ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ
ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ
ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ ॥
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥੭੧॥
-ਗੁਰੂ ਗ੍ਰੰਥ ਸਾਹਿਬ ੧੩੮੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸਵੇਰ ਵੇਲੇ ਜਦ ਮੁਸਲਮਾਨ ਦੇ ਕੰਨ ਵਿਚ ਅਜਾਨ ਸੁਣਾਈ ਦਿੰਦੀ ਹੈ ਕਿ ਨਮਾਜ਼ ਨੀਂਦ ਤੋਂ ਬਿਹਤਰ ਹੈ ਤਾਂ ਮਨ ਵਿਚ ਉੱਠਣ ਜਾਂ ਨਾ ਉੱਠਣ ਦੀ ਦੁਵਿਧਾ ਸ਼ੁਰੂ ਹੋ ਜਾਂਦੀ ਹੈ। ਅਜਿਹੀ ਦੁਚਿਤੀ ਵਿਚ ਪਏ ਹੋਏ ਆਲਸੀ ਲੋਕਾਂ ਨੂੰ ਬਾਬਾ ਫਰੀਦ ਜੀ ਸਮਝਾ ਰਹੇ ਹਨ ਕਿ ਉਹ ਬਿਸਤਰੇ ਵਿਚ ਪਏ ਹੀ ਨਾ ਰਹਿਣ, ਬਲਕਿ ਉੱਠ ਪੈਣ। ਕਿਉਂਕਿ ਕਈ ਲੋਕ ਸਵੇਰੇ ਜਾਗ ਕੇ ਵੀ ਬਿਸਤਰੇ ਵਿਚ ਹੀ ਪਏ ਰਹਿੰਦੇ ਹਨ ਤੇ ਆਲਸ ਕਾਰਣ ਜਲਦੀ ਉੱਠਦੇ ਹੀ ਨਹੀਂ। ਇਸ ਲਈ ਬਾਬਾ ਫਰੀਦ ਜੀ ਕਹਿੰਦੇ ਹਨ ਕਿ ਉਹ ਉੱਠ ਕੇ ਮੂੰਹ-ਹੱਥ ਧੋ ਕੇ ਸਵੇਰ ਦੀ ਨਮਾਜ਼ ਪੜ੍ਹਨ। ਇਹ ਉੱਦਮ ਸਿਰਫ ਸਵੇਰ ਵੇਲੇ ਉੱਠਣ ਤਕ ਸੀਮਤ ਨਹੀਂ ਹੈ, ਬਲਕਿ ਸਮੁੱਚੇ ਜੀਵਨ ਦੀ ਸਵੇਰ ਸਮੇਂ ਸੁਚੇਤ ਹੋਣ ਤੋਂ ਲੈ ਕੇ ਹਰ ਸਮੇਂ ਚੇਤੰਨ ਰਹਿਣ ਦੀ ਪ੍ਰੇਰਨਾ ਦਿੰਦਾ ਹੈ।
ਫਿਰ ਦੱਸਦੇ ਹਨ ਕਿ ਜੋ ਨਮਾਜ਼ ਵਿਚ ਆਪਣੇ ਮਾਲਕ ਪ੍ਰਭੂ ਅੱਗੇ ਸਿਰ ਨਹੀਂ ਝੁਕਾਉਂਦਾ ਉਹ ਸਿਰ ਤਾਂ ਦੇਹੀ ਨਾਲੋਂ ਕੱਟ ਕੇ ਅਲਹਿਦਾ ਕਰ ਦੇਣਾ ਚਾਹੀਦਾ ਹੈ। ਚੇਤੇ ਰਹੇ ਕਿ ਮੁਕੀਆਂ ਮਾਰਨ ਵਾਲਿਆਂ ਦੇ ਪੈਰ ਚੁੰਮਣ ਦੀ ਸਿਖਿਆ ਦੇਣ ਵਾਲੇ ਬਾਬਾ ਫਰੀਦ ਜੀ ਨਮਾਜ਼ ਅਦਾ ਨਾ ਕਰਨ ਵਾਲਿਆਂ ਦਾ ਸਿਰ ਅਲਹਿਦਾ ਕਰਨ ਲਈ ਆਖ ਰਹੇ ਹਨ। ਇਸ ਦਾ ਸਿਰਫ ਮਤਲਬ ਨਮਾਜ਼ ਦੀ ਅਹਿਮੀਅਤ ਨੂੰ ਦਰਸਾਉਣਾ ਹੈ, ਸਚਮੁੱਚ ਕਤਲ ਕਰਨਾ ਨਹੀਂ ਹੋ ਸਕਦਾ। ਇਥੇ ਨਮਾਜ਼ ਵਿਚ ਵੀ ਜੀਵਨ ਭਰ ਪ੍ਰਭੂ ਪ੍ਰੇਮ ਭਗਤੀ ਵਿਚ ਲੀਨ ਰਹਿਣ ਦੀ ਸੰਕੇਤਕ ਹੈ।