ਸਿਰ ਦਾ ਅਰਥ ਮੁੱਖੀ ਹੈ ਤੇ ਮੁੱਖੀ ਹੋਣ ਵਿਚ ਹਉਮੈ ਦੀ ਝਲਕ ਹੈ। ਇਸ ਲਈ ਹੀ ਸਿਰ ਨੂੰ ਨਿਮਰ ਭਾਵ ਵਿਚ ਰਹਿਣ ਲਈ ਪ੍ਰੇਰਤ ਕੀਤਾ ਗਿਆ ਹੈ।
ਮਾਲਕ ਪ੍ਰਭੂ ਅੱਗੇ ਨਾ ਝੁਕਣ ਵਾਲੇ ਸਿਰ ਨੂੰ, ਬਾਲਣ ਦੀ ਥਾਂ, ਤੌੜੀ ਦੇ ਹੇਠਾਂ, ਚੁੱਲ੍ਹੇ ਵਿਚ ਬਾਲ ਲੈਣਾ ਚਾਹੀਦਾ ਹੈ। ਇਥੇ ਵੀ ਬਾਬਾ ਫਰੀਦ ਜੀ ਦਾ ਭਾਵ ਸਿਰ ਨੂੰ ਸੱਚਮੁਚ ਚੁੱਲ੍ਹੇ ਵਿਚ ਬਾਲਣਾ ਨਹੀਂ ਹੈ। ਬਲਕਿ ਨਿਮਰਤਾ ਅਤੇ ਸਮਰਪਣ ਦੇ ਭਾਵ ਵਿਚ ਨਮਾਜ਼ ਅਦਾ ਕਰਨ ਦੀ ਅਹਿਮੀਅਤ ਉਜਾਗਰ ਕਰਨਾ ਹੀ ਹੈ, ਕਿਉਂਕਿ ਉਨ੍ਹਾਂ ਦੇ ਅਨੁਸਾਰ ਨਿਮਰਤਾ ਤੇ ਪ੍ਰੇਮ ਬਿਨਾਂ ਜੀਵਨ ਕਿਸੇ ਕੰਮ ਨਹੀਂ ਹੈ।