Guru Granth Sahib Logo
  
ਸ਼ੇਖ ਫਰੀਦ ਜੀ ਦੁਆਰਾ ਉਚਾਰਣ ਕੀਤੇ ਸਲੋਕ ਜਗਿਆਸੂ ਨੂੰ ਜੀਵਨ ਦੇ ਅਸਲ ਮਨੋਰਥ, ਭਾਵ ਪ੍ਰਭੂ-ਬੰਦਗੀ ਵੱਲ ਪ੍ਰੇਰਤ ਕਰਦੇ ਹਨ। ਇਨ੍ਹਾਂ ਵਿਚ ਫਰੀਦ ਜੀ ਦੱਸਦੇ ਹਨ ਕਿ ਮਨੁਖ ਨੂੰ ਸੰਸਾਰ ਵਿਚ ਗਿਣਵੇਂ ਦਿਨ ਹੀ ਮਿਲੇ ਹੋਏ ਹਨ, ਇਸ ਲਈ ਬਿਨਾਂ ਕਿਸੇ ਦੇਰੀ ਉਸ ਨੂੰ ਪ੍ਰਭੂ ਦੀ ਬੰਦਗੀ ਵਿਚ ਜੁੜ ਜਾਣਾ ਚਾਹੀਦਾ ਹੈ। ਪਰ ਮਾਇਆ ਦੇ ਮੋਹ ਕਾਰਣ ਮਨੁਖ ਇਸ ਗੱਲ ਨੂੰ ਭੁੱਲ ਕੇ ਵਿਕਾਰਾਂ ਵਿਚ ਫਸ ਜਾਂਦਾ ਹੈ ਤੇ ਉਸ ਦੀ ਜਿੰਦਗੀ ਸਦਾ ਅਸ਼ਾਂਤ ਅਤੇ ਅਸਹਿਜ ਰਹਿੰਦੀ ਹੈ। ਜਿਹੜਾ ਮਨੁਖ ਪ੍ਰਭੂ ਦੀ ਯਾਦ, ਪ੍ਰੇਮ, ਨਿਮਰਤਾ, ਸਹਿਣਸ਼ੀਲਤਾ, ਸਬਰ, ਸੰਤੋਖ, ਪਰਉਪਕਾਰ, ਹੱਕ ਦੀ ਕਮਾਈ ਆਦਿ ਗੁਣਾਂ ਨੂੰ ਧਾਰਨ ਕਰਦਾ ਹੈ, ਉਹ ਘਰ-ਗ੍ਰਹਿਸਥੀ ਵਿਚ ਰਹਿੰਦਿਆਂ ਹੋਇਆਂ ਹੀ ਪ੍ਰਭੂ-ਮਿਲਾਪ ਦਾ ਅਨੰਦ ਮਾਣ ਲੈਂਦਾ ਹੈ। ਉਸ ਦਾ ਜੀਵਨ ਸੁਖੀ ਅਤੇ ਸਹਿਜਮਈ ਹੋ ਜਾਂਦਾ ਹੈ।
ਫਰੀਦਾ  ਬੇ ਨਿਵਾਜਾ ਕੁਤਿਆ   ਏਹ ਭਲੀ ਰੀਤਿ
ਕਬਹੀ ਚਲਿ ਆਇਆ   ਪੰਜੇ ਵਖਤ ਮਸੀਤਿ ॥੭੦॥
-ਗੁਰੂ ਗ੍ਰੰਥ ਸਾਹਿਬ ੧੩੮੧

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਬਾਬਾ ਫਰੀਦ ਜੀ ਅਜਿਹੇ ਮਨੁਖ ਨੂੰ ਨਸੀਹਤ ਕਰ ਰਹੇ ਹਨ ਜਿਹੜਾ, ਪੰਜ ਵੇਲੇ ਤਾਂ ਕੀ, ਬਲਕਿ ਕਦੇ ਵੀ ਮਸੀਤ ਵਿਚ ਨਮਾਜ਼ ਅਦਾ ਕਰਨ ਨਹੀਂ ਜਾਂਦਾ। ਕਦੇ ਵੀ ਨਮਾਜ਼ ਅਦਾ ਨਾ ਕਰਨ ਵਾਲੇ ਮਨੁਖ ਨੂੰ ਕੁੱਤਾ ਕਿਹਾ ਗਿਆ ਹੈ ਤੇ ਨਾਲ ਦੱਸਿਆ ਗਿਆ ਹੈ ਕਿ ਨਮਾਜ਼ ਅਦਾ ਨਾ ਕਰਨ ਦੀ ਆਦਤ ਚੰਗੀ ਨਹੀਂ ਹੈ। ਇਥੋਂ ਪਤਾ ਲੱਗਦਾ ਹੈ ਕਿ ਬਾਬਾ ਫਰੀਦ ਜੀ ਨਮਾਜ਼ ਦੇ ਕਿੰਨੇ ਪਾਬੰਦ ਸਨ ਤੇ ਰੱਬ ਦਾ ਸਿਮਰਨ ਕਿੰਨਾ ਜ਼ਰੂਰੀ ਹੈ।

ਬਾਬਾ ਫਰੀਦ ਜੀ ਜਿਹੜੇ ਹਮੇਸ਼ਾ ਮਿੱਠਾ ਬੋਲਣ ਦੀ ਤਾਕੀਦ ਕਰਦੇ ਹਨ ਤੇ ਕਦੇ ਕਿਸੇ ਨੂੰ ਵੀ ਫਿਕਾ ਬੋਲਣ ਤੋਂ ਸਖਤੀ ਨਾਲ ਵਰਜਦੇ ਹਨ, ਉਹ ਨਮਾਜ਼ ਨਾ ਕਰਨ ਵਾਲੇ ਪ੍ਰਤੀ ਕਿੰਨੇ ਸਖਤ ਸ਼ਬਦ ਵਰਤ ਰਹੇ ਹਨ। ਪਰ ਇਸ ਵਿਚ ਹੈਰਾਨੀ ਵਾਲੀ ਕੋਈ ਗੱਲ ਨਹੀਂ ਹੈ। ਜੇ ਕੋਈ ਕਿਸੇ ਦਾ ਨਿਜੀ ਨੁਕਸਾਨ ਕਰੇ ਤਾਂ ਉਸ ਬਾਰੇ ਨਰਮੀ ਵਰਤਣ ਕਈ ਉਹ ਕਹਿੰਦੇ ਹਨ। ਇਥੋਂ ਤਕ ਕਿ ਉਹ ਤਾਂ ਮੁੱਕੀਆਂ ਮਾਰਨ ਵਾਲੇ ਦੇ ਵੀ ਪੈਰ ਚੁੰਮਣ ਦੀ ਸਿਫਾਰਸ਼ ਕਰਦੇ ਹਨ। ਪਰ ਰੱਬ ਨੂੰ ਯਾਦ ਨਾ ਕਰਨ ਵਾਲੇ ਨਾਲ ਕੋਈ ਲਿਹਾਜ਼ ਜਾਂ ਨਰਮੀ ਨਹੀਂ ਵਰਤ ਰਹੇ। ਇਥੋਂ ਰੱਬੀ ਯਾਦ ਅਤੇ ਸਿਮਰਨ ਦੀ ਅਹਿਮੀਅਤ ਉਜਾਗਰ ਹੁੰਦੀ ਹੈ।

ਪੰਜ ਵਖਤ ਮਸੀਤ ਜਾਣ ਤੋਂ ਕੋਈ ਕਹਿ ਸਕਦਾ ਹੈ ਕਿ ਰੱਬ ਹਰ ਥਾਂ ਹੈ ਤੇ ਉਸ ਨੂੰ ਕਿਤੇ ਵੀ ਯਾਦ ਕੀਤਾ ਜਾ ਸਕਦਾ। ਫਿਰ ਵਾਰ-ਵਾਰ ਮਸੀਤ ਜਾਣ ਦਾ ਕੀ ਲਾਭ ਹੈ? ਪਰ ਇਸਲਾਮ ਵਿਚ ਰੱਬੀ ਸਾਂਝ ਜਮਾਤੀ ਰੂਪ ਵਿਚ ਮੰਨੀ ਜਾਂਦੀ ਹੈ। ਮਸੀਤ ਵਿਚ ਜਾ ਕੇ ਜਮਾਤ ਬਣਦੀ ਹੈ ਤੇ ਜਮਾਤ ਹੀ ਨਰੋਏ ਸਮਾਜ ਦੀ ਨੀਂਹ ਬਣਦੀ ਹੈ।

ਇਸ ਸਲੋਕ ਤੋਂ ਬਾਬਾ ਫਰੀਦ ਜੀ ਬਾਰੇ ਪ੍ਰਚਲਤ ਕਥਾ ਵੀ ਯਾਦ ਆਉਂਦੀ ਹੈ, ਜਿਸ ਵਿਚ ਦੱਸਿਆ ਜਾਂਦਾ ਹੈ ਕਿ ਉਹ ਆਪਣੀ ਉਮਰ ਦੇ ਆਖਰੀ ਪੜਾਅ ਵਿਚ ਨਮਾਜ਼ ਅਦਾ ਕਰਕੇ ਅਕਸਰ ਭੁੱਲ ਜਾਂਦੇ ਸਨ ਤੇ ਵਾਰ-ਵਾਰ ਪੁੱਛਦੇ ਸਨ ਕਿ ਉਨ੍ਹਾਂ ਨੇ ਨਮਾਜ਼ ਅਦਾ ਕਰ ਲਈ ਹੈ। ਭੁੱਲਣ ਦੇ ਸ਼ੰਕੇ ਕਾਰਣ ਉਹ ਫਿਰ ਨਮਾਜ਼ ਅਦਾ ਕਰਨ ਲੱਗ ਜਾਂਦੇ ਸਨ।

Tags